ਚਾਪਲੂਸ ਚੰਗੇ ਭਲਿਆਂ ਦਾ ਬੇੜਾ ਗਰਕ ਕਰ ਦਿੰਦੇ ਹਨ ਸਮਾਜ ਵਿੱਚ ਅਜਿਹੇ ਲੋਕਾਂ ਦਾ ਵੀ ਬਥੇਰਾ ਬੋਲਬਾਲਾ ਹੈ।ਚਾਪਲੂਸੀ ਕਰਨ ਵਾਲਾ ਅਤੇ ਕਰਾਉਣ ਵਾਲਾ ਦੋਨੋਂ ਹੀ ਇਕ ਭਰਮ ਵਿੱਚ ਜਿਊ ਰਹੇ ਹੁੰਦੇ ਹਨ।ਜੇਕਰ ਅਸੀਂ ਸਿੱਧੇ ਜਿਹੇ ਸ਼ਬਦਾਂ ਵਿੱਚ ਕਹੀਏ ਤਾਂ ਪ੍ਰਸੰਸਾ ਕਰਨ ਵਾਲੇ ਨੂੰ ਪਤਾ ਹੁੰਦਾ ਹੈ ਕਿ ਉਹ ਝੂਠ ਬੋਲ ਰਿਹਾ ਹੈ।ਪਰ ਉਹ ਆਪਣੇ ਸਵਾਰਥ ਲਈ ਅਤੇ ਕੰਮ ਕਰਵਾਉਣ ਲਈ ਇਹ ਸਾਰਾ ਕੁੱਝ ਕਰ ਰਿਹਾ ਹੁੰਦਾ ਹੈ।
ਚਾਪਲੂਸ ਉੱਚ ਅਹੁਦਿਆਂ ਤੇ ਬੈਠਿਆਂ ਦੀ ਕੀਤੀ ਜਾਂਦੀ ਹੈ ਅਤੇ ਬਹੁਤੇ ਇਸ ਨਾਲ ਚੰਗਾ ਵੀ ਮਹਿਸੂਸ ਕਰਦੇ ਹਨ। ਅਸਲ ਵਿੱਚ ਜਿਹੜੇ ਲੋਕ ਜ਼ਮੀਨੀ ਹਕੀਕਤਾਂ ਤੋਂ ਪਰੇ ਹੁੰਦੇ ਹਨ,ਉਨ੍ਹਾਂ ਨੂੰ ਹੀ ਚਾਪਲੂਸ ਚੰਗੇ ਲੱਗਦੇ ਹਨ।ਇਹ ਵਰਤਾਰਾ ਸਦੀਆਂ ਤੋਂ ਤੁਰਿਆ ਆ ਰਿਹਾ ਹੈ।ਰਾਜੇ ਮਹਾਰਾਜੇ ਨੇ ਆਪਣੀ ਤਾਰੀਫ ਕਰਨ ਲਈ ਭੰਡ ਜਾਂ ਮਰਾਸੀ ਰੱਖੇ ਹੁੰਦੇ ਸਨ।ਉਹ ਆਪਣੇ ਅੰਦਾਜ਼ ਵਿੱਚ ਤਾਰੀਫਾਂ ਦੇ ਪੁੱਲ ਬੰਨਦੇ ਸਨ।ਚਾਪਲੂਸ ਅਤੇ ਚਾਪਲੂਸੀ ਇਸ ਵੇਲੇ ਵੀ ਹਰ ਵਿਭਾਗ, ਸੰਸਥਾ,ਪਰਿਵਾਰਾਂ ਅਤੇ ਸਮਾਜ ਵਿੱਚ ਹਨ।ਕਈ ਵਾਰ ਚਾਪਲੂਸ ਕਾਬਿਲ ਬੰਦਿਆਂ ਦਾ ਨੁਕਸਾਨ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਚਾਪਲੂਸ ਹੇਠਲੀ ਪੱਧਰ ਦੀ ਸੋਚ ਤੇ ਕਿਰਦਾਰ ਦੇ ਮਾਲਕ ਹੁੰਦੇ ਹਨ।
ਮਰੀਆਂ ਜ਼ਮੀਰਾਂ ਵਾਲੇ ਹੀ ਚਾਪਲੂਸੀ ਕਰ ਸਕਦੇ ਹਨ।ਟੂਨੀਸ਼ੀਆ ਕਹਾਵਤ ਹੈ,‘ਮੁਰਗੇ ਨਾਲ ਰਾਤ ਕੱਟਣ ਵਾਲਾ ਸਵੇਰੇ ਆਪ ਵੀ ਕੁੜੀਆਂ ਕੁੜੀਆਂ ਕਰਨ ਲੱਗਦਾ ਹੈ’। ਚਾਪਲੂਸ ਜਦੋਂ ਚਾਪਲੂਸੀ ਕਰਦੇ ਹਨ ਤਾਂ ਦੂਸਰੇ ਨੂੰ ਅਸਮਾਨੇ ਚੜ੍ਹਾ ਦਿੰਦੇ ਹਨ। ਸਿਆਸਤਦਾਨਾਂ ਨੂੰ ਉਨ੍ਹਾਂ ਦੇ ਚਾਪਲੂਸ ਗਲਤ ਜਾਣਕਾਰੀ ਦਿੰਦੇ ਰਹਿੰਦੇ ਹਨ।ਲੋਕਾਂ ਨੂੰ ਨਾ ਮਿਲਣ ਦੀਆਂ ਸਲਾਹਾਂ ਇਸ ਤਰ੍ਹਾਂ ਦਿੰਦੇ ਹਨ ਜਿਵੇਂ ਲੋਕ ਕੁੱਝ ਵੀ ਨਾ ਹੋਣ।ਇਸਦਾ ਨਤੀਜਾ ਇਹ ਨਿਕਲਦਾ ਹੈ ਕਿ ਲੋਕਾਂ ਵਿੱਚ ਉਸ ਸਿਆਸਤਦਾਨ ਦਾ ਪ੍ਰਭਾਵ ਗਲਤ ਪੈਣਾ ਸ਼ੁਰੂ ਹੋ ਜਾਂਦਾ ਹੈ।
ਚਾਪਲੂਸ ਦਾ ਥੋੜ੍ਹਾ ਬਹੁਤ ਕੰਮ ਨਿਕਲ ਜਾਂਦਾ ਹੈ।ਪਰ ਸਿਆਸਤਦਾਨ ਦੀਆਂ ਬੇੜੀਆਂ ਵਿੱਚ ਚੰਗੀ ਤਰ੍ਹਾਂ ਵੱਟੇ ਪਾ ਜਾਂਦਾ ਹੈ।ਇੰਜ ਹੀ ਹੋਰ ਥਾਂਵਾਂ ਤੇ ਵੀ ਚਾਪਲੂਸ ਕਰਕੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ।ਇਹ ਵੀ ਕੌੜਾ ਸੱਚ ਹੈ ਕਿ ਸਮਝਦਾਰ ਬੰਦਾ ਅਜਿਹੇ ਲੋਕਾਂ ਦੀਆਂ ਚਾਲਾਂ ਸਮਝ ਜਾਂਦਾ ਹੈ।ਜਿਹੜੇ ਲੋਕ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ,ਉਹ ਅਜਿਹੇ ਲੋਕਾਂ ਦੇ ਹੱਥੇ ਨਹੀਂ ਚੜ੍ਹਦੇ।ਗਲਤ ਲੋਕਾਂ ਦੇ ਕੰਮਾਂ ਵਿੱਚ ‘ਹਾਂ’ ਮਿਲਾਉਣੀ ਅਤੇ ਵਾਹ ਵਾਹ ਕਰੀ ਜਾਣਾ ਹੀ ਚਾਪਲੂਸ ਹੁੰਦੀ ਹੈ। ਚਾਪਲੂਸਾਂ ਨੂੰ ਚਮਚੇ,ਜੁੱਤੀ ਚੱਟ ਅਤੇ ਇਵੇਂ ਦੇ ਹੋਰ ਅੱਖਰਾਂ ਨਾਲ ਸਮਾਜ ਵਿੱਚ ਜਾਣਿਆ ਜਾਂਦਾ ਹੈ।
ਹਕੀਕਤ ਇਹ ਹੈ ਕਿ ਕਈ ਵਾਰ ਅਜਿਹੇ ਚਮਚੇ ਅਜਿਹਾ ਕਿਸੇ ਦੇ ਆਲੇ ਦੁਆਲੇ ਘੇਰਾ ਬਣਾ ਲੈਂਦੇ ਹਨ ਕਿ ਉਸਨੂੰ ਸੋਚਣ ਸਮਝਣ ਅਤੇ ਹਕੀਕਤ ਜਾਣਨ ਹੀ ਨਹੀਂ ਦਿੰਦੇ।ਬਹੁਤ ਵਾਰ ਸੰਜੀਦਾ ਲੋਕ ਸਮਾਜ ਦੀਆਂ ਸਮੱਸਿਆਵਾਂ ਅਤੇ ਹਕੀਕਤ ਜ਼ਿੰਮੇਵਾਰ ਅਹੁਦਿਆਂ ਤੇ ਬੈਠਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ।ਪਰ ਚਮਚੇ ਅਤੇ ਚਾਪਲੂਸ ਲੋਕਾਂ ਨੂੰ ਮਿਲਣ ਹੀ ਨਹੀਂ ਦਿੰਦੇ।ਅਜਿਹੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ।ਇਹ ਆਪ ਵੀ ਕਿਸੇ ਕੰਮ ਦੇ ਨਹੀਂ ਹੁੰਦੇ ਅਤੇ ਦੂਸਰਿਆਂ ਦਾ ਵੀ ਬੇੜਾ ਗਰਕ ਕਰ ਦਿੰਦੇ ਹਨ।ਇਹ ਮਰੀਆਂ ਜ਼ਮੀਰਾਂ ਵਾਲੇ ਹੁੰਦੇ ਹਨ ਅਤੇ ਕਿਸੇ ਵੀ ਹੱਦ ਤੱਕ ਡਿੱਗ ਜਾਂਦੇ ਹਨ।ਜਦੋਂ ਵੀ ਆਸਪਾਸ ਕੋਈ ਅਜਿਹਾ ਬੰਦਾ ਵਿਖਾਈ ਦੇਵੇ ਜਾਂ ਸਮਝ ਆ ਜਾਵਾਂ ਤਾਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰੋ।
ਪ੍ਰਭਜੋਤ ਕੌਰ ਢਿੱਲੋਂ
-ਮੋਬਾ : 98150-30221