Monday, May 20, 2024  

ਲੇਖ

ਬਜ਼ੁਰਗਾਂ ਪ੍ਰਤੀ ਪਰਿਵਾਰ ਖ਼ਾਸ ਜ਼ਿੰਮੇਵਾਰ ਬਣਨ!

May 10, 2024

ਬਚਪਨ, ਜਵਾਨੀ ਤੇ ਬੁਢਾਪਾ ਜ਼ਿੰਦਗੀ ਦੇ ਤਿੰਨ ਪੜਾਅ ਹਨ। ਬਚਪਨ ਇਕ ਬੇਸੁਰਤ ਜਿਹਾ ਪੜਾਅ ਹੁੰਦਾ ਹੈ। ਜਿਸ ਨੂੰ ਤਾਜ਼ਾ ਰੱਖਣ ਲਈ ਮਨ ਏਨਾ ਸੁਚੇਤ ਤੇ ਕਾਹਲਾ ਵੀ ਨਹੀਂ ਹੁੰਦਾ। ਬਚਪਨ ਮੌਜ ਮਸਤੀ ਵਾਲਾ ਹੁੰਦਾ ਹੈ। ਜਿਥੇ ਕੁਝ ਬੋਲਣ ਤੋਂ ਪਹਿਲਾ ਸੋਚਣਾ ਵੀ ਨਹੀਂ ਪੈਂਦਾ। ਜਦਕਿ ਬੁਢਾਪੇ ਵਿਚ ਸੋਚ ਸਮਝਕੇ ਬੋਲਣਾ ਪੈਂਦਾ ਹੈ। ਜਵਾਨੀ ਜ਼ਿੰਦਗੀ ਦਾ ਇਕ ਹੁਸੀਨ ਸੁਪਨਾ ਹੈ। ਜਵਾਨੀ ਕਾਰਜਸ਼ੀਲਤਾ ਦੀ ਨਿਸ਼ਾਨੀ ਹੈ। ਜਵਾਨੀ ਸਾਡੀ ਸ਼ਕਤੀ ਤੇ ਵਿਕਾਸ ਦਾ ਸੂਚਕ ਹੈ। ਜਵਾਨੀ ‘ਚ ਜੋਸ਼ ਤੇ ਹੋਸ਼ ਦਾ ਸੁਮੇਲ ਸੋਨੇ ‘ਚ ਮੜ੍ਹੇ ਹੀਰੇ ਵਰਗਾ ਹੁੰਦਾ ਹੈ। ਬਚਪਨ ‘ਚ ਦੋਵਾ ਦੀ ਤੇ ਬੁਢਾਪੇ ‘ਚ ਜੋਸ਼ ਦੀ ਥੁੜ੍ਹ ਹੁੰਦੀ ਹੈ। ਬਚਪਨ ਚੜ੍ਹਦੇ, ਸੂਰਜ ਜਵਾਨੀ ਮਘਦੇ ਸੂਰਜ ਤੇ ਬੁਢਾਪਾ ਡੁੱਬਦੇ ਸੂਰਜ ਵਰਗਾ ਹੁੰਦਾ ਹੈ। ਬਚਪਨ ਤਾਰੇ ਦੇਖਦਾ ਹੈ, ਜਵਾਨੀ ਤਾਰੇ ਤੋੜਦੀ ਹੈ ਤੇ ਬੁਢਾਪਾ ਤਾਰੇ ਗਿਣਦਾ ਹੈ।
ਉਮਰ ਦੇ ਵਧਣ ਨਾਲ ਸਰੀਰ ਵਿਚ ਪੁਰਾਣੇ ਜਾਂ ਮਰੇ ਹੋਏ ਸੈੱਲਾਂ ਦੀ ਗਿਣਤੀ ਵਧਦੀ ਹੈ। ਜਿਸ ਕਾਰਨ ਸਰੀਰ ਦੇ ਵੱਖ ਵੱਖ ਅੰਗਾਂ ਦੀ ਕੰਮ ਕਰਨ ਦੀ ਸਮਰੱਥਾ ਘਟਦੀ ਜਾਂਦੀ ਹੈ। ਲਗਭਗ 65 ਤੋਂ 70 ਸਾਲਾਂ ਬਾਅਦ ਮਾਸਪੇਸ਼ੀਆਂ ਅਤੇ ਅੰਗ ਕਮਜ਼ੋਰ ਹੋ ਜਾਂਦੇ ਹਨ। ਸਰੀਰ ਵਿਚ ਗ੍ਰੰਥੀਆਂ ਅਤੇ ਸਾਰੀਆਂ ਪ੍ਰਣਾਲੀਆਂ ਦੇ ਮੱਠਾ ਪੈ ਜਾਣ ਨੂੰ ਬੁਢਾਪਾ ਕਹਿੰਦੇ ਹਨ। ਮਨੁੱਖ ਦੇ ਹਰੇਕ ਸੈੱਲ ਵਿਚ 46 ਗੁਣਸੁਤਰ ਹੁੰਦੇ ਹਨ। ਹਰੇਕ ਗੁਣਸੂਤਰ ਦੇ ਸਿਰੇ ਤੇ ਇਕ ਟੋਪੀ ਹੁੰਦੀ ਹੈ ਜਿਸਨੂੰ ਟੀਲੋਮੀਅਰ ਕਹਿੰਦੇ ਹਨ। ਵਾਰ-ਵਾਰ ਸੈੱਲ ਵੰਡ ਹੋਣ ਨਾਲ ਟੀਲੋਮੀਅਰ ਦੀ ਲੰਬਾਈ ਇੰਨੀ ਘੱਟ ਜਾਂਦੀ ਹੈ ਕਿ ਸੈੱਲ ਦੀ ਵੰਡ ਨਹੀਂ ਹੋ ਸਕਦੀ। ਇਹ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਹਨ। ਇਹ ਸੈੱਲ ਪੁਰਾਣੇ ਹੋ ਜਾਂਦੇ ਹਨ ਤੇ ਇਨ੍ਹਾਂ ਤੋਂ ਨਵੇਂ ਸੈੱਲ ਬਣਨੇ ਬੰਦ ਹੋ ਜਾਂਦੇ ਹਨ। ਜਿਸ ਕਾਰਨ ਬੁਢਾਪਾ ਆਉਂਦਾ ਹੈ।
ਬਿਰਧ ਅਵਸਥਾ ਮਨੁੱਖੀ ਜੀਵਨ ਦਾ ਲਾਜ਼ਮੀ ਹਿੱਸਾ ਹੈ। ਦੁਨੀਆਂ ਭਰ’ਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਸਟੇਟ ਆਫ ਵਰਲਡ ਪਾਪੂਲੇਸ਼ਨ 2019 ਦੀ ਰਿਪੋਰਟ ਅਨੁਸਾਰ ਭਾਰਤ ਦੀ 6 ਫੀਸਦੀ ਆਬਾਦੀ 65 ਸਾਲ ਤੋਂ ਵੱਧ ਉਮਰ ਦੀ ਸੀ। 2011 ਵਿਚ ਸੀਨੀਆਰ ਨਾਗਰਿਕਾਂ ਦੀ ਗਿਣਤੀ 10.38 ਕਰੋੜ ਸੀ ਜੋ ਕਿ ਸਾਲ 2026 ਵਿਚ ਵੱਧਕੇ 17.3 ਕਰੋੜ ਅਤੇ ਸਾਲ 2050 ਵਿਚ 30 ਕਰੋੜ ਹੋਣ ਦੀ ਸੰਭਾਵਨਾ ਹੈ। ਭਾਰਤ ਵਿਚ 5.1 ਕਰੋੜ ਬਜ਼ੁਰਗ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਹਾਲ ਹੀ ‘ਚ ਜਾਰੀ ਸੰਯੁਕਤ ਰਾਸ਼ਟਰ ਜਨਸੰਖਿਆ ਫੰਡ ਦੀ ਇੰਡੀਆ ਏਜਿੰਗ ਰਿਪੋਰਟ 2023 ਦਾ ਮੁਲਾਕਣ ਹੈ ਕਿ ਦੇਸ਼ ਵਿਚ 60 ਸਾਲ ਤੋਂ ਵੱਧ ਉਮਰ ਦੇ ਬੁਜ਼ਰਗਾਂ ਦੀ ਆਬਾਦੀ ਜਿਹੜੀ ਸੰਨ 2021 ਵਿੱਚ 10.1 ਫੀਸਦੀ ਸੀ ਤੋਂ ਵੱਧਕੇ 2036 ਵਿਚ 15 ਫੀਸਦੀ ਅਤੇ 2050 ਵਿਚ 20.8 ਫੀਸਦੀ ਹੋ ਜਾਵੇਗੀ। ਇਸ ਤਰ੍ਹਾਂ ਸੰਨ 2050 ਤੱਕ ਪੂਰੀ ਦੁਨੀਆਂ ਵਿੱਚ ਹਰੇਕ ਛੇ ਲੋਕਾਂ ‘ਚੋ ਇਕ ਭਾਰਤ ਦਾ ਨਿਵਾਸੀ ਹੋਵੇਗਾ।
ਹਾਲੇ ਦੁਨੀਆਂ ਵਿਚ ਪੰਜ ਅਜਿਹੇ ਦੇਸ਼ ਹ ਜਿੱਥੇ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਗਿਣਤੀ ਵਧ ਹੈ। ਜਪਾਨ ਵਿਚ 29.1 ਫੀਸਦੀ, ਇਟਲੀ ਵਿਚ 24.5 ਫੀਸਦੀ, ਫਿਨਲੈੱਡ ਵਿਚ 23.6 ਫੀਸਦੀ, ਪੁਰਤਗਾਲ ਤੇ ਗਰੀਸ ਵਿਚ 21-21 ਫੀਸਦੀ ਆਬਾਦੀ 65 ਸਾਲ ਤੋਂ ਵੱਧ ਉਮਰ ਦੀ ਹੈ। ਜਿਵੇਂ ਜਿਵੇਂ ਦੁਨੀਆਂ ਭਰ ‘ਚ ਬਜ਼ੁਰਗਾਂ ਦੀ ਆਬਾਦੀ ਵਧ ਰਹੀ ਹੈ ਤਿਵੇਂ ਤਿਵੇਂ ਸਰਕਾਰਾਂ ਬਜ਼ੁਰਗਾਂ ਦੀ ਸਮਾਜਿਕ ਸੁਰੱਖਿਆ ਤੇ ਖਰਚ ਕਰਨ ਤੋਂ ਹੱਥ ਪਿਛੇ ਖਿਚ ਰਹੀਆਂ ਹਨ। ਸਮਾਜਿਕ ਸੁਰੱਖਿਆ ਵਾਸਤੇ ਕੁਲ ਬਜ਼ਟ ਵਿਚ ਬਜ਼ਟ ਦੀ ਰਾਸ਼ੀ ਘਟ ਰੱਖੀ ਜਾ ਰਹੀ ਹੈ। ਬਜ਼ੁਰਗਾਂ ਦੀ ਵਧਦੀ ਹੋਈ ਆਬਾਦੀ ਦੇ ਬਹੁਤ ਗੰਭੀਰ ਸਮਾਜਿਕ ਆਰਥਿਕ ਸੰਕੇਤ ਹਨ। ਭਾਰਤ ਵੰਨ ਸੁਵੰਨਤਾ ਨਾਲ ਭਰਭੂਰ ਦੇਸ਼ ਹੈ। ਇਥੇ ਬਿਰਧਾਂ ਦੀਆਂ ਸਮੱਸਿਆਵਾਂ ਵੀ ਵੱਖ ਵੱਖ ਤਰ੍ਹਾਂ ਦੀਆਂ ਹਨ। ਸੰਸਕ੍ਰਿਤੀ, ਭਾਸ਼ਾ, ਜਾਤ-ਪਾਤ, Çਲੰਗ, ਆਰਥਿਕ ਸਥਿਤੀ, ਜੀਵਨ ਪ੍ਰਣਾਲੀ ਆਦਿ ਦੇ ਫ਼ਰਕ ਬਿਰਧ ਜੀਵਨ ਨੂੰ ਕਈ ਤਰ੍ਹਾਂ ਪ੍ਰਭਾਵਿਤ ਕਰਦੇ ਹਨ।
ਪੇਂਡੂ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਹੈ। ਸਟੈਟਿਸਟਿਕਸ ਤੇ ਪ੍ਰੋਗ੍ਰਾਮ ਇੰਪਲੀਮੈਂਟਸਨ ਮੰਤਰਾਲੇ ਅਨੁਸਾਰ ਪਿੰਡਾਂ ‘ਚ ਹਰੇਕ ਬਜ਼ੁਰਗ ਨੂੰ ਆਪਣੇ ਨਿੱਜੀ ਖਰਚੇ ਲਈ ਹਰੇਕ ਮਹੀਨੇ ਔਸਤਨ 4700 ਰੁਪਏ ਦੀ ਲੋੜ ਹੁੰਦੀ ਹੈ। ਪਰ ਉਨ੍ਹਾਂ ਨੂੰ ਐਨਾ ਪੈਸਾ ਵੀ ਨਹੀਂ ਮਿਲਦਾ। ਵੱਡੀ ਗਿਣਤੀ ਵਿਚ ਬਜ਼ੁਰਗ ਨਿੱਜੀ ਖਰਚੇ ਝੱਲਣ ਦੇ ਸਮਰੱਥ ਨਹੀਂ ਹਨ। ਮੰਤਰਾਲੇ ਅਨੁਸਾਰ ਰਾਹਸਥਾਨ ਵਿਚ 53 ਫੀਸਦੀ, ਗੁਜਰਾਤ ਵਿਚ 50 ਫੀਸਦੀ, ਮੱਧ ਪ੍ਰਦੇਸ਼ ਵਿੱਚ ਤੇ ਬਿਹਾਰ ਵਿਚ 41 ਫੀਸਦੀ ਅਤੇ ਉੱਤਰ ਪ੍ਰਦੇਸ਼ ਵਿਚ 38 ਫੀਸਦੀ ਬਜ਼ੁਰਗ ਆਪਣੇ ਨਿੱਜੀ ਖਰਚਿਆਂ ਲਈ ਦੂਸਰਿਆਂ ਤੇ ਨਿਰਭਰ ਹਨ। ਸਰਕਾਰਾਂ ਦੀਆਂ ਬਜ਼ੁਰਗਾਂ ਨੂੰ ਰਾਹਤ ਦੇਣ ਵਾਲੀਆਂ ਯੋਜਨਾਵਾਂ ਵੀ ਉਨ੍ਹਾਂ ਤੱਕ ਨਹੀ ਪਹੁੰਚਦੀਆਂ।
ਵਧ ਰਹੀ ਮਹਿੰਗਾਈ ਨੇ ਵੀ ਬਜ਼ੁਰਗਾਂ ਦੇ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਲੋਕਾਂ ਦੀ ਆਮਦਨ ਘੱਟ ਰਹੀ ਹੈ। ਜਿਸ ਕਾਰਨ ਅੱਜ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਸਾਂਭ ਨਹੀਂ ਰਹੇ ਹਨ। ਅਜਿਹਾ ਨਹੀਂ ਕਿ ਉਹ ਮਨੁੱਖੀ ਭਾਵਨਾਵਾਂ ਤੋਂ ਕੋਰੇ ਹਨ ਸਗੋਂ ਹਾਲਾਤ ਨੇ ਉਨ੍ਹਾਂ ਨੂੰ ਕਠੋਰ ਅਤੇ ਕਰੂਰ ਬਣਾ ਦਿੱਤਾ ਹੈ। ਜ਼ਿਆਦਾਤਰ ਬਜ਼ੁਰਗਾਂ ਦੀ ਆਪਣੇ ਜਾਤੀ ਖਰਚੇ ਲਈ ਦੂਸਰਿਆਂ ਤੇ ਨਿਰਭਰਤਾ ਵੱਧ ਗਈ ਹੈ। ਬਦਲਦੇ ਮਾਹੋਲ ਵਿਚ ਪਰਿਵਾਰ ਬਜ਼ੁਰਗਾਂ ਨੂੰ ਘਰ ਦੀ ਦਹਿਲੀਜ਼ ਤੋਂ ਦੂਰ ਰੱਖ ਰਹੇ ਹਨ। ਬਜ਼ੁਰਗ ਘਰ ਦੇ ਕਿਸੇ ਕੋਨੇ ਵਿਚ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ। ਇਕ ਸਰਵੇਖਣ ਅਨੁਸਾਰ 30 ਤੋਂ 50 ਫੀਸਦੀ ਤੱਕ ਬਜ਼ੁਰਗਾਂ ਵਿਚ ਅਜਿਹੇ ਲੱਛਣ ਦੇਖੇ ਗਏ ਹਨ। ਜੋ ਉਨ੍ਹਾਂ ਨੂੰ ਉਦਾਸੀ ਦਾ ਸ਼ਿਕਾਰ ਬਣਾਉਂਦੇ ਹਨ। ਉਦਾਸੀ ਦਾ ਗਰੀਬੀ, ਖਰਾਬ ਸਿਹਤ ਅਤੇ ਇਕੱਲੇਪਣ ਨਾਲ ਡੂੰਘਾ ਸਬੰਧ ਹੈ। ਕਦੇ ਕਦੇ ਬਿਰਧ ਵਿਅਕਤੀ ਬੁਢਾਪੇ ਨੂੰ ਸਵੀਕਾਰ ਨਾ ਕਰਕੇ ਬੁਢਾਪੇ ਨੂੰ ਕਲੰਕ ਮੰਨ ਲੈਦੇ ਹਨ। ਉਂਜ ਭਾਰਤੀ ਸਮਾਜ ਵਿਚ ਬਿਰਧਾਂ ਨੂੰ ਰਵਾਇਤੀ ਤੌਰ ਤੇ ਉੱਚ ਸਮਾਜਿਕ ਮਾਣ ਮਰਿਆਦਾ ਮਿਲਦੀ ਹੈ। ਵਿਆਹ ਸ਼ਾਦੀਆਂ, ਸਿੱਖਿਆ ਆਦਿ ਮਹੱਤਵਪੂਰਨ ਵਿਸ਼ਿਆ ਤੇ ਬਜ਼ੁਰਗਾਂ ਦੀ ਸਲਾਹ ਵੀ ਲਈ ਜਾਂਦੀ ਹੈ।
ਅਜੌਕੇ ਸਮੇਂ ਬਜ਼ੁਰਗ ਆਪਣੇ ਬੱਚਿਆਂ ਨਾਲ ਗੱਲ ਕਰਨ ਨੂੰ ਤਰਸ ਰਹੇ ਹਨ।ਬੱਚੇ ਦਾਦਾ ਦਾਦੀ ਦੀ ਕਹਾਣੀ ਸੁਣਨ ਦੀ ਬਜਾਏ ਕਾਰਟੂਨ ਦੇਖਣ ਨੂੰ ਤਰਜੀਹ ਦੇ ਰਹੇ ਹਨ। ਜਦੋਂ ਕਿ ਬਜ਼ੁਰਗਾਂ ਨੂੰ ਬੱਚਿਆਂ ਨਾਲ ਗੱਲ ਕਰਨ ਦੀ ਤਾਂਘ ਹੈ। ਬਜ਼ੁਰਗਾਂ ਦਾ ਲੰਬਾ ਤਜ਼ਰਬਾ ਹੁੰਦਾ ਹੈ। ਬਜ਼ੁਰਗਾਂ ਦੇ ਤਜ਼ਰਬੇ ਨੂੰ ਧਿਆਨ ਵਿਚ ਰੱਖਕੇ ਉਨ੍ਹਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅਸਲ ਵਿਚ ਬਜ਼ੁਰਗਾਂ ਨੂੰ ਘਰਾਂ ਵਿਚ ਬੋਝ ਸਮਝਿਆ ਜਾ ਰਿਹਾ ਹੈ। ਕਈ ਵਾਰ ਘਰਾਂ ਵਿਚ ਬਜ਼ੁਰਗਾਂ ਨੂੰ ਅਪਸ਼ਬਦ ਤੇ ਗਾਲੀ ਗਲੋਚ ਵੀ ਕੀਤੀ ਜਾਂਦਾ ਹੈ। ਬਜ਼ੁਰਗਾਂ ਵਿਰੁੱਧ ਵਧ ਰਹੇ ਅਪਰਾਧਾਂ ਕਾਰਨ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀਆਂ ਆਰਥਿਕ, ਸਮਾਜਿਕ, ਮਾਨਸਿਕ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿਚ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਨ੍ਹਾਂ ਨੂੰ ਇਕ ਪਾਸੇ ਰੱਖਣ ਦੀ ਬਜਾਏ ਸਮਾਜ ਦੇ ਜੀਵਨ ਵਿਚ ਸ਼ਾਮਲ ਕੲਕੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੌਰ ਤੇ ਦੇਖਭਾਲ ਕੀਤੀ ਜਾਵੇ ਜਿੱਥੇ ਉਹ ਸਮਾਜਿਕ ਸਥਿਤੀਆਂ ਨੂੰ ਸੁਧਾਰਨ ਵਿਚ ਭਰਭੂਰ ਯੋਗਦਾਨ ਪਾ ਸਕਣ।
ਬਜ਼ੁਰਗ ਪਰਿਵਾਰ ਦੀ ਰੀੜ ਦੀ ਹੱਡੀ ਹੁੰਦੇ ਹਨ। ਜੋ ਪੂਰੇ ਪਰਿਵਾਰ ਨੂੰ ਜੋੜਕੇ ਰੱਖਦੇ ਹਨ। ਇਨ੍ਹਾਂ ਤੇ ਹੀ ਘਰ ਦੀ ਨੀਂਹ ਟਿਕੀ ਹੁੰਦੀ ਹੈ। ਬਜ਼ੁਰਗਾਂ ਤੋਂ ਬਿਨਾਂ ਘਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਮਾਜ ਅਤੇ ਪਰਿਵਾਰ ਦੇ ਨਿਰਮਾਣ ਲਈ ਬਜ਼ੁਰਗਾਂ ਦਾ ਹੋਣਾ ਲਾਜ਼ਮੀ ਹੈ। ਮਾਂ-ਬਾਪ ਰੱਬ ਦਾ ਦੂਜਾ ਰੂਪ ਹੁੰਦੇ ਹਨ। ਬਜ਼ੁਰਗ ਉਸ ਮਜ਼ਬੂਤ ਜੜ ਵਾਲੇ ਰੁੱਖ ਦੀ ਤਰ੍ਹਾਂ ਹੁੰਦੇ ਹਨ। ਜਿਹੜੇ ਸਾਨੂੰ ਆਪਣੀ ਛਾਂ ਹੇਠ ਬੜੇ ਲਾਡਾਂ ਚਾਵਾਂ ਨਾਲ ਪਾਲਦੇ ਹਨ। ਬਜ਼ੁਰਗ ਖੁਦ ਤੰਗੀਆਂ ਕੁਰਸੀਆਂ ਵਿਚ ਜੀਵਨ ਬਤੀਤ ਕਰਕੇ ਸਾਨੂੰ ਪੜਾ ਲਿਖਾਕੇ ਇਸ ਸਮਾਜ ਵਿਚ ਵਿਚਰਨ ਦੇ ਯੋਗ ਬਣਾਉਂਦੇ ਹਨ। ਸਾਨੂੰ ਚਾਹੀਦਾ ਹੈ ਬਜ਼ੁਰਗਾਂ ਦੇ ਪੈਰੀ ਹੱਥ ਲਗਾਈਏ, ਉਨ੍ਹਾਂ ਦੇ ਕੋਲ ਬੈਠਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣੀਏ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰੀਏ, ਬਜ਼ੁਰਗਾਂ ਦੇ ਘਰੋਂ ਬਾਹਰ ਆਉਂਦੇ ਜਾਂਦੇ ਸਮੇਂ ਨਾਲ ਆਦਰ ਭਾਵਨਾ ਨਾਲ ਪੇਸ਼ ਆਈਏ ਤਾਂ ਕਿ ਉਨ੍ਹਾਂ ਨੂੰ ਮਾਨਸਿਕ ਸੰਤੁਸ਼ਟੀ ਪ੍ਰਾਪਤ ਹੋ ਸਕੇ। ਬਜ਼ੁਰਗਾਂ ਨੂੰ ਘਰ ਪਰਿਵਾਰ ਦੇ ਵਿਕਾਸ ਵਾਸਤੇ ਬੜੇ ਤਿਆਗ ਕੀਤੇ ਹੁੰਦੇ ਹਨ। ਸਾਨੂੰ ਬਜ਼ੁਰਗਾਂ ਦੇ ਕੀਤੇ ਕੰਮਾਂ ਦਾ ਮੱਹਤਵ, ਤਿਆਗ ਅਤੇ ਯੋਗਦਾਨ ਬਾਰੇ ਵੀ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝੇ ਕਰਨੇ ਚਾਹੀਦੇ ਹੈ ਤਾਂ ਕਿ ਉਨ੍ਹਾਂ ਦੇ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਬੱਚੇ ਮੁਸਕਿਲਾਂ ਨੂੰ ਪਾਰ ਕਰਨ ਦੀ ਹਿੰਮਤ ਲੈ ਸਕਣ ਅਤੇ ਬਜ਼ੁਰਗਾਂ ਲਈ ਉਨ੍ਹਾਂ ਦੇ ਮਨ ਵਿਚ ਸਨਮਾਨ ਬਣਿਆ ਰਹੇ।
ਸਰਕਾਰ ਨੂੰ ਦੇਸ਼ ਵਿਚ ਬੁਢਾਪਾ ਸੰਭਾਲ ਕਮਿਸ਼ਨ ਬਣਾਉਣਾ ਚਾਹੀਦਾ ਹੈ। ਕਿਉਕਿ ਬੁਢਾਪੇ ਵਿਚ ਬਿਮਾਰੀਆਂ ਵਧ ਜਾਂਦੀਆਂ ਹਨ ਤੇ ਬੁੱਢੇ ਆਦਮੀ ਕੋਲ ਕਮਾਈ ਦੇ ਸਾਧਨ ਨਹੀਂ ਰਹਿੰਦੇ। ਉਸ ਵੇਲੇ ਜਾਂ ਤਾ ਬੀਮਾ ਕੰਪਨੀਆਂ ਉਨ੍ਹਾਂ ਦਾ ਬੀਮਾ ਕਰਦੀਆਂ ਹੀ ਨਹੀਂ ਜਾਂ ਬਹੁਤ ਮਹਿੰਗਾ ਬੀਮਾ ਕੀਤਾ ਜਾਂਦਾ ਹੈ। 65 ਸਾਲ ਤੋਂ ਬਾਅਦ ਬਜ਼ੁਰਗਾਂ ਨੂੰ ਕ੍ਰੈਡਿਟ ਕਾਰਡ ਜਾ ਕਰਜ਼ਾ ਵੀ ਆਮ ਤੌਰ ਤੇ ਨਹੀਂ ਮਿਲਦਾ।ਅਜਿਹੀ ਹਾਲਤ ਵਿਚ ਬੁਢਾਪੇ ਦੀ ਸੰਭਾਲ ਲਈ ਕਮਿਸ਼ਨ ਬਣਾਉਣਾ ਤੇ ਉਸ ਦੀਆਂ ਸਿਫਾਰਿਸ਼ਾਂ ਨੂੰ ਸਮਾਬੱਧ ਤਰੀਕੇ ਨਾਲ ਲਾਗੂ ਕਰਨਾ ਜ਼ਰੂਰੀ ਹੈ। 60 ਜਾਂ 65 ਸਾਲ ਦੀ ਉਮਰ ਵਿਚ ਇਕ ਘੱਟੋ ਘੱਟ ਪੈਨਸ਼ਨ ਜ਼ਰੂਰੀ ਹੋਣੀ ਚਾਹੀਦੀ ਹੈ ।
ਬਜ਼ੁਰਗਾਂ ਨੂੰ ਘਰ ਵਿਚ ਰਲ ਮਿਲਕੇ ਰਹਿਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਆਪਣੇ ਨੂੰਹਾਂ ਪੁੱਤਾ ਨੂੰ ਬਿਨਾਂ ਮੰਗੇ ਵੀ ਸਲਾਹ ਨਹੀਂ ਦੇਣੀ ਚਾਹੀਦੀ ਅਤੇ ਨਾ ਹੀ ਉਨ੍ਹਾਂ ਦੇ ਨਿੱਜੀ ਕੰਮਾਂ ਵਿਚ ਦਖਲ ਦੇਣਾ ਚਾਹੀਦਾ ਹੈ।ਬਜ਼ੁਰਗਾਂ ਨੂੰ ਆਪਣੇ ਆਪ ਨੂੰ ਰੁਝੇਵੇ ਵਿਚ ਰੱਖਣਾ ਚਾਹੀਦਾ ਹੈ। ਘਰ ਦੇ ਛੋਟੇ ਮੋਟੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਰੋਜ਼ਾਨਾ ਕਸਰਤ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਸਮੇ ਦੀ ਸਹੀ ਵਰਤੋਂ ਕਰਦੇ ਹੋਏ ਹਰ ਰੋਜ਼ ਅਖਬਾਰ, ਚੰਗੇ ਮੈਗਜ਼ੀਨ ਅਤੇ ਸਾਹਿਤ ਜ਼ਰੂਰਤ ਪੜ੍ਹਨਾ ਚਾਹੀਦਾ ਹੈ। ਮੰਨੋੋਰੰਜਨ ਲਈ ਥੋੜਾ ਬਹੁਤ ਟੀਵੀ ਵੀ ਦੇਖਣਾ ਚਾਹੀਦਾ ਹੈ। ਆਪਣੇ ਪਰਿਵਾਰ ਵਿਚ ਹਮੇਸ਼ਾ ਪ੍ਰੇਮ ਪਿਆਰ ਦਾ ਮਾਹੌਲ ਸਿਰਜਕੇ ਰੱਖਣਾ ਚਾਹੀਦਾ ਹੈ ਤਾਂ ਕਿ ਘਰ ਵਿਚ ਹਰ ਕੋਈ ਤੁਹਾਡਾ ਦਿਲੋ ਮਾਣ ਸਤਿਕਾਰ ਕਰਦਾ ਰਹੇ।
-ਨਰਿੰਦਰ ਸਿੰਘ
-ਮੋਬਾ: 98146-62260

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ