Thursday, December 05, 2024  

ਲੇਖ

ਚੋਣਾਂ ’ਚ ਖ਼ੁਦਗਰਜ਼ ਆਗੂਆਂ ਦੀ ਥਾਂ ਲੋਕਪੱਖੀ ਨੁਮਾਇੰਦੇ ਚੁਣਨ ਦੀ ਲੋੜ

May 04, 2024

ਲੋਕ ਸਭਾ ਚੋਣਾ ਦਾ ਬਿਗਲ ਵਜਦਿਆਂ ਹੀ ਹੁਣ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਪਰਵਾਸੀ ਕੂੰਜਾਂ ਵਾਂਗ ਆਪਣੇ-ਆਪਣੇ ਆਲ੍ਹਣਿਆਂ ਵੱਲ ਨੂੰ ਮੁੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਜਿਹੜੇ ਲੋਕ ਨੁਮਾਇੰਦੇ ਆਪਣੇ ਚੋਣਾਂ ਲੜਨ ਵਾਲੇ ਹਲਕਿਆਂ ਤੋ ਲਗਾਤਾਰ ਪੰਜ ਸਾਲ ਤੱਕ ਗਾਇਬ ਰਹੇ ਸਨ ਉਨ੍ਹਾਂ ਨੂੰ ਵੀ ਹੁਣ ਇੱਕ ਵਾਰ ਫਿਰ ਤੋ ਉਨ੍ਹਾਂ ਲੋਕਾਂ ਦੀ ਯਾਦ ਆਈ ਐ ਜਿਨ੍ਹਾਂ ਨੂੰ ਦਿਨੇ ਤਾਰੇ ਵਿਖਾਕੇ ਇਨ੍ਹਾਂ ਆਗੂਆਂ ਨੇ ਦਿੱਲੀ ਦੀ ਲੋਕ ਸਭਾ ਵਿੱਚ ਬੈਠਣ ਦਾ ਹੱਕ ਹਾਸਲ ਕੀਤਾ ਸੀ। ਇੱਕ ਵਾਰ ਫਿਰ ਤੋ ਹੁਣ ਵੋਟਰਾਂ ਲਈ ਨੀਦ ਵਿੱਚੋ ਜਾਗਣ ਦਾ ਵੇਲਾ ਆਇਆ ਹੈ ਪਰ ਜਦੋ ਇਹ ਚੁਨਾਵੀ ਮੌਸਮ ਆਉਦਾ ਹੈ ਤਾਂ ਆਮ ਹੀ ਵੇਖਣ ਵਿੱਚ ਆਉਦਾ ਹੈ ਕਿ ਆਪਣੀ ਥੋੜੀ ਜਿਹੀ ਭੁੱਲ ਦੇ ਕਾਰਨ ਹੀ ਵੋਟਰ ਪੰਜ ਸਾਲ ਦਾ ਰੋਣਾ ਆਪਣੇ ਪੱਲੇ ਪਾ ਬੈਠਦੇ ਹਨ। ਵਿਚਾਰਨ ਵਾਲਾ ਪਹਿਲੂ ਇਹ ਹੁੰਦਾ ਹੈ ਕਿ ਇਹੋ ਜਿਹਾ ਸਮਾ ਪੰਜ ਸਾਲ ਬਾਅਦ ਆਉਣਾ ਹੁੰਦਾ ਹੈ। ਇਸ ਲਈ ਆਪਣੇ ਹਲਕੇ ਵਿੱਚ ਖੜੇ ਹੋਏ ਸਾਰੇ ਉਮੀਦਵਾਰਾਂ ਦੀ ਗਹਿਰੀ ਪੜਤਾਲ ਕਰਨ ਤੋ ਬਾਅਦ ਹੀ ਆਪਣੇ ਵੋਟ ਦੀ ਵਰਤੋ ਕਰਨੀ ਚਾਹਿਦੀ ਹੈ। ਅਸੀ ਜਾਣਦੇ ਹਾਂ ਕਿ ਅੱਜ ਭਾਰਤੀ ਸਿਆਸਤ ਵਿੱਚ ਸਾਫ਼-ਸੁਥਰੇ ਅਕਸ ਵਾਲੇ ਨੇਤਾਵਾਂ ਦੀ ਵੱਡੀ ਘਾਟ ਹੈ।
ਸਾਡੀ ਇੱਕ ਬਹੁਤ ਵੱਡੀ ਤਰਾਸਦੀ ਇਹ ਰਹੀ ਹੈ ਕਿ ਬਹੁਤੇ ਲੋਕ ਪਾਰਟੀਆਂ ਦੇ ਨਾਮ ਨਾਲ ਹੀ ਗੂੰਦ ਵਾਂਗ ਚਿਪਕੇ ਹੁੰਦੇ ਹਨ। ਉਨ੍ਹਾਂ ਦੀ ਆਪਣੀ ਕੋਈ ਵਿਉਤਬੰਦੀ ਨਹੀ ਹੁੰਦੀ ਅਤੇ ਉਸ ਪਾਰਟੀ ਵਲੋ ਜੋ ਵੀ ਉਮੀਦਵਾਰ ਖੜਾ ਕੀਤਾ ਜਾਦਾ ਹੈ ਆਪਣੀ ਵੋਟ ਅੱਖਾਂ ਬੰਦ ਕਰਕੇ ਸਿਰਫ ਉਸੇ ਉਮੀਦਵਾਰ ਨੂੰ ਹੀ ਕਰਦੇ ਹਨ ਚਾਹੇ ਉਹ ਉਮੀਦਵਾਰ ਭਿ੍ਰਸ਼ਟਾਚਾਰ ਅਤੇ ਹੋਰ ਸਮਾਜ ਵਿਰੋਧੀ ਕੰਮਾਂ ਨਾਲ ਹੀ ਲਿਬਰੇਜ਼ ਕਿਉ ਨਾ ਹੋਵੇ। ਇਹ ਜਿੱਥੇ ਆਪਣੀ ਜ਼ਮੀਰ ਨੂੰ ਮਾਰਨ ਵਾਲੀ ਗੱਲ ਹੁੰਦੀ ਹੈ ਉੱਥੇ ਹੀ ਲੋਕਤੰਤਰ ਦਾ ਵੱਡਾ ਘਾਣ ਵੀ ਹੁੰਦਾ ਹੈ। ਸੋਚਣ ਵਾਲੀ ਗੱਲ ਹੈ ਕਿ ਜਦੋ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ -ਆਪਣੇ ਨਿੱਜੀ ਹਿਤਾਂ ਲਈ ਚੋਣਾਂ ਦੇ ਮੌਕੇ ਤੇ ਪਾਰਟੀ ਬਦਲਦਿਆ ਵੀ ਬਹੁਤੀ ਦੇਰ ਨਹੀ ਲਾਉਦੇ ਤਾਂ ਫਿਰ ਅਸੀ ਇਸ ਤੋ ਅੱਗੇ ਕਿਉ ਨਹੀ ਵਧ ਸਕਦੇ ਕਿ ਆਪਣੀ ਮਰਜੀ ਦਾ ਸਾਫ਼-ਸੁਥਰੇ ਅਕਸ ਵਾਲਾ ਉਮੀਦਵਾਰ ਹੀ ਚੁਣੀਏ। ਪਿਛਲੇ 40-40 ਸਾਲ ਤੋ ਇੱਕ ਪਾਰਟੀ ਦਾ ਪੱਲਾ ਫੜ੍ਹਕੇ ਬੈਠੇ ਬਹੁਤੇ ਰਾਜਨੀਤਿਕ ਲੋਕਾਂ ਵਲੋਂ ਵਲੋਂ ਆਪਣੇ ਨਿੱਜੀ ਸਵਾਰਥਾਂ ਲਈ ਹੁਣ ਪਾਰਟੀਆਂ ਬਦਲਣ ਦਾ ਦੌਰ ਵੱਡੇ ਪੱਧਰ ਤੇ ਜਾਰੀ ਹੈ।
ਜਿਹੜੇ ਸਿਆਸੀ ਲੋਕ ਪਿਛਲੇ ਕਈ- ਕਈ ਸਾਲਾਂ ਤੋ ਆਪਣੀਆਂ- ਆਪਣੀਆਂ ਪਾਰਟੀਆਂ ਦੇ ਗੁਣ ਗਾਉਦੇ ਨਹੀ ਸਨ ਥੱਕਦੇ ਅੱਜ ਇਹੋ ਜਿਹੇ ਹੀ ਰਾਜਨੀਤਿਕ ਲੋਕ ਹੁਣ ਦੂਸਰੀਆਂ ਪਾਰਟੀਆਂ ਵਿੱਚ ਜਾਣ ਤੋ ਬਾਅਦ ਪਹਿਲਾ ਵਾਲੀ ਪਾਰਟੀ ਦੀਆ ਕਮੀਆਂ ਗਿਣਾਉਦੇ ਹਰ ਥਾਂ ਨਜ਼ਰ ਆ ਰਹੇ ਹਨ। ਜਿਹੜੇ ਲੀਡਰ ਨੇ ਮੈਬਰ ਪਾਰਲੀਮੈਟ ਬਨਣ ਤੋ ਬਾਅਦ ਕਦੇ ਆਪਣੇ ਹਲਕੇ ਦਾ ਗੇੜਾ ਵੀ ਨਹੀ ਲਾਇਆ ਹੁੰਦਾ ਉਹ ਵੀ ਅਜਿਹੇ ਸਮੇ ਤੇ ਆਪਣੇ ਵਿਰੋਧੀ ਤੇ ਸਿਆਸੀ ਚਿੱਕੜ ਸੁੱਟਦਾ ਨਜ਼ਰ ਆ ਰਿਹਾ ਹੈ। ਇਸ ਗੱਲ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਇਹ ਸਿਆਸੀ ਲੋਕ ਅੱਜ ਜਿਸ ਪਾਰਟੀ ਦੀ ਬੁਰਾਈ ਕਰ ਰਹੇ ਹਨ ਆਉਣ ਵਾਲੇ ਸਮੇ ਵਿੱਚ ਆਪਣਾ ਸਵਾਰਥ ਸਿੱਧ ਕਰਨ ਲਈ ਉਸੇ ਪਾਰਟੀ ਦੇ ਮੋਢੇ ਨਾਲ ਮੋਢਾ ਮਿਲਾਕੇ ਖੜ ਜਾਣ,ਆਪਣੀ ਵੋਟ ਦਾ ਅਧਿਕਾਰ ਕਰਨਾ ਕੋਈ ਮਾੜੀ ਮੋਟੀ ਗੱਲ ਨਹੀ ਹੁੰਦੀ ਲੋਕਤੰਤਰਿਕ ਦੇਸ਼ ਵਿੱਚ ਆਮ ਲੋਕਾਂ ਨੂੰ ਆਪਣੇ ਨੇਤਾ ਚੁਨਣ ਦਾ ਇਹ ਸੁਨਹਿਰਾ ਮੌਕਾ ਦਿੱਤਾ ਜਾਦਾ ਹੈ ਕਿ ਉਹ ਆਪਣੀ ਮਰਜ਼ੀ ਅਨੁਸਾਰ ਆਪਣਾ ਆਗੂ ਚੁਣਕੇ ਜਿੱਥੇ ਆਪਣੇ ਇਲਾਕੇ ਦੇ ਵਿਕਾਸ ਦਾ ਦਰਵਾਜ਼ਾ ਖੋਲਣ ਉੱਥੇ ਹੀ ਉਨ੍ਹਾਂ ਵਲੋ ਚੁਣਿਆ ਗਿਆ ਆਗੂ ਅਜਿਹਾ ਹੋਵੇ ਜਿਹੜਾ ਆਮ ਲੋਕਾਂ ਦੀਆ ਸਮੱਸਿਆਵਾਂ ਨੂੰ ਲੋਕ ਸਭਾ ਵਿੱਚ ਵੀ ਉਠਾਵੇ ਅਤੇ ਹੱਲ ਕਰਨ ਦਾ ਹੀਆ ਵੀ ਰੱਖਦਾ ਹੋਵੇ।
ਸਿਆਸੀ ਲੋਕਾਂ ਵਲੋ ਚੋਣਾਂ ਦੇ ਮੌਕੇ ਤੇ ਆਮ ਵੋਟਰਾਂ ਨੂੰ ਭਰਮਾਉਣ ਲਈ ਨਸ਼ਿਆਂ ਅਤੇ ਪੈਸੇ ਆਦਿ ਦਾ ਸਹਾਰਾ ਵੀ ਵੱਡੇ ਪੱਧਰ ਤੇ ਲਿਆ ਜਾਦਾ ਹੈ। ਵੋਟਰਾਂ ਨਾਲ ਅਜਿਹਾ ਕਰਕੇ ਇਹ ਸਿਆਸੀ ਲੋਕ ਜਿੱਥੇ ਆਪਣੀਆਂ ਪਿਛਲੀਆਂ ਕਮਜ਼ੋਰੀਆਂ ਨੂੰ ਲੁਕਾਉਣ ਦਾ ਯਤਨ ਕਰਦੇ ਹਨ ਉੱਥੇ ਹੀ ਇੱਕ ਅਣਮੁੱਲੀ ਵੋਟ ਦਾ ਮੁੱਲ ਪਾ ਕੇ ਵੋਟਰਾਂ ਨੂੰ ਲਾਲਚ ਵਿੱਚ ਬੰਨਣ ਦਾ ਯਤਨ ਵੀ ਕੀਤਾ ਜਾਦਾ ਹੈ ਪਰ ਅਜਿਹੇ ਸਮੇ ਵੋਟਰ ਲਈ ਇਹ ਸੋਚਣਾ ਜਰੂਰੀ ਹੁੰਦਾ ਹੈ ਕਿ ਉਸਨੇ ਆਪਣੀ ਜ਼ਮੀਰ ਨੂੰ ਮਾਰਨਾ ਹੈ ਜਾਂ ਜਿਉਦਾ ਰੱਖਣਾ ਹੈ। ਮਰੀ ਜ਼ਮੀਰ ਵਾਲੇ ਲੋਕਾਂ ਤੋ ਤਾਂ ਦੇਸ਼ ਦੇ ਦਿੋਨੋ-ਦਿਨ ਨਿੱਘਰਦੇ ਜਾ ਰਹੇ ਸਿਆਸੀ ਹਾਲਾਤਾਂ ਨੂੰ ਫਿਰ ਤੋ ਵਿਕਾਸ ਦੇ ਰਾਹ ਤੇ ਲਿਆਉਣ ਲਈ ਆਸ ਕਰਨਾ ਵੀ ਬਹੁਤਾ ਅਸਰਦਾਰ ਨਹੀ ਹੋ ਸਕਦਾ ਪਰ ਜੋ ਵੋਟਰ ਆਪਣੀ ਵੋਟ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਹੀ ਦੇਸ ਦੀ ਤਰੱਕੀ ਵਿੱਚ ਆਪਣਾ ਵੱਡਾ ਯੋਗਦਾਨ ਪਾ ਸਕਦੇ ਹਨ। ਉਹ ਵੇਲਾ ਹੁਣ ਆ ਚੁੱਕਿਆ ਹੈ ਸੋ ਸਾਡਾ ਸਾਰਿਆ ਦਾ ਫ਼ਰਜ ਬਣਦਾ ਹੈ ਕਿ ਹਰ ਵਾਰ ਝੂਠੇ ਲਾਰੇ ਲਾ ਕੇ ਸਾਡੀਆਂ ਅਣਮੁੱਲੀਆਂ ਵੋਟਾਂ ਹਥਿਆਉਣ ਵਾਲੇ ਸਿਆਸੀ ਲੋਕਾਂ ਨੂੰ ਇਸ ਵਾਰ ਉਨ੍ਹਾਂ ਦੇ ਘਰ ਦਾ ਰਸਤਾ ਦਿਖਾਈਏ।
ਆਪਣੇ ਅਣਮੁੱਲੇ ਵੋਟ ਦੇ ਅਧਿਕਾਰ ਦੀ ਵਰਤੋ ਕਰਦਿਆ ਇਹ ਦੇਖਣਾ ਅਤਿ ਜਰੂਰੀ ਹੈ ਕਿ ਅਸੀ ਜਿਸ ਉਮੀਦਵਾਰ ਨੂੰ ਪਹਿਲਾ ਚੁਣਕੇ ਲੋਕ ਸਭਾ ਵਿੱਚ ਭੇਜਿਆ ਸੀ ਉਸਨੇ ਜੋ ਵਾਅਦੇ ਇਲਾਕੇ ਦੇ ਵੋਟਰਾਂ ਨਾਲ ਉਸ ਸਮੇ ਕੀਤੇ ਸਨ ਕਿ ਉਹ ਪੂਰੇ ਹੋ ਚੁੱਕੇ ਹਨ ਜਾਂ ਉਸ ਉਮੀਦਵਾਰ ਨੇ ਇਲਾਕੇ ਦੇ ਵਿਕਾਸ ਲਈ ਕਿੰਨਾ ਕੁ ਯੋਗਦਾਨ ਪਾਇਆ ਹੈ? ਉਸਨੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕਿਹੜੇ ਕਦਮ ਚੁੱਕੇ ਹਨ ? ਆਓ ਬੇਦਾਗ ਅਤੇ ਲੋਕ ਹੱਕਾਂ ਦੀ ਗੱਲ ਕਰਨ ਵਾਲੇ ਨੁਮਾਇੰਦੇ ਹੀ ਇਨ੍ਹਾਂ ਚੋਣਾਂ ਵਿੱਚ ਚੁਣੀਏ ਤਾਂ ਕਿ ਦੇਸ ਦੇ ਦਿਨੋ ਦਿਨ ਨਿੱਘਰਦੇ ਜਾ ਰਹੇ ਹਾਲਾਤਾਂ ਨੂੰ ਕੁਝ ਪੈਰਾਂ ਸਿਰ ਕੀਤਾ ਜਾ ਸਕੇ। ਇਸ ਚੁਨਾਵੀ ਮੌਸਮ ਵਿੱਚ ਖ਼ੁਦਗਰਜ਼ ਨੇਤਾਵਾਂ ਤੋਂ ਸਾਵਧਾਨ ਹੋਣ ਦੀ ਅਤਿ ਲੋੜ ਹੈ।
ਜਗਤਾਰ ਸਮਾਲਸਰ
-ਮੋਬਾ: 094670-95953

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ