Thursday, December 05, 2024  

ਲੇਖ

ਅਮਰੀਕੀ ਯੂਨੀਵਰਸਿਟੀਆਂ ’ਚ ਭਖ਼ੇ ਇਜ਼ਰਾਈਲ ਵਿਰੋਧੀ ਵਿਦਿਆਰਥੀ ਮੁਜ਼ਾਹਰੇ

May 06, 2024

ਅਮਰੀਕਾ ਦੇ ਵਿਸ਼ਵ-ਵਿਦਿਆਲਿਆਂ ਵਿੱਚ ਭੂਚਾਲ ਦੇ ਆਸਾਰ ਬਣ ਰਹੇ ਹਨ। ਦਿਨ-ਬ-ਦਿਨ ਇਸ ਦਾ ਡਰ ਵੱਧਦਾ ਹੀ ਜਾ ਰਿਹਾ ਹੈ। ਇਹ ਕੁਦਰਤ ਦਾ ਵਰਤਾਰਾ ਨਹੀਂ ਹੋਵੇਗਾ, ਜੋ ਅਚਨਚੇਤ ਵਾਪਰ ਜਾਵੇਗਾ। ਇਹ ਤਾਂ ਰਾਜਸੀ ਵਰਤਾਰਾ ਹੋਵੇਗਾ ਜਿਸਦਾ ਫੌਰੀ ਕਾਰਨ ਪੱਛਮੀ ਏਸ਼ੀਆ ਦਾ ਗਾਜ਼ਾ ਨਾਮੀ ਨਿਗੂਣਾ ਜਿਹਾ ਭਾਗ ਹੈ ਜਿਸ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਅਜਿਹੀ ਤਬਾਹੀ ਮਚੀ ਹੋਈ ਹੈ ਜਿਸ ਦੀ ਮਿਸਾਲ ਪਾਬਲੋ ਪਿਕਾਸੋ ਦੇ ਜਗਤ ਪ੍ਰਸਿੱਧ ਚਿੱਤਰ ‘ਗੁਰਨੀਕਾ’ ਨਾਲ ਹੀ ਹੋ ਸਕਦੀ ਹੈ। ਪਿਕਾਗੋ ਦੇ ਚਿੱਤਰ ਵਿੱਚ ਤਾਂ ਇੱਕ ਨਗਰ ਸੀ ਜਿਸ ’ਤੇ ਫਾਸ਼ੀਆਂ ਨੇ ਬੰਬ ਬਰਸਾ ਕੇ ਉਸ ਨੂੰ ਮੂਲੋਂ ਹੀ ਤਬਾਹ ਕਰ ਦਿੱਤਾ ਸੀ। ਗਜ਼ਾ ਤਾਂ ਨਿੱਕਾ ਜਿਹਾ ਹੀ ਹੈ ਪਰ ਹੈ ਤਾਂ ਦੇਸ਼, ਜਿਸ ’ਤੇ ਕਿਤੇ ਵਧੇਰੇ ਹੌਲਨਾਕ ਤਬਾਹੀ ਢਾਹੀ ਜਾ ਰਹੀ ਹੈ। ਪਿਛਲੇ ਛੇ ਮਹੀਨਿਆਂ ਤੋਂ ਇਹ ਭਾਣਾ ਵਰਤ ਰਿਹਾ ਹੈ। ਘਰ ਢਾਹੇ ਜਾ ਰਹੇ ਹਨ, ਸਕੂਲ ਮਲੀਆਮੇਟ ਕੀਤੇ ਜਾ ਰਹੇ ਹਨ, ਹਸਪਤਾਲ ਵੀ ਪੂਰੀ ਤਰ੍ਹਾਂ ਮਾਰ ਹੇਠ ਆਏ ਹੋਏ ਹਨ। ਹੁਣ ਤੱਕ ਚਾਲੀ ਹਜ਼ਾਰ ਦੇ ਲੱਗਭੱਗ ਬੱਚੇ, ਜਵਾਨ, ਔਰਤਾਂ ਤੇ ਮਰਦ ਮਾਰੇ ਜਾ ਚੁੱਕੇ ਹਨ।
ਜੋ ਬਚੇ ਹਨ ਉਹ ਭੁੱਖ ਨਾਲ ਬੇਹਾਲ ਹਨ। ਖਾਣ-ਪੀਣ ਦੀਆਂ ਜੋ ਵਸਤਾਂ ਉਨ੍ਹਾਂ ਤੱਕ ਅਪੜ ਸਕਦੀਆਂ ਹਨ, ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ। ਜੇ ਕੋਈ ਟਰੱਕ ਪਹੁੰਚ ਜਾਂਦਾ ਹੈ, ਜਿਸ ਵਿੱਚ ਉਨ੍ਹਾਂ ਤੱਕ ਪੁੱਜਦਾ ਕਰਨ ਲਈ ਕੋਈ ਖਾਣ-ਪੀਣ ਦਾ ਸਾਮਾਨ ਹੁੰਦਾ ਹੈ, ਤਾਂ ਉਸ ਉਦਾਲੇ ਭੁੱਖ ਨਾਲ ਬੇਹਾਲ ਹੋਏ ਅਭਾਗਿਆਂ ਦੀਆਂ ਐਸੀਆਂ ਭੀੜਾਂ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖਣਾ ਪੀੜਾ ਦਾ ਕਾਰਨ ਬਣਦਾ ਹੈ। ਇਹ ਵੀ ਨਿਸ਼ਚਿਤ ਨਹੀਂ ਹੁੰਦਾ ਕਿ ਜੋ ਮਾੜਾ ਮੋਟਾ ਉਨ੍ਹਾਂ ਨੂੰ ਮਿਲ ਵੀ ਜਾਂਦਾ ਹੈ, ਉਸ ਨੂੰ ਲੈ ਕੇ ਉਹ ਜਿੱਥੇ ਕਿਤੇ ਉਨ੍ਹਾਂ ਜਾਣਾ ਹੁੰਦਾ ਹੈ, ਉਥੇ ਜਾ ਸਕਣਗੇ। ਭਾਵੇਂ ਇਹ ਖੰਡਰ ਹੋਏ ਘਰ ਹੀ ਹੋਣ, ਉਨ੍ਹਾਂ ਤੱਕ ਪਹੁੰਚਣ ਮੂਲੋਂ ਹੀ ਅਨਿਸ਼ਚਿਤ ਬਣਿਆ ਹੁੰਦਾ ਹੈ। ਜੋ ਕੁਝ ਲਿਜਾਣ ਵਿੱਚ ਉਹ ਸਫ਼ਲ ਹੋ ਵੀ ਜਾਂਦੇ ਹਨ ਉਹ ਖਾਣ ਯੋਗ ਹੈ ਜਾਂ ਨਹੀਂ, ਉਸ ਨਾਲ ਘੜੀ ਭਰ ਲਈ ਉਨ੍ਹਾਂ ਦੀ ਭੁੱਖ ਮਿਟ ਜਾਵੇਗੀ, ਨਿਗੂਣਾ ਜਿਹਾ ਧਰਵਾਸ ਆ ਜਾਵੇਗਾ, ਇਸ ਦਾ ਵੀ ਉਨ੍ਹਾਂ ਨੂੰ ਕੋਈ ਨਿਸ਼ਚਾ ਨਹੀਂ ਹੁੰਦਾ।
ਛੇ ਮਹੀਨੇ ਪਹਿਲਾਂ ਜਦੋਂ ਬੰਬਾਰੀ ਆਰੰਭ ਹੋਈ, ਘਰ ਤਬਾਹ ਹੋਣ ਲੱਗੇ, ਹਸਪਤਾਲਾਂ ਤੱਕ ’ਤੇ ਖ਼ਤਰੇ ਮੰਡਲਾਉਣ ਲੱਗੇ, ਲਾਸ਼ਾਂ ਦੇ ਢੇਰ ਲੱਗਣ ਲੱਗੇ ਤਾਂ ਮਿਸਰ ਵੱਲ ਸਥਿਤ ਰਾਫਾ ਨਾਮੀਂ ਸ਼ਹਿਰ ਵਿੱਚ ਪਨਾਹ ਲੈਣ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਾ ਰਿਹਾ। ਉਧਰ ਨੂੰ ਭੇਜ ਦੇਣ ਵੀ ਵੈਰੀਆਂ ਦੀ ਚਾਲ ਸੀ। ਖ਼ਿਆਲ ਕੀਤਾ ਗਿਆ ਕਿ ਮਿਸਰ, ਜੋ ਕਿਸੇ ਵੇਲੇ ਇਜ਼ਰਾਈਲ ਦਾ ਵਿਰੋਧੀ ਸੀ ਪਰ ਬੁਰੀ ਤਰ੍ਹਾਂ ਪਿਟਕੇ, ਉਸ ਦਾ ਆਗਿਆਕਾਰ ਬਣ ਗਿਆ ਸੀ, ਅਭਾਗਿਆਂ ਨੂੰ ਸ਼ਰਨ ਦੇਣੀ ਮੰਨ ਜਾਵੇਗਾ। ਜਾਂ ਤਾਂ ਮਿਸਰ ਕੋਲ ਇਹ ਜ਼ੋਖ਼ਮ ਉਠਾਣ ਦੀ ਹਿੰਮਤ ਨਹੀਂ ਸੀ ਜਾਂ ਡਰ ਦੇ ਮਾਰੇ ਅਜਿਹਾ ਕਰਨ ਤੋਂ ਪਾਸਾ ਵੱਟ ਲੈਣਾ ਯੋਗ ਸਮਝਿਆ, ਇਨ੍ਹਾਂ ਅਭਾਗਿਆਂ ਨੂੰ ਬੇਪਨਾਹ ਛੱਡ ਦਿੱਤਾ ਗਿਆ, ਕਿਉਂਕਿ ਯਹੂਦੀਆਂ ਦਾ ਮੰਤਵ ਗਜ਼ਾ ਨੂੰ ਇਜ਼ਰਾਈਲ ਵਿੱਚ ਮਿਲਾ ਕੇ ਇਸ ਦੀ ਫਲਸਤੀਨੀ ਹੋਂਦ ਖ਼ਤਮ ਕਰਨਾ ਹੈ। ਇਸ ਲਈ ਉਨ੍ਹਾਂ ’ਤੇ ਬੰਬਾਰੀ ਕਰਨ ਦਾ ਮਨਸੂਬਾ ਬਣਾਇਆ ਹੈ। ਖੁੱਲ੍ਹਮ-ਖੁੱਲ੍ਹਾ ਅਜਿਹਾ ਕਰਨ ਦੇ ਨਿਰਣੇ ਨੂੰ ਚੈਲੰਜ ਵੀ ਕਰ ਦਿੱਤਾ ਗਿਆ ਹੈ। ਬੇਹਿਆਈ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਭਾਵੇਂ ਇਨ੍ਹਾਂ, ਲੜਾਕੂਆਂ ਦੀ ਕਾਰਵਾਈ ਮਗਰੋਂ ਇਹ ਘਮਸਾਣ ਮਚਿਆ ਸੀ, ਉਨ੍ਹਾਂ ਦੇ ਬੱਚੇ ਉਨ੍ਹਾਂ ਅਭਾਗਿਆ ਵਿੱਚ ਹੋਣ ਭਾਵੇਂ ਨਾਂਹ ਹੋਣ, ਬੰਬਾਰੀ ਦਾ ਸ਼ਿਕਾਰ ਤਾਂ ਇਨ੍ਹਾਂ ਬੇਸਹਾਰਾ ਔਰਤਾਂ, ਮਰਦਾਂ, ਬੱਚਿਆਂ-ਬੱਚੀਆਂ ਨੂੰ ਹੋਣਾ ਹੀ ਪਵੇਗਾ।
ਅਮਰੀਕਾ ਵੱਲੋਂ ਬੇਪਨਾਹ ਮਾਲੀ ਅਤੇ ਫੌਜੀ ਸਹਾਇਤਾ ਦੇ ਬਲਬੂਤੇ ’ਤੇ ਹੀ ਇਜ਼ਰਾਈਲ ਦੀ ਦੈਵੀ ਕਹਾਂਦੀ ਸਰਕਾਰ ਅਜਿਹਾ ਕਰਨ ਦਾ ਜਨੂਨੀ ਨਿਰਣਾ ਲੈ ਸਕਦੀ ਸੀ। ਜਿਅੋਨਵਾਦ, ਪੁਰਾਤਨ ਕਾਲ ਤੋਂ ਚਲੇ ਆਏ ਯਹੂਦੀ ਮੱਤ ਦਾ ਉਹ ਭਾਗ ਹੈ ਜਿਹੜਾ ਪੁਰਾਤਨ ਕਾਲ ਤੋਂ ਚਲੇ ਆਏ ਇਸ ਦੇ ਦੁੱਖ ਸਹਿਣ ਤੇ ਦੁੱਖ ਦੇਣ ਵਿੱਚ ਬਦਲ ਦੇਣ ਦਾ ਕੱਟੜ ਹਾਮੀ ਹੈ। ਇਹ ਯਹੂਦੀਆਂ ਦੀ ਹਲੀਮੀ ਨੂੰ ਦੁਸ਼ਟਤਾ ਵਿੱਚ ਬਦਲ ਦੇਣ ਨੂੰ ਹੀ ਇਹ ਆਪਣਾ ਕਸਬ ਸਮਝਦਾ ਹੈ। ਜਿੱਥੇ ਪਹਿਲੀ ਤਰ੍ਹਾਂ ਦੇ ਪੰਜਾਹ ਲੱਖ ਯਹੂਦੀ ਜਰਮਨੀ ਦੀ ਨਾਜ਼ੀ ਸਰਕਾਰ ਹੱਥੋਂ ਮੌਤ ਦੀ ਘਾਟ ਉਤਾਰੇ ਗਏ, ਉਥੇ ਦੂਜੀ ਤਰ੍ਹਾਂ ਦੇ ਯਹੂਦੀਆਂ ਨੇ ਪੱਛਮੀ ਸਰਕਾਰਾਂ ਨੂੰ ਆਪਣੀ ਧਿਰ ਬਣਾ ਕੇ ਫਲਸਤੀਨ ਦੇ ਵਡੇਰੇ ਭਾਗ ’ਤੇ ਕਬਜ਼ਾ ਕਰਨ ਦੀ ਪਹਿਲ ਕਰ ਲਈ। ਨਿਰਧਨ ਅਤੇ ਬੇਸਹਾਰਾ ਫਲਸਤੀਨ ਵਾਲੀਆਂ ਨੂੰ ਕਸ਼ਟ ਦੇਣ, ਬੇਘਰ ਕਰਨ ਅਤੇ ਦਿਲ ਕਹੇ ਮਾਰ ਦੇਣ ਨਾਲ ਦੁਸ਼ਟ ਯਹੂਦੀਆਂ ਦੀ ਅਜਿਹੀ ਭੱਲ ਬਣੀ ਕਿ ਉਦਾਲੇ ਦੀਆਂ ਪਛੜੀਆਂ ਮੁਸਲਮਾਨੀ ਸਰਕਾਰਾਂ ਉਨ੍ਹਾਂ ਤੋਂ ਭੈਅ ਖਾਣ ਲੱਗ ਪਈਆਂ। ਨਤੀਜੇ ਵਜੋਂ ਇਜ਼ਰਾਈਲ ਵਾਲੇ ਜਿਸ ਭਾਗ ਵਿੱਚ ਉਹ ਆ ਵਸੇ, ਉਹ ਉਦਾਲੇ ਦੀਆਂ ਮੁਸਲਮਾਨੀ ਸਰਕਾਰਾਂ ਲਈ ਖ਼ੌਫ ਦਾ ਕਾਰਨ ਬਣ ਗਿਆ। ਜਿਸ ਇਲਾਕੇ ਵਿੱਚ ਉਨ੍ਹਾਂ ਨੂੰ ਵਸਾਇਆ ਗਿਆ ਸੀ, ਉਸ ਦੀਆਂ ਹੱਦਾਂ ਨੂੰੰ ਵਿਸਥਾਰ ਦੇਣ, ਚਿਰਾਂ ਤੋਂ ਵਸਦੇ ਫਲਸਤੀਨੀਆਂ ਨੂੰ ਉਖਾੜਨ ਅਤੇ ਬੇਘਰੇ ਕਰਨ ਦਾ ਇਸ ਸਰਕਾਰ ਨੇ ਨਿਯਮ ਬਣਾ ਲਿਆ।
ਇਸ ਹੱਠ ਦੇ ਕਈ ਲਾਭ ਸਨ ਜਿਨ੍ਹਾਂ ਨੂੰ ਤਾਕਤ ਵਿੱਚ ਬਣੇ ਰਹਿਣ ਲਈ ਇਹ ਧਿਰ ਖ਼ੂਬ ਵਰਤਣਾ ਚਾਹੁੰਦੀ ਸੀ। ਉਦਾਲੇ ਦੇ ਅਸਥਿਰ ਅਤੇ ਕੰਮਜ਼ੋਰ ਦੇਸ਼ਾਂ ਲਈ ਡਰ ਦਾ ਮਾਹੌਲ ਬਣਾਉਣ ਵਿੱਚ ਇਸ ਤਰ੍ਹਾਂ ਦਾ ਪੈਂਤੜਾ ਬੜਾ ਕੰਮ ਆ ਸਕਦਾ ਸੀ। ਉਦਾਲੇ ਦੇ ਦੇਸ਼ਾਂ ਵਿੱਚ ਕਿਸ ਤਰ੍ਹਾਂ ਦੀਆਂ ਲੋਕ-ਵਿਰੋਧੀ ਅਤੇ ਪਿਛਾਂਹ ਖਿੱਚੂ ਸਰਕਾਰਾਂ ਸਨ, ਉਨ੍ਹਾਂ ਨੂੰ ਬਾਹਰੀ ਤੌਰ ’ਤੇ ਜਿੰਨਾ ਮਰਜ਼ੀ ਇਤਰਾਜ਼ ਹੋਵੇ, ਅੰਦਰਖ਼ਾਤੇ ਉਹ ਸੁੱਖ ਦਾ ਸਾਹ ਲੈਂਦੀਆਂ ਸਨ। ਲੋਕਾਂ ਦੇ ਰੋਸ, ਇਤਰਾਜ਼ਯੋਗ ਰੁਝਾਨਾਂ ਅਤੇ ਔਖੀ ਤੋਂ ਔਖੀ ਬਣ ਰਹੀ ਨਿੱਤ ਦੀ ਜ਼ਿੰਦਗੀ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ ਸੀ ਜਾਂਦਾ। ਜ਼ਿਆਦਤੀ  ਜਿੰਨੀ ਮਰਜ਼ੀ ਕਠੋਰ ਹੋਵੇ ਫੇਰ ਵੀ ਉਸ ਦੀ ਕੋਈ ਹੱਦ ਹੁੰਦੀ ਹੈ। ਸਰਕਾਰ ਚਲਾ ਰਹੇ ਨੇਤਾਵਾਂ ਅਤੇ ਉਨ੍ਹਾਂ ਦੇ ਕਾਰਿੰਦਿਆਂ ਨੂੰ ਭਾਵੇਂ ਇਸ ਦਾ ਅਹਿਸਾਸ ਹੋਵੇ ਪਰ ਜਨਤਾ, ਖ਼ਾਸ ਕਰਕੇ ਵਿਦਿਆਰਥੀ ਵਰਗ, ਨੂੰ ਇਸ ਤਰ੍ਹਾਂ ਦੇ ਦੁਰਾਚਾਰ ਦਾ ਅਹਿਸਾਸ ਹੋ ਹੀ ਜਾਂਦਾ ਹੈ। ਹੈਰਾਨੀ ਦੀ ਗੱਲ ਨਹੀਂ ਕਿ ਅਮਰੀਕਾ ਦੇ ਵਿਸ਼ਵ-ਵਿਦਿਆਲਿਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ, ਕੁਝ ਦੇਰੀ ਨਾਲ ਹੀ ਭਾਵੇਂ, ਇਹ ਅਹਿਸਾਸ ਹੋ ਗਿਆ ਹੈ ਕਿ ਇੱਕ ਸ਼ਹਿਰ ਵਿੱਚ ਬੰਦ ਹੋਏ, ਸ਼ਰਨਾਰਥੀਆਂ ਨਾਲੋਂ ਵੀ ਭੈੜੀ ਦਿਨ ਕਟੀ ਕਰ ਰਹੇ ਭੁੱਖ ਤੋਂ ਆਤੁਰ, ਲੋਕਾਂ ਤੇ ਬੰਬਾਰੀ ਕਰਨ ਦਾ ਭੈਅ ਫੈਲਾਉਣਾ ਮਾਨਵੀ ਪੱਧਰ ਤੋਂ ਕਿਤੇ ਨੀਵੀਂ ਗੱਲ ਹੈ। ਪਸ਼ੂ-ਪੱਧਰ ਤੋਂ ਵੀ ਕਿਤੇ ਨੀਵੀਂ ਨੀਤੀ ਹੈ ਜਿਸ ਨੂੰ ਵਰਤੇ ਜਾਣ ਦਾ ਭੈਅ ਦਿੱਤਾ ਜਾ ਰਿਹਾ ਹੈ। ਕੁਦਰਤੀ ਗੱਲ ਹੈ ਕਿ ਇਸ ਅਹਿਸਾਸ ਦਾ ਆਰੰਭ ਵਿਸ਼ਵ-ਵਿਦਿਆਲਿਆਂ ਵਿੱਚ ਪੜ੍ਹਦੇ ਯੁਵਕਾਂ ਅਤੇ ਯੁਵਤੀਆਂ ਨੂੰ ਹੋਇਆ। ਪੰਦਰਾਂ ਕੁ ਦਿਨ ਪਹਿਲਾਂ ਇਹ ਅਹਿਸਾਸ ਸਰਵੱਤਰ ਹੋ ਗਿਆ ਹੈ। ਅੱਸੀ ਤੋਂ ਵੱਧ ਯੁਨੀਵਰਸਿਟੀਆਂ ਵਿੱਚ ਇਹ ਰੋਸ ਫੈਲ ਗਿਆ ਹੈ। ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਤਾਂ ਇਹ ਰੋਸ ਸਰਲ ਜਿਹਾ ਹੀ ਲੱਗਿਆ। ਸਭ ਤੋਂ ਪਹਿਲਾਂ ਕੋਲੰਬੀਆ ਵਿਸ਼ਵ ਵਿਦਿਆਲੇ ਤੋਂ ਆਰੰਭ ਹੋਣ ਵਾਲੇ ਇਸ ਰੋਸ ਨੂੰ ਸਰਲ ਭਾਵ ਹੀ ਲਿਆ ਗਿਆ। ਅਧਿਕਾਰੀਆਂ ਦਾ ਵਿਹਾਰ ਵੀ ਨਿੰਦਰਯੋਗ ਨਹੀਂ ਹੈ।
ਪਹਿਲਾਂ-ਪਹਿਲ ਇਹ ਕੇਵਲ ਮੁਜ਼ਾਹਰਾ ਸੀ, ਉਸ ਡਰਾਵੇ ਦੇ ਵਿਰੁਧ, ਜੋ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਰਫਾ ਸ਼ਹਿਰ ਵਿੱਚ ਬੰਬ ਵਰਸਾਉਣ ਦਾ ਦਿੱਤਾ ਸੀ। ਆਪਣੀ ਮੰਗ ਨੂੰ ਸਮਰੱਥ ਬਣਾਉਣ ਖ਼ਾਤਰ, ਉਨ੍ਹਾ ਇਹ ਪ੍ਰਸਤਾਵ ਵੀ ਰੱਖਿਆ ਕਿ ਵਿਸ਼ਵ-ਵਿਦਿਆਲੇ ਵਿੱਚ ਇਜ਼ਰਾਈਲ ਵੱਲੋਂ ਘੜੀ ਪਾਲਿਸੀ ਅਧੀਨ, ਜੋ ਖੋਜ ਹੋ ਰਹੀ ਹੈ, ਉਸ ਨੂੰ ਖ਼ਤਮ ਕੀਤਾ ਜਾਵੇ। ਇਹ ਇਕ ਪਾਸੇ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਦੂਜੇ ਪਾਸੇ ਅਮਰੀਕੀ ਸਰਕਾਰ ਨੂੰ ਚੁਣੌਤੀ ਸੀ। ਵਿਦਿਆਰਥੀਆਂ ਨੂੰ ਅਜਿਹੀ ਮੰਗ ਤੋਂ ਹੋੜਨ ਲਈ ਅਧਿਕਾਰੀਆਂ ਨੇ ਇਸ ਦੋਸ਼ ਦੀ ਘੁਸਰ-ਮੁਸਰ ਆਰੰਭ ਕਰ ਦਿੱਤੀ ਕਿ ਵਿਦਿਆਰਥੀ ਫ਼ਲਸਤੀਨ-ਪੱਖੀ ਅਤੇ ਕੱਟੜ ਯਹੂਦੀਵਾਦ ਦੇ ਵਿਰੁੱਧ ਸਨ। ਇਸ ਲਈ ਰੋਸ ਮੁਜ਼ਾਹਰਿਆਂ ’ਤੇ ਮਨਾਹੀ ਲੱਗਾ ਦਿੱਤੀ। ਵਿਦਿਆਰਥੀਆਂ ਨੇ ਇਸ ਦਾ ਧਰਨਿਆਂ ਨਾਲ ਜਵਾਬ ਦਿੱਤਾ। ਤੰਬੂ ਲਗਾ ਕੇ ਉਨ੍ਹਾਂ ਦਿਨ-ਰਾਤ ਉਥੇ ਬਿਤਾਉਣੇ ਆਰੰਭ ਕਰ ਦਿੱਤੇ। ਭੂਤਰੇ ਹੋਏ ਅਧਿਕਾਰੀਆਂ ਨੇ ਤੰਬੂ ਵੀ ਉਖਾੜ ਦਿੱਤੇ। ਵਿਦਿਆਰਥੀਆਂ ਨੇ ਗ੍ਰਿਫ਼ਤਾਰੀਆਂ ਦੇਣੀਆਂ ਆਰੰਭ ਕਰ ਦਿੱਤੀਆਂ ਜਿਨ੍ਹਾਂ ਵਿੱਚ ਇਕ-ਦੁੱਕਾ ਪ੍ਰੋਫੈਸਰ ਵੀ ਸ਼ਾਮਲ ਹੋਣ ਲੱਗ ਪਏ।
ਆਪਣੇ ਸੰਘਰਸ਼ ਨੂੰ ਕਾਰਗਾਰ ਸਿੱਧ ਕਰਨ ਲਈ ਇਹ ਤਿੰਨ ਪਹਿਲ ਕਦਮੀਆਂ ਕੀਤੀਆਂ ਹਨ। ਇੱਕ ਤਾਂ ਉਨ੍ਹਾਂ ਮੁਜ਼ਾਹਰਿਆਂ ਨਾਲ ਫ਼ਲਸਤੀਨੀਆਂ ਨਾਲ ਹੋ ਰਹੇ ਅਨਿਆ ਵੱਲ ਧਿਆਨ ਦਿਵਾਉਣ ਦੀ ਪਹਿਲ ਕੀਤੀ। ਜਦੋਂ ਉਨ੍ਹਾਂ ਵਿਰੁਧ ਯਹੂਦੀਆਂ ਦੇ ਵਿਰੋਧੀ ਹੋਣ ਦਾ ਇਲਜ਼ਾਮ ਲੱਗਿਆ ਅਤੇ ਵਿਸ਼ਵ-ਵਿਦਿਆਲਿਆਂ ਦਾ ਮਾਹੌਲ ਖ਼ਰਾਬ ਕਰਨ ਦਾ ਦੋਸ਼ ਲੱਗਾ ਤਾਂ ਉਨ੍ਹਾਂ ਮੁਜ਼ਾਹਰਿਆਂ ਨੂੰ ਸਥਾਈ ਰੂਪ ਦੇਣ ਲਈ ਵਿਸ਼ਵ-ਵਿਦਿਆਲਿਆਂ ਦੇ ਖੁੱਲ੍ਹੇ ਮੈਦਾਨਾਂ ਵਿੱਚ ਤੰਬੂ ਲਗਾ ਕੇ ਰਾਤ ਦਿਨ ਰੋਸ ਪ੍ਰਗਟ ਕਰਨਾ ਆਰੰਭ ਕਰ ਦਿੱਤਾ। ਇਸ ਦਾ ਆਰੰਭ ਤਾਂ ਕੋਲੰਬੀਆ ਵਿਸ਼ਵ-ਵਿਦਿਆਲੇ ਤੋਂ ਹੋਇਆ ਪ੍ਰੰਤੂ ਇਸ ਦਾ ਪ੍ਰਭਾਵ ਦੂਰ-ਦੂਰ ਤੱਕ ਗਿਆ। ਅੱਸੀ ਤੋਂ ਵੱਧ ਵਿਸ਼ਵ-ਵਿਦਿਆਲਿਆਂ ਵਿੱਚ ਇਹ ਰੋਸ ਜ਼ੋਰ ਪਕੜਨ ਲੱਗ ਪਿਆ।
ਇਸ ਨੂੰ ਖ਼ੋਰਾ ਲਗਾਉਣ ਲਈ ਅਧਿਕਾਰੀਆਂ ਨੇ ਸਖ਼ਤੀ ਵਰਤਣੀ ਆਰੰਭ ਕਰ ਦਿੱਤੀ। ਤੰਬੂਆਂ ਨੂੰ ਉਖਾੜਨਾ ਅਤੇ ਵਿਦਿਆਰਥੀਆਂ ਦੀ ਧੂਹ ਖਿੱਚ ਵੱਧ ਗਈ। ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਦਾ ਘੇਰਾ ਵਧਾ ਲਿਆ। ਜਿੱਥੇ ਅਧਿਕਾਰੀਆਂ ਨੇ ਉਨ੍ਹਾਂ ਤੇ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਗਾਇਆ, ਉੱਥੇ ਵਿਦਿਆਰਥੀਆਂ ਨੇ ਵਿਸ਼ਵ ਵਿਦਿਆਲਿਆਂ ਤੋਂ ਇਜ਼ਰਾਈਲ ਤੋਂ ਦੂਰੀ ਬਣਾਉਣ ਦੀ ਗੱਲ ਆਖੀ। ਜੋ ਖੋਜਾਂ ਇਜ਼ਰਾਈਲ ਨੂੰ ਮਜ਼ਬੂਤ ਬਣਾਉਣ ਲਈ, ਕਰੋੜਪਤੀ ਕੰਪਨੀਆਂ ਯੂਨੀਵਰਸਿਟੀਆਂ ਦੀਆਂ ਪ੍ਰਯੋਗਸ਼ਾਲਾਵਾਂ ਵਿੱਚ ਕਰਵਾ ਰਹੀਆਂ ਹਨ , ਉਨ੍ਹਾਂ ਵਿਸ਼ਵ-ਵਿਦਿਆਲਿਆਂ ਨੂੰ ਇਜ਼ਰਾਈਲ ਤੋਂ ਵੱਖ ਕਰਨ ਦੀ ਮੰਗ ’ਤੇ ਜ਼ੋਰ ਦੇਣਾ ਆਰੰਭ ਕਰ ਦਿੱਤਾ। ਜੋ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ, ਉਹ ਪ੍ਰੈਸ ਅਤੇ ਟੈਲੀਵਿਜ਼ਨ ’ਤੇ ਖ਼ੂਬ ਆ ਰਿਹਾ ਹੈ। ਵਿਦਿਆਰਥੀ ਕਿਸ ਹੱਦ ਤਕ ਆਪਣੀਆਂ ਮੰਗਾਂ ਵੱਲ ਵੱਧ ਤੋਂ ਵੱਧ ਸ਼ਹਿਰੀਆਂ ਦਾ ਧਿਆਨ ਦਿਵਾ ਸਕਣਗੇ, ਇਹ ਭਵਿੱਖ ਦੀ ਗੱਲ ਹੈ। ਵਰਤਮਾਨ ਵਿੱਚ, ਕੁਝ ਨਿਰਾਸ਼ ਕਰਨ ਵਾਲੀ ਗੱਲ ਇਹ ਹੈ ਕਿ ਕਾਨੂੰਨੀ ਜਹੂਦੀਵਾਦ ਦੀ ਪਕੜ ਅਮਰੀਕੀ ਵਰਤਾਰੇ ਤੇ ਇਤਨੀ ਮਜ਼ਬੂਤ ਹੈ ਕਿ ਕੋਈ ਵੱਡਾ ਨੇਤਾ ਚੁੱਪ ਤੋੜਨ ਲਈ ਤਿਆਰ ਨਹੀਂ। ਕੇਵਲ ਬਰਨੀ ਸੈਂਡਰਜ਼ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਝਾੜ ਪਾਉਣ ਦਾ ਹੌਂਸਲਾ ਕੀਤਾ ਹੈ। ਉਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਇਸ ਦੋਸ਼ ਨੂੰ ਝੁਠਲਾਇਆ ਹੈ ਕਿ ਅਮਰੀਕਾ ਦੇ ਵਿਸ਼ਵ ਵਿਦਿਆਲੇ ਉਸ ਤਰ੍ਹਾਂ ਯਹੂਦੀ ਜਾਂਚ ਦੇ ਵਿਰੋਧੀ ਹਨ ਜਿਵੇਂ ਹਿਲਟਰ ਵੇਲੇ ਜਰਮਨੀ ਵਿੱਚ ਹੁੰਦਾ ਸੀ। ਬਰਨੀ ਸੈਂਡਰਜ਼ ਦਾ ਇਹ ਦਾਅਵਾ ਹੈ ਕਿ ਅਜਿਹਾ ਦੋਸ਼ ਲਗਾ ਕੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਅਮਰੀਕਾ ਦੇ ਲੋਕਾਂ ਦੀ ਬੇਇੱਜ਼ਤੀ ਕਰ ਰਿਹਾ ਹੈ।
-ਤੇਜਵੰਤ ਗਿੱਲ
-ਮੋਬਾ: 98150 86016

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ