Tuesday, January 21, 2025  

ਲੇਖ

ਸਖ਼ਤੀ ਨਾਲ ਦਬਾਏ ਜਾਣ ਬੱਚਿਆਂ ’ਤੇ ਹੁੰਦੇ ਜ਼ੁਲਮ

May 13, 2024

ਮਾਸੂਮ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ। ਮਾਸੂਮ ਖ਼ਿਲਾਫ਼ ਜ਼ੁਲਮ ਬਿਨਾਂ ਕਾਰਨ ਬੇਵਜ੍ਹਾ ਨਰਦਈ ਲੋਕਾਂ ਦਾ ਹੀ ਕਾਰਾ ਹੁੰਦਾ ਹੈ।ਪੰਜਾਬ ਵਿੱਚ ਬੱਚਿਆਂ ਖ਼ਿਲਾਫ਼ ਜ਼ੁਲਮਾਂ ਦਾ ਜੋ ਅੰਨ੍ਹਾ ਖੇਡ ਖੇਡਿਆ ਜਾ ਰਿਹਾ ਹੈ ਕਦੇ ਵੀ ਨਹੀਂ ਖੇਡਿਆ ਗਿਆ ਤੇ ਨਾ ਹੀ ਇਹ ਪੰਜਾਬ ਦੀ ਜਮੀਂ ਤੇ ਵਿਰਾਸਤ ਦੇ ਅਨੁਸਾਰ ਢੁਕਵਾਂ ਹੈ। ਜੇਕਰ ਧਰਮ ਦੀ ਗੱਲ ਕਰੀਏ ਤਾਂ ਦੁਨੀਆਂ ਦਾ ਕੋਈ ਵੀ ਧਰਮ ਬੱਚਿਆਂ ਖ਼ਿਲਾਫ਼ ਜ਼ੁਲਮਾਂ ਦੇ ਖ਼ਿਲਾਫ਼ ਰਿਹਾ ਹੈ। ਪੰਜਾਬ ਵਿੱਚ ਤਾਂ ਸਾਡੇ ਗੁਰੂਆਂ ਨੇ ਹਰ ਤਰ੍ਹਾਂ ਦੇ ਜ਼ੁਲਮ ਖਿਲਾਫ਼ ਆਵਾਜ਼ ਉਠਾਈ ਸੀ। ਜੇਕਰ ਸਾਡੇ ਗੁਰੂਆਂ ਪੀਰਾਂ ਦੀ ਧਰਤੀ ’ਤੇ ਹੀ ਬੱਚਿਆਂ ਖ਼ਿਲਾਫ਼ ਘਿਨਾਉਣੇ ਅਪਰਾਧ ਹੋਣਗੇ ਤਾਂ ਇਹ ਬਿਲਕੁਲ ਅਸਹਿਣਯੋਗ ਹੈ। ਇਸ ਨਾਲ ਸਾਡੇ ਪੰਜਾਬ ਦੀ ਹੀ ਬਦਨਾਮੀ ਹੈ। ਜੇਕਰ ਬੱਚਿਆਂ ਖ਼ਿਲਾਫ਼ ਜ਼ੁਲਮਾਂ ਦੀ ਗੱਲ ਕਰੀਏ ਇਥੇ ਬੱਚਿਆਂ ਦਾ ਸਰੀਰਕ ਸ਼ੋਸ਼ਣ, ਮਾਨਸਿਕ ਸ਼ੋਸ਼ਣ ਤੋਂ ਇਲਾਵਾ ਬੱਚਿਆਂ ਤੋਂ ਮਜ਼ਦੂਰੀ ਕਰਨ ਦੇ ਨਾਲ ਨਾਲ ਭੀਖ ਵੀ ਮੰਗਵਾਈ ਜਾ ਰਹੀ ਹੈ। ਇਥੇ ਹੀ ਬਸ ਨਹੀਂ ਬਹੁਤ ਸਾਰੇ ਸਰਗਣੇ ਬੱਚਿਆਂ ਨੂੰ ਚੁੱਕ ਕੇ ਫ਼ਿਰੌਤੀਆਂ ਮੰਗਦੇ ਹਨ ਕਈ ਵਾਰ ਤਾਂ ਫਿਰੌਤੀ ਨਾ ਦੇਣ ਕਰਕੇ ਮਾਰ ਦਿੱਤਾ ਜਾਂਦਾ ਹੈ। ਇਸਤੋਂ ਇਲਾਵਾ ਬੱਚਿਆਂ ਨੂੰ ਚੁੱਕ ਕੇ ਬਹੁਤ ਸਾਰੇ ਗਿਰੋਹ ਵੇਚ ਦਿੰਦੇ ਹਨ ਜਿਨ੍ਹਾਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾਂਦਾ ਹੈ। ਪਿਛਲੇ ਕੁਝ ਸਾਲ ਪਹਿਲਾਂ ਇੱਕ ਘਟਨਾ ਸੁਣਨ ਵਿੱਚ ਆਈ ਸੀ ਕਿ ਇੱਕ ਪੰਧੇਰ ਨਾਮ ਦੇ ਸ਼ਖ਼ਸ ਨੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ ਜਿਨ੍ਹਾਂ ਦੀਆਂ ਹੱਡੀਆਂ ਉਨ੍ਹਾਂ ਦੀ ਰਿਹਾਇਸ਼ ਤੋਂ ਮਿਲੀਆਂ ਸਨ। ਗੱਲ ਇਥੇ ਹੀ ਬਸ ਨਹੀਂ ਇਸਤੋਂ ਹੋਰ ਅੱਗੇ ਜਾਈਏ ਤਾਂ ਕੀ ਰਿਸ਼ਤੇਦਾਰ ਵੀ ਬੱਚਿਆਂ ਨੂੰ ਨਹੀਂ ਬਖਸ਼ਦੇ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਸੁਣਨ ਨੂੰ ਮਿਲੀਆਂ ਜਿਸ ਵਿਚ ਇੱਕ ਜਗ੍ਹਾ ਪਿਓ ਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਇੱਕ ਜਗ੍ਹਾ ਸੁਣਨ ਨੂੰ ਮਿਲਿਆ ਕਿ ਤਾਏ ਨੇ ਆਪਣੇ ਭਤੀਜੇ ਨੂੰ ਮਾਰ ਦਿੱਤਾ। ਪ੍ਰੇਮ ਸਬੰਧਾਂ ਦੇ ਚੱਲਦਿਆਂ ਕਿੰਨੀਆਂ ਹੀ ਮਾਵਾਂ ਨੇ ਆਪਣੇ ਬੱਚੇ ਮਾਰ ਦਿੱਤੇ।ਸਭ ਤੋਂ ਜ਼ਿਆਦਾ ਜ਼ਮੀਨ ਦੇ ਲਾਲਚ ਅਤੇ ਪ੍ਰੇਮ ਸਬੰਧਾਂ ਕਰਕੇ ਬੱਚਿਆਂ ਨੂੰ ਮਾਰ ਮੁਕਾਇਆ ਗਿਆ। ਬਹੁਤ ਸਾਰੇ ਬੱਚੇ ਮਾਪਿਆਂ ਦੀ ਦੁਸ਼ਮਣੀ ਦਾ ਸ਼ਿਕਾਰ ਹੋਏ। ਬੜੀਆਂ ਉਦਾਹਰਣਾਂ ਹਨ ਜਿਨ੍ਹਾਂ ਵਿਚ ਬੱਚਿਆਂ ਨੂੰ ਬੇਵਜ੍ਹਾ ਹੀ ਮਾਰਿਆ ਗਿਆ ਕਿਉਂਕਿ ਮਾਸੂਮਾਂ ਦੀ ਕਿਸੇ ਨਾਲ ਨਾ ਕੋਈ ਦੁਸ਼ਮਣੀ ਹੁੰਦੀ ਹੈ ਨਾ ਹੀ ਦੋਸਤੀ। ਬੱਚਿਆਂ ਤੇ ਜ਼ੁਲਮ ਕਰਨ ਵਾਲੇ ਬਖਸ਼ੇ ਜਾਣ ਦੇ ਕਾਬਲ ਨਹੀਂ ਹੁੰਦੇ। ਭਾਰਤ ਵਿੱਚ ਬੱਚਿਆਂ ’ਤੇ ਜ਼ੁਲਮ ਕਰਨ ਵਾਲਿਆਂ ਖ਼ਿਲਾਫ਼ ਸਜ਼ਾ ਬਹੁਤ ਘੱਟ ਹੈ ਜਿਸ ਕਰਕੇ ਇਨ੍ਹਾ ਜ਼ੁਲਮਾਂ ਦੀ ਮਿਕਦਾਰ ਘੱਟ ਨਹੀਂ ਰਹੀ ਜਾ ਖ਼ਤਮ ਨਹੀਂ ਹੋ ਰਹੀ।
ਇਥੇ ਸਮਾਜਿਕ ਜਥੇਬੰਦੀਆਂ, ਬੱਚਿਆਂ ਲਈ ਕੰਮ ਕਰ ਰਹੀਆਂ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਖ਼ਿਲਾਫ਼ ਜ਼ੁਲਮਾਂ ਸਬੰਧੀ ਸਖ਼ਤ ਕਾਨੂੰਨਾਂ ਦੀ ਮੰਗ ਕਰਨ। ਇਸਤੋਂ ਇਲਾਵਾ ਧਾਰਮਿਕ ਜਥੇਬੰਦੀਆਂ ਦੇ ਆਗੂ ਧਰਮ ਦੀ ਸਹੀ ਪਰਿਭਾਸ਼ਾ ਸਮਝਾਉਣ ਤੇ ਬੱਚਿਆਂ ਖ਼ਿਲਾਫ਼ ਅਪਰਾਧ ਵਾਲੇ ਲੋਕਾਂ ਨੂੰ ਸਹੀ ਸੇਧ ਦੇਣ। ਬੱਚਿਆਂ ਖ਼ਿਲਾਫ਼ ਜ਼ੁਲਮ ਕਰਨ ਵਾਲਾ ਮਾਨਸਿਕ ਰੋਗੀ ਵੀ ਹੋ ਸਕਦਾ ਹੈ ਇਸ ਲਈ ਅਜਿਹੇ ਮਾਨਸਿਕ ਰੋਗੀਆਂ ਦਾ ਇਲਾਜ ਕਰਕੇ ਇਨ੍ਹਾਂ ਨੂੰ ਬੱਚਿਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਬੱਚਿਆਂ ਦਾ ਸਰੀਰਕ ਸ਼ੋਸ਼ਣ ਅਤੇ ਕਤਲ ਕਰਨ ਵਾਲੇ ਲੋਕਾਂ ਨੂੰ ਸਿੱਧੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ । ਅਜਿਹੇ ਲੋਕ ਸਮਾਜ ਵਿੱਚ ਰਹਿਣ ਦੇ ਕਾਬਲ ਨਹੀਂ। ਸੋ ਸਾਨੂੰ ਸਭ ਨੂੰ ਰਲਕੇ ਬੱਚਿਆਂ ਖ਼ਿਲਾਫ਼ ਜ਼ੁਲਮਾਂ ਨੂੰ ਰੋਕਣਾ ਚਾਹੀਦਾ ਹੈ ਇਹ ਸਾਡੇ ਪੰਜਾਬ ਅਤੇ ਸਮਾਜ ਦੇ ਭਲੇ ਵਿੱਚ ਹੋਵੇਗਾ।

ਗੁਰਦਿੱਤ ਸਿੰਘ ਸੇਖੋਂ

-ਮੋਬਾ: 97811 72781

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ