Monday, May 20, 2024  

ਲੇਖ

ਤਕਨਾਲੋਜੀ ਦੀ ਲੋੜ ਤੋਂ ਵੱਧ ਵਰਤੋਂ ਹੋ ਸਕਦੀ ਹੈ ਨੁਕਸਾਨਦੇਹ

May 10, 2024

ਅੱਜ ਦੇ ਇਸ ਵਿਗਿਆਨਿਕ ਯੁੱਗ ਵਿੱਚ ਸਾਨੂੰ ਅੱਗੇ ਵਧਣ ਅਤੇ ਜੀਵਨ ਵਿੱਚ ਸਫਲ ਵਿਅਕਤੀ ਬਣਨ ਲਈ ਹਰ ਸੰਭਵ ਨਵੀਆਂ ਤਕਨੀਕਾਂ ਦੀ ਲੋੜ ਹੈ। ਮੌਜੂਦਾ ਸਮੇਂ ’ਚ ਭਾਰਤ ਹਰ ਖੇਤਰ ’ਚ ਤਕਨਾਲੋਜੀ ਤੇ ਤਕਨੀਕ ਦੇ ਨਵੇਂ ਮੋਡ ਨੂੰ ਅਪਣਾਉਂਦੇ ਹੋਏ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਅੱਜ ਹਰ ਖੇਤਰ ’ਚ ਤਕਨੀਕੀ ਤਰੱਕੀ ਦਾ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ। ਸਿਹਤ ਤੋਂ ਲੈ ਕੇ ਸਿੱਖਿਆ ਤੱਕ, ਰੱਖਿਆ ਤੋਂ ਲੈ ਕੇ ਖੇਤੀਬਾੜੀ ਦੇ ਖੇਤਰ ’ਚ ਸ਼ਾਨਦਾਰ ਤਰੱਕੀ ਕੀਤੀ ਹੈ। ਚਾਹੇ ਉਹ ਪੁਲਾੜ ਵਿੱਚ ਯਾਨ ਭੇਜਣਾ ਹੋਵੇ ਚਾਹੇ ਦੇਸ਼ ਦੀ ਰੱਖਿਆ ਖਾਤਰ ਨਵੇਂ ਪਰਮਾਣੂ ਹਥਿਆਰ ਬਣਾਉਣੇ ਹੋਣ ਚਾਹੇ ਖੇਤੀ ਦੀ ਉਪਜ ਵਧਾਉਣ ਲਈ ਨਵੇਂ ਉਪਕਰਨਾਂ ਦੀ ਖੋਜ ਹੋਵੇ ਚਾਹੇ ਵਿੱਦਿਆ ਦੇ ਖੇਤਰ ਵਿੱਚ ਨਵੀਆਂ ਨਵੀਆਂ ਤਕਨੀਕਾਂ ਦਾ ਵਿਕਾਸ ਕਰਨਾ ਹੋਵੇ ਇਹ ਸਭ ਕੁਝ ਵਿਗਿਆਨਿਕ ਯੁੱਗ ਵਿੱਚ ਟੈਕਨੋਲੋਜੀ ਦੀ ਤਰੱਕੀ ਦੇ ਨਾਲ ਨਾਲ ਸੰਭਵ ਹੋਇਆ ਹੈ। ਇੰਨਾ ਹੀ ਨਹੀਂ ਮਨੁੱਖ ਕਾਫੀ ਹੱਦ ਤੱਕ ਤਕਨਾਲੋਜੀ ’ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਤਕਨਾਲੋਜੀ ਸਾਡੇ ਹਰ ਕੰਮ ਨੂੰ ਬਿਹਤਰ ਅਤੇ ਆਸਾਨ ਬਣਾਉਣ ਵਿੱਚ ਸਾਡੀ ਮਦਦ ਕਰਦੀ ਹੈ। ਇਸ ਆਧੁਨਿਕ ਸੰਸਾਰ ਵਿੱਚ ਇੱਕ ਦੇਸ਼ ਨੂੰ ਦੂਜੇ ਦੇਸ਼ਾਂ ਨਾਲੋਂ ਮਜ਼ਬੂਤ, ਸ਼ਕਤੀਸ਼ਾਲੀ ਅਤੇ ਚੰਗੀ ਤਰ੍ਹਾਂ ਵਿਕਸਤ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਆਂ ਕਾਢਾਂ ਕਰਨੀਆਂ ਬਹੁਤ ਜ਼ਰੂਰੀ ਹਨ। ਅੱਜ ਮਨੁੱਖ ਨੇ ਵਿਗਿਆਨ ਅਤੇ ਤਕਨਾਲੋਜੀ ਵਿੱਚ ਬਹੁਤ ਵਿਕਾਸ ਕਰ ਲਿਆ ਹੈ।ਸਾਡੇ ਸਾਰਿਆਂ ਦਾ ਜੀਵਨ ਆਧੁਨਿਕ ਸਮੇਂ ਦੀਆਂ ਵਿਗਿਆਨਕ ਕਾਢਾਂ ਅਤੇ ਤਕਨੀਕਾਂ ਉੱਤੇ ਨਿਰਭਰ ਹੈ। ਵਿਗਿਆਨ ਅਤੇ ਤਕਨਾਲੋਜੀ ਨੇ ਲੋਕਾਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਨੇ ਜੀਵਨ ਨੂੰ ਆਸਾਨ, ਸਰਲ, ਸੁਵਿਧਾਜਨਕ ਅਤੇ ਤੇਜ਼ ਬਣਾ ਦਿੱਤਾ ਹੈ। ਹੁਣ ਤਕਨਾਲੋਜੀ ਤੋਂ ਬਿਨਾਂ ਇੱਕ ਪਲ ਰਹਿਣਾ ਵੀ ਅਸੰਭਵ ਜਿਹਾ ਲੱਗਦਾ ਹੈ।
ਜੇਕਰ ਅਸੀਂ ਵਿਗਿਆਨ ਵਿੱਚ ਤਰੱਕੀ ਨਾ ਕੀਤੀ ਹੁੰਦੀ ਤਾਂ ਅੱਜ ਸਾਡਾ ਜੀਵਨ ਪਹਿਲਾਂ ਵਾਂਗ ਔਖਾ ਅਤੇ ਸਮਾਂ ਬਰਬਾਦ ਕਰਨ ਵਾਲ਼ਾ ਹੋਣਾ ਸੀ। ਨਵੀਆਂ ਕਾਢਾਂ ਨੇ ਸਾਨੂੰ ਬਹੁਤ ਸਾਰੇ ਫਾਇਦੇ ਦਿੱਤੇ ਹਨ। ਸਾਡੇ ਆਲੇ-ਦੁਆਲੇ ਬਹੁਤ ਸਾਰੀ ਤਕਨੀਕ ਹੈ। ਮੋਬਾਈਲ ਫੋਨ, ਟੀ.ਵੀ., ਕੰਪਿਊਟਰ, ਇੰਟਰਨੈੱਟ, ਓਵਨ, ਫਰਿੱਜ, ਵਾਸ਼ਿੰਗ ਮਸ਼ੀਨ, ਵਾਟਰ ਡਿਸਪੈਂਸਰ ਮੋਟਰਸਾਈਕਲ, ਜਹਾਜ਼, ਰੇਲ, ਬੱਸ, ਆਵਾਜਾਈ ਦੇ ਸਾਧਨ ਸਭ ਕੁਝ ਆਧੁਨਿਕ ਤਕਨੀਕ ਦੀ ਮਦਦ ਨਾਲ ਸੰਭਵ ਹੋਇਆ ਹੈ। ਨਵੀਆਂ ਕਿਸਮਾਂ ਦੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਅਤੇ ਨਵੀਆਂ ਤਕਨੀਕਾਂ ਨਾਲ ਗੁੰਝਲਦਾਰ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਗਿਆ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਆਧੁਨਿਕ ਤਕਨੀਕ ਤੋਂ ਬਿਨਾਂ ਸਾਡਾ ਜੀਵਨ ਸੰਭਵ ਨਹੀਂ ਹੈ।
ਰਾਸ਼ਟਰੀ ਤਕਨਾਲੋਜੀ ਦਿਵਸ ਭਾਰਤ ਵਿੱਚ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਹੈ ਜੋ ‘ਸ਼ਕਤੀ’ ਦੀ ਵਰ੍ਹੇਗੰਢ ਨੂੰ ਮਨਾਉਂਦਾ ਹੈ।‘ਸ਼ਕਤੀ’ ਪੋਖਰਣ ਪ੍ਰਮਾਣੂ ਪ੍ਰੀਖਣ ਹੈ ਜੋ 11 ਮਈ 1998 ਨੂੰ ਕੀਤਾ ਗਿਆ ਸੀ। ਭਾਰਤ ਨੇ 1998 ਵਿੱਚ ਰਾਜਸਥਾਨ ਵਿੱਚ ਪੋਖਰਨ ਟੈਸਟ ਲੜੀ ਵਿੱਚ ਦੂਜੀ ਵਾਰ ਸਫਲਤਾਪੂਰਵਕ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਹ ਪ੍ਰਮਾਣੂ ਪ੍ਰੀਖਣ ਗੁਪਤ ਤਰੀਕੇ ਨਾਲ ਕੀਤਾ ਗਿਆ ਸੀ। ਭਾਰਤ ਨੇ ਆਪਣਾ ਪਹਿਲਾ ਪਰਮਾਣੂ ਬੰਬ ਪ੍ਰੀਖਣ 1974 ਵਿੱਚ ਕੀਤਾ ਸੀ। ਜਿਸਦਾ ਨਾਮ ਸਮਾਈਲਿੰਗ ਬੁੱਧਾ ਸੀ।
1998 ਵਿੱਚ, ਭਾਰਤ ਨੇ ਰਾਜਸਥਾਨ ਵਿੱਚ ਪੋਖਰਨ ਟੈਸਟ ਲੜੀ ਵਿੱਚ ਸਫਲਤਾਪੂਰਵਕ ਪੰਜ ਪਰਮਾਣੂ ਪ੍ਰੀਖਣ ਕੀਤੇ। ਅਜਿਹਾ ਕਰਨ ਨਾਲ, ਭਾਰਤ ‘ਪ੍ਰਮਾਣੂ ਕਲੱਬ’ ਵਿੱਚ ਸ਼ਾਮਲ ਹੋਣ ਵਾਲਾ ਛੇਵਾਂ ਦੇਸ਼ ਬਣ ਗਿਆ। ਇਸ ਪ੍ਰੀਖਣ ਤੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਤੀਬਰਤਾ ਰਿਐਕਟਰ ਸਕੇਲ ’ਤੇ 5.3 ਮਾਪੀ ਗਈ। ਭਾਰਤ ਦੇ ਖੋਜ ਵਿਭਾਗ ਨੇ ਇਸ ਟੈਸਟ ਨੂੰ ’ਸ਼ਕਤੀ’ ਦਾ ਨਾਂ ਦਿੱਤਾ ਹੈ। ਇਹ ਪਰਮਾਣੂ ਪ੍ਰੀਖਣ 11 ਅਤੇ 13 ਮਈ 1998 ਨੂੰ ਕੀਤਾ ਗਿਆ ਸੀ। ਜਿੱਥੇ ਪ੍ਰਮਾਣੂ ਪ੍ਰੀਖਣ ਭਾਰਤ ਦਾ ਪਹਿਲਾ ਸਫਲ ਪਰਮਾਣੂ ਪ੍ਰੀਖਣ ਸੀ। ਇਸ ਦਿਨ ਭਾਰਤ ਨੇ ਪੂਰੀ ਦੁਨੀਆ ਵਿੱਚ ਆਪਣੀ ਤਕਨੀਕੀ ਸਮਰੱਥਾ ਦਾ ਸਬੂਤ ਦਿੱਤਾ ਸੀ। ਇਸ ਦਿਨ ਨੂੰ ਪੀੜ੍ਹੀਆਂ ਲਈ ਯਾਦਗਾਰ ਬਣਾਉਣ ਲਈ ਅਤੇ ਭਾਰਤ ਦੇ ਮਹਾਨ ਵਿਗਿਆਨੀਆਂ ਦੀ ਸਖ਼ਤ ਮਿਹਨਤ ਨੂੰ ਸਨਮਾਨਿਤ ਕਰਨ ਲਈ, ਰਾਸ਼ਟਰੀ ਤਕਨਾਲੋਜੀ ਦਿਵਸ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਦਿਨ ਸਾਡੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਨ ਅਤੇ ਵਿਦਿਆਰਥੀਆਂ ਨੂੰ ਕੈਰੀਅਰ ਵਿਕਲਪ ਵਜੋਂ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ।
ਇਸ ਦਿਵਸ ਨੂੰ ਮਨਾਉਣ ਲਈ ਵੱਖ-ਵੱਖ ਤਕਨੀਕੀ ਸੰਸਥਾਵਾਂ ਅਤੇ ਇੰਜੀਨੀਅਰਿੰਗ ਕਾਲਜਾਂ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਵਿਸ਼ਵ ਪੱਧਰ ’ਤੇ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ’ਤੇ ਮੁਕਾਬਲੇ, ਕੁਇਜ਼, ਲੈਕਚਰ, ਇੰਟਰਐਕਟਿਵ ਸੈਸ਼ਨ ਅਤੇ ਪੇਸ਼ਕਾਰੀਆਂ ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਦਿਨ ਇੰਜੀਨੀਅਰਾਂ, ਯੋਜਨਾਕਾਰਾਂ, ਵਿਗਿਆਨੀਆਂ ਅਤੇ ਹੋਰਾਂ ਲਈ ਮਹੱਤਵਪੂਰਨ ਹੈ ਜੋ ਦੇਸ਼ ਦੇ ਨਿਰਮਾਣ ਅਤੇ ਪ੍ਰਸ਼ਾਸਨ ਵਿੱਚ ਲੱਗੇ ਹੋਏ ਹਨ।
ਆਧੁਨਿਕ ਸਮੇਂ ਵਿੱਚ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਵਿੱਚ ਤਕਨਾਲੋਜੀ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਟੈਕਨਾਲੋਜੀ ਦੀ ਬਦੌਲਤ ਅੱਜ ਹਰ ਤਰ੍ਹਾਂ ਦਾ ਕੰਮ ਘਰ ਬੈਠੇ ਹੀ ਮਿੰਟਾਂ ’ਚ ਹੋ ਜਾਂਦਾ ਹੈ, ਚਾਹੇ ਉਹ ਟਿਕਟ ਬੁਕਿੰਗ ਹੋਵੇ, ਇੰਟਰਨੈੱਟ ਰਾਹੀਂ ਐਜੂਕੇਸ਼ਨ , ਬੱਚਿਆਂ ਦੀਆਂ ਆਨਲਾਈਨ ਜਮਾਤਾਂ ਜਾਂ ਬਿਜ਼ਨੈੱਸ ਕਰਨਾ ਹੋਵੇ, ਹਰ ਤਰ੍ਹਾਂ ਦਾ ਕੰਮ ਟੈਕਨਾਲੋਜੀ ਰਾਹੀਂ ਕੀਤਾ ਜਾਂਦਾ ਹੈ। ਅੱਜ ਸਾਡਾ ਦੇਸ਼ ਟੈਕਨਾਲੋਜੀ ਦੇ ਮਾਮਲੇ ਵਿੱਚ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਹੈ। ਅੱਜ ਦੇਸ਼ ਦੇ ਹੋਣਹਾਰ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਮਦਦ ਨਾਲ ਅਸੀਂ ਉੱਨਤ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕਰ ਲਈ ਹੈ। ਰਾਸ਼ਟਰੀ ਤਕਨਾਲੋਜੀ ਦਿਵਸ ’ਤੇ ਭਾਰਤ ਦੀਆਂ ਤਕਨੀਕਾਂ ਅਤੇ ਵਿਗਿਆਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਟੈਕਨਾਲੋਜੀ ਨੂੰ ਉੱਚ ਪੱਧਰ ’ਤੇ ਲੈ ਜਾਣ ਲਈ ਭਾਰਤ ਸਰਕਾਰ ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਮੁਹਿੰਮਾਂ ’ਚ ਵੀ ਲੱਗੀ ਹੋਈ ਹੈ। ਭਾਰਤ ਦਾ ਕੇਂਦਰੀ ਮੰਤਰਾਲਾ ਵੀ ਵਿਗਿਆਨ ਅਤੇ ਤਕਨਾਲੋਜੀ ਨੂੰ ਵਧੇਰੇ ਉਤਸ਼ਾਹਿਤ ਕਰ ਰਿਹਾ ਹੈ। ਤਕਨਾਲੋਜੀ ਦੀ ਇਸ ਕੁਰਬਾਨੀ ਨੂੰ ਯਾਦ ਕਰਨ ਲਈ ਰਾਸ਼ਟਰੀ ਤਕਨਾਲੋਜੀ ਦਿਵਸ ਵੀ ਮਨਾਇਆ ਜਾਂਦਾ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਵਿੱਚ ਕਈ ਤਰ੍ਹਾਂ ਦੇ ਪਰਮਾਣੂ ਪ੍ਰੀਖਣ ਕੀਤੇ ਗਏ ਹਨ। ਪਰਮਾਣੂ ਪ੍ਰੀਖਣ ਦੀ ਯਾਦ ਵਿਚ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾਂਦਾ ਹੈ। ਭਾਰਤ ਦੇ ਮਹਾਨ ਵਿਗਿਆਨੀ ਡਾ.ਏ.ਪੀ.ਜੇ. ਕਲਾਮ ਇਸ ਪ੍ਰਮਾਣੂ ਪ੍ਰੀਖਣ ਸਮੇਂ ਡੀਆਰਡੀਓ ਦੇ ਨਿਰਦੇਸ਼ਕ ਅਤੇ ਵਿਗਿਆਨਕ ਸਲਾਹਕਾਰ ਸਨ। ਇਸ ਮਿਸ਼ਨ ਨੂੰ 1998 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਅਤੇ ਸ਼੍ਰੀ ਕਲਾਮ ਜੀ ਦੀ ਅਗਵਾਈ ਵਿੱਚ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਗਿਆ ਸੀ।
ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਉਣ ਨਾਲ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋਵੇਗਾ ਅਤੇ ਭਾਰਤ ਲਈ ਕੁਝ ਨਵਾਂ ਕਰਨ ਦੀ ਸਮਰੱਥਾ ਵੀ ਆਵੇਗੀ।
ਰਾਸ਼ਟਰੀ ਤਕਨਾਲੋਜੀ ਦਿਵਸ ’ਤੇ, ਅਸੀਂ ਭਾਰਤ ਦੇ ਪ੍ਰਮਾਣੂ ਪ੍ਰੀਖਣ ਦੇ ਦਿਨ ਨੂੰ ਯਾਦ ਕਰਦੇ ਹਾਂ। ਰਾਸ਼ਟਰੀ ਟੈਕਨਾਲੋਜੀ ਦਿਵਸ ਮਨਾਉਣ ਪਿੱਛੇ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਸਤਿਕਾਰ ਹੋਵੇ ਅਤੇ ਉਹ ਪ੍ਰਮਾਣੂ ਪ੍ਰੀਖਣ ਦੇ ਦਿਨ ਨੂੰ ਕਦੇ ਵੀ ਨਾ ਭੁੱਲਣ।
11 ਮਈ 1998 ਨੂੰ, ਪਰਮਾਣੂ ਪ੍ਰੀਖਣ ਤੋਂ ਇਲਾਵਾ, ਭਾਰਤ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਇੱਕ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ, ਜਿਸ ਨੂੰ ਤਿ੍ਰਸ਼ੂਲ ਮਿਜ਼ਾਈਲ ਦਾ ਨਾਮ ਦਿੱਤਾ ਗਿਆ।
ਇਸ ਦਿਨ, ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਨਾਮ ਅਤੇ ਸਨਮਾਨ ਦਿੱਤਾ ਜਾਂਦਾ ਹੈ।
11 ਮਈ, 1998 ਨੂੰ, ਇੱਕ ਭਾਰਤੀ ਹਵਾਈ ਜਹਾਜ਼ ਨੂੰ ਸਿਖਲਾਈ ਲਈ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸਦਾ ਨਾਮ ਹੰਸਾ-3 ਸੀ ਅਤੇ ਇਸਦੀ ਪਹਿਲੀ ਉਡਾਣ ਬੈਂਗਲੁਰੂ ਦੇ ਹਵਾਈ ਅੱਡੇ ਤੋਂ ਹੋਈ ਸੀ।
ਨੈਸ਼ਨਲ ਟੈਕਨਾਲੋਜੀ ਦਿਵਸ ਵਾਲੇ ਦਿਨ ਗਿਆਨ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਵਿਦਿਆਰਥੀ ਆਪਣੀਆਂ ਕੁਝ ਕਾਢਾਂ ਅਤੇ ਪ੍ਰਯੋਗਾਂ ਨੂੰ ਦਿਖਾਉਂਦੇ ਹਨ ਅਤੇ ਇਸ ਨਾਲ ਉਨ੍ਹਾਂ ਵਿਦਿਆਰਥੀਆਂ ਵਿੱਚ ਵਿਗਿਆਨ ਦੇ ਖੇਤਰ ਪ੍ਰਤੀ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਹੁੰਦਾ ਹੈ।
ਇੱਕ ਪਾਸੇ ਤਾਂ ਇਹ ਸਾਧਨ ਸਾਨੂੰ ਸਹੂਲਤ ਪ੍ਰਦਾਨ ਕਰ ਰਹੇ ਹਨ, ਪਰ ਦੂਜੇ ਪਾਸੇ ਇਹ ਸਾਧਨ ਕਈ ਤਰ੍ਹਾਂ ਦੇ ਨੁਕਸਾਨ ਵੀ ਕਰ ਰਹੇ ਹਨ। ਹਾਲਾਂਕਿ ਤਕਨਾਲੋਜੀ ਨੇ ਚੀਜ਼ਾਂ ਨੂੰ ਬਦਲ ਦਿੱਤਾ ਹੈ, ਪਰ ਵਿਚਾਰ ਕਰਨ ਲਈ ਕੁਝ ਨਕਾਰਾਤਮਕ ਪਹਿਲੂ ਵੀ ਹਨ। ਤਕਨਾਲੋਜੀ ਦੇ ਕੁਝ ਫਾਇਦੇ ਅਤੇ ਨੁਕਸਾਨ ਹਨ। ਗੋਪਨੀਯਤਾ ਸਭ ਤੋਂ ਵੱਡੀ ਚਿੰਤਾਵਾਂ ਵਿੱਚੋਂ ਇੱਕ ਹੈ ਜਿਸ ਨੂੰ ਤਕਨਾਲੋਜੀ ਨੇ ਸਾਹਮਣੇ ਲਿਆਂਦਾ ਹੈ। ਡਿਜੀਟਲ ਟੈਕਨਾਲੋਜੀ ਦਾ ਮਤਲਬ ਹੈ ਕਿ ਵੱਡੀ ਮਾਤਰਾ ਵਿੱਚ ਡਾਟਾ ਇਕੱਠਾ ਅਤੇ ਸਟੋਰ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਬਾਰੇ ਨਿੱਜੀ ਜਾਣਕਾਰੀ ਸ਼ਾਮਲ ਹੈ।
ਇਸ ਜਾਣਕਾਰੀ ਨੂੰ ਸੁਰੱਖਿਅਤ ਅਤੇ ਗੁਪਤ ਰੱਖਣਾ ਇੱਕ ਚੁਣੌਤੀਪੂਰਨ ਕੰਮ ਹੈ। ਇੱਕ ਗਲਤੀ ਜਾਂ ਡੇਟਾ ਦੀ ਜਾਣਬੁੱਝ ਕੇ ਉਲੰਘਣਾ ਜਾਂ ਡਾਟਾ ਵਿੱਚ ਹੇਰਾਫੇਰੀ ਦਾ ਮਤਲਬ ਹੈ ਕਿ ਨਿੱਜੀ ਜਾਣਕਾਰੀ ਹੈਕਰਾਂ, ਅੱਤਵਾਦੀਆਂ ਆਦਿ ਦੇ ਹੱਥਾਂ ਵਿੱਚ ਜਾ ਰਹੀ ਹੈ।
ਦੂਜੇ ਪਾਸੇ, ਤਕਨਾਲੋਜੀ ਦੇ ਆਉਣ ਤੋਂ ਬਾਅਦ, ਅਸਲ ਜੀਵਨ ਨਾਲ ਸੰਪਰਕ ਘਟਦਾ ਜਾ ਰਿਹਾ ਹੈ। ਲੋਕ ਆਹਮੋ-ਸਾਹਮਣੇ ਗੱਲਬਾਤ ਕਰਨ ਦੀ ਬਜਾਏ ਔਨਲਾਈਨ ਮਿਲਣ ਅਤੇ ਵਿਡੀਉ ਕਾਲ ਨੂੰ ਤਰਜੀਹ ਦਿੰਦੇ ਹਨ। ਇਹ ਆਖਰਕਾਰ ਸਮਾਜ ਤੋਂ ਅਲੱਗ-ਥਲੱਗ ਹੋਣ ਅਤੇ ਨਿਰਲੇਪਤਾ ਦੀ ਭਾਵਨਾ ਦਾ ਨਤੀਜਾ ਹੁੰਦਾ ਹੈ। ਕਈ ਅਧਿਐਨਾਂ ਨੇ ਸੁਝਾਅ ਦਿੱਤਾ ਹੈ ਕਿ ਸਮਾਜ ਨਾਲ ਘੱਟ ਸੰਪਰਕ ਕਈ ਤਰ੍ਹਾਂ ਦੀਆਂ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਕਿ ਡਿਪਰੈਸ਼ਨ ਅਤੇ ਸਮਾਜਿਕ ਚਿੰਤਾ ਵੱਲ ਲੈ ਜਾਂਦਾ ਹੈ।
ਤਕਨਾਲੋਜੀ ਦੇ ਬਹੁਤ ਸਾਰੇ ਫਾਇਦਿਆਂ ਦੇ ਨਾਲ, ਵਿਚਾਰਨ ਲਈ ਕੁਝ ਹੋਰ ਨਕਾਰਾਤਮਕ ਪਹਿਲੂ ਹਨ ਜਿਵੇਂ ਕਿ ਵਧੇ ਹੋਏ ਆਟੋਮੇਸ਼ਨ ਕਾਰਨ ਨੌਕਰੀ ਦੀ ਅਸੁਰੱਖਿਆ, ਗੈਜੇਟਸ ਦੀ ਲਤ, ਜੀਵਨ ਦੀਆਂ ਘਟਨਾਵਾਂ ਦਾ ਘੱਟ ਅਨੁਭਵ ਆਦਿ। ਤਕਨਾਲੋਜੀ ਦੇ ਫਾਇਦੇ ਜਾਂ ਨੁਕਸਾਨ ਮਨੁੱਖ ਦੇ ਹੱਥ ਵਿਚ ਹਨ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਸਹੂਲਤਾਂ ਅਤੇ ਤਕਨਾਲੋਜੀ ਨੂੰ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਵਰਤਣ। ਤਕਨਾਲੋਜੀ ਦੀ ਦੁਰਵਰਤੋਂ ਨਾ ਕਰੋ ਤਾਂ ਜੋ ਤੁਹਾਨੂੰ ਭਵਿੱਖ ਵਿੱਚ ਮਾੜੇ ਪ੍ਰਭਾਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਲਲਿਤ ਗੁਪਤਾ ਲੈਕਚਰਾਰ
-ਮੋਬਾ: 9781590500

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ