Tuesday, January 21, 2025  

ਲੇਖ

ਉਡੀਕਦੀਆਂ ਲਾਸ਼ਾਂ

May 06, 2024

ਲੋਕਾਂ ਵਿੱਚ ਗੱਲਾਂ ਚੱਲ ਰਹੀਆਂ ਸਨ, ’ਜਿਸ ਦਿਨ ਦੀ ਵਿਆਹੀ ਸੀ, ਵਿਚਾਰੀ ਨੇ ਇੱਕ ਦਿਨ ਵੀ ਸੁੱਖ ਦਾ ਸਾਹ ਨੀ ਲਿਆ ਹੋਣਾ।’
ਅਮਰੋ ਚਾਰ ਭਰਾਵਾਂ ਦੀ ਇਕੱਲੀ ਭੈਣ ਸੀ। ਵਿਆਹ ਹੋਏ ਨੂੰ ਅਜੇ ਕੁਝ ਦਿਨ ਬੀਤੇ ਹੋਣੇ ਨੇ ਤੇ ਹਾਲੇ ਤਾਂ ਅਮਰੋ ਦੇ ਹੱਥਾਂ ਦੀ ਮਹਿੰਦੀ ਦਾ ਰੰਗ ਵੀ ਉਤਰਿਆ ਨੀ ਸੀ ਕਿ ਉਸਦਾ ਘਰਵਾਲਾ ਪ੍ਰਦੇਸੀ ਹੋ ਗਿਆ। ਪਤਾ ਨੀ ਤਾਂ ਵਿਦੇਸ਼ੀ ਰਹਿਣੀ-ਬਹਿਣੀ ਨੇ ਮੋਹ ਲਿਆ, ਪਤਾ ਨੀ ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ.....?
ਕੇਰਾਂ ਅਜਿਹਾ ਗਿਆ, ਮਾਂ ਦੇ ਪੁੱਤ ਨੇ ਪਿੱਛੇ ਮੁੜ ਕੇ ਅਮਰੋ ਵੱਲ ਕਦੀ ਤੱਕਿਆ ਹੀ ਨਹੀਂ ਤੇ ਕਦੇ ਉਸਦੀ ਸਾਰ ਹੀ ਨਹੀਂ ਲਈ । ਉਹ ਮਾਂ ਪਿਓ ਨਾਲ ਤਾਂ ਗੱਲਾਂ ਕਰ ਲੈਂਦਾ ਪਰ ਅਮਰੋ ਵਾਰੀ ਫੋਨ ਕੱਟ ਦਿੰਦਾ।
ਅਮਰੋ ਵਿਚਾਰੀ ਸਾਰਾ ਦਿਨ ਕੰਮ ਕਾਰ ਕਰਦੀ ਰਹਿੰਦੀ ਤੇ ਆਪਣੇ ਪਤੀ ਨੂੰ ਯਾਦ ਕਰਦੀ ਰਹਿੰਦੀ। ਉਸਦਾ ਸਾਹੁਰਾ ਪਰਿਵਾਰ ਵੀ ਉਸਤੋਂ ਨੌਕਰਾਂ ਵਾਂਗ ਕੰਮ? ਕਰਵਾਉਂਦਾ। ਅੰਦਰੋਂ ਅੰਦਰ ਅਮਰੋ ਰਿਝਦੀ ਰਹਿੰਦੀ । ਉਸਦੀ ਜਵਾਨੀ ਤੇ ਜੋਬਨ ਦੀ ਉਮਰ ਹਾਉਕਾ ਬਣ ਕੇ ਰਹਿ ਗਈ। ਉਸਦੇ ਨਰਮ ਸੁਭਾਅ ਨੂੰ ਬੇਇਨਸਾਫ਼ੀ ਨੇ ਜਕੜ ਲਿਆ। ਉਸਦੀ ਕੋਮਲ ਆਤਮਾ ਪੱਥਰ ਹੁੰਦੀ ਜਾ ਰਹੀ ਸੀ । ਉਸਦੇ ਮਨ ਦੀਆਂ, ਜਲੇਬੀ ਵਰਗੀਆਂ ਮਿੱਠੀਆਂ ਸੱਧਰਾਂ ਉੱਡ ਪੁੱਡ ਗਈਆ।
ਆਖਿਰ ਕਦੋਂ ਤੱਕ ਵਿਚਾਰੀ ਜਿੰਦ ਕਿਸ ਦੇ ਆਸਰੇ ਸਮਾਂ ਗੁਜ਼ਾਰਦੀ.........। ਉਹ ਦੋ ਸਾਲ ਸਾਹੁਰੇ ਘਰ ਆਪਣੇ ਸਿਰ ਦੇ ਸਾਈਂ ਨੂੰ ਉਡੀਕਦੀ ਰਹੀ।
ਇੱਕ ਦਿਨ ਆਪਣੇ ਪੇਕੇ ਘਰ ਅਜਿਹੀ ਆਈ, ਭਰਾਵਾਂ ਨੇ ਬੁਰੀ ਹਾਲਤ ਦੇਖਦੇ ਵਾਪਸ ਨਾ ਜਾਣ ਦਿੱਤਾ। ’ਭੈਣੇ, ਜਦੋਂ ਜੀਜਾ ਵਿਦੇਸ਼ੋਂ ਆਇਆ, ਆਪਾਂ ਨੂੰ ਸੁਨੇਹਾ ਪਹੁੰਚ ਜਾਵੇਗਾ ਮੈਂ ਤੈਨੂੰ ਆਪੀ ਛੱਡ ਆਵਾਂਗਾ। ਤੂੰ ਹੁਣ ਓਦੋਂ ਤੱਕ ਆਰਾਮ ਨਾਲ ਇੱਥੇ ਰਹਿ.....।’ ਵੱਡਾ ਭਰਾ ਆਪਣਾ ਫਰਜ਼ ਸਮਝਦਾ ਹੋਇਆ ਭੈਣ ਨੂੰ ਹੌਂਸਲਾ ਦੇ ਰਿਹਾ ਸੀ। ਓਹ ਆਪਣੇ ਹੀ ਖਿਆਲਾਂ ਚ ਗੁੰਮ ਹੋਈ ਚੁੱਪ ਰਹੀ ਤੇ ਕਮਰੇ ਅੰਦਰ ਚਲੀ ਗਈ।
ਵਿਚਾਰੀ ਦੀ ਉਮਰ ਵੀ ਕੀ ਸੀ..... ’ਭਲਿਆ-ਮਾਨਸਾ! ਜੇ ਤੂੰ ਛੱਡ ਕੇ ਪ੍ਰਦੇਸ਼ ਜਾਣਾ ਸੀ ਤੇ ਮੁੜਕੇ ਟੱਬਰ ਦੀ ਸਾਰ ਹੀ ਨਹੀਂ ਲੈਣੀ ਸੀ, ਫ਼ਿਰ ਵਿਆਹ ਹੀ ਕਿਉਂ ਕਰਵਾਇਆ ਸੀ......., ਕਿਉ ਭੋਲੀ ਭਾਲੀ ਲੜਕੀ ਦੀ ਜ਼ਿੰਦਗੀ ਖਰਾਬ ਕੀਤੀ।’ ਪਿੰਡ ਦੀਆਂ ਬੁੜੀਆਂ ਅਮਰੋ ਦੀ ਹਾਲਤ ਨੂੰ ਦੇਖ ਕੇ ਆਪਸ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ।
ਪਰਿਵਾਰ ਵੀ ਇਸ ਫ਼ਿਕਰ ਵਿੱਚ ਅੱਧਾ ਹੋਇਆ ਪਿਆ ਸੀ ।
ਸਮਾਂ ਲੰਘਦਾ ਗਿਆ। ਸਿਆਣੇ ਬੰਦੇ ਪਰਿਵਾਰ ਦੇ ਫ਼ਿਕਰ ਨੂੰ ਸਮਝਦੇ ਹੋਏ ਕਹਿੰਦੇ, ‘ਭਾਈ ਹੁਣ ਕੀ ਆਉਣਾ ਉਸ ਨੇ......, ’ਕੁੜੀ ਨੂੰ ਬੂਹੇ ਤੋਂ ਉਠਾਉਣ ਦੀ ਗੱਲ ਕਰੋ।’
ਪਰ ਜਦੋਂ ਇਹ ਗੱਲ ਅਮਰੋ ਸੁਣਦੀ ਤਾਂ ਉਸਦੇ ਹੌਲ਼ ਪੈਂਦੇ, ਉਹ ਬੇਸੁੱਧ ਹੋ ਜਾਂਦੀ। ਓਹ ਉੱਚੀ-ਉੱਚੀ ਕੂਕਾਂ ਮਾਰਦੀ ਕਹਿੰਦੀ ਰਹਿੰਦੀ, ‘ਮੈਨੂੰ ਮੇਰੇ ਹਾਲ ਤੇ ਛੱਡ ਦਿਓ।’
ਭਰਾਵਾਂ ਕੋਲੋਂ ਉਸਦੀ ਇਹ ਹਾਲਤ ਦੇਖੀ ਨਾ ਜਾਂਦੀ। ਪਰ ਉਹ ਅਮਰੋ ਦੀ ਉਡੀਕ ਅਤੇ ਸਬਰ ਦੇ ਅੱਗੇ ਝੁਕ ਜਾਂਦੇ ਤੇ ਚੁੱਪ ਰਹਿ ਕੇ ਉਸਨੂੰ ਉਸਦੇ ਹਾਲ ’ਤੇ ਛੱਡ ਦਿੰਦੇ। ਪਤੀ ਦੀਆਂ ਯਾਦਾਂ ਨੂੰ ਕੁਝ ਸਮੇਂ ਲਈ ਭੁਲਾਉਣ ਅਤੇ ਮਨ ਦਾ ਬੋਝ ਹਲਕਾ ਕਰਨ ਲਈ ਅਮਰੋ ਆਪਣੇ ਆਂਢ-ਗੁਆਂਢ ਵਿੱਚ ਚਲੀ ਜਾਂਦੀ।? ਜ਼ਿਆਦਾਤਰ ਉਹ ਨਾਲ ਦੇ ਗੁਆਂਢੀਆਂ ਦੇ ਘਰ ਹੀ ਜਾਂਦੀ। ਉਹਨਾਂ ਦਾ ਮੁੰਡਾ ਤੇ ਨੂੰਹ ਵਿਦੇਸ਼ ਵਿੱਚ ਰਹਿੰਦੇ ਸਨ । ਉਸਦੇ ਸੁਣਨ ਵਿੱਚ ਆਇਆ ਸੀ ਕਿ ਉਸਦੇ ਘਰਵਾਲਾ ਵੀ ਓਸੇ ਦੇਸ਼ ਹੀ ਰਹਿੰਦਾ ਜਿੱਥੇ ਗੁਆਂਢੀਆ ਦਾ ਮੁੰਡਾ ਤੇ ਨੂੰਹ ਰਹਿੰਦੀ ਹੈ। ਇੱਕ ਹੋਰ ਗੁਆਂਢੀਆਂ ਦੀ ਨੂੰਹ ਵਿਦੇਸ਼ ਹੁਣੇ ਗਈ ਸੀ । ਉਹਨਾਂ ਦੇ ਮੁੰਡੇ ਵਿਆਹੇ ਨੂੰ ਅਜੇ ਤਿੰਨ ਕੁ ਮਹੀਨੇ ਹੀ ਹੋਏ ਸਨ । ਵਿਚਾਰੀ ਭੋਲੀ ਉਹਨਾਂ ਨੂੰ ਕਹਿੰਦੀ ਰਹਿੰਦੀ, ‘ਤੁਸੀਂ ਸ਼ਿੰਦੇ ਨੂੰ ਲੱਭ ਦਿਓ, ਜੇ ਓਹ ਮਿਲਿਆ ਤਾਂ ਮੇਰਾ ਸੁਨੇਹਾ ਦੇ ਦਿਓ ਵੀ ਅਮਰੋ ਅੱਜ ਵੀ ਤੈਨੂੰ ਉਡੀਕਦੀ ਹੈ।’
ਗੁਆਂਢੀਆਂ ਦਾ ਮੁੰਡਾ ਤੇ ਨੂੰਹ ਅਜੇ ਪੱਕੇ ਨੀ ਹੋਏ ਸਨ ਤੇ ਉਸਦੀ ਮਾਂ ਇਕੱਲੀ ਰਹਿੰਦੀ ਸੀ ਜੋ ਅਕਸਰ ਬਿਮਾਰ ਰਹਿੰਦੀ ਸੀ । ਹੁਣ ਅਮਰੋ ਜ਼ਿਆਦਾ ਸਮਾਂ ਉਹਨਾਂ ਦੇ ਘਰ ਬਿਤਾਉਂਦੀ, ਕਿਉਂਕਿ ਸੁੱਖ ਨਾਲ ਉਸਦੇ ਘਰ ਤਾਂ ਰੰਗ ਭਾਗ ਲੱਗੇ ਸਨ । ਭਰਾਵਾਂ ਨੇ ਆਪਣੀਆਂ ਘਰਵਾਲੀਆਂ ਨੂੰ ਕਹਿ ਕੇ ਰੱਖਿਆ ਸੀ ਕਿ ਅਮਰੋ ਦਾ ਮਨ ਜਿਵੇਂ ਲੱਗਦਾ ਉਸਨੂੰ ਖੁਸ਼ ਰਹਿਣ ਦਿਓ । ਹੁਣ ਅਮਰੋ ਸਾਰਾ ਦਿਨ ਤਾਈ ਕੋਲ ਰਹਿੰਦੀ ਤੇ ਉਸਦੀ ਸੇਵਾ ਕਰਦੀ। ਜਦੋਂ ਵੀ ਮੁੰਡੇ ਦਾ ਫ਼ੋਨ ਆਉਂਦਾ ਤਾਂ ਅਮਰੋ ਵੀ ਉਸ ਨਾਲ ਗੱਲ ਕਰਦੀ ਤੇ ਹਰ ਵਾਰ ਇੱਕੋ ਸਵਾਲ ਜ਼ਰੂਰ ਪੁੱਛਦੀ, ‘ਸ਼ਿੰਦਾ ਤਾਂ ਨੀ ਮਿਲਿਆ.......।’
ਅੱਗੋਂ ਜਵਾਬ ਸੁਣ ਕੇ ਓਹ ਉਦਾਸ ਹੋ ਜਾਂਦੀ।
ਇਸ ਦੌਰਾਨ ਅਮਰੋ ਨੂੰ ਤਾਈ ਤੋਂ ਪਤਾ ਲੱਗਿਆ ਕਿ ਗੁਆਂਢੀਆਂ ਦੀ ਨਵ ਵਿਆਹੀ ਵਿਦੇਸ਼ ਗਈ ਨੂੰਹ ਨੇ ਮੁੰਡੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਦੋਂ ਕਿ ਸਾਰਾ ਖ਼ਰਚਾ ਰੁਲਦੂ ਕੇ ਪਰਿਵਾਰ ਨੇ ਕੀਤਾ ਸੀ । ਅਮਰੋ ਸੋਚ ਰਹੀ ਸੀ ਕਿ ਲੋਕਾਂ ਦਾ ਰਿਸ਼ਤਿਆਂ ਤੋਂ ਕਿਵੇਂ ਮੋਹ ਭੰਗ ਹੋ ਰਿਹਾ ਹੈ ? ਉੱਥੇ ਦੀ ਜ਼ਿੰਦਗੀ ਵਿੱਚ ਅਜਿਹਾ ਕੀ ਹੈ ਜੋ ਲੋਕ ਇਸ ਤਰ੍ਹਾਂ ਬਦਲ ਜਾਂਦੇ ਨੇ ..?
ਅਮਰੋ ਸੋਚਦੀ ਸੋਚਦੀ ਰੁਲਦੂ ਗੁਆਂਢੀਆਂ ਦੇ ਘਰ ਚਲੀ ਗਈ। ਪਰਿਵਾਰ ਵਿੱਚ ਬਹੁਤ ਰੌਲਾ ਪਿਆ ਹੋਇਆ ਸੀ। ਸਾਰੇ ਇੱਕ ਦੂਜੇ ਨੂੰ ਦੋਸ਼ੀ ਬਣਾ ਰਹੇ ਸਨ । ਇੱਕ ਤਾਂ ਹੱਥੋਂ ਜ਼ਮੀਨ ਗਈ ਤੇ ਦੂਜੀ ਸਮਾਜ ਵਿੱਚ ਬੇਇੱਜ਼ਤੀ ਹੋ? ਰਹੀ ਸੀ। ਅਮਰੋ ਨੂੰ ਅੱਜ ਉਨ੍ਹਾਂ ਦੇ ਦੁੱਖ ਅੱਗੇ ਆਪਣਾ ਦੁੱਖ ਛੋਟਾ ਲੱਗ ਰਿਹਾ ਸੀ । ਉਹ ਮੁੰਡੇ ਦੀ ਮਾਂ ਨੂੰ ਦਿਲਾਸਾ ਦੇ ਕੇ ਆਪਣੇ ਘਰ ਆਕੇ ਮੰਜੇ ਤੇ ਪੈ ਗਈ। ਬਸ ਫਿਰ ਕੀ, ਅਜਿਹੀ ਪਈ ਰਾਤ ਨੂੰ ਕਾਂਬੇ ਦਾ ਬੁਖਾਰ ਚੜ੍ਹ ਗਿਆ। ਸਵੇਰ ਡਾਕਟਰ ਨੂੰ ਬੁਲਾਵਾ ਭੇਜਿਆ। ਡਾਕਟਰ ਦਵਾਈ ਦੇ ਕੇ ਚਲਾ ਗਿਆ। ਸਾਰੀ ਰਾਤ ਅਮਰੋ ਬੁਖਾਰ ਨਾਲ ਊਂਘਦੀ ਰਹੀ।
ਅਗਲਾ ਦਿਨ ਚੜਿਆ। ਸਵੇਰੇ ਪੰਜ ਕੁ ਵਜੇ ਅਮਰੋ ਦਾ ਵੱਡਾ ਭਰਾ ਗੁਰੂ ਘਰ ਜਾ ਕੇ ਕਾਹਲ਼ੀ ਕਾਹਲ਼ੀ ਪਸ਼ੂਆਂ ਨੂੰ ਕੱਖ ਪਾਉਣ ਲੱਗ ਗਿਆ । ਉਸਨੂੰ ਐਨਾ ਬੇਚੈਨ ਦੇਖ ਕੇ ਉਸਦੀ ਘਰ ਵਾਲੀ ਨੇ ਉਸਨੂੰ ਕਿਹਾ, ‘ਕੀ ਗੱਲ ਆ ਜੀ, ਅੱਜ ਤੁਸੀਂ ਕਿਵੇਂ ਉਖੜੇ ਉਖੜੇ ਜਿਹੇ ਫਿਰਦੇ ਓ, ਸਭ ਠੀਕ ਤਾਂ ਹੈ?’
ਦਰਅਸਲ ਅਮਰੋ ਦੇ ਭਰਾ ਨੇ ਗੁਰੂ ਘਰ ਤੋਂ ਮੱਥਾ ਟੇਕ ਕੇ ਮੁੜਦਿਆਂ ਪਿੰਡ ਦੇ ਇੱਕ ਬੰਦੇ ਕੋਲੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸੁਣ ਲਈ ਸੀ।
ਦਿਨ ਚੜਦੇ ਹੀ ਪੂਰੇ ਪਿੰਡ ਵਿੱਚ ਗੱਲ ਫੈਲ ਗਈ ਕਿ ਗੁਆਂਢੀਆਂ ਦੇ ਰੁਲਦੂ ਦੇ ਮੁੰਡੇ ਨੇ ਰਾਤ ਆਤਮ-ਹੱਤਿਆ ਕਰ ਲਈ।? ਓਹ ਸੁਸਾਇਡ ਨੋਟ ਲਿਖ ਕੇ ਮਰਿਆ, ਜਿਸ ’ਚ ਉਸਨੇ ਲਿਖਿਆ ਸੀ, ‘ਮੇਰੇ ਘਰਵਾਲ਼ੀ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ। ਜ਼ਮੀਨ ਵੇਚ ਕੇ ਸਾਰਾ ਖਰਚਾ ਕੀਤਾ ਤੇ ਹੁਣ ਉਹ ਬਾਹਰ ਜਾ ਕੇ? ਬਦਲ ਗਈ....। ਮੈਂ ਮੇਰੇ ਪਰਿਵਾਰ ਦਾ ਦੋਸ਼ੀ ਹਾਂ ਤੇ ਮੇਰੀ ਘਰ ਵਾਲੀ ਮੇਰੀ ਦੋਸ਼ੀ ਹੈ।’
ਪਿੰਡ ਵਾਲੇ ਉਸਦੇ ਅੰਤਿਮ ਸਸਕਾਰ ਦੀ ਤਿਆਰੀ ਕਰ ਹੀ ਰਹੇ ਸਨ ਤੇ ਪਤਾ ਲੱਗਿਆ ਕਿ ਗੁਆਂਢੀਆਂ ਦੀ ਤਾਈ ਵੀ ਆਪਣੇ ਪੁੱਤਰ ਨੂੰ ਉਡੀਕਦੀ ਪੂਰੀ ਹੋ ਗਈ। ਪੁੱਤ ਦੀ ਪੀ. ਆਰ ਦਾ ਕੁਝ ਸਮਾਂ ਰਹਿੰਦਾ ਸੀ, ਤੇ ਓਹ ਆਪਣੀ ਮਾਂ ਨੂੰ ਰੋਜ਼ ਦਿਲਾਸਾ ਦਿੰਦਾ ਸੀ ਕਿ ਮਾਂ ਮੈਂ ਜਲਦੀ ਆਵਾਂਗਾ, ਪਰ ਬਿਮਾਰੀ ਅੱਗੇ ਤਾਈ ਦਾ ਜ਼ੋਰ ਨਾ ਚੱਲਿਆ।
’ਹਾਏ ਰੱਬਾ ! ਇਹ ਕੀ ਹੋ ਗਿਆ...?’ ਅਮਰੋ ਨੇ ਦੋ ਮੌਤਾਂ ਦੀ ਖ਼ਬਰ ਸੁਣਦਿਆਂ ਉੱਚੀ ਚੀਕ ਮਾਰੀ ਤੇ ਜੋਰ ਨਾਲ ਹੇਠਾਂ ਡਿੱਗ ਗਈ।
ਅਮਰੋ ਨੂੰ ਬੁਖਾਰ ਤਾਂ ਪਹਿਲਾਂ ਹੀ ਚੜਿਆ ਹੋਇਆ ਸੀ, ਉਹ ਬੁਖਾਰ ਹੁਣ? ਉਸਦੇ ਦਿਮਾਗ਼ ਨੂੰ ਚੜ੍ਹ ਗਿਆ।
ਉਸਨੇ ਕਮਲੀਆਂ ਬੌਲੀਆ ਗੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ..... ‘ਤਾਈ, ਮੈਂ ਵੀ ਆਈ ਬਸ... ਪੁੱਤ ਤੇਰੀ ਘਰ ਆਲੀ ਵੀ ਸ਼ਿੰਦੇ ਵਾਂਗ ਬਦਲ ਗਈ, ਇਹ ਦੁਨੀਆਂ ਪਾਪੀ ਆ! ਪਾਪੀ ਆ। ਹਾਏ ਪੁੱਤ! ਨੂੰ ਇੰਝ ਨੀ ਕਰਨਾ ਸੀ, ਹਾਏ!!.....,’
‘ਸਿੰਦਿਆ ਤੂੰ ਚੰਗੀ ਨਹੀਂ ਕੀਤੀ, ਮੇਰੀ ਸਾਰੀ ਉਮਰ ਖਾ ਗਿਆ ਤੂੰ ਤੇ ਤੇਰਾ ਪ੍ਰਦੇਸ..।’ ਓਹ ਕਿੰਨਾਂ ਸਮਾਂ ਦਿਮਾਗ਼ੀ ਬੁਖ਼ਾਰ ਵਿੱਚ ਊਂਘਦੀ ਰਹੀ ਤੇ ਬੈਣ ਪਾਉਂਦੀ ਰਹੀ। ਅਚਾਨਕ ਓਹ ਮੰਜੇ ਤੇ ਬੈਠ ਗਈ ਇੱਕ ਦਮ ਚੁੱਪ ਹੋ ਗਈ। ਜਦੋਂ ਤੱਕ ਉਸਦੀ ਭਾਬੀ ਉਸ ਕੋਲ ਜਾਂਦੀ, ਓਦੋਂ ਤੱਕ ਅਮਰੋ ਵੀ ਤਾਈ ਤੇ ਰੁਲਦੂ ਦੇ ਮੁੰਡੇ ਕੋਲ ਕਿਸੇ ਹੋਰ ਦੇਸ਼ ਜਾ ਚੁੱਕੀ ਸੀ।
ਇੱਕੋ ਦਿਨ ਪਿੰਡ ਵਿੱਚ ਅਚਾਨਕ ਹੋਈਆਂ ਤਿੰਨ ਮੌਤਾਂ ਪਿੰਡ ਲਈ ਕਹਿਰ ਤੋਂ ਵੱਧ ਕੁਝ ਨਹੀਂ ਸੀ। ਲੋਕ ਤਿੰਨ ਚਿੱਥਾਵਾ ਨੂੰ ਜਲਦੀਆਂ ਦੇਖ ਰਹੇ ਸਨ ਤੇ ਆਪਸ ਵਿੱਚ ਗੱਲਾਂ ਕਰ ਰਹੇ ਸਨ, ‘ਇਹਨਾਂ ਵਿਚਾਰਿਆਂ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਸੀ, ਇਹ ਤਾਂ ਪਹਿਲਾਂ ਵੀ ’ਉਡੀਕਦੀਆਂ ਲਾਸ਼ਾਂ’ ਹੀ ਸਨ।’
ਅੰਤਰਜੀਤ ਭੱਠਲ
-ਮੋਬਾ: 9872909776

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ