ਬਹੁਚਰਚਿਤ ਡਿੰਗਰਹੇੜੀ ਸਮੂਹਿਕ ਬਲਤਕਾਰ ਅਤੇ ਹੱਤਿਆ ਕਾਂਡ
ਪੀ.ਪੀ. ਵਰਮਾ
ਪੰਚਕੂਲਾ, 4 ਮਈ : ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇਸ ਮਾਮਲੇ ਦੇ ਚਾਰ ਦੋਸ਼ੀਆਂ ਵਿਨੈ ਉਰਫ਼ ਲੰਬੂ, ਜੈ ਭਗਵਾਨ, ਹੇਮੰਤ ਚੌਹਾਨ ਅਤੇ ਅਯਾਨ ਚੌਹਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇੱਥੇ ਵਰਣਨਯੋਗ ਹੈ ਕਿ 10 ਅਪ੍ਰੈਲ 2024 ਨੂੰ ਸੀਬੀਆਈ ਅਦਾਲਤ ਨੇ ਚਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਜਦਕਿ 6 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ 10 ਮੁਲਜ਼ਮ ਨਿਆਂਇਕ ਹਿਰਾਸਤ ਵਿੱਚ ਸਨ। ਸੀਬੀਆਈ ਅਦਾਲਤ ਨੇ ਤੇਜਪਾਲ, ਅਮਿਤ, ਰਵਿੰਦਰ, ਕਰਮਜੀਤ, ਸੰਦੀਪ ਅਤੇ ਰਾਹੁਲ ਵਰਮਾ ਨੂੰ ਬਰੀ ਕਰ ਦਿੱਤਾ ਹੈ। ਜਦਕਿ ਇਕ ਦੋਸ਼ੀ ਅਮਰਜੀਤ ਪੈਰੋਲ 'ਤੇ ਆਉਣ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ਦੋਸ਼ੀ ਨੂੰ ਆਈਪੀਸੀ ਦੀਆਂ ਧਾਰਾਵਾਂ 376 ਡੀ, 302, 325, 326, 397, 459, 460 ਅਤੇ ਪੋਕਸੋ ਐਕਟ ਤਹਿਤ ਸਜ਼ਾ ਸੁਣਾਈ ਗਈ ਹੈ। ਸਾਲ 2016 'ਚ 24 ਅਤੇ 25 ਅਗਸਤ ਦੀ ਰਾਤ ਨੂੰ ਤਵਾਡੂ ਇਲਾਕੇ ਦੇ ਪਿੰਡ ਡਿੰਗਰਹੇੜੀ 'ਚ 'ਕੁਲਹਾੜੀ ਗੈਂਗ' ਦੇ ਬਦਮਾਸ਼ਾਂ ਨੇ ਇਕ ਨਾਬਾਲਗ ਸਮੇਤ ਦੋ ਲੜਕੀਆਂ ਦੇ ਦੋਹਰੇ ਕਤਲ ਅਤੇ ਸਮੂਹਿਕ ਬਲਾਤਕਾਰ ਵਰਗੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਕਥਿਤ ਤੌਰ 'ਤੇ, "ਕੁਲਹਾੜੀ ਗੈਂਗ" ਦੇ ਦੋਸ਼ੀਆਂ ਨੇ ਦੋ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਇਲਾਵਾ, ਜੋੜੇ ਦਾ ਕਤਲ ਕਰ ਦਿੱਤਾ, ਪਰਿਵਾਰ ਦੇ ਪੰਜ ਮੈਂਬਰਾਂ ਨੂੰ ਜ਼ਖਮੀ ਕੀਤਾ ਅਤੇ ਉਨ੍ਹਾਂ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਭੱਜ ਗਏ। ਜ਼ਿਕਰਯੋਗ ਹੈ ਕਿ ਸਾਲ 2016 'ਚ 24 ਅਤੇ 25 ਅਗਸਤ ਦੀ ਰਾਤ ਨੂੰ ਪਤੀ-ਪਤਨੀ ਦਾ ਸਮੂਹਿਕ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਸੀਬੀਆਈ ਵੱਲੋਂ ਪੂਰੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ 12 ਲੋਕਾਂ ਨੂੰ ਮੁੱਖ ਮੁਲਜ਼ਮ ਬਣਾਇਆ ਗਿਆ ਸੀ। ਪਰ ਬਾਅਦ ਵਿੱਚ ਸੀਬੀਆਈ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਇੱਕ ਮੁਲਜ਼ਮ ਨੇ ਖੁਦਕੁਸ਼ੀ ਕਰ ਲਈ।