Tuesday, January 21, 2025  

ਲੇਖ

ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਚੇਤ ਸਿੰਘ, ਬਾਬਾ ਸੰਤਾ ਸਿੰਘ

May 09, 2024

ਸਿੰਘ ਸਾਹਿਬ ਬਾਬਾ ਚੇਤ ਸਿੰਘ ਬੁੱਢਾ ਦਲ ਦੇ ਨਿਧੜਕ ਜਰਨੈਲ, ਸੇਵਾ ਦੇ ਪੁੰਜ, ਕਥਨੀ ਕਰਨੀ ਦੇ ਸੂਰੇ, ਦੂਰਅੰਦੇਸ਼, ਸੂਝਵਾਨ ਬੁੱਢਾ ਦਲ ਦੇ 12ਵੇਂ ਜਥੇਦਾਰ ਹੋਏ ਹਨ । ਇਨ੍ਹਾਂ ਦਾ ਜਨਮ ਸੰਨ 1903 ਵਿੱਚ ਪਿੰਡ ਤਲਵੰਡੀ ਸਾਬੋ ਕੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਜ਼ਿਲ੍ਹਾ ਬਠਿੰਡਾ ਦੇ ਸਰਦੇ ਪੁਜਦੇ ਕਿਸਾਨ ਸ. ਰਾਮਦਿੱਤਾ ਸਿੰਘ ਦੇ ਗ੍ਰਹਿ ਅਤੇ ਮਾਤਾ ਪ੍ਰਧਾਨ ਕੌਰ ਦੀ ਕੁੱਖੋ ਹੋਇਆ। ਬਾਬਾ ਚੇਤ ਸਿੰਘ 13 ਸਾਲ ਦੀ ਆਯੂ ਦੇ ਸਨ ਜਦ ਉਹ ਬੁੱਢਾ ਦਲ ਵਿੱਚ ਭਰਤੀ ਹੋਏ ਤਾਂ ਉਹਨਾਂ ਦੇ ਪਿਤਾ ਨੇ ਪਿਆਰ ਭਰੇ ਲਹਿਜੇ ਤੇ ਵਿਅੰਗ ਨਾਲ ਕਿਹਾ, ਜਿਹੜੇ ਆਪ ਪਿੰਡ ਪਿੰਡ ਤੁਰੇ ਫਿਰਦੇ ਹਨ ਤੂੰ ਉਹਨਾਂ ਵਿੱਚ ਜਾ ਕੇ ਕੀ ਕਰੇਂਗਾ? ਬਾਬਾ ਚੇਤ ਸਿੰਘ ਨੇ ਬਹੁਤ ਹੀ ਨਿਮਰਤਾ, ਤਲੀਮ ਤੇ ਠਰੰਮੇ ਨਾਲ ਉੱਤਰ ਦੇਂਦਿਆਂ ਕਿਹਾ ਕਿ ਇਹੀ ਘਰ ਹੈ ਜਿਥੋਂ ਘਾਹ ਖੋਤਣ ਵਾਲਿਆਂ, ਘੋੜਿਆਂ ਦੀ ਸੇਵਾ ਕਰਨ ਵਾਲਿਆਂ ਨੂੰ ਪਾਤਸ਼ਾਹੀਆਂ ਤੇ ਨਵਾਬੀਆਂ ਮਿਲਦੀਆਂ ਹਨ ।
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਛਾਉਣੀ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਬੁੱਢਾ ਦਲ ਦਾ ਪੜਾਓ ਸੀ । ਬਾਬਾ ਚੇਤ ਸਿੰਘ ਉਸ ਸਮੇਂ ਨਿਗਾਰਚੀ ਸਿੰਘ ਦਾ ਪਹਿਰਾ ਦਿਆ ਕਰਦੇ ਸਨ, ਸਾਰੇ ਦਲ ਨੂੰ ਅੰਗਰੇਜ਼ ਸਰਕਾਰ ਨੇ ਘੇਰੇ ਵਿੱਚ ਲੈ ਲਿਆ, ਬਾਬਾ ਚੇਤ ਸਿੰਘ ਸਰਕਾਰੀ ਕਰਮਚਾਰੀਆਂ ਨਾਲ ਜੂਝਣ ਲਈ ਤਿਆਰ ਹੋ ਗਏ । ਦਲ ਦੇ ਜੱਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਨੇ ਫੌਰੀ ਤੌਰ ’ਤੇ ਰੋਕ ਦਿੱਤਾ। ਦਲ ਦੇ ਮੁਖੀ ਬਾਬਾ ਸਾਹਿਬ ਸਿੰਘ ਜੀ ਦਲ ਸਮੇਤ ਬੋਸਟਰ ਜੇਲ੍ਹ ਵਲਾਇਤ ਵਿਖੇ ਭੇਜ ਦਿੱਤੇ ਗਏ। ਉਸ ਸਮੇਂ ਗਿ. ਸ਼ੇਰ ਸਿੰਘ ਪ੍ਰਸਿੱਧ ਅਕਾਲੀ ਲੀਡਰ, ਕਲਾਧਾਰੀ ਜੀ ਦੇ ਖਾਸ ਮਿੱਤਰਾਂ ਵਿੱਚੋਂ ਸਨ ਦੀ ਪ੍ਰੇਰਨਾ ਨਾਲ ਸਰ ਸੁੰਦਰ ਸਿੰਘ ਮਜੀਠੀਆ, ਸਰ ਜੋਗਿੰਦਰ ਸਿੰਘ ਆਦਿ ਦੇ ਜ਼ੋਰ ਦੇਣ ਕਰਕੇ ਪੰਜਾਬ ਦੇ ਗਵਰਨਰ ਨੇ ਦਲ ਨੂੰ ਰਿਹਾ ਕਰ ਦਿੱਤਾ ।30 ਜੁਲਾਈ 1942 ਨੂੰ ਬਾਬਾ ਸਾਹਿਬ ਸਿੰਘ ਕਲਾਧਾਰੀ ਗੁਰੂ ਪਿਆਨਾ ਕਰ ਗਏ ਤਾਂ ਸਮੁੱਚੇ ਦਲ ਪੰਥ ਨੇ ਗੁਰਮਤਾ ਕਰਕੇ ਬਾਬਾ ਚੇਤ ਸਿੰਘ ਨੂੰ ਬੁੱਢੇ ਦਲ ਦੇ 12ਵੇਂ ਜੱਥੇਦਾਰ ਵਜੋਂ ਥਾਪ ਦਿੱਤਾ। ਬਾਬਾ ਚੇਤ ਸਿੰਘ, ਅਕਾਲੀ ਫੂਲਾ ਸਿੰਘ ਸ਼ਹੀਦ ਦੀ ਸਪਿਰਟ ਦੇ ਮਾਲਕ ਸਨ। ਬੁੱਢਾ ਦਲ ਦੇ ਹਰੇਕ ਜੱਥੇਦਾਰ ਆਪਣੇ ਸਮੇਂ ਦੇ ਤੇਜ਼ ਪਰਤਾਪੀ ਹੋਏ ਹਨ, ਜੋ ਸੇਵਾ ਬਾਬਾ ਚੇਤ ਸਿੰਘ ਨੂੰ ਵਿਰਸੇ ਵਿੱਚ ਮਿਲੀ ਉਹ ਇੱਕ ਵਿਲੱਖਣ ਸੇਵਾ ਹੈ। ਸਿੱਖ ਪੰਥ ਬੁੱਢਾ ਦਲ ਦੀ ਜਾਇਦਾਦ ਬਣਾਉਣ ਵਿੱਚ ਉਹ ਮੋਹਰੀ ਸਨ । ਉਹਨਾਂ ਨੇ ਕਠਨ ਤਪੱਸਿਆ ਕਰਕੇ ਅਨੇਕ ਛਾਉਣੀਆਂ ਕਾਇਮ ਕੀਤੀਆਂ, ਬੁੰਗੇ, ਬਾਗ਼ ਅਤੇ ਫਾਰਮ ਬਣਾਏ ਜੋ ਪਰਤੱਖ ਰੂਪ ਵਿੱਚ ਪਰਗਟ ਹਨ ।
ਜਦੋਂ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਸ਼ਤਰ ਵਲਾਇਤੋਂ, ਭਾਰਤ ਲਿਆਂਦੇ ਗਏ ਤਾਂ ਉਸ ਸਮੇਂ ਬਾਬਾ ਚੇਤ ਸਿੰਘ ਨੂੰ ਉਚੇਚੇ ਤੌਰ ’ਤੇ ਦਿਲੀ ਬੁਲਾਇਆ ਗਿਆ ਸੀ । ਪਾਲਮ ਹਵਾਈ ਅੱਡੇ ਉੱਤੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਨਾਲ ਵਿਸ਼ੇਸ਼ ਥਾਂ ਦਿੱਤੀ ਗਈ ਸੀ, ਬਾਬਾ ਚੇਤ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ “ਕਲਗੀਧਰ ਪਾਤਸ਼ਾਹ ਦੇ ਸ਼ਸਤਰਾਂ ਦੇ ਨਾਲ ਨਿਹੰਗ ਸਿੰਘਾਂ ਦਾ ਅਟੁੱਟਵਾਂ ਮੇਲ ਹੈ। ਸਰਕਾਰ ਇਹ ਸ਼ਸਤਰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਰਹੀ ਹੈ ਜਿਨ੍ਹਾਂ ਦਾ ਚੇਹਰਾ ਮੋਹਰਾ ਇਨ੍ਹਾਂ ਨਾਲ ਮਿਲਦਾ ਜੁਲਦਾ ਨਹੀਂ। ਉਸੇ ਸ਼ਾਮ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਜੇ ਭਾਰੀ ਦੀਵਾਨ ਵਿੱਚ, ਜੱਥੇਦਾਰ ਸੰਤੋਖ ਸਿੰਘ ਨੇ, ਦਿਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਵਿਸ਼ੇਸ਼ ਤੌਰ ’ਤੇ ਬਾਬਾ ਜੀ ਨੂੰ ਸਨਮਾਨ ਵਜੋਂ ਸ੍ਰੀ ਸਾਹਿਬ ਤੇ ਸਿਰੋਪਾਉ ਭੇਟ ਕੀਤਾ ਸੀ ।
ਬਾਬਾ ਚੇਤ ਸਿੰਘ ਲੰਮਾ ਸਮਾਂ ਦਲ ਵਿੱਚ ਗਾਖੜੀ ਸੇਵਾ ਅਤੇ ਜੱਥੇਦਾਰੀ ਦੀ ਜ਼ਿੰਮੇਦਾਰੀ ਨਿਭਾਈ, ਬਾਬਾ ਚੇਤ ਸਿੰਘ ਤਿਆਗੀ ਮਹਾਂ ਪੁਰਸ਼ ਸਨ, ਆਪ ਦਮਦਮਾ ਸਾਹਿਬ ਦੇ ਜੰਮਪਲ ਸਨ, ਹਰ ਸਾਲ ਦਮਦਮਾ ਸਾਹਿਬ ਆਉਂਦੇ ਪਰ ਛਾਉਣੀ ਵਿੱਚ ਹੀ ਰਹਿੰਦੇ। ਅਖੀਰ ਬਾਬਾ ਚੇਤ ਸਿੰਘ 9-5-68 ਨੂੰ ‘ਘਲਹਿ ਆਵੈ ਨਾਨਕਾ ਸਦੇ ਉਠੀ ਜਾਇ’ ਦੇ ਮਹਾਵਾਕ ਨੂੰ ਸੰਪੂਰਨ ਕਰ ਗਏ।
ਬਾਬਾ ਸੰਤਾ ਸਿੰਘ ਦਾ ਜੀਵਨ ਪੂਰਨ ਸੰਘਰਸ਼ਮਈ ਤੇ ਸੇਵਾ ਭਾਵਨਾ ਵਾਲਾ ਤੇ ਗੁਰੂ ਦੀ ਓਟ ਵਿੱਚ ਬਤੀਤ ਹੋਇਆ। ਆਪ ਦਾ ਜਨਮ ਸੰਮਤ 1985 ਮੁਤਾਬਕ ਸੰਨ 1928 ਈ. ਨੂੰ ਪਿਤਾ ਸ. ਭਗਵਾਨ ਸਿੰਘ ਚਾਵਲਾ ਜੋ ਇਲਾਹਾਬਾਦ ਵਿਖੇ ਰੇਲਵੇ ਵਿੱਚ ਨੌਕਰੀ ਕਰਦੇ ਸਨ ਦੇ ਗ੍ਰਹਿ ਵਿਖੇ ਮਾਤਾ ਮਾਲਾਂ (ਪਿ੍ਰਤਪਾਲ ਕੌਰ) ਦੀ ਕੁੱਖੋਂ ਹੋਇਆ । ਬਾਬਾ ਜੀ ਦਾ ਪਿੰਡ ਕਿਲ੍ਹਾ ਮੀਹਾਂ ਸਿੰਘ ਪਾਕਿਸਤਾਨ ਵਿੱਚ ਸੀ ਪਰ 1925 ਵਿੱਚ ਇਨ੍ਹਾਂ ਦੇ ਵਡੇਰੇ ਗੁਜਰਾਂਵਾਲਾ ਆਣ ਵੱਸੇ। ਆਪ ਨੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਅੰਮ੍ਰਿਤਸਰ ਵਿਖੇ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲਾਧਾਰੀ ਤੋਂ ਸੰਮਤ 1995 ਬਿਕਰਮੀ ਸੰਨ 1938 ਈ. ਨੂੰ ਦੀਵਾਲੀ ਦੇ ਮਹਾਨ ਦਿਹਾੜੇ ’ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ । ਆਪ ਦਾ ਪਹਿਲਾ ਨਾਮ ਪਿਸ਼ੌਰਾ ਸਿੰਘ ਸੀ ਅਤੇ ਅੰਮ੍ਰਿਤ ਛੱਕਣ ’ਤੇ ਆਪ ਦਾ ਨਾਮ ਸੰਤਾ ਸਿੰਘ ਪ੍ਰਚਲਤ ਹੋਇਆ । ਆਪ ਨੇ ਹੋਲੇ ਮਹੱਲੇ ’ਤੇ ਹਾਜ਼ਰ ਹੋ ਕੇ ਬੁੱਢੇ ਦਲ ਵਿੱਚ ਦੇਗ ਲੰਗਰ ਦੀ ਸੇਵਾ ਸੰਭਾਲੀ ।
ਪੰਥ ਵੱਲੋਂ ਬਾਬਾ ਸੰਤਾ ਸਿੰਘ ਨੂੰ ਪੁਰਾਤਨ ਰਵਾਇਤ ਅਨੁਸਾਰ ਸਰਬ ਸੰਮਤੀ ਨਾਲ ਗੁਰਮਤਾ ਕਰਕੇ ਨਿਹੰਗ ਸਿੰਘਾਂ ਨੇ ਸਰਬੱਤ ਦੀ ਆਗਿਆ ਨਾਲ ਜਥੇਦਾਰੀ ਦੀ ਨਿਯੁਕਤੀ ਸਮੇਂ ਢਾਲ ਤੇ ਸ੍ਰੀ ਸਾਹਿਬ ਭੇਟ ਕੀਤੀ ਅਤੇ ਪੰਜ ਪਿਆਰਿਆਂ ਨੇ ਜਥੇਦਾਰ ਸਾਹਿਬ ਦੇ ਸੀਸ ਉੱਤੇ ਦੁਮਾਲਾ ਸਜਾ ਕੇ ਰਸਮ ਦਸਤਾਰਬੰਦੀ ਦੀ ਪੂਰਤੀ ਕੀਤੀ । ਬੇਅੰਤ ਫੌਜਾਂ, ਸੰਸਥਾਵਾਂ ਦੇ ਮੁਖੀ ਲੀਡਰਾਂ, ਜਥੇਦਾਰਾਂ, ਸੁਨੇਹੀਆਂ ਦਸਤਾਰੇ ਤੇ ਸਿਰੋਪਾਓ ਭੇਟ ਕੀਤੇ । ਇਸ ਤਰ੍ਹਾਂ ਬਾਬਾ ਸੰਤਾ ਸਿੰਘ ਦਲ ਪੰਥ ਬੁੱਢਾ ਦਲ ਦੇ 13ਵੇਂ ਮੁਖੀ ਜਥੇਦਾਰ ਬਣੇ । ਸਿੰਘ ਸਾਹਿਬ ਜਥੇਦਾਰ ਬਾਬਾ ਸੰਤਾ ਸਿੰਘ ਜੀ ਦੇ ਪਹਿਰੇ ਵਿੱਚ ਬੇ-ਮਿਸਾਲ ਬੁੱਢਾ ਦਲ ਦੀ ਤਰੱਕੀ ਹੋਈ। ਸਿੰਘਾਂ ਦੀ ਰਹਿਤ ਬਹਿਤ, ਸ਼ਸਤ੍ਰਾਂ ਬਸਤ੍ਰਾਂ ਵੱਲ ਵਧੇਰੇ ਧਿਆਨ ਦਿੱਤਾ ਗਿਆ । ਬੁੱਢਾ ਦਲ ਦਾ ਜੋ ਪ੍ਰੈਸ ਅਨੰਦਪੁਰ ਸਾਹਿਬ ਸੀ, ਬਦਲ ਕੇ ਪਟਿਆਲਾ ਛਾਉਣੀ ਨਿਹੰਗ ਸਿੰਘਾਂ (ਬਾਬਾ ਬੰਬਾ ਸਿੰਘ ਜੀ) ਲੋਇਰ ਮਾਲ ਰੋਡ ’ਤੇ ਲਾ ਕੇ ਬੁੱਢਾ ਦਲ ਵਲੋਂ ਮਾਸਕ ਰਸਾਲਾ ‘ਨਿਹੰਗ ਸਿੰਘ ਸੰਦੇਸ਼’ ਜਾਰੀ ਕੀਤਾ ।
ਉਨ੍ਹਾਂ ਸਦਾ ਬੁੱਢਾ ਦਲ ਦੀਆਂ ਪੁਰਾਤਨ ਰਵਾਇਤਾਂ ਨੂੰ ਕਾਇਮ ਰੱਖਿਆ। ਰੋਜ਼ਾਨਾ ਸਵੇਰੇ ਸ਼ਾਮ ਗੁਰਬਾਣੀ ਦਾ ਨਿਤਨੇਮ ਕੀਰਤਨ, ਕਥਾ ਅਤੇ ਸਿੰਘਾਂ ਵਿੱਚ ਰਹਿਣੀ, ਬਹਿਣੀ, ਕਹਿਣੀ ਤੇ ਸਹਿਣੀ ਦੇ ਗੁਣ ਧਾਰਨ ਕਰਵਾਉਣ ਲਈ ਸਖ਼ਤੀ ਨਾਲ ਅਮਲ ਕਰਦੇ ਸਨ । ਜਥੇਦਾਰ ਸਾਹਿਬ ਆਪ ਸਵੇਰੇ ਸਰਬ ਲੋਹ ਜਾਂ ਆਦਿ-ਦਸਮ ਸਰੂਪ ਦੀ ਕਥਾ ਅਤੇ ਸ਼ਾਮ ਨੂੰ ਸੂਰਜ ਪ੍ਰਕਾਸ਼ ਜਾਂ ਪੰਥ ਪ੍ਰਕਾਸ਼ ਦੀ ਕਥਾ ਬੜੇ ਰਸ-ਮੰਗਲ ਵਿੱਚ ਕਰਦੇ ਸਨ। ਓੜਕ ਬਾਬਾ ਸੰਤਾ ਸਿੰਘ 08-05-2008 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਹੀ ਆਪਣਾ ਉਤਰਾਅਧਿਕਾਰੀ ਬਾਬਾ ਬਲਬੀਰ ਸਿੰਘ ਜੀ ਨੂੰ ਬਣਾ ਦਿੱਤਾ ਸੀ ।
ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ 96ਵੇਂ ਕਰੋੜੀ 14ਵੇਂ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪ੍ਰਬੰਧ ਹੇਠ ਦੋਹਾਂ ਜਥੇਦਾਰਾਂ ਦੀ ਸਲਾਨਾ ਯਾਦ ਗੁਰਦੁਆਰਾ ਬੇਰ ਸਾਹਿਬ (ਦੇਗਸਰ) ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ) ਸ੍ਰੀ ਦਮਦਮਾ ਸਾਹਿਬ (ਗੁਰੂ ਕਾਸ਼ੀ) ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਮਿਤੀ 7-8-9 ਮਈ ਨੂੰ ਮਨਾਈ ਜਾ ਰਹੀ ਹੈ।ਇਨ੍ਹਾਂ ਸਮਾਗਮਾਂ ਵਿੱਚ ਸੰਗਤਾਂ ਤੋਂ ਇਲਾਵਾ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ ਅਤੇ ਸੰਤ ਮਹਾਂਪੁਰਸ਼ ਵੱਡੀ ਪੱਧਰ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਸ਼ਮੂਲੀਅਤ ਕਰਦੇ ਹਨ ।
ਦਿਲਜੀਤ ਸਿੰਘ ਬੇਦੀ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ