ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਬਣਾ ਦਿੰਦਾ ਹੈ। ਹਰ ਕੰਮ ਖੁਸ਼ੀ-ਖੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗ ਪੈਂਦਾ ਹੈ।ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਈ ਹੈ। ਵਿਸ਼ਵ ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਤਰ੍ਹਾਂ ਹੱਸਣ ਅਤੇ ਹਸਾਉਣ ਨੂੰ ਸਮਰਪਿਤ ਹੈ। ਇਸ ਦਿਨ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਮੇਡੀ ਮੁਕਾਬਲੇ ਅਤੇ ਸ਼ੋ ਕਰਵਾਏ ਜਾਂਦੇ ਹਨ। ਹਾਸਾ ਸਾਰੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਹਾਸਰਸ ਇੱਕ ਵਿਆਪਕ ਭਾਸ਼ਾ ਹੈ। ਇਸ ਵਿੱਚ ਜਾਤ, ਧਰਮ, ਰੰਗ, ਲਿੰਗ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਨੂੰ ਜੋੜਨ ਦੀ ਸਮਰੱਥਾ ਹੈ। ਹਾਸਾ ਸਾਰੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਅੰਤਰਰਾਸ਼ਟਰੀ ਹਾਸਾ ਦਿਵਸ 11 ਜਨਵਰੀ 1998 ਨੂੰ ਮੁੰਬਈ ਵਿੱਚ ਸ਼ੁਰੂ ਹੋਇਆ ਸੀ।ਵਿਸ਼ਵ ਹਾਸਾ ਦਿਵਸ ਦੀ ਸਥਾਪਨਾ ਦਾ ਸਿਹਰਾ ਡਾ: ਮਦਨ ਕਟਾਰੀਆ ਨੂੰ ਜਾਂਦਾ ਹੈ। ਉਨ੍ਹਾਂ ਨੇ ਹੀ 11 ਜਨਵਰੀ 1998 ਨੂੰ ਮੁੰਬਈ ਵਿੱਚ ਪਹਿਲੀ ਵਾਰ ਵਿਸ਼ਵ ਹਾਸਾ ਦਿਵਸ ਮਨਾਇਆ ਸੀ। ਇਸ ਨੂੰ ਮਨਾਉਣ ਪਿੱਛੇ ਸਭ ਤੋਂ ਵੱਡਾ ਮਕਸਦ ਸਮਾਜ ਵਿੱਚ ਵੱਧ ਰਹੇ ਤਣਾਅ ਨੂੰ ਘੱਟ ਕਰਨਾ ਸੀ। ਰੋਜ਼ਾਨਾ ਦੇ ਕੰਮਾਂ ਕਾਰਨ ਲੋਕਾਂ ਦੀ ਜ਼ਿੰਦਗੀ ’ਚ ਹੱਸਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਅਜਿਹੇ ’ਚ 1998 ’ਚ ਸੋਚਿਆ ਗਿਆ ਕਿ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ, ਜਿਸ ਦੇ ਬਹਾਨੇ ਲੋਕ ਇਕ-ਦੂਜੇ ਨਾਲ ਗੱਲ ਕਰ ਸਕਣ ਅਤੇ ਥੋੜ੍ਹੀ ਦੇਰ ਲਈ ਹੱਸ ਸਕਣ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਵਿਸ਼ਵ ਵਿੱਚ ਸ਼ਾਂਤੀ ਅਤੇ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਸਥਾਪਨਾ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਦਿਨ ਦੀ ਪ੍ਰਸਿੱਧੀ ’ਹਾਸਾ ਯੋਗਾ ਅੰਦੋਲਨ’ ਦੁਆਰਾ ਪੂਰੀ ਦੁਨੀਆ ਵਿੱਚ ਫੈਲ ਗਈ। ਅੱਜ ਪੂਰੀ ਦੁਨੀਆ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਕਾਮੇਡੀ ਕਲੱਬ ਹਨ। ਇਸ ਮੌਕੇ ਦੇਸ਼-ਵਿਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੈਲੀਆਂ, ਕਾਮੇਡੀ ਮੁਕਾਬਲੇ ਅਤੇ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਹਨ।
ਜੇ ਵਿਗਿਆਨਿਕ ਪਹਿਲੂ ਤੋਂ ਗੱਲ ਕਰੀਏ ਤਾਂ ਹਾਸਰਸ ਮਨੁੱਖ ਦੇ ਇਲੈਕਟ੍ਰੋ-ਮੈਗਨੈਟਿਕ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਜਦੋਂ ਕੋਈ ਵਿਅਕਤੀ ਇੱਕ ਸਮੂਹ ਵਿੱਚ ਹੱਸਦਾ ਹੈ, ਤਾਂ ਇਹ ਸਕਾਰਾਤਮਕ ਊਰਜਾ ਪੂਰੇ ਖੇਤਰ ਵਿੱਚ ਫੈਲ ਜਾਂਦੀ ਹੈ ਅਤੇ ਖੇਤਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ।
ਇਸ ਦਿਨ ਨੂੰ ਮਨਾਉਣ ਦਾ ਸਪਸ਼ਟ ਮਕਸਦ ਲੋਕਾਂ ਨੂੰ ਹਸਾਉਣਾ ਹੈ, ਮਾਧਿਅਮ ਭਾਵੇਂ ਕੋਈ ਵੀ ਹੋਵੇ। ਜਦੋਂ ਕਿ ਹੱਸਣਾ ਇੱਕ ਚੰਗੀ ਕਸਰਤ ਹੈ, ਹਸਾਉਣਾ ਇੱਕ ਕਲਾ ਹੈ।ਜਦੋਂ ਤੁਸੀਂ ਹੱਸਦੇ ਹੋ, ਤੁਹਾਡੇ ਆਲੇ ਦੁਆਲੇ ਦੀ ਦੁਨੀਆ ਬਦਲ ਜਾਂਦੀ ਹੈ। ਬਿਨਾਂ ਸ਼ਰਤ ਹੱਸਣ ਨਾਲ ਸਾਨੂੰ ਅੰਦਰੋਂ ਚੰਗਾ ਮਹਿਸੂਸ ਕਰਨ ਦੀ ਸ਼ਕਤੀ ਮਿਲਦੀ ਹੈ ਅਤੇ ਜਦੋਂ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰਦੇ ਹੋ, ਤਾਂ ਇਹ ਬਾਹਰੀ ਦੁਨੀਆਂ ਦੀ ਪੂਰੀ ਧਾਰਨਾ ਨੂੰ ਬਦਲ ਦਿੰਦਾ ਹੈ। ਹਾਸਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਤੰਦਰੁਸਤੀ ਦਾ ਸਭ ਤੋਂ ਆਸਾਨ ਉਪਾਅ ਹੈ। ਹਾਸੇ ਦਾ ਕਾਰਨ ਕੀ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਯਕੀਨੀ ਤੌਰ ’ਤੇ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ-ਵੱਖ ਸਥਿਤੀਆਂ ਵਿੱਚ ਜਦੋਂ ਤੁਸੀਂ ਪਰੇਸ਼ਾਨ ਹੁੰਦੇ ਹੋ ਤਾਂ ਹਾਸਾ ਤੁਹਾਡੀ ਚਿੰਤਾ ਦੂਰ ਕਰਦਾ ਹੈ। ਇਸ ਨਾਲ ਤੁਹਾਡੀ ਚਿੰਤਾ ਘੱਟ ਹੁੰਦੀ ਹੈ ਅਤੇ ਕੈਲੋਰੀ ਬਰਨ ਹੂੰਦੀ ਹੈ।
ਹਾਸਾ ਸਭ ਤੋਂ ਵਧੀਆ ਦਵਾਈ ਹੈ ਜੋ ਹਰ ਸਥਿਤੀ ਵਿੱਚ ਕੰਮ ਕਰਦੀ ਹੈ। ਅੱਜਕੱਲ੍ਹ ‘ਲਾਫ ਥੈਰੇਪੀ’ ਭਾਵ ਲਾਫਟਰ ਥੈਰੇਪੀ ਲੋਕਾਂ ਦੇ ਤਨਾਅ ਨੂੰ ਦੂਰ ਕਰਨ ਲਈ ਆਮ ਹੀ ਵਰਤੀ ਜਾਂਦੀ ਹੈ । ਇਸ ਵਿੱਚ ਲੋਕ ਬਿਨਾਂ ਕਿਸੇ ਮਕਸਦ ਦੇ ਸਵੇਰੇ ਕਿਸੇ ਪਾਰਕ ਜਾਂ ਖੁੱਲ੍ਹੀ ਥਾਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਉੱਚੀ-ਉੱਚੀ ਹੱਸਦੇ ਹਨ। ਇਸ ਨੂੰ ‘ਲਾਫ ਥੈਰੇਪੀ’ ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਡਿਪ੍ਰੈਸ਼ਨ, ਮਾਈਗ੍ਰੇਨ, ਸਿਰ ਦਰਦ, ਤਣਾਅ ਵਰਗੀਆਂ ਬਿਮਾਰੀਆਂ ਤੋਂ ਤੁਰੰਤ ਰਾਹਤ ਮਿਲਦੀ ਹੈ।
ਆਮ ਆਦਮੀ ਨੂੰ ਹੱਸਣ ਦੇ ਬਹੁਤ ਸਾਰੇ ਫਾਇਦੇ ਹਨ, ਜੋ ਇਸ ਪ੍ਰਕਾਰ ਹਨ-
ਹਾਸਾ ਵਿਅਕਤੀ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ, ਜਿਸ ਨਾਲ ਵਿਅਕਤੀ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਹੈ।
ਕਈ ਬਿਮਾਰੀਆਂ ਵੀ ਹੱਸਣ ਨਾਲ ਆਪਣੇ ਆਪ ਠੀਕ ਹੋ ਜਾਂਦੀਆਂ ਹਨ।
ਮਨੋਵਿਗਿਆਨਕ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੋ ਬੱਚੇ ਜ਼ਿਆਦਾ ਹੱਸਦੇ ਹਨ, ਉਹ ਜ਼ਿਆਦਾ ਬੁੱਧੀਮਾਨ ਹੁੰਦੇ ਹਨ।
ਜਾਪਾਨ ਦੇ ਲੋਕ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਹੱਸਦੇ ਰਹਿਣਾ ਸਿਖਾਉਂਦੇ ਹਨ।
ਹਾਸਰਸ ਤਣਾਅ, ਦਰਦ ਅਤੇ ਸੰਘਰਸ਼ ਦਾ ਇੱਕ ਸ਼ਕਤੀਸ਼ਾਲੀ ਸਰੋਤ ਹੈ। ਹਾਸਰਸ ਬੋਝ ਨੂੰ ਹਲਕਾ ਕਰਦਾ ਹੈ, ਉਮੀਦ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਦੂਜਿਆਂ ਨਾਲ ਜੋੜਦਾ ਹੈ, ਅਤੇ ਇਹ ਸਾਨੂੰ ਫੋਕਸ ਕਰਨ ਅਤੇ ਸੁਚੇਤ ਰਹਿਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਨੂੰ ਹੋਰ ਤੇਜ਼ੀ ਅਤੇ ਊਰਜਾ ਨਾਲ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ।
ਜਦੋਂ ਇੱਕ ਅਧਿਆਪਕ ਜਮਾਤ ਵਿੱਚ ਹੱਸਦੇ ਚਿਹਰੇ ਨਾਲ਼ ਪ੍ਰਵੇਸ਼ ਕਰਦਾ ਹੈ ਤਾਂ ਬਚਿਆਂ ਦੇ ਚਿਹਰੇ ਤੇ ਰੌਣਕ ਆ ਜਾਂਦੀ ਹੈ।
ਜਦੋਂ ਇੱਕ ਡਾਕਟਰ ਕਿਸੇ ਮਰੀਜ਼ ਨਾਲ ਹੱਸ ਕੇ ਗੱਲ ਕਰ ਲਵੇ ਤਾਂ ਮਰੀਜ਼ ਅੱਧਾ ਕੁ ਤਾਂ ਵੈਸੇ ਈ ਠੀਕ ਹੋ ਜਾਂਦਾ ਹੈ।
ੁੱਖੀ ਸਰੀਰ ਵਿੱਚ ਪੇਟ ਅਤੇ ਛਾਤੀ ਦੇ ਵਿਚਕਾਰ ਇੱਕ ਡਾਇਆਫ੍ਰਾਮ ਹੁੰਦਾ ਹੈ, ਜੋ ਹੱਸਣ ਵੇਲੇ ਸੁੰਗੜਨ ਦਾ ਕੰਮ ਕਰਦਾ ਹੈ। ਨਤੀਜੇ ਵਜੋਂ ਹੱਸਣ ਨਾਲ਼ ਪੇਟ, ਫੇਫੜਿਆਂ ਅਤੇ ਜਿਗਰ ਦੀ ਮਾਲਸ਼ ਹੋ ਜਾਂਦੀ ਹੈ।
ਹਾਸਾ ਸਰੀਰ ਵਿੱਚ ਨਵੀਂ ਊਰਜਾ ਲਿਆਉਂਦਾ ਹੈ। ਹੱਸਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਹੱਸਣ ਵੇਲੇ ਅਸੀਂ ਗੱਲ ਕਰਨ ਵੇਲੇ ਜਿੰਨੀ ਆਕਸੀਜਨ ਲੈਂਦੇ ਹਾਂ ਉਸ ਤੋਂ ਛੇ ਗੁਣਾ ਜ਼ਿਆਦਾ ਆਕਸੀਜਨ ਲੈਂਦੇ ਹਾਂ। ਇਸ ਤਰ੍ਹਾਂ ਸਰੀਰ ਨੂੰ ਆਕਸੀਜਨ ਦੀ ਚੰਗੀ ਮਾਤਰਾ ਮਿਲਦੀ ਹੈ। ਮਨੋਵਿਗਿਆਨੀ ਵੀ ਤਣਾਅ ਤੋਂ ਪੀੜਤ ਲੋਕਾਂ ਨੂੰ ਹੱਸਦੇ ਰਹਿਣ ਦੀ ਸਲਾਹ ਦਿੰਦੇ ਹਨ। ਜਦੋਂ ਤੁਸੀਂ ਹੱਸਣ ਲੱਗਦੇ ਹੋ ਤਾਂ ਸਰੀਰ ਵਿੱਚ ਖੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਰੋਜ਼ਾਨਾ ਖੁੱਲ੍ਹ ਕੇ ਹੱਸਣ ਨਾਲ ਵੀ ਸ਼ੂਗਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ।
ਹੱਸਣ ਨਾਲ ਆਕਸੀਜਨ ਦਾ ਸੰਚਾਰ ਬਹੁਤ ਤੇਜ਼ ਹੋ ਜਾਂਦਾ ਹੈ, ਜਿਸ ਕਾਰਨ ਦੂਸ਼ਿਤ ਹਵਾ ਕਾਫੀ ਮਾਤਰਾ ’ਚ ਬਾਹਰ ਨਿਕਲਦੀ ਹੈ।
ਨਿਯਮਿਤ ਤੌਰ ’ਤੇ ਖੁੱਲ੍ਹ ਕੇ ਹੱਸਣ ਨਾਲ ਸਰੀਰ ਦੇ ਸਾਰੇ ਹਿੱਸਿਆਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਸਰੀਰ ਵਿਚ ਖੂਨ ਸੰਚਾਰ ਦੀ ਰਫਤਾਰ ਵਧਦੀ ਹੈ ਅਤੇ ਪਾਚਨ ਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ।ਉੱਚੀ-ਉੱਚੀ ਹੱਸਣ ਨਾਲ ਪੂਰੇ ਸਰੀਰ ਦੇ ਹਰ ਅੰਗ ਨੂੰ ਹਿਲਜੁਲ ਮਿਲਦੀ ਹੈ, ਜਿਸ ਦੇ ਨਤੀਜੇ ਵਜੋਂ ਸਰੀਰ ਵਿਚ ਮੌਜੂਦ ਐਂਡੋਰਫਿਨ ਗਲੈਂਡ (ਹਾਰਮੋਨ ਡੋਨਰ ਸਿਸਟਮ) ਨਿਰਵਿਘਨ ਚੱਲਣ ਲੱਗਦੀ ਹੈ, ਜੋ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿਚ ਮਦਦਗਾਰ ਹੁੰਦੀ ਹੈ।
ਇਹ ਇਮਿਊਨਿਟੀ ਵਧਾਉਣ ’ਚ ਵੀ ਮਦਦਗਾਰ ਹੈ। ਹਾਸਾ ਦਿਲ ਦੀ ਰੱਖਿਆ ਕਰਦਾ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ, ਜੋ ਸਾਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਤ ਹੋਰ ਸਮੱਸਿਆਵਾਂ ਤੋਂ ਬਚਾ ਸਕਦਾ ਹੈ।
ਇਹ ਕੈਲੋਰੀ ਬਰਨ ਕਰਦਾ ਹੈ। ਦਿਨ ਵਿਚ 10 ਤੋਂ 15 ਮਿੰਟ ਹੱਸਣ ਨਾਲ ਲਗਭਗ 40 ਕੈਲੋਰੀਆਂ ਬਰਨ ਹੋ ਸਕਦੀਆਂ ਹਨ।
ਇਹ ਗੁੱਸੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਇਹ ਤੁਹਾਡੀ ਨੀਂਦ ਵਿੱਚ ਮਦਦਗਾਰ ਹੈ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਹੱਸਦੇ ਹੋ ਤਾਂ ਇਹ ਤੁਹਾਨੂੰ ਡੂੰਘੀ ਨੀਂਦ ਵੱਲ ਲੈ ਜਾਂਦਾ ਹੈ।
ਇਸ ਲਈ ਤੁਸੀਂ ਵੀ ਹੱਸਣ ਨੂੰ ਆਪਣੀਆਂ ਆਦਤਾਂ ਵਿਚ ਸ਼ਾਮਲ ਕਰੋ ਅਤੇ ਫਿਰ ਦੇਖੋ ਕਿ ਤਣਾਅ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਅਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ।
ਡਾਕਟਰ ਮੁਤਾਬਕ ਸਿਹਤਮੰਦ ਰਹਿਣ ਲਈ 3 ਚੀਜ਼ਾਂ ਦੀ ਲੋੜ ਹੁੰਦੀ ਹੈ- ਸੰਤੁਲਿਤ ਖੁਰਾਕ, ਮਨ ਦੀ ਸ਼ਾਂਤੀ ਅਤੇ ਖੁੱਲ੍ਹ ਕੇ ਹੱਸਣਾ।
ਇਸ ਲਈ ਤੁਸੀਂ ਲੋਕ ਹੱਸਣ ਦਾ ਕੋਈ ਮੌਕਾ ਨਾ ਛੱਡੋ। ਸ਼ਾਇਦ ਇਸੇ ਲਈ ਇੱਕ ਕਹਾਵਤ ਹੈ ਕਿ ’ਹਾਸਾ ਸਭ ਤੋਂ ਵਧੀਆ ਦਵਾਈ ਹੈ’। ਹੁਣ ਤੁਸੀਂ ਖੁਦ ਹੀ ਦੇਖ ਲਵੋ ਕਿ ਹੱਸਣਾ ਕਿੰਨਾ ਜ਼ਰੂਰੀ ਹੈ।
ਤੁਹਾਨੂੰ ਰੋਜ਼ਾਨਾ ਕਿਸੇ ਨਾ ਕਿਸੇ ਚੀਜ਼ ’ਤੇ ਹੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੀ ਸਿਹਤ ਬਿਹਤਰ ਰਹੇ।
‘ਜਿੰਦਗੀ ਚ ਹਰ ਪਲ ਹੱਸਣਾ ਜਰੂਰੀ ਏ,
ਮੁਸਕੁਰਉਣਾ ਜਰੂਰਤ ਨਹੀਂ, ਜ਼ਿੰਦਗੀ ਹੈ।
ਜ਼ਿੰਦਗੀ ਕੋ ਇਸ ਅੰਦਾਜ਼ ਸੇ ਜੀਓ,
ਜ਼ਿੰਦਾ ਹੋ ਤੋ ਜਿੰਦਾ ਦਿਖਣਾ ਜ਼ਰੂਰੀ ਹੈ।’
-ਲਲਿਤ ਗੁਪਤਾ ਲੈਕਚਰਾਰ
-ਮੋਬਾ: 9781590500