ਰਾਸ਼ਟਰੀ ਗੀਤ ‘ਜਨ ਗਣ ਮਨ’ ਦੇ ਰਚੇਤਾ ਗੁਰੂਦੇਵ ਰਬਿੰਦਰ ਨਾਥ ਟੈਗੋਰ ਦਾ ਜਨਮ 7 ਮਈ 1861 ਈਸਵੀ ਨੂੰ ਪਿਤਾ ਸ੍ਰੀ ਦਵੇਂਦਰ ਨਾਥ ਟੈਗੋਰ ਦੇ ਘਰ ਮਾਤਾ ਸ੍ਰੀਮਤੀ ਸ਼ਰਧਾ ਦੇਵੀ ਦੀ ਕੁੱਖੋਂ ਜੋਰਾਸਾਕੋਮਾਨਸਨ ਕੋਲਕਾਤਾ (ਬੰਗਾਲ) ਵਿਖੇ ਹੋਇਆ। ਮਹਾਨ ਕਵੀ ਰਬਿੰਦਰ ਨਾਥ ਟੈਗੋਰ ਦਾ ਬਚਪਨ ’ਚ ਘਰ ਦਾ ਨਾਮ ਰਬੀ ਸੀ। ਮੁਢਲੀ ਸਿੱਖਿਆ ਪ੍ਰਾਪਤ ਕਰਨ ਲਈ ਉਹ ਪਹਿਲਾਂ ਓਰੀਐਂਟਲ ਸੈਮੀਨਾਰ ਸਕੂਲ ’ਚ ਦਾਖਲ ਹੋਏ। ਉਹ ਹਮੇਸ਼ਾਂ ਪਹਿਲੇ ਦਰਜੇ ’ਚ ਪਾਸ ਹੁੰਦੇ ਰਹੇ। 1868 ਈਸਵੀ ’ਚ ਬੰਗਾਲ ਅਕਾਦਮੀ ’ਚ ਦਾਖਲਾ ਲੈ ਲਿਆ, ਪ੍ਰੰਤੂ ਇੱਥੇ ਉਨ੍ਹਾਂ ਦਾ ਦਿਲ ਪੜ੍ਹਾਈ ’ਚ ਨਾ ਲੱਗਿਆ। ਫਿਰ ਆਪਣੇ ਭਰਾ ਸਤੇਂਦਰ ਨਾਥ ਟੈਗੋਰ (ਇੰਡੀਅਨ ਸਿਵਲ ਸਰਵਿਸਜ਼ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਭਾਰਤੀ) ਨਾਲ ਇੰਗਲ਼ੈਂਡ ਚਲੇ ਗਏ ਅਤੇ 1878 ’ਚ ਪਬਲਿਕ ਸਕੂਲ ਬਰਿਗਸਟਨ ਇੰਗਲੈਂਡ ਵਿਖੇ ਦਾਖਲਾ ਲੈ ਲਿਆ। ਪਰ ਟੈਗੋਰ ਜੀ ਆਪਣੀ ਪੜ੍ਹਾਈ ਪੂਰੀ ਕੀਤਿਆਂ ਬਗੈਰ ਹੀ ਬੰਗਾਲ ਵਿਖੇ ਵਾਪਸ ਆ ਗਏ।
ਗੁਰੂਦੇਵ ਰਬਿੰਦਰ ਨਾਥ ਟੈਗੋਰ ਇੱਕ ਮਹਾਨ ਕਵੀ ਹੋਣ ਦੇ ਨਾਲ-ਨਾਲ ਉੱਘੇ ਸਿੱਖਿਆ ਸ਼ਾਸ਼ਤਰੀ, ਦੇਸ਼ ਭਗਤ, ਕੰਪੋਜ਼ਰ, ਲੇਖਕ ਅਤੇ ਮਾਨਵਵਾਦੀ ਵਿਚਾਰਾਂ ਦੇ ਧਾਰਨੀ ਸਨ। ਗੁਰੂ ਦੇਵ ਜੀ ਨੇ ਬਚਪਨ ’ਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਪਹਿਲੀ ਕਵਿਤਾ 8 ਸਾਲ ਦੀ ਉਮਰ ’ਚ ਲਿਖੀ। ਬਚਪਨ ’ਚ ਉਨ੍ਹਾਂ ਛੋਟੀਆਂ ਕਹਾਣੀਆਂ ਅਤੇ ਡਰਾਮੇ ਵੀ ਲਿਖੇ। ਯੂਰਪ ਦੀ ਯਾਤਰਾ ਸਮੇਂ ਉਨ੍ਹਾਂ ਦਾ ਕਈ ਕਵੀਆਂ ਅਤੇ ਲੇਖਕਾਂ ਨਾਲ ਮਿਲਾਪ ਹੋਇਆ। ਗੁਰੂਦੇਵ ਰਬਿੰਦਰ ਨਾਥ ਟੈਗੋਰ ਨੂੰ ਸੰਸਾਰ ਪ੍ਰਸਿੱਧ ਰਚਨਾਂ ਗੀਤਾਂਜਲੀ ਲਈ 1913 ’ਚ ਨੋਬਲ ਪੁਰਸਕਾਰ ਮਿਲਿਆ। ਉਹ ਸਾਹਿਤ ਦੇ ਖੇਤਰ ’ਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਏਸ਼ੀਆ ਦੇ ਪਹਿਲੇ ਵਿਅਕਤੀ ਸਨ। ਭਾਰਤ ਦਾ ਰਾਸ਼ਟਰੀ ਗੀਤ ‘ਜਨ-ਗਣ-ਮਨ’ ਵੀ ਉਨ੍ਹਾਂ ਦੀ ਗੀਤਾਂਜਲੀ ਰਚਨਾ ’ਚੋਂ ਹੀ ਲਿਆ ਗਿਆ ਹੈ। 1914 ’ਚ ਨਾਈਟਹੁਡ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਟੈਗੋਰ ਜੀ ਨੇ ਬੱਚਿਆਂ ਲਈ ਵੀ ਸਾਹਿਤ ਦੀ ਰਚਨਾ ਕੀਤੀ। ਉਨ੍ਹਾਂ ਦੀ ਜਗਤ ਪ੍ਰਸਿੱਧ ਰਚਨਾ ‘ਕਾਬਲੀ ਵਾਲਾ’ ’ਤੇ ਫਿਲਮ ਵੀ ਬਣ ਚੁੱਕੀ ਹੈ। ਗੁਰੂਦੇਵ ਰਬਿੰਦਰ ਨਾਥ ਟੈਗੋਰ ਜੀ ਨੇ ਆਪਣੀਆਂ ਰਚਨਾਵਾਂ ਦਾ ਮਾਧਿਅਮ ਆਪਣੀ ਮਾਂ-ਬੋਲੀ ਬੰਗਾਲੀ ਨੂੰ ਹੀ ਅਪਣਾਇਆ। ਨਾਵਲ, ਨਾਟਕ, ਇਕਾਂਗੀਆਂ, ਕਹਾਣੀਆਂ ਅਤੇ ਨਿਬੰਧਾਂ ਦੀ ਰਚਨਾ ਵੀ ਕੀਤੀ। ਉਨ੍ਹਾਂ ਦੀਆਂ ਮੁੱਖ ਰਚਨਾਵਾਂ ਗੀਤਾਂਜਲੀ (ਕਾਵਿ ਸੰਗ੍ਰੀਹ), ਗੋਰਾ (ਨਾਵਲ) ਅਤੇ ਡਾਕ-ਘਰ (ਨਾਟਕ) ਹਨ। ਟੈਗੋਰ ਜੀ ਦੀ ਸਾਹਿਤ ਤੋਂ ਬਿਨ੍ਹਾਂ ਹੋਰ ਕਲਵਾੜ ’ਚ ਵੀ ਰੁਚੀ ਸੀ। ਉਹ ਪ੍ਰਾਕ੍ਰਿਤੀ ਦੇ ਬਹੁਤ ਵੱਡੇ ਉਪਾਸਕ ਸਨ। ਉਨ੍ਹਾਂ ਦੁਆਰਾ ਬਣਾਏ ਚਿੱਤਰ ਚਿੱਤਰਕਲਾ ’ਚ ਵਿਸ਼ੇਸ਼ ਸਥਾਨ ਰੱਖਦੇ ਹਨ। ਸੰਗੀਤ ਦੀਆਂ ਬਣਾਈਆਂ ਧੁਨਾਂ ‘ਰਬਿੰਦਰ ਸੰਗੀਤ’ ਵਜੋਂ ਪ੍ਰਸਿੱਧ ਹੋਈਆਂ।
ਗੁਰੂਦੇਵ ਰਬਿੰਦਰ ਨਾਥ ਟੈਗੋਰ ਤੱਤਕਾਲੀਨ ਸਿਖਿਆ ਪ੍ਰਣਾਲੀ ਤੋਂ ਬਹੁਤ ਚਿੰਤਤ ਸਨ। ਉਹ ਬੱਚਿਆਂ ਨੂੰ ਸਿੱਖਿਆ ਮਾਂ-ਬੋਲੀ ਭਾਸ਼ਾ ਰਾਹੀਂ ਦੇਣ ਦੇ ਹੱਕ ’ਚ ਸਨ। ਗੁਰੂਦੇਵ ਭਾਰਤੀ ਸੱਭਿਅਤਾ ਨੂੰ ਬਹੁਤ ਮਹੱਤਤਾ ਦਿੰਦੇ ਸਨ। 1901 ’ਚ ਉਨ੍ਹਾਂ ’ਸ਼ਾਂਤੀ ਨਿਕੇਤਨ’ ਨਾਂ ਦਾ ਸਕੂਲ ਸਥਾਪਤ ਕਰਕੇ ਆਪਣਾ ਸੁਪਨਾ ਸਾਕਾਰ ਕੀਤਾ। ਇੱਥੇ ਸਿੱਖਿਆ ਮੁਫਤ ਦਿੱਤੀ ਜਾਂਦੀ ਸੀ ਅਤੇ ਪਾਠਕ੍ਰਮ ’ਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਸੀ। ਨਾਲ ਹੀ ਵਿਦਿਆਰਥੀਆਂ ਨੂੰ ਕੁਦਰਤ ਦੇ ਸਹਿਜ ਨਾਲ ਭਰਪੂਰ ਵਾਤਾਵਰਣ ’ਚ ਰੱਖਿਆ ਜਾਂਦਾ ਸੀ। 1921 ’ਚ ਇੱਥੇ ਵਿਸ਼ਵ ਭਾਰਤੀ ਯੂਨੀਵਰਸਿਟੀ ਬਣ ਗਈ। ਗੁਰੂਦੇਵ ਰਬਿੰਦਰ ਨਾਥ ਟੈਗੋਰ ਜੀ ਨੇ ਆਪਣੀਆਂ ਰਚਨਾਵਾਂ ਰਾਂਹੀਂ ਰਾਸ਼ਟਰੀ ਅੰਦੋਲਨ ਆਜ਼ਾਦੀ ਦੇ ਘੋਲ ’ਚ ਪੂਰਾ-ਪੂਰਾ ਯੋਗਦਾਨ ਪਾਇਆ। ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਪਣੇ ਰਸਾਲੇ ਵਿਸ਼ਵ ਭਾਰਤੀ ’ਚ ਲੇਖ ਲਿਖ ਕੇ ਭਾਰਤ ਦੇ ਕੋਨੇ-ਕੋਨੇ ’ਚ ਸੁੱਤੀ ਜਨਤਾ ਨੂੰ ਹਲੂਣ ਕੇ ਜਗਾਇਆ। ਨਾ-ਮਿਲਵਰਤਨ ਅੰਦੋਲਨ ’ਤੇ ਅਮਲ ਕਰਦਿਆਂ ਉਨ੍ਹਾਂ ਅੰਗਰੇਜ਼ ਸਰਕਾਰ ਨੂੰ ’ਸਰ’ ਦਾ ਖਿਤਾਬ ਵਾਪਸ ਕਰ ਦਿੱਤਾ। ਉਹ ਭਾਂਰਤ ਨੂੰ ਛੇਤੀ ਤੋਂ ਛੇਤੀ ਆਜ਼ਾਦ ਦੇਖਣਾ ਚਾਹੁੰਦੇ ਸਨ। ਮਹਾਤਮਾ ਗਾਂਧੀ ਉਨ੍ਹਾਂ ਨੂੰ ਸਤਿਕਾਰ ਨਾਲ ’ਗੁਰੂਦੇਵ’ ਕਹਿ ਕੇ ਪੁਕਾਰਦੇ ਸਨ।
ਟੈਗੋਰ ਜੀ ਨੇ ਭਾਰਤ ਵਾਸੀਆਂ ਨੂੰ ਸੱਚ ਦੇ ਮਾਰਗ ’ਤੇ ਚੋਲਣ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ’ਤੇ ਜ਼ੋਰ ਦਿੱਤਾ। ਟੈਗੋਰ ਜੀ ਕਹਿੰਦੇ ਸਨ ਕਿ ਜੇਕਰ ਵਿਅਕਤੀ ਸਹਿਯੋਗ ਅਤੇ ਪ੍ਰੇਮ ਨਾਲ ਆਪਣਾ ਵਿਕਾਸ ਕਰਦਾ ਹੈ ਤਾਂ ਹੀ ਅਸਲੀ ਵਿਕਾਸ ਹੈ। ਜਿਹੜੇ ਬੰਦੇ ’ਚ ਹੰਕਾਰ ਅਤੇ ਸਵਾਰਥ ਦੀ ਭਾਵਨਾ ਹੋਵੇ, ਨਾ ਤਾਂ ਉਹ ਸੁਤੰਤਰ ਹੋ ਸਕਦਾ ਅਤੇ ਨਾ ਹੀ ਵਿਕਾਸ ਕਰ ਸਕਦਾ ਹੈ।
13 ਜਲਾਈ 1941 ਨੂੰ ਟੈਗੋਰ ਜੀ ਬਿਮਾਰ ਹੋ ਗਏ। ਆਖਿਰ 7 ਅਗਸਤ 1941 ਨੂੰ ਵਿਲੱਖਣ ਸ਼ਖਸੀਅਤ ਦੇ ਮਾਲਕ ਬੁੱਧੀਜੀਵੀ ਗੁਰੂਦੇਵ ਰਬਿੰਦਰ ਨਾਥ ਟੈਗੋਰ ਸਮਾਜ ਨੂੰ ਆਪਣੀਆਂ ਨਿਵੇਕਲੀਆਂ ਸੇਵਾਵਾਂ ਪ੍ਰਦਾਨ ਕਰਕੇ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਭਾਵੇਂ ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਜੀ ਇਸ ਦੁਨੀਆਂ ’ਚ ਨਹੀਂ ਹਨ, ਪ੍ਰੰਤੂ ਉਨ੍ਹਾਂ ਦੀਆਂ ਸਿੱਖਿਆਵਾਂ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ। ਅੱਜ ਸਮੁੱਚਾ ਰਾਸ਼ਟਰ ਗੁਰੂਦੇਵ ਰਬਿੰਦਰ ਨਾਥ ਟੈਗੋਰ ਜੀ ਨੂਂੰ ਯਾਦ ਕਰ ਰਿਹਾ ਹੈ।
ਜਸਵਿੰਦਰ ਸਿੰਘ ਸਹੋਤਾ
-ਮੋਬਾ: 9463162825