ਪੰਜਾਬ ਵਿੱਚ ਇਸ ਸਮੇਂ ਹਾੜੀ ਦਾ ਸੀਜਨ ਚੱਲ ਰਿਹਾ ਹੈ ਕਿਸਾਨ ਵੀਰ ਕਣਕ ਦੀ ਵਾਢੀ, ਦਾਣੇ ਸਾਂਭਣ ਤੇ ਖੇਤਾਂ ਨੂੰ ਅਗਲੀ ਫ਼ਸਲ ਲਈ ਤਿਆਰ ਕਰਨ ਵਿੱਚ ਰੁਝੇ ਹੋਏ ਹਨ ਕਾਫੀ ਹੱਦ ਤੱਕ ਵਾਢੀ ਹੋ ਚੁੱਕੀ ਹੈ। ਕਿਸਾਨਾਂ ਦੀ ਬਹੁਗਿਣਤੀ ਕਣਕ ਦੀ ਕਟਾਈ ਕੰਬਾਇਨਾਂ ਰਾਹੀਂ ਕਰਦੀ ਹੈ ਅਤੇ ਕਟਾਈ ਤੋਂ ਬਾਅਦ ਤੂੜੀ ਬਣਾਉਣ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਜਿਹੜਾ ਕਿ ਨਿਹਾਇਤ ਹੀ ਗ਼ੈਰ ਜਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਪਰ ਅੱਜ ਕੱਲ ਕਣਕ ਦੀ ਪਰਾਲੀ ਨੂੰ ਅੱਗ ਬਹੁਤ ਘੱਟ ਲਗਾਈ ਜਾ ਰਹੀ ਹੈ। ਪਰ ਕੁਝ ਕਿਸਾਨਾਂ ਵੱਲੋਂ ਬੀਤੇ ਦਿਨੀਂ ਪੰਜਾਬ, ਹਰਿਆਣਾ, ਦਿੱਲੀ ਅਤੇ ਪੂਰੇ ਉੱਤਰੀ ਭਾਰਤ ਵਿੱਚ ਪਰਾਲੀ ਨੂੰ ਅੱਗ ਲਗਾਉਣ ਨਾਲ ਕਿੰਨਾ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਰਿਹਾ, ਹਜਾਰਾਂ ਦਰੱਖਤ ਸਾੜ ਦਿੱਤੇ ਗਏ, ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ, ਕਈ ਦੁਰਘਟਨਾਵਾਂ ਵਾਪਰੀਆਂ ਤੇ ਕੀਮਤੀ ਜਾਨਾਂ ਗਈਆਂ, ਹਜ਼ਾਰਾਂ ਲੋਕ ਸਾਹ, ਦਮੇਂ, ਖੰਘ, ਬੁਖਾਰ ਆਦਿ ਬਿਮਾਰੀਆਂ ਦੇ ਸ਼ਿਕਾਰ ਹੋਏ । ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਗਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਇਨ੍ਹਾਂ ਨੂੰ ਢੱਕੀ ਰੱਖਦਾ ਹੈ। ਇਹ ਧੂੰਆਂ ਜਿਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ, ਉਥੇ ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜ੍ਹਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਸ਼ਾਮ ਸਮੇਂ ਲਗਾਈ ਅੱਗ ਕਾਰਨ ਬਹੁਤੇ ਸਾਧਨ (ਕਾਰਾਂ, ਮੋਟਰਸਾਈਕਲ, ਬੱਸਾਂ) ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ, ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ। ਮਾਹਿਰਾਂ ਅਨੁਸਾਰ ਇਹ ਧੂੰਆਂ ਇਨਸਾਨ ਤੋਂ ਇਲਾਵਾ ਪਸ਼ੂਆਂ, ਪੰਛੀਆਂ ਲਈ ਵੀ ਘਾਤਕ ਹੈ।
ਪਰ ਹੁਣ ਬਹੁਤ ਕਿਸਾਨ ਵੀਰ ਸਿਆਣਪ ਦਿਖਾਉਂਦੇ ਹੋਏ ਅੱਗ ਲਾਉਣ ਤੋਂ ਕਾਫੀ ਪ੍ਰਹੇਜ ਕਰ ਰਹੇ ਹਨ। ਪਰ ਕਈ ਥਾਵਾਂ ਤੇ ਹਰ ਵਾਰ ਮਨਾਹੀ ਦੇ ਬਾਵਜ਼ੂਦ ਕਿਸਾਨ ਵੀਰ ਅਜੇ ਵੀ ਖੇਤਾਂ ਵਿਚ ਨਾੜ ਸਾੜ ਰਹੇ ਹਨ। ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਸਾੜਨ ਕਰਕੇ ਜਿੱਥੇ ਵਾਤਾਵਰਣ ਦੂਸ਼ਿਤ ਹੋਣ ਕਾਰਨ ਕਈ ਪ੍ਰਕਾਰ ਦੀ ਐਲਰਜ਼ੀ ਦੇ ਫੈਲਣ ਦਾ ਖ਼ਤਰਾ ਉਤਪੰਨ ਹੋ ਰਿਹਾ ਹੈ ਓਥੇ ਹੀ ਨਿੱਕੇ ਬੱਚਿਆਂ ਨੂੰ ਭਵਿੱਖ ਵਿਚ ਦਮੇ ਦਾ ਰੋਗ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ। ਨਾੜ ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰਾਂ ਹਨ: ਜ਼ਮੀਨ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੁੰਦੇ ਹਨ, ਲਾਹੇਵੰਦ ਜੀਵ-ਜੰਤੂਆਂ ਤੇ ਮਾੜ੍ਹਾ ਅਸਰ ਪੈਂਦਾ ਹੈ,ਖੇਤਾਂ ਦੇ ਆਲੇ-ਦੁਆਲੇ ਖੜ੍ਹੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ,ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਇਸ ਨਾਲ ਜੋ ਧੂੰਆਂ ਨਿਕਲਦਾ ਹੈ ਉਸਦਾ ਸੜਕੀ ਆਵਾਜਾਈ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਦੁਰਘਟਨਾਵਾਂ ਵਾਪਰਦੀਆਂ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ।
ਸਰਕਾਰ ਵੱਲੋਂ ਕਿਸਾਨਾਂ ਨੂੰ ਯੋਗ ਮੁਆਵਜੇ ’ਤੇ ਸਹੂਲਤਾਂ ਦਿੱਤੀਆਂ ਜਾਣ ’ਤੇ ਪਰਾਲੀ ਨੂੰ ਰੀ ਸਾਈਕਲ ਕਰਨ ਲਈ ਫੈਕਟੀਆਂ ਲਗਾਈਆਂ ਜਾਣ
ਕਣਕ ਅਤੇ ਝੋਨੇ ਆਦਿ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਨਾੜ ਖਪਾਉਣ ਵਾਸਤੇ ਲੋੜੀਂਦੀਆਂ ਗਰਾਂਟਾਂ, ਮਸ਼ੀਨਰੀ, ਸਬਸਿਡੀਆਂ ਆਦਿ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਵੀਰ ਨਾੜ ਸਾੜਨ ਲਈ ਮਜਬੂਰ ਨਾਂ ਹੋਣ। ਕਿਉਂਕਿ ਕਿਸਾਨ ਵੀ ਖੁਦ ਇਹ ਗੱਲ ਮੰਨਦੇ ਹਨ ਕਿ ਨਾੜ ਸਾੜਨ ਨਾਲ ਸਮਾਜ ਦੇ ਨਾਲ ਨਾਲ ਸਾਡੇ ਪਰਿਵਾਰਾਂ ਦਾ ਵੀ ਤਾਂ ਨੁਕਸਾਨ ਹੁੰਦਾ ਹੈ। ਇਸ ਲਈ ਸਰਕਾਰ ਕਿਸਾਨਾਂ ਨੂੰ ਨਾੜ ਸਾੜਨ ਤੋਂ ਰੋਕਣ ਲਈ ਬਣਦੀਆਂ ਸਹੂਲਤਾਂ, ਗਰਾਂਟਾਂ ਤੁਰੰਤ ਜਾਰੀ ਕਰੇ। ਇਸ ਸਬੰਧੀ ਸਰਕਾਰਾਂ ਅਤੇ ਕਿਸਾਨ ਯੂਨੀਅਨਾਂ ਨੂੰ ਵੀ ਸੁਹਿਰਦ ਹੋਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜਾ ਅਤੇ ਖਰਚਾ ਦੇਣ, ਜਗ੍ਹਾ ਜਗ੍ਹਾ ਤੇ ਪਰਾਲੀ ਨੂੰ ਰੀਸਾਈਕਲ ਕਰਨ ਦੇ ਪਲਾਂਟ, ਫੈਕਟਰੀਆਂ ਆਦਿ ਲਗਾਏ ਜਾਣ, ਜਿਸ ਤਰਾਂ ਕਿ ਜੈਤੋ ਨੇੜੇ ਸੇਢਾ ਸਿੰਘ ਵਾਲਾ ਪਿੰਡ ਵਿਖੇ ਪਰਾਲੀ ਨੂੰ ਰੀਸਾਈਕਲ ਕਰਨ ਲਈ ਪਲਾਂਟ ਲਗਾਇਆ ਗਿਆ ਹੈ ਇਸੇ ਤਰਾਂ ਹੋਰ ਵੀ ਵੱਡੀ ਗਿਣਤੀ ਵਿੱਚ ਇਸ ਤਰਾਂ ਦੇ ਪਲਾਂਟ ਲਗਾਏ ਜਾਣ ਅਤੇ ਕਿਸਾਨਾਂ ਦੇ ਖੇਤਾਂ ਵਿਚੋਂ ਨਾੜ ਅਤੇ ਪਰਾਲੀ ਇਕੱਠੀ ਕਰਕੇ ਇਹਨਾਂ ਫੈਕਟਰੀਆਂ ਤੱਕ ਮੁਫਤ ’ਤੇ ਤੁਰੰਤ ਪਹੁੰਚਾਉਣ ਦੇ ਯੋਗ ਉਪਰਾਲੇ ਕੀਤੇ ਜਾਣ ਤਾਂ ਕਿ ਕਿਸਾਨ ਨਾੜ ਅਤੇ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਨਾਂ ਹੋਣ।
ਇਸ ਮੁਸੀਬਤ ਤੋਂ ਛੁਟਕਾਰਾ ਦੁਆਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਤੂੜੀ ਬਣਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਕਣਕ ਦੇ ਨਾੜ ਦੀ ਤੂੜ੍ਹੀ ਬਣਾ ਕੇ ਵੇਚੀ ਜਾ ਸਕਦੀ ਹੈ, ਜਿਸ ਨਾਲ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ। ਤੂੜੀ ਬਣਾਉਣ ਤੋਂ ਬਾਅਦ ਬਾਕੀ ਬਚੇ ਕਰਚਿਆਂ ਨੂੰ ਰੋਟਾਵੇਟਰ ਦੀ ਮਦਦ ਨਾਲ ਜ਼ਮੀਨ ਵਿਚ ਮਿਲਾਇਆ ਜਾ ਸਕਦਾ ਹੈ। ਇਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ, ਸਿੱਟੇ ਵਜੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਨਾੜ ਨੂੰ ਮਿੱਟੀ ਵਿੱਚ ਰਲਾਉਣ ਨਾਲ ਧਰਤੀ ਦੇ ਆਰਗਨਿਕ ਮਾਦੇ ਦੀ ਪੂਰਤੀ ਹੁੰਦੀ ਹੈ, ਧਰਤੀ ਦੀ ਬਣਤਰ ਠੀਕ ਰਹਿੰਦੀ ਹੈ ਜਿਸ ਨਾਲ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਧਦੀ ਹੈ।
ਕਿਸਾਨ ਯੂਨੀਅਨਾਂ ਨੂੰ ਵੀ ਇਸ ਮਾਮਲੇ ’ਚ ਆਪਣੀ ਭੂਮਿਕਾ ਨਿਭਾਉਂਦਿਆਂ ਕਿਸਾਨਾਂ ਨੂੰ ਨਾੜ ਨਾ ਸਾੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਰਵਣ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਧਰਤੀ ਦੀ ਉਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿ੍ਹਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ।
ਕੁਝ ਵਾਤਾਵਰਣ ਹਿਤੈਸ਼ੀ ਸੰਸਥਾਵਾਂ ਤੇ ਕੁਝ ਸੂਝਵਾਨ ਕਿਸਾਨ ਵੀ ਪਰਾਲੀ ਨੂੰ ਅੱਗ ਨਾਂ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ ਜਿੰਨਾਂ ਦੀ ਪ੍ਰਸੰਸ਼ਾ ਕਰਨੀ ਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਬਣਦਾ ਹੈ। ਸਮੂਹ ਕਿਸਾਨਾਂ ਨੂੰ ਬੇਨਤੀ ਹੈ ਕਣਕ ਅਤੇ ਝੋਨੇ ਦੇ ਨਾੜ ਨੂੰ ਨਾਂ ਸਾੜਿਆ ਜਾਵੇ ਤਾਂ ਜੋ ਅਸੀਂ ਆਪਣੇ ਪੰਜਾਬ ’ਤੇ ਸਮੁੱਚੇ ਭਾਰਤ ਦੇਸ਼ ਨੂੰ ਖੁਸ਼ਹਾਲ ਦੇਖ ਸਕੀਏ ਅਤੇ ਭਿਆਨਕ ਵਾਤਾਵਰਨ ਪ੍ਰਦੂਸ਼ਨ ਤੋਂ ਬਚ ਸਕੀਏ।
ਪ੍ਰਮੋਦ ਧੀਰ