Tuesday, January 21, 2025  

ਲੇਖ

ਮੇਰਾ ਨਿੱਕਾ ਜਿਹਾ ਆੜੀ

May 09, 2024

ਆੜੀ ਆੜੀ ਆੜੀ , ਸੰਤਰੇ ਦੀ ਫਾੜੀ । ਵਰਗੇ ਟੋਟਕੇ ਉਚਾਰਨ ਵਾਲਾ ਬਚਪਨ ਯਾਦ ਹੈ ਨਾ ਸਭ ਦੇ ? ਮੇਰੇ ਵੀ ਯਾਦ ਐ। ਮੈਂ ਇੱਕ ਪੇਂਡੂ ਵਿਅਕਤੀ ਹਾਂ। ਮੈਨੂੰ ਮੇਰੇ ਬਚਪਨ ਦੇ ਸੱਭੇ ਪੇਂਡੂ ਆੜੀ ਯਾਦ ਨੇ। ਜਿਨ੍ਹਾਂ ਕਰਕੇ ਬਚਪਨ ਸੁਹਾਵਣਾ ਸੀ ਤੇ ਜਿਨ੍ਹਾਂ ਕਰਕੇ ਹੀ ਬਚਪਨ ਯਾਦ ਆਉਂਦਾ ਹੈ। ਪਰ ਹੁਣ ਉਹ ਆੜੀ ਵੱਡੇ ਹੋ ਗਏ ਤਾਂ ਕਰਕੇ ਆਪੋ ਆਪਣੇ ਕੰਮਾਂ ਵਿੱਚ ਲੱਗ ਰਹੇ ਤੇ ਮੈਂ ਵੀ ਆਪਣੀ ਕਬੀਲਦਾਰੀ ’ਚ ਉਲਝਿਆ ਉਹਨਾਂ ਨੂੰ ਮਿਲ ਨਹੀਂ ਪਾਉਂਦਾ। ਪਰ ਹੁਣ ਮੇਰਾ ਇੱਕ ਨਿੱਕਾ ਜਾ ਆੜੀ ਆਇਆ ਹੈ। ਜਿਸ ਨੇ ਮੈਨੂੰ ਸਾਰੇ ਆੜੀ ਯਾਦ ਕਰਵਾ ਦਿੱਤੇ । ਇਸ ਨੂੰ ਮੇਰੇ ਘਰ ਆਏ ਨੂੰ ਕਰੀਬ ਅੱਠ ਕੁ ਮਹੀਨੇ ਹੋਏ ਨੇ । ਬਸ ਐਨੇ ਕੁ ਸਮੇਂ ’ਚ ਇਸ ਨੇ ਮੇਰਾ ਮਨ ਮੋਹ ਲਿਆ ਹੈ । ਮੇਰਾ ਹੀ ਨਹੀਂ ਮੇਰੇ ਸਾਰੇ ਪਰਿਵਾਰ ਦਾ ਮੰਨੋ ਇਹ ਰਾਜਾ ਬਣ ਗਿਆ ਹੈ । ਜਦੋਂ ਵੀ ਕੋਈ ਬਾਹਰੋਂ ਆਉਂਦਾ ਹੈ ਪਹਿਲਾਂ ਇਹਦੀ ਗੱਲ ਕਰਦਾ ਹੈ। ਹਰ ਕੋਈ ਇਸ ਦੇ ਰੰਗ ’ਚ ਰੰਗਿਆ ਗਿਆ ਹੈ। ਇਹ ਨਿੱਕਾ ਜਾ । ਨਿੱਕੇ-ਨਿੱਕੇ ਇਹਦੇ ਹੱਥ ਤੇ ਨਿੱਕੇ ਨਿੱਕੇ ਪੈਰ ਨਿੱਕਾ ਤੇ ਭੋਲਾ ਗੋਲ ਜਿਹ ਚਿਹਰਾ । ਇਹ ਛੋਟਾ ਪਰ ਇਸ ਦਾ ਪ੍ਰਤਾਪ ਕਿੰਨਾਂ ਵੱਡਾ ਹੈ !
ਜਦੋਂ ਇਹ ਮੇਰੇ ਨਾਲ ਖੇਡਦਾ ਹੈ ਤਾਂ ਮੇਰਾ ਮਨ ਗੱਦ-ਗੱਦ ਹੋ ਉਠਦਾ ਹੈ । ਮੈਨੂੰ ਮੇਰੀ ਸੁਧ ਨਹੀਂ ਰਹਿੰਦੀ। ਜ਼ਿੰਦਗੀ ਦੇ ਉਦਾਸ ਪਲ, ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ, ਦੁਵਿਧਾਵਾਂ ਤੇ ਚਿੰਤਾਵਾਂ ਇਹਨੂੰ ਦੇਖਦੇ ਹੀ ਭੱਜ ਨਿਕਲਦੇ ਨੇ। ਮੈਂ ਹੈਰਾਨ ਹੁੰਦਾ ਹਾਂ ਕਿ ਕਮਾਲ ਹੀ ਹੋ ਗਿਆ। ਇਹ ਤੇ ਚੀਜ਼ ਹੀ ਬਾਹਲੀ ਵਧੀਆ ਹੈ। ਤੇ ਮੈਨੂੰ ਆਪਣੇ ਨਿੱਕੇ ਆੜੀ ਦੀ ਹਰ ਅਦਾ ਚੰਗੀ ਲੱਗਦੀ ਹੈ । ਕਦੀ- ਕਦੀ ਓਹ ਹੱਸਦਾ ਹੀ ਰੋ ਪੈਂਦਾ ਹੈ ਤੇ ਕਦੀ ਰੋਂਦਾ ਰੋਂਦਾ ਹੱਸ ਪੈਂਦਾ ਹੈ। ਇਹਦਾ ਕੰਮ ਬਸ ਪਿਆਰ ਲੈਣਾ ਤੇ ਪਿਆਰ ਦੇਣਾ ਹੀ ਹੈ ।
ਇਸ ਆੜੀ ਦੀ ਹਰ ਗੱਲ ਮੈਨੂੰ ਚੰਗੀ ਲੱਗਦੀ ਹੈ । ਉਹ ਹਰ ਦਿਨ ਨਵੀਂ ਗੱਲ ਕਰਦਾ ਹੈ। ਨਵੇਂ-ਨਵੇਂ ਤਰੀਕੇ ਨਾਲ ਹੱਸਦਾ ਹੈ , ਨਵੇਂ ਹੀ ਤਰੀਕੇ ਨਾਲ ਚੋਹਲ ਮੋਹਲ ਕਰਦਾ ਹੈ। ਕਦੀ ਕੋਈ ਨਵੀਂ ਜਿਹੀ ਹਰਕਤ ਕਰਦਾ ਹੈ ਤਾਂ ਸੋਹਣਾ ਲੱਗਦਾ ਹੈ। ਮਨ ਨੂੰ ਭਾਉਂਦਾ ਹੈ । ਚੰਗਾ-ਚੰਗਾ ਲੱਗਦਾ ਹੈ। ਜਦੋਂ ਵੀ ਇਸ਼ਾਰਿਆਂ ਨਾਲ ਕੁਝ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਖਾਂਦਾ ਪੀਂਦਾ ਸਭ ਅਦਾਵਾਂ ਕੀਲ ਦੀਆਂ ਨੇ ਇਸ ਦੀਆਂ । ਇਸ ਦੀ ਉਪਸਥਿਤੀ ’ਚ ਘਰ ਦਾ ਕੋਨਾ-ਕੋਨਾ ਮਹਿਕ ਉੱਠਦਾ ਹੈ। ਜਦੋਂ ਟੱਬ ’ਚ ਬੈਠਾ ਨਹਾ ਰਿਹਾ ਹੁੰਦਾ ਮਨੋ ਘਰ ’ਚ ਬਰਕਤਾਂ ਦੀ ਮਹਿਕ ਉੱਠ ਖੜ੍ਹੀ ਹੋਵੇ। ਉਂਝ ਤਾਂ ਆਪਣੀ ਮਸਤੀ ’ਚ ਹੀ ਰਹਿੰਦਾ ਹੈ ਪਰ ਜੇ ਕਦੀ ਸਾਡੇ ਨਾਲ ਸੁਰ ਜਿਹੀ ਮਿਲਾਉਂਦਾ ਹੈ ਤਾਂ ਇੰਝ ਲੱਗਦਾ ਹੈ ਜਿਉਂ ਰੱਬ ਸਾਨੂੰ ਲੱਭਣ ਸਾਡੇ ਘਰ ਆ ਗਿਆ ਹੋਵੇ ਤੇ ਸਾਨੂੰ ਨਿਹਾਰ ਰਿਹਾ ਹੋਵੇ। ਮੈਂ ਜਦ ਵੀ ਕੰਮ ਤੋਂ ਘਰ ਮੁੜਦਾ ਹਾਂ ਤਾਂ ਮੇਰੇ ਆੜੀ ਨੂੰ ਦੇਖ ਕੇ ਖੁਸ਼ੀ ’ਚ ਟਹਿਕ ਉੱਠਦਾ ਹਾਂ ਤੇ ਭੁੱਲ ਜਾਂਦਾ ਹਾਂ ਕਿ ਥਕਾਵਟ ਵੀ ਕੋਈ ਚੀਜ਼ ਹੁੰਦੀ ਹੈ । ਇਹ ਸੁੱਤਾ ਪਿਆ ਵੀ ਸੋਹਣਾ ਲੱਗਦਾ ਹੈ। ਜਦੋਂ ਸਵੇਰੇ ਜਾਗਦਾ ਹੈ ਤਾਂ ਐਵੇਂ ਲੱਗਦਾ ਹੈ ਜਿਵੇਂ ਜਿੰਦਗੀ ਜਾਗ ਪਈ ਹੋਵੇ। ਅੰਗੜਾਈਆਂ ਜਿਹੀਆਂ ਲੈਂਦਾ ਐਵੇਂ ਲੱਗਦਾ ਹੈ ਜਿਵੇਂ ਅੱਜ ਦਾ ਦਿਨ ਇਹਦੇ ਕੰਨ 'ਚ ਇਹ ਕਹਿ ਰਿਹਾ ਹੋਵੇ ਤਿਆਰ ਆ ਮੈਂ ਵੀ ਤੇਰਾ ਦੀਦਾਰ ਕਰਨ ਨੂੰ ਤੇ ਤੈਨੂੰ ਹਰ ਖੁਸ਼ੀ ਤੇ ਪਿਆਰ ਦੇਣ ਨੂੰ ਮੈਂ ਤਿਆਰ ਹਾਂ। ਅਜੇ ਇਹ ਮੇਰੇ ਨਾਲ ਲੜਨ ਨਹੀਂ ਲੱਗਿਆ ਬਸ ਹੱਸਦਾ ਤੇ ਖੇਡਦਾ ਹੈ। ਖਾਣ ਪੀਣ ਸੌਣ ਦੇ ਇਹਦੇ ਅਲੱਗ ਹੀ ਢੰਗ ਨੇ।
ਜਦ ਕਦੀ ਇਹ ਬਿਮਾਰ ਹੁੰਦਾ ਹੈ ਤਾਂ ਮੈਨੂੰ ਉਹ ਸਭ ਤੋਂ ਬੁਰਾ ਸਮਾਂ ਲੱਗਦਾ ਹੈ । ਜਦੋਂ ਕਦੀ ਮੇਰੇ ਆੜੀ ਨੂੰ ਕੁਝ ਵੀ ਲਿਆ ਕੇ ਦਿੰਦਾ ਹਾਂ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ । ਦਰਜਣਾਂ ਨਾਮ ਨੇ ਮੇਰੇ ਨਿੱਕੇ ਆੜੀ ਦੇ। ਬਿੱਲੀ,ਬੱਗਾ, ਬੱਗੜੂ, ਬਲੂੰਗੜਾ, ਗਿੱਲੀ, ਮਿੱਠੂ , ਤੋਤਾ , ਚਿੜੀ, ਘਾਚੂ , ਮਾਚੂ , ਮਿੱਠੀ , ਖੰਡ , ਖੰਡੀ , ਖੰਡ ਦੀ ਪੁੜੀ, ਮਿਸਰੀ, ਖੁਸ਼ੀ, ਨੂਰ , ਤਮੰਨਾ ਆਦਿ। ਜਿਸ ਨੂੰ ਜੋ ਸੁਝਦਾ ਹੈ ਓਹੀ ਨਾਮ ਲੈ ਲੈਂਦਾ ਹੈ । ਮੈਂ ਵੀ ਕੋਈ ਇੱਕ ਨਾਮ ਨਹੀਂ ਲੈਂਦਾ ਪਰ ਨਿੱਕਾ ਜਾ ਆੜੀ ਆਮ ਹੀ ਕਹਿ ਦਿੰਦਾ ਹਾਂ।
ਨਾ ਤਾਂ ਇਹਨੂੰ ਦੇਖਦੇ ਦਿਲ ਭਰਦਾ ਹੈ ਨਾ ਇਹਦੇ ਨਾਲ ਖੇਡ-ਖੇਡ ਕੇ ਮਨ ਰੱਜਦਾ ਹੈ । ਇਹ ਬੜੀ ਪਿਆਰ ਭਰੀ ਸ਼ੈਅ ਹੈ। ਅਸਲ 'ਚ ਇਹ ਮੇਰੀ ਧੀ ਹੈ। ਇਸ ਦਾ ਨਾਂ ਅਰੀਜ਼ਾ ਹੈ। ਇਹੀ ਮੇਰਾ ਨਿੱਕਾ ਆੜੀ ਹੈ ।
ਇਹ ਵਿਚਾਰ ਮੇਰੇ ਇਕੱਲੇ ਦੇ ਨਹੀਂ ਜਾਂ ਇਹ ਸਿਰਫ ਮੈਨੂੰ ਕੱਲੇ ਨੂੰ ਹੀ ਨਹੀਂ ਲੱਗਦਾ । ਇਹ ਹਰ ਉਹ ਮਾਤਾ-ਪਿਤਾ ਦੇ ਖਿਆਲ ਹਨ ਜਿਨ੍ਹਾਂ ਦੇ ਘਰ ਨਵਾਂ ਬੱਚਾ ਜਨਮ ਲੈਂਦਾ ਹੈ। ਉਹ ਸਾਰੇ ਮਾਂ ਬਾਪ ਹੀ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਗੇ ਸਗੋਂ ਮੇਰੇ ਤੋਂ ਵੀ ਵੱਧ ਪਿਆਰ ਆਪਣੇ ਨਿੱਕੇ ਆੜੀ ਨੂੰ ਕਰਦੇ ਹੋਣਗੇ। ਇਹ ਚੰਦ ਲਾਇਨਾਂ ਮੈਂ ਸਾਰੀ ਦੁਨੀਆਂ ਦੇ ਮਾਤਾ ਪਿਤਾ ਦੇ ਨਾਮ ਕਰਦਾ ਹੋਇਆ ਅਤਿਅੰਤ ਖੁਸ਼ੀ ਮਹਿਸੂਸ ਕਰਦਾ ਹਾਂ।
ਆਖਿਰ ’ਚ ਜਿਉਂਦੇ ਰਹਿਣ ਸਭ ਬੱਚਿਆਂ ਦੇ ਮਾਂ ਬਾਪ ਤੇ ਲੰਮੀਆਂ ਉਮਰਾਂ ਮਾਨਣ ਉਹਨਾਂ ਦੇ ਛੋਟੇ ਵੱਡੇ ਆੜੀ ।
ਆਖਿਰ ’ਚ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਕਿ ਦੋਸਤੋ ਇਹ ਵਰਤਾਰਾ ਕੱਲੇ ਮਨੁੱਖਾਂ ’ਚ ਹੀ ਨਹੀਂ ਸਗੋਂ ਪਸ਼ੂ ਪੰਛੀਆਂ ਵਿੱਚ ਵੀ ਹੁੰਦਾ ਹੈ । ਇਸ ਗੱਲ ਤੋਂ ਕੋਈ ਮੁੱਕਰ ਨਹੀਂ ਸਕਦਾ । ਇਸ ਲਈ ਸਾਨੂੰ ਓਹਨਾ ਦੀ ਖੁਸ਼ੀ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ । ਜੇ ਉਹਨਾਂ ਨੂੰ ਬਚਾ ਨਹੀਂ ਸਕਦੇ ਤਾਂ ਕੋਈ ਗੱਲ ਨਹੀਂ ਪਰ ਮਾਰਨਾ ਕਦੀ ਨਹੀਂ ਚਾਹੀਦਾ।
ਕੇਵਲ ਧਰਮਪੁਰਾ
-ਮੋਬਾ: 9878801561

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ