Monday, May 20, 2024  

ਲੇਖ

ਪੰਜਾਬੀਓ ਗਾਰੰਟੀ ਦਿਓ ਭਾਜਪਾ ਨੂੰ ਪੰਜਾਬ ’ਚ ਇੱਕ ਵੀ ਸੀਟ ਨਹੀਂ ਜਿੱਤਣ ਦਿਆਂਗੇ !

May 08, 2024

ਅੰਤ ਕਈ ਮਹੀਨਿਆਂ ਦੇ ਭੰਬਲਭੂਸੇ ਤੋਂ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਪ੍ਰਾਂਤ ਦੀ ਚੋਣ ਸਥਿਤੀ ਲਗ ਪੱਗ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੈ। ਪੰਜਾਬ ਵਿੱਚ ਚੋਣਾਂ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਤੌਰ ’ਤੇ ਦੋ ਭੁੰਬਲਭੂਸੇ ਚਲ ਰਹੇ ਹਨ। ਪਹਿਲਾ ਇਹ ਸੀ ਕਿ ਕੀ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਚੋਣ ਸਮਝੌਤਾ ਹੋਵੇਗਾ ਕਿ ਨਹੀਂ ਕਿਉਂਕਿ ਇਹ ਦੋਵੇਂ ਪਾਰਟੀਆਂ ਕੌਮੀ ਪੱਧਰ ’ਤੇ ਪਿਛਲੇ ਕਈ ਮਹੀਨਿਆਂ ਤੋਂ ਕਾਇਮ ਹੋ ਚੁੱਕੇ ‘‘ਇੰਡੀਆ’’ ਗਠਜੋੜ ਦਾ ਹਿੱਸਾ ਹਨ। ਦੋਹਾਂ ਪਾਰਟੀਆਂ ਦਾ ਦਿੱਲੀ, ਹਰਿਆਣਾ, ਗੁਜਰਾਤ, ਗੋਆ ਅਤੇ ਚੰਡੀਗੜ੍ਹ ਵਿੱਚ ਸਮਝੌਤਾ ਹੋ ਗਿਆ ਸੀ। ਅਸਲ ਵਿੱਚ ਇਹ ਭੰਬਲਭੂਸਾ ਹਕੀਕੀ ਨਹੀਂ ਸੀ ਕਿਉਂਕਿ ਪੰਜਾਬ ਦੀ ਕਾਂਗਰਸ ਪਾਰਟੀ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੋਹਾਂ ਨੇ ਪਹਿਲੇ ਦਿਨ ਤੋਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਅਸੀਂ ਪੰਜਾਬ ਵਿੱਚ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਲੜਾਂਗੇ। ਇਹ ਭੰਬਲਭੂਸਾ ਤਾਂ ਅਕਾਲੀ ਦਲ ਅਤੇ ਬੀਜੇਪੀ ਦੀ ਸੂਬਾਈ ਆਗੂਆਂ ਅਤੇ ਹਰ ਕਿਸਮ ਦੇ ਮੀਡੀਆ ਨੇ ਜਾਣ ਬੁੱਝ ਕੇ, ਮਲੋ ਮਲੀ ਆਪਣੀ ਮਹੱਤਤਾ ਅਤੇ ਟੀ.ਆਰ.ਪੀ. ਆਦਿ ਨੂੰ ਵਧਾਉਣ ਦੇ ਮੰਤਵ ਨਾਲ ਜਾਅਲੀ ਤੌਰ ’ਤੇ ਹੀ ਖੜ੍ਹਾ ਕੀਤਾ ਹੋਇਆ ਸੀ। ਇਸ ਜਾਅਲੀ ਭੰਬਲਭੂਸੇ ਨੇ ਤਾਂ ਖਤਮ ਹੋਣਾ ਹੀ ਸੀ, ਸੋ ਦੋਹਾਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦੇ ਨਾਲ ਇਹ ਖਤਮ ਹੋ ਗਿਆ। ਦੂਸਰਾ ਵੱਡਾ ਭੰਬਲਭੂਸਾ ਪੰਜਾਬ ਦੇ ਲੋਕਾਂ ਸਾਹਮਣੇ ਇਹ ਸੀ ਕਿ ਕੀ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਿੱਚ ਮੁੜ ਤੋਂ ਚੋਣ ਗਠਜੋੜ ਹੋਵੇਗਾ ਕਿ ਨਹੀਂ ਜਿਹੜਾ ਲੰਬੇ ਸਮੇਂ ਤੋਂ ਚਲ ਰਿਹਾ ਸੀ ਅਤੇ ਇਤਹਾਸਕ ਕਿਸਾਨ ਸੰਘਰਸ਼ ਦੇ ਮਸਲੇ ਤੇ ਖਤਮ ਹੋ ਗਿਆ ਸੀ। ਅਕਾਲੀ ਦਲ ਵਾਲੇ ਉਪਰੋਂ ਉਪਰੋਂ ਕਹਿਣ ਨੂੰ ਜੋ ਮਰਜੀ ਕਹੀ ਜਾਂਦੇ ਸੀ ਪਰ ਹਕੀਕਤ ਇਹ ਸੀ ਕਿ ਉਹ ਚਾਹੁੰਦੇ ਸਨ ਕਿ ਬੀ.ਜੇ.ਪੀ. ਨਾਲ ਸਾਡਾ ਗਠਜੋੜ ਹੋ ਜਾਵੇ। ਬੀ.ਜੇ.ਪੀ. ਵਾਲੇ ਅਕਾਲੀ ਦਲ ਨੂੰ ਲਾਰੇ ਲਈ ਜਾ ਰਹੇ ਸੀ। ਪਰ ਅੰਦਰੋਂ ਅੰਦਰੀ ਆਪਣੀ ਇੱਕ ਸੋਚੀ ਸਮਝੀ ਖਾਸ ਨੀਤੀ ’ਤੇ ਕੰਮ ਕਰ ਰਹੇ ਸਨ। ਇਹ ਖਾਸ ਨੀਤੀ ਸੀ ਅਤੇ ਹੁਣ ਵੀ ਹੈ ਕਿ ਸਮੁੱਚੇ ਪੰਜਾਬ ਨੂੰ ਇਕ ਗੜਬੜ ਵਾਲਾ ਇਲਾਕਾ ਦਰਸਾਉਣਾ ਅਤੇ ਬਾਕੀ ਸਾਰੇ ਦੇਸ਼ ਨੂੰ ਪੰਜਾਬ ਦੇ ਵਿਰੁੱਧ ਖੜ੍ਹਾ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਜਿਤਣਾ। ਬਿਲਕੁੱਲ ਉਸੇ ਤਰਜ ’ਤੇ ਜਿਸ ਤਰਜ਼ ’ਤੇ 1985 ਵਿੱਚ ਕਾਂਗਰਸ ਪਾਰਟੀ ਨੇ ਲਾਮਿਸਾਲ ਜਿੱਤ ਪ੍ਰਾਪਤ ਕੀਤੀ ਸੀ। 2022 ਵਿੱਚ ਫ਼ਿਰੋਜ਼ਪੁਰ ਰੈਲੀ ਨੂੰ ਸੰਬੋਧਨ ਕਰਨ ਤੋਂ ਬਿਨਾ ਹੀ ਵਾਪਸ ਜਾਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਵਲੋਂ ਇਹ ਕਹਿਕੇ ਜਾਣਾ ਕਿ ‘‘ਅਪਨੇ ਸੀ.ਐਮ. ਕੋ ਥੈਂਕਸ ਕਹਿਨਾ ਕਿ ਮੈਂ ਬਠਿੰਡਾ ਏਅਰਪੋਰਟ ਤੱਕ ਜਿੰਦਾ ਲੌਟ ਪਾਇਆ’’, ਇਸੇ ਨੀਤੀ ਦਾ ਨੰਗਾ ਚਿੱਟਾ ਪ੍ਰਗਟਾਵਾ ਸੀ। ਇਹ ਰਣਨੀਤੀ ਅੱਜ ਵੀ ਜਾਰੀ ਹੈ। ਕੇਵਲ ਅਕਾਲੀ ਦਲ ਨੂੰ ਹੀ ਨਹੀਂ ਬਲਕਿ ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਮੂਹ ਲੋਕਾਂ ਨੂੰ ਚਾਹੀਦਾ ਹੈ ਕਿ ਮੋਦੀ ਦੀ ਇਸ ਖਤਰਨਾਕ ਨੀਯਤ ਅਤੇ ਨੀਤੀ ਨੂੰ ਸਮਝਣ। ਅਕਾਲੀ ਦਲ ਨੂੰ ਲਾਰੇ ਲਾਈ ਜਾਣ ਦੀ ਦਾਅਪੇਚਕ ਨੀਤੀ ਨੂੰ ਜਾਰੀ ਰੱਖਦੇ ਹੋਏ 21 ਮਾਰਚ ਤੱਕ ਵੀ ਅਮਿਤ ਸ਼ਾਹ ਕਹੀ ਗਏ ਕਿ ਬਾਤ ਚੀਤ ਚਲ ਰਹੀ ਹੈ। ਪਰ ਅਚਾਨਕ 26 ਮਾਰਚ ਨੂੰ ਅਮਿਤਸ਼ਾਹ ਨੇ ਐਲਾਨ ਕਰ ਦਿੱਤਾ ਕਿ ਬੀ.ਜੇ.ਪੀ. ਪੰਜਾਬ ਵਿੱਚ ਇਕੱਲੀ ਚੋਣ ਲੜੇਗੀ। ਇਸ ਐਲਾਨ ਨਾਲ ਨਾ ਕੇਵਲ ਅਕਾਲੀ ਦਲ ਨੂੰ ਹੀ ਬਲਕਿ ਪੰਜਾਬ ਦੀ ਬੀ.ਜੇ.ਪੀ. ਦੇ ਵੱਡੇ ਛੋਟੇ ਆਗੂਆਂ ਨੂੰ ਵੀ ਵੱਡਾ ਝਟਕਾ ਲੱਗਾ ਜਿਹੜੇ ਮੋਦੀ ਅਤੇ ਅਮਿਤਸ਼ਾਹ ਦੀ ਉਪਰੋਕਤ ‘‘ਚਾਣਕਿਆ ਨੀਤੀ’’ ਨੂੰ ਸਮਝਣ ਤੋਂ ਅਸਮਰੱਥ ਹਨ। ਇਨ੍ਹਾਂ ਸਮਝਣ ਤੋਂ ਅਸਮਰੱਥ ਆਗੂਆਂ’’ ਵਿੱਚ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਨਵੇਂ ਨਵੇਂ ‘‘ਸੰਘੀ’’ ਸਜੇ ਵੀ ਸ਼ਾਮਲ ਹਨ।
ਅਕਾਲੀ ਬੀ.ਜੇ.ਪੀ. ਵਾਲੇ ਭੰਬਲਭੂਸੇ ਦਾ ਇੱਕ ਹਿੱਸਾ ਤਾਂ ਖਤਮ ਹੋ ਗਿਆ ਹੈ ਅਤੇ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਅਕਾਲੀ ਦਲ ਅਤੇ ਬੀ.ਜੇ.ਪੀ. ਵਾਲੇ ਵੱਖੋ ਵੱਖ ਲੜਨਗੇ। ਪਰ ਇਸ ਭੰਬਲਭੂਸੇ ਦਾ ਇੱਕ ਵੱਡਾ ਹਿੱਸਾ ਉਸੇ ਤਰ੍ਹਾਂ ਬਰਕਰਾਰ ਹੈ ਕਿ ਜੇਕਰ ਅਕਾਲੀ ਦਲ ਦੇ ਕੁੱਝ ਉਮੀਦਵਾਰ ਜਿੱਤ ਜਾਣ ਤਾਂ ਉਹ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸਦੇ ਨਾਲ ਜਾਣਗੇ। ‘ਇੰਡੀਆ’ ਵਾਲਿਆਂ ਨਾਲ ਜਾਣਗੇ ਜਾਂ ਫਿਰ ਮੋਦੀ ਅਮਿਤ ਸ਼ਾਹ ਜੁੰਡਲੀ ਨਾਲ। ਜੇਕਰ ਅਕਾਲੀ ਦਲ ਇਹ ਭੰਬਲਭੂਸਾ ਦੂਰ ਨਹੀਂ ਕਰਦਾ ਤਾਂ ਸਪਸ਼ਟ ਹੈ ਕਿ ਅਕਾਲੀ ਦਲ ਵਾਲੇ ਬੀ.ਜੇ.ਪੀ. ਨਾਲ ਜਾਣ ਦੀ ਪਿਛਲ-ਝਾਕ ਵਿੱਚ ਉਲਝੇ ਹੋਏ ਹਨ। ਇਥੇ ਅਸੀਂ ਅਕਾਲੀ ਦਲ ਨੂੰ ਕਹਿਣਾ ਚਾਹੁੰਦੇ ਹਾਂ ਕਿ ਪਿਛਲ-ਝਾਕ ਛੱਡੋ ਅਤੇ ਦੇਸ਼ ਨੂੰ ਬੀ.ਜੇ.ਪੀ. ਮੋਦੀ-ਸ਼ਾਹ ਦੀ ਫ਼ਿਰਕੂ ਫਾਸ਼ੀ ਵਿਚਾਰਧਾਰਾ ਵਾਲੀ ਸਰਕਾਰ ਤੋਂ ਛੁਟਕਾਰਾ ਦਵਾਉਣ ਲਈ ਚਲ ਰਹੀ ਲਹਿਰ ਦਾ ਹਿੱਸਾ ਬਣੋ। ਠੀਕ ਹੈ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਪਰ ਇਸ ਸਮੇਂ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਖੇਤਰੀ ਪਾਰਟੀਆਂ ਜਿਵੇਂ ਕਿ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਲਾਲੂ ਪ੍ਰਸਾਦ ਯਾਦਵ ਦੀ ਆਰ.ਜੇ.ਡੀ., ਤਾਮਿਲਨਾਡੂ ਦੀ ਡੀ.ਐਮ.ਕੇ., ਤਿਲੰਗਾਣਾ ਦੀ ਬੀ.ਆਰ.ਐਸ., ਝਾਰਖੰਡ ਦੀ ਝਾਰਖੰਡ ਮੁਕਤੀ ਮੋਰਚਾ, ਸ਼ਿਵਸੈਨਾ (ਉਧਵ ਠਾਕਰੇ), ਐਨ.ਸੀ.ਪੀ. (ਸ਼ਰਦ ਪਵਾਰ), ਜੰਮੂ ਕਸ਼ਮੀਰ ਦੀਆਂ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ., ਟੀ.ਐਮ.ਸੀ., ਅਤੇ ਹੋਰ ਕਈ ਖੇਤਰੀ ਪਾਰਟੀਆਂ ਬੀ.ਜੇ.ਪੀ. ਸਰਕਾਰ ਨੂੰ ਹਟਾਉਣ ਦੇ ਇੱਕੋ ਇੱਕ ਮੰਤਵ ਨਾਲ ‘‘ਇੰਡੀਆ’’ ਗਠਜੋੜ ਦਾ ਹਿੱਸਾ ਹਨ। ਸੀ.ਪੀ.ਆਈ.(ਐਮ) ਅਤੇ ਸੀ.ਪੀ.ਆਈ., ਸੀ.ਪੀ.ਆਈ.(ਐਮ-ਐਲ), ਲਿਬਰੇਸ਼ਨ, ਆਰ.ਐਸ ਪੀ., ਫਾਰਵਰਡ ਬਲਾਕ ਵਰਗੀਆਂ ਕਮਿਊਨਿਸਟ ਅਤੇ ਖੱਬੀਆਂ ਪਾਰਟੀਆਂ ਅਤੇ ਹੋਰ ਅਨੇਕਾਂ ਜਮਹੂਰੀ ਸੋਚ ਵਾਲੀਆਂ ਪਾਰਟੀਆਂ ਵੀ ਉਪਰੋਕਤ ਇੱਕੋ ਇੱਕ ਮੰਤਵ ਨਾਲ ਇਸ ਗਠਜੋੜ ਦਾ ਹਿੱਸਾ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਦੇ ਕਾਂਗਰਸ ਪਾਰਟੀ ਨਾਲ ਵੱਡੇ ਮੱਤਭੇਦ ਹਨ ਪਰ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਹਾਲ ਦੀ ਘੜੀ ਮੱਤਭੇਦਾਂ ਨੂੰ ਪਾਸੇ ਰੱਖਦਿਆਂ ਉਪਰੋਕਤ ਇਕੋ ਇੱਕ ਮੰਤਵ ਲਈ ਸਾਂਝ ਪਾਈ ਹੈ। ਇਹ ਵੀ ਠੀਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਪਾਰਟੀ ਨਾਲ ਵੱਡੇ ਅਤੇ ਇਤਿਹਾਸਕ ਮੱਤਭੇਦ ਹਨ ਅਤੇ ਇਤਰਾਜ ਹਨ ਪਰ ਇਨ੍ਹਾਂ ਨੂੰ ਹਾਲ ਦੀ ਘੜੀ ਪਾਸੇ ਰੱਖਕੇ ਅਕਾਲੀ ਦਲ ਨੂੰ ਬੀ.ਜੇ.ਪੀ. ਨੂੰ ਗੱਦੀ ਤੋਂ ਲਾਹੁਣ ਦੇ ਮਹਾਂ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਇਸ ਸਮੇਂ ਅਕਾਲੀ ਪਾਰਟੀ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਾਂਗਰਸ ਪਾਰਟੀ ਹੁਣ ‘‘1984-85 ਵਾਲੀ ਕਾਂਗਰਸ’’ ਨਹੀਂ ਰਹੀ। ਉਸ ਸਮੇਂ ਕਾਂਗਰਸ ਪਾਰਟੀ ਕੋਲ ਲੋਕ ਸਭਾ ਦੀਆਂ ‘‘400 ਤੋਂ ਪਾਰ’’ 425 ਸੀਟਾਂ ਹੁੰਦੀਆਂ ਸਨ ਅਤੇ ਅੱਜ ਸਿਫਰ 52 ਸੀਟਾਂ ਹਨ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਜਿਸ ਬੀ.ਜੇ.ਪੀ. ਵੱਲ ਨੂੰ ਤੁਸੀਂ ਮੁੜ ਮੁੜ ਪਿਛੇ ਨੂੰ ਮੂੰਹ ਕਰਕੇ ਝਾਕ ਰਹੇ ਹੋ ਉਸ ਨੇ ਕਿਹੜੀ ਪੰਜਾਬ ਨਾਲ, ਸਿੱਖਾਂ ਨਾਲ ਅਤੇ ਤੁਹਾਡੇ ਨਾਲ ਕੋਈ ਘੱਟ ਕੀਤੀ ਹੈ। ਬੀ.ਜੇ.ਪੀ. ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੁਕੜੇ ਕਰਕੇ ਹਰਿਆਣੇ ਦੀ ਵੱਖਰੀ ਕਮੇਟੀ ਬਣਾ ਕੇ ਉਸ ਉਤੇ ਕਬਜ਼ਾ ਕਰ ਲਿਆ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਲ ਬਦਲੀਆਂ ਕਰਵਾ ਕੇ ਤੁਹਾਡੇ ਤੋਂ ਖੋਹ ਲਿਆ ਹੈ । ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡਾਂ ’ਚੋਂ ਤੁਹਾਨੂੰ ਕੱਢ ਕੇ ਬਾਹਰ ਮਾਰਿਆ ਹੈ। ‘‘ਬੰਦੀ ਸਿੰਘਾਂ’’ ਨੂੰ ਰਿਹਾ ਕਰਨ ਦੀ ਤੁਹਾਡੀ ਮੰਗ ਨੂੰ ਮੋਦੀ ਦੀ ਸਰਕਾਰ ਮੰਨ ਕੇ ਮੁਕਰ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੇਂਦਰੀ ਸਰਕਾਰ ਨਾਲ ਉਪਰੋਕਤ ਮਸਲਿਆਂ ਤੇ ਗਲਬਾਤ ਕਰਨ ਲਈ ਸਥਾਪਤ ਕਮੇਟੀਆਂ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਇਥੋਂ ਤੱਕ ਕਿ ਗ੍ਰਹਿ ਮੰਤਰੀ ਵੀ ਸਮਾਂ ਦੇਣ ਲਈ ਤਿਆਰ ਨਹੀਂ ਹਨ ਅਤੇ ਤੁਹਾਡੀਆਂ ਲੇਲ੍ਹੜੀਆਂ ਕਢਵਾਈਆਂ ਜਾ ਰਹੀਆਂ ਹਨ। ਦਲ ਬਦਲੀਆਂ ਕਰਵਾ ਕੇ ਤੁਹਾਡੀ ਪਾਰਟੀ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ। ਮਲੂਕਾ ਪ੍ਰੀਵਾਰ, ਮਨਜੀਤ ਸਿੰਘ ਮੰਨਾ, ਸ਼ਹੀਦ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਦੀਆਂ ਤਾਜ਼ਾ ਉਦਾਹਰਣਾਂ ਤੁਹਾਡੇ ਸਾਹਮਣੇ ਹਨ। ... ... ਅਤੇ ਤੁਸੀਂ ਅਜੇ ਵੀ ਬੀ.ਜੇ.ਪੀ. ਦਲ ਨੂੰ ਲਲਚਾਈਆਂ ਹੋਈਆਂ ਅੱਖਾਂ ਨਾਲ ਦੇਖ ਰਹੇ ਹੋ। ਇਥੇ ਅਸੀਂ ਇਹ ਵੀ ਸਪਸੱਟ ਕਰਨਾ ਚਾਹੁੰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸਬੰਧੀ ਸਾਡੇ ਉਪਰਕੋਤ ਵਿਚਾਰ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨਾਲ ਹੋਈਆਂ ਕਈ ਮੁਲਾਕਾਤਾਂ ਵਿੱਚ ਉਨ੍ਹਾਂ ਸਾਹਮਣੇ ਪੇਸ਼ ਕਰ ਚੁੱਕੇ ਹਨ। ਇਨ੍ਹਾਂ ਸਬੰਧੀ ਫ਼ੈਸਲਾ ਤਾਂ ਖ਼ੁਦ ਅਕਾਲੀ ਦਲ ਨੇ ਕਰਨਾ ਹੈ।
ਜਿਥੋਂ ਤੱਕ ਆਮ ਆਦਮੀ ਪਾਰਟੀ ਦਾ ਸਬੰਧ ਹੈ, ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਗਵੰਤ ਮਾਨ ਨੇ ਅਮਲੀ ਤੌਰ ’ਤੇ ਇਸ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਹੈ। ਭਗਵੰਤ ਮਾਨ ਦੇ ਇਧਰੋਂ-ਉਧਰੋਂ ਫੜ ਕੇ, ਖਿੱਚ ਧੂਹ ਕੇ ਜਿਵੇਂ ਵੀ ਹੋ ਸਕਿਆ ਸਭ ਤੋਂ ਪਹਿਲਾਂ ਆਪਣੇ 13 ਨਗ (ਉਮੀਦਵਾਰ) ਪੂਰੇ ਕਰ ਲਏ ਹਨ। ਇਥੇ ਹੀ ਬਸ ਨਹੀਂ ਭਗਵੰਤ ਮਾਨ ਸਾਹਿਬ ਤਾਂ ਆਪਣੀ ਪਾਰਟੀ ਦੀ ਚੋਣ ਮੁਹਿੰਮ ਚਲਾਉਣ ਲਈ ਆਸਾਮ, ਗੁਜਰਾਤ, ਝਾਰਖੰਡ ਤੱਕ ਗੇੜੇ ਮਾਰ ਰਹੇ ਹਨ। ਭਗਵੰਤ ਮਾਨ ਤਿਹਾੜ ਜੇਲ੍ਹ ਵਿੱਚ ਕੇਜਰੀਵਾਲ ਨਾਲ ਮੁਲਾਕਾਤ ਵੀ ਕਰ ਆਏ ਹਨ। ਬਾਕੀ ਪੰਜਾਬ ਦੀ ਚੋਣ ਮੁਹਿੰਮ ਤਾਂ ਉਨ੍ਹਾਂ ਨੇ ਚਲਾਉਣੀ ਹੀ ਚਲਾਉਣੀ ਹੈ।
ਪੰਜਾਬ ਵਿੱਚ ਪਾਰਟੀ ਉਮੀਦਵਾਰਾਂ ਦੇ ਸਬੰਧੀ ਸਭ ਤੋਂ ਮਾੜੀ ਅਤੇ ਮੌਕਾਪ੍ਰਸਤ ਸਥਿਤੀ ਭਾਰਤੀ ਜਨਤਾ ਪਾਰਟੀ ਦੀ ਹੈ। ਉਮੀਦਵਾਰਾਂ ਨੂੰ ਛੱਡੋ, ਇਸ ਦਾ ਤਾਂ ਪ੍ਰਧਾਨ (ਸੁਨੀਲ ਜਾਖੜ) ਵੀ ਦਲ ਬਦਲੂ ਹੈ ਜੋ ਆਪਣੇ ਬਾਪ ਸ੍ਰੀ ਬਲਰਾਮ ਜਾਖੜ ਦੀ ਜ਼ਿੰਦਗੀ ਭਰ ਦੀ ਵਿਰਾਸਤ ਨੂੰ ਛੱਡ ਕੇ ਮੋਦੀ-ਅਮਿਤ ਸ਼ਾਹ ਦੇ ਚਰਨੀ ਲੱਗਾ ਹੋਇਆ ਹੈ। ਤਿੰਨ ਚਾਰਾਂ ਨੂੰ ਛੱਡ ਕੇ ਇਸ ਦੇ ਬਾਕੀ ਲੱਗ ਪੱਗ ਸਾਰੇ ਉਮੀਦਵਾਰ ਵੀ ਦਲ ਬਦਲੂ ਹਨ ਜੋ ਆਪੋ ਆਪਣੀਆਂ ਪਾਰਟੀਆਂ ਅਤੇ ਵਿਰਾਸਤਾਂ ਤੋਂ ਬੇਮੁੱਖ ਹੋ ਕੇ ਮੋਦੀ ਸ਼ਾਹ ਜੁੰਡਲੀ ਦੇ ਗੜਵੱਈ ਬਣੇ ਹੋਏ ਹਨ। ਵਿਚਾਰੇ ਪੁਰਾਣੇ ਅਤੇ ‘‘ਟਕਸਾਲੀ’’ ਭਾਜਪਾਈਆਂ ਨੂੰ ਇਸ ਸਮੇਂ ੳਨ੍ਹਾਂ ਦੀ ਆਪਣੀ ਹੀ ਪਾਰਟੀ ਵਿੱਚ ਕੋਈ ‘‘ਟਕੇ ਸੇਰ’’ ਵੀ ਨਹੀਂ ਪੁੱਛ ਰਿਹਾ।
ਲਹਿੰਬਰ ਸਿੰਘ ਤੱਗੜ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ