ਇੱਕ ਚੰਗੇ ਸਮਾਜ ਦੀ ਸਿਰਜਣਾ ਚੰਗੇ ਨਾਗਰਿਕ ਹੀ ਕਰ ਸਕਦੇ ਹਨ। ਸਾਡੇ ਦੇਸ਼ ਵਿੱਚ ਸਮੇਂ ਸਮੇਂ ਤੇ ਸਮਾਜਿਕ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ।ਇਸ ਦੇ ਕਈ ਕਾਰਨ ਹਨ। ਆਰਥਿਕ, ਧਾਰਮਿਕ ਅਤੇ ਰਾਜਨੀਤਕ ਮੱਤਭੇਦਾਂ ਕਾਰਨ ਕਈ ਵਾਰ ਲੋਕਾਂ ਵਿੱਚ ਵੀ ਵਿਚਾਰਕ ਮਤਭੇਦ ਐਨੇ ਵਧ ਜਾਂਦੇ ਹਨ ਕਿ ਸਮਾਜ ਵਿੱਚ ਵਿਚਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਦੀ ਹੈ ਜਿਸ ਕਰਕੇ ਚੰਗੇ ਭਲੇ ਲੋਕਾਂ ਵਿੱਚ ਵਖਰੇਵੇਂ ਅਤੇ ਨਫ਼ਰਤਾਂ ਦੀਆਂ ਭਾਵਨਾਵਾਂ ਪੈਦਾ ਹੋਣ ਲੱਗ ਜਾਂਦੀਆਂ ਹਨ। ਇੱਕ ਚੰਗੇ ਸਮਾਜ ਨੂੰ ਨਫ਼ਰਤਾਂ ਦੀਆਂ ਲੜਾਈਆਂ ਦਾ ਸੱਪ ਡੰਗ ਜਾਂਦਾ ਹੈ।ਜਿਸ ਦਾ ਜ਼ਹਿਰ ਪਤਾ ਨਹੀਂ ਕਿੰਨੇ ਘਰਾਂ ਨੂੰ ਬਰਬਾਦ ਕਰਦਾ ਹੈ ,ਨਤੀਜਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਕੁਝ ਗੱਲਾਂ ਨੂੰ ਹਰ ਆਮ ਨਾਗਰਿਕ ਨੂੰ ਧਿਆਨ ਨਾਲ ਵਿਚਾਰਨਾ ਪਵੇਗਾ।
ਸਾਰੇ ਪੰਜਾਬੀਆਂ ਲਈ 1ਜੂਨ 2024 ਦੇ ਦਿਨ ਦੀ ਬਹੁਤ ਮਹੱਤਤਾ ਹੈ।ਇਸ ਦਿਨ ਲਗਪਗ ਸਵਾ ਦੋ ਕਰੋੜ ਮੱਤਦਾਤਾ ਮਤਦਾਨ ਕਰਨਗੇ। ਭਾਵ ਆਪਣੀ ਆਪਣੀ ਸੂਝ-ਬੂਝ ਅਨੁਸਾਰ ਆਪਣੀ ਆਪਣੀ ਪਸੰਦ ਦੇ ਨੇਤਾ ਨੂੰ ਵੋਟ ਪਾਉਣਗੇ। ਚੋਣਾਂ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਲੋਕਾਂ ਦਾ ਉਤਸ਼ਾਹ ਵੇਖਣ ਵਾਲ਼ਾ ਹੁੰਦਾ ਹੈ। ਚੁਣਾਵੀ ਮਾਹੌਲ ਵਿਆਹ ਵਰਗੀਆਂ ਰੌਣਕਾਂ ਦਾ ਆਭਾਸ ਕਰਵਾਉਂਦਾ ਹੈ। ਸਾਰੇ ਨਾਗਰਿਕ ਚੋਣਾਂ ਪ੍ਰਤੀ ਬਹੁਤ ਸੁਚੇਤ ਹੁੰਦੇ ਹਨ ਅਤੇ ਪੂਰੇ ਉਤਸ਼ਾਹ ਪੂਰਵਕ ਹਿੱਸਾ ਲੈਂਦੇ ਹਨ। ਕਈ ਵਾਰ ਆਪਣੇ ਦਫਤਰਾਂ ਵਿੱਚ, ਕੰਮ ਕਾਜ ਵਾਲੇ ਸਥਾਨਾਂ ਤੇ, ਦੁਕਾਨਾਂ ਤੇ ਜਾਂ ਨੁੱਕੜ ਜੁੰਡਲੀਆਂ ਵਿੱਚ ਜਾਂ ਫਿਰ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਆਪਣੀ ਆਪਣੀ ਪਸੰਦ ਦੀ ਪਾਰਟੀ ਜਾਂ ਨੇਤਾ ਬਾਰੇ ਚਰਚਾ ਹੁੰਦੀ ਹੁੰਦੀ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਹੈ। ਬਹਿਸ ਕਰਦੇ ਕਰਦੇ ਗਾਲੀ ਗਲੋਚ ਅਤੇ ਹੱਥੋਪਾਈ ਹੋਣ ਲੱਗ ਜਾਂਦੀ ਹੈ। ਕਈ ਵਾਰ ਤਾਂ ਇਸ ਤੋਂ ਵੀ ਵੱਧ ਇੱਟਾਂ ਵੱਟੇ ਅਤੇ ਹਥਿਆਰ ਵੀ ਚੱਲ ਜਾਂਦੇ ਹਨ। ਚੁਣਾਵੀ ਮਾਹੌਲ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਂ ਆਮ ਹੀ ਲੋਕ ਧੜੇਬੰਦੀਆਂ ਅਤੇ ਗੁੱਟਬਾਜ਼ੀਆਂ ਵਿੱਚ ਵੰਡੇ ਹੋਏ ਦਿਖਾਈ ਦਿੰਦੇ ਹਨ,ਜੋ ਕਿ ਘਰ ਪਰਿਵਾਰਾਂ ਅਤੇ ਸਮਾਜ ਲਈ ਘਾਤਕ ਸਾਬਤ ਹੁੰਦੇ ਹਨ।
ਵੋਟਾਂ ਦੇ ਦਿਨਾਂ ਵਿੱਚ ਅਜਿਹੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਆਪਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ।ਜਿਵੇਂ ਜਿਵੇਂ ਚੋਣਾਂ ਦਾ ਦਿਨ ਨੇੜੇ ਆਉਂਦਾ ਜਾਂਦਾ ਹੈ ਤਿਵੇਂ ਤਿਵੇਂ ਸਮਾਜ ਦੇ ਹਰ ਵਰਗ ਵਿੱਚ ਉਤਸੁਕਤਾ ਵਧਦੀ ਜਾਂਦੀ ਹੈ। ਬਹੁਤੇ ਮੱਧਵਰਗੀ ਜਾਂ ਪਿੱਛੜੇ ਵਰਗਾਂ ਦੇ ਲੋਕ ਜਾਤਪਾਤ ਜਾਂ ਧਰਮ ਨੂੰ ਤਰਜੀਹ ਦਿੰਦੇ ਹੋਏ ਵੋਟਾਂ ਦਾ ਵਰਗੀਕਰਨ ਕਰ ਬੈਠਦੇ ਹਨ।ਜਿਸ ਦਾ ਫਾਇਦਾ ਨੇਤਾ ਲੋਕ ਉਠਾਉਂਦੇ ਹਨ। ਵੋਟਾਂ ਵਾਲੇ ਦਿਨ ਬੂਥਾਂ ਉੱਤੇ ਕਬਜ਼ੇ ਜਮਾਉਣਾ, ਲੋਕਾਂ ਨੂੰ ਆਪਣੀ ਪਸੰਦ ਦੇ ਨੇਤਾ ਨੂੰ ਵੋਟ ਪਾਉਣ ਲਈ ਉਕਸਾਉਣਾ ਆਦਿ ਘਟਨਾਵਾਂ ਨੂੰ ਅੰਜਾਮ ਦਿੰਦੇ ਦਿੰਦੇ ਲੜਾਈਆਂ ਹੋ ਜਾਂਦੀਆਂ ਹਨ ਅਤੇ ਗੋਲੀਆਂ, ਕਿਰਪਾਨਾਂ ਚੱਲ ਜਾਂਦੀਆਂ ਹਨ। ਕਈ ਲੋਕ ਜ਼ਖਮੀ ਹੋ ਜਾਂਦੇ ਹਨ ਕਈ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਜਿਨ੍ਹਾਂ ਕਰਕੇ ਇਹ ਸਭ ਕੁਝ ਹੋ ਰਿਹਾ ਹੁੰਦਾ ਹੈ ਉਹ ਕਿਸੇ ਸੁਰੱਖਿਅਤ ਜਗ੍ਹਾ ਤੇ ਬੈਠੇ ਹੁੰਦੇ ਹਨ। ਕੁਝ ਜ਼ਖ਼ਮੀ ਹੋ ਜਾਂਦੇ ਹਨ, ਕੁਝ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ ਅਤੇ ਕੁਝ ਜੇਲਾਂ ਵਿੱਚ ਪੁੱਜ ਜਾਂਦੇ ਹਨ। ਨੇਤਾ ਜੀ ਵੋਟਾਂ ਲੈ ਕੇ ਕੁਰਸੀਆਂ ਸਾਂਭ ਲੈਂਦੇ ਹਨ। ਇਹ ਲੜਾਈਆਂ ਦੇ ਕੇਸ ਕਈ ਕਈ ਸਾਲ ਚੱਲਦੇ ਰਹਿੰਦੇ ਹਨ ਮਰਨ ਵਾਲੇ ਦਾ ਪਰਿਵਾਰ ਵੀ ਰੁਲ਼ ਜਾਂਦਾ ਹੈ,ਮਾਰਨ ਵਾਲੇ ਦਾ ਪਰਿਵਾਰ ਵੀ ਰੁਲ਼ ਜਾਂਦਾ ਹੈ। ਉਮਰਾਂ ਦੀਆਂ ਦੁਸ਼ਮਣੀਆਂ ਪੈ ਜਾਂਦੀਆਂ ਹਨ।
ਸੋ ਸਾਰੀ ਜਨਤਾ ਨੂੰ ਚੋਣਾਂ ਸਮੇਂ ਪੂਰੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।ਹਰ ਘਰ ਦੇ ਬਜ਼ੁਰਗਾਂ ਨੂੰ ਜਵਾਨ ਪੀੜ੍ਹੀ ਦੇ ਬੱਚਿਆਂ ਨੂੰ ਗੁੱਟਬਾਜੀਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਰਹਿਣਾ ਚਾਹੀਦਾ ਹੈ। ਬਹਿਸਬਾਜ਼ੀ ਤੋਂ ਬਚਣਾ ਚਾਹੀਦਾ ਹੈ। ਆਪਣੀ ਪਸੰਦ ਦੀ ਪਾਰਟੀ ਜਾਂ ਨੇਤਾ ਨੂੰ ਜਨਤਕ ਤੌਰ ਤੇ ਸਾਂਝਾ ਕਰਨਾ ਜਾਂ ਦੱਸਣਾ ਕੋਈ ਅਕਲਮੰਦੀ ਨਹੀਂ ਹੁੰਦੀ।ਇਸ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ ਜਾਵੇ। ਆਪਣੀ ਆਪਣੀ ਵੋਟ ਦਾ ਇਸਤੇਮਾਲ ਸੁੱਚਜੇ ਅਤੇ ਸਹਿਜ ਢੰਗ ਨਾਲ ਕੀਤਾ ਜਾਵੇ ਤਾਂ ਜੋ ਸਾਡੇ ਸਮਾਜਿਕ ਰਿਸ਼ਤੇ ਜਿਓਂ ਦੇ ਤਿਓ ਬਣੇ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਨਾ ਪਹੁੰਚੇ।
ਬਰਜਿੰਦਰ ਕੌਰ ਬਿਸਰਾਓ
-ਮੋਬਾ: 9988901324