ਐਨਸੀਈਆਰਟੀ ਨਿਰੰਤਰ ਸਕੂਲੀ ਪਾਠਕ੍ਰਮ ’ਚ ਫੇਰਬਦਲ ਕਰਨ ’ਚ ਅਤੇ ਪਾਠ ਪੁਸਤਕਾਂ ’ਚ ਸੋਧ ਕਰਨ ’ਚ ਲੱਗੀ ਹੋਈ ਹੈ, ਜਿਸ ਤੋਂ ਪਹਿਲਾਂ ਤੋਂ ਤੈਅਸ਼ੁਦਾ ਹਿੰਦੂਵਾਦੀ ਵਿਚਾਰਧਾਰਕ ਨਤੀਜਿਆਂ ਨੂੰ ਮੜਿ੍ਹਆ ਜਾ ਸਕੇ। ਇਸ ਲੜੀ ਤਹਿਤ ਪਹਿਲਾਂ ਸੱਤਵੀਂ, ਅੱਠਵੀਂ, ਨੌਵੀਂ ਅਤੇ ਦਸਵੀਂ ਕਲਾਸਾਂ ਦੇ ਜੀਵ ਵਿਗਿਆਨ ਤੇ ਹੋਰ ਵਿਸ਼ਿਆਂ ਦੇ ਪਾਠਕ੍ਰਮ ਅਤੇ ਪਾਠ ਪੁਸਤਕਾਂ ’ਚ ਕਾਂਟਾ-ਛਾਂਟੀ ਕੀਤੀ ਗਈ ਸੀ ਤਾਂਕਿ ਵਿਦਿਆਰਥੀਆਂ ਨੂੰ ਮਨੁੱਖੀ ਵਿਕਾਸ ਦੇ ਸਿਧਾਂਤ , ਜੇਨਿਟਿਕਸ, ਜੈਵ-ਵਿਵਧਤਾ, ਜੰਗਲਾਂ, ਭਾਰਤ ਦੇ ਕੁਦਰਤੀ ਅਤੇ ਖਨਿਜ ਸਰੋਤਾਂ ਆਦਿ ਦੇ ਗਿਆਨ ਤੋਂ ਹੀ ਮਹਿਰੂਮ ਕਰ ਦਿੱਤਾ ਜਾਵੇ।
ਜਿੱਥੇ ਦੂਸਰੇ ਵਿਸ਼ਿਆਂ ਨੂੰ ਹਟਾਏ ਜਾਣ ਦਾ ਮਕਸਦ ਬੱਚਿਆਂ ਨੂੰ ਇਸ ਦੇਸ਼ ਦੇ ਕੁਦਰਤੀ ਸਰੋਤਾਂ ਦੇ ਅੰਨ੍ਹੇਵਾਹ ਸ਼ੋਸ਼ਣ ਦੇ ਚਲਦਿਆਂ ਤਕਨੀਕੀ ਅਤੇ ਵਪਾਰਕ ਕਾਰਪੋਰੇਟ ਸਵਾਰਥੀ ਹਿੱਤਾਂ ਜ਼ਰੀਏ ਹੋ ਰਹੇ ਵਾਤਾਵਰਣ ਦੇ ਵਿਨਾਸ਼ ਦੇ ਸੰਬੰਧ ’ਚ ਜਾਨਣ ਤੋਂ ਰੋਕਣਾ ਸੀ, ਜੀਵ ਵਿਗਿਆਨ (ਲਾਇਫ਼ ਸਾਇੰਸ) ਵਿਕਾਸਵਾਦ ਅਤੇ ਜੇਨੇਟਿਕਸ ਸੰਬੰਧੀ ਹਿੱਸਿਆਂ ਨੂੰ ਕੱਟੇ ਜਾਣ ਦਾ ਮਕਸਦ ਸੀ, ਬੱਚਿਆਂ ਨੂੰ ਵਿਗਿਆਨਕ ਸੋਚ ਤੋਂ ਦੂਰ ਅਤੇ ਸਰਿਸ਼ਟੀਵਾਦ ਜਾਂ ਕ੍ਰਿਏਸ਼ਨਿਜ਼ਮ ਦੇ ਹਿੰਦੁਤਵਵਾਦੀ ਰੂਪ ਵੱਲ ਧੱਕਣਾ, ਜੋ ਵਿਡੰਬਨਾਪੂਰਨ ਹੈ ਕਿ ਕਿਸੇ ਵੀ ਪੁਰਾਤਨ ਹਿੰਦੂ ਵਿਚਾਰ-ਸਾਰਨੀ ’ਚ ਸਥਾਪਿਤ ਤੱਕ ਨਹੀਂ ਕੀਤਾ ਗਿਆ ਸੀ। ਇੱਕ ਕੇਂਦਰੀ ਮੰਤਰੀ ਨੇ ਤਾਂ ਸੰਸਦ ’ਚ ਇਸ ਦਾ ਐਲਾਨ ਕਰ ਦਿੱਤਾ ਸੀ ਕਿ ਦਸ਼ਾਵਤਾਰ,ਵਿਕਾਸ ਦਾ ਡਾਰਵਿਨ ਤੋਂ ਬੇਹਤਰ, ਸਿਧਾਂਤ ਹੈ।
ਇਸ ਵਾਰ 12ਵੀਂ ਜਮਾਤ ਦੇ ਇਤਹਾਸ ਦੀ ਪਾਠ ਪੁਸਤਕ, ਥੀਮਸ ਇਨ ਇੰਡੀਅਨ ਹਿਸਟ੍ਰੀ, ਪਾਰਟ-1, ਦੇ ਅਧਿਆਏ, ਬ੍ਰਿਕਸ ਬ੍ਰੀਡਸ ਐਂਡ ਬੋਨਸ-ਦ ਹੜੱਪਾ ਸਿਵਿਲਾਇਜੇਸ਼ਨ ’ਚ ਨਵੀਂ ਸਮੱਗਰੀ ਜੋੜਨ ਜ਼ਰੀਏ, ਇੱਕ ਹੋਰ ਹਿੰਦੁਤਵਵਾਦੀ ਮਿੱਥ ਅਤੇ ਪੂਰੀ ਤਰ੍ਹਾਂ ਝੂਠੇ ਇਤਿਹਾਸਕ ਆਖ਼ਿਆਨ ਨੂੰ ਥੋਪਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਨਸੀਆਰਟੀ ਨੇ ਇਸ ਅਧਿਆਏ ’ਚ ਤਿੰਨ ਨਵੇਂ ਪੈਰੇ ਜੋੜੇ ਹਨ, ਜੋ ਅਖੌਤੀ ਤੌਰ ’ਤੇ ਡੀਐਨਏ ਦੇ ਉਨ੍ਹਾਂ ਜੇਨੇਟਿਕਸ ਫਿੰਗਰ ਪ੍ਰਿੰਟਾਂ ਤੋਂ ਨਿਕਲਣ ਵਾਲੇ ਨਤੀਜਿਆਂ ਨੂੰ ਜੋੜਣ ਲਈ ਹਨ, ਜੋ ਹਰਿਆਣਾ ਦੇ ਹਿਸਾਰ ਜ਼ਿਲ੍ਹੇ ’ਚ ਸਥਿਤ ਰਾਖੀਗੜ੍ਹੀ ਦੇ ਸਿੰਧੂ ਸੱਭਿਅਤਾ ਦੇ ਪ੍ਰਾਚੀਨ ਥਾਂ ਤੋਂ ਨਿਕਲੇ ਇੱਕ ਨਾਰੀ ਪਿੰਜਰ ਤੋਂ ਹਾਸਿਲ ਕੀਤੇ ਗਏ ਸਨ।
ਇਸ ਤਰ੍ਹਾਂ ਐਨਸੀਈਆਰਟੀ ਦੀ ਪਾਠ ਪੁਸਤਕ ’ਚ ਇਹ ਪੂਰੀ ਤਰ੍ਹਾਂ ਝੂਠਾ, ਅਖੌਤੀ ਤੌਰ ’ਤੇ ਇਤਹਾਸਕ ਵਰਨਣ ਪਾ ਦਿੱਤਾ ਗਿਆ ਹੈ ਕਿ ਰਾਖੀਗੜ੍ਹੀ ਤੋਂ ਪ੍ਰਾਪਤ ਹੋਏ ਡੀਐਨਏ ਸਬੂਤ, ਆਰਿਆਂ ਦੇ ਆਗਮਨ ਦੇ ਉਸ ਸਿਧਾਂਤ ਦਾ ਖੰਡਨ ਕਰਦੇ ਹਨ, ਜਿਸ ’ਤੇ ਸੰਘ ਪਰਿਵਾਰ ਬਹੁਤ ਪਹਿਲਾਂ ਤੋਂ ਬਹਿਸ ਕਰਦਾ ਆ ਰਿਹਾ ਸੀ। ਇਸ ਮੰਗ ਪਿੱਛੇ ਮਕਸਦ ਆਪਣੇ ਇਸ ਵਿਚਾਰਾਧਾਰਕ ਵਿਸ਼ਵਾਸ ਦੀ ਪੁਸ਼ਟੀ ਕਰਨਾ ਸੀ ਕਿ ਆਰਿਆ ਅਤੇ ਵੈਦਿਕ ਲੋਕ, ਮੁਕੰਮਲ ਤੌਰ ’ਤੇ ਦੇਸੀ ਸਨ। ਇਹ ਪਲਟ ਕੇ ਇਸ ਹਿੰਦੁਤਵਵਾਦੀ ਵਿਸ਼ਵਾਸ ਦੀ ਪੁਸ਼ਟੀ ਕਰਦਾ ਹੈ ਕਿ ਭਾਰਤ ਹੀ ਹਿੰਦੂਆਂ ਦੀ ਜਨਮ-ਭੋਇਂ ਹੈ। ਐਨਸੀਈਆਰਟੀ ਦੀ ਪਾਠ ਪੁਸਤਕ ਇਹ ਵੀ ਦਸਦੀ ਹੈ ਕਿ ਰਾਖੀਗੜ੍ਹੀ ਦੇ ਜੈਨੇਟਿਕ (ਜੀਨ ਆਧਾਰਿਤ) ਸਬੂਤ, ਇਹ ਵੀ ਦਰਸਾਉਂਦੇ ਹਨ ਕਿ ਸਿੰਧੂ ਘਾਟੀ ਦੀ ਆਬਾਦੀ ਪੂਰੀ ਤਰ੍ਹਾਂ ਦੇਸੀ ਸੀ ਅਤੇ ਇਹ ਅੱਜ ਦੀ ਸਮੁੱਚੀ ਭਾਰਤੀ ਆਬਾਦੀ ਨਾਲ ਸੰਬੰਧਤ ਖੇਤਰ ਦੀ ਆਬਾਦੀ ਯਾਨੀ ਖ਼ਾਸ ਤੌਰ ’ਤੇ ਹਰਿਆਣਾ ਦੇ ਜਾਟਾਂ ਨਾਲ, ਇੱਕ ਅਟੁੱਟ ਲਗਾਤਾਰਤਾ ਨੂੰ ਦਰਸਾਉਂਦੇ ਹਨ। ਅਤੇ ਆਖਰ ’ਚ ਇਹ ਪਾਠ ਪੁਸਤਕ, ਇਸ ਪ੍ਰਚੰਡ ਜੈਨੇਟਿਕ ਸਬੂਤ ਸੰਗ੍ਰਿਹ ਨੂੰ ਸਿਰ ਦੇ ਭਾਰ ਖੜਾ ਕਰ ਦਿੰਦੀ ਹੈ, ਜੋ ਮੱਧ ਏਸ਼ਿਆਈ ਸਟੈਪੀਆਂ ਜਾਂ ਘਾਹ ਦੇ ਮੈਦਾਨਾਂ ’ਚੋਂ ਹੀ, ਆਬਾਦੀਆਂ ਦੇ ਦੱਖਣੀ ਏਸ਼ੀਆ ਅਤੇ ਉਤਰੀ ਯੂਰਪ ਵੱਲ ਫ਼ੈਲਣ ਦੀ ਗਵਾਹੀ ਦਿੰਦੇ ਹਨ। ਐਨਸੀਈਆਰਟੀ ਦੇ ਨਵੇਂ ਪਾਠ ’ਚ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਡੀਐਨਏ ਨਿਸ਼ਾਨੀ ਦਾ ਭਾਰਤ ਤੋਂ ਬਾਹਰ ਵਿਸ਼ਾਲ ਖੇਤਰ ’ਚ ਪਾਇਆ ਜਾਣਾ, ਇਸੇ ਤੱਥ ਨੂੰ ਸਾਬਤ ਕਰਦਾ ਹੈ ਕਿ ਹੜੱਪਾ ਲੋਕ ਹੀ ਇੱਥੋਂ ਨਿਕਲ ਕੇ ਬਾਹਰ ਗਏ ਸਨ ਅਤੇ ਹੋਰ ਦੂਜੇ ਭਾਈਚਾਰਿਆਂ ਨਾਲ ਘੁਲ-ਮਿਲ ਗਏ ਸਨ।
1920 ’ਚ ਇੱਕ ਪੁਰਾਤਨ ਅਤੇ ਕਾਫੀ ਉ ਨਤ ਸਭਿਅਤਾ ਦੇ ਅਵਸ਼ੇਸ਼ ਹੜੱਪਾ ’ਚ ਲੱਭੇ ਗਏ ਸਨ। ਇਸ ਵਿੱਚ ਠੇਠ ਸ਼ਹਿਰੀ ਬਸਤੀਆਂ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ ਨਜ਼ਰ ਆਉਂਦਾ ਸੀ। ਇਹ ਸੱਭਿਅਤਾ ਕਿਉਂਕਿ ਸਿੰਧੂ ਨਦੀ ਦੇ ਕਿਨਾਰੇ ’ਤੇ ਵੱਸੀ ਹੋਈ ਸੀ, ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦਾ ਨਾਂ ਦਿੱਤਾ ਗਿਆ ਸੀ। ਅੱਗੇ ਚਲ ਕੇ 1921 ’ਚ ਮੋਹਨਜੋਦਾੜੋਂ ’ਚ ਅਤੇ ਇਸ ਤੋਂ ਬਾਅਦ ਹੋਰ ਵੀ ਕਈ ਥਾਵਾਂ ’ਤੇ, ਇਸ ਪ੍ਰਾਚੀਨ ਸਭਿਅਤਾ ਦੇ ਹੋਰ ਜ਼ਿਆਦਾ ਸਬੂਤ ਮਿਲ ਚੁੱਕੇ ਹਨ। ਉਸ ਜ਼ਮਾਨੇ ’ਚ ਕੁੱਛ ਬਰਤਾਨਵੀ ਪੁਰਾਤੱਤਵ ਵਿਗਿਆਨੀਆਂ ਨੇ ਇਹ ਦਲੀਲ ਦਿੱਤੀ ਸੀ ਕਿ ਸਿੰਧੂ ਘਾਟੀ ਦੀ ਸੱਭਿਅਤਾ, ਵੈਦਿਕ ਸਭਿਅਤਾ ਤੋਂ ਪੁਰਾਣੀ ਸੀ ਅਤੇ ਵੈਦਿਕ ਸਭਿਅਤਾ ਦਾ ਵਿਕਾਸ ਆਰਿਆਂ ਦੇ ਹਮਲਿਆਂ ਨਾਲ ਹੋਇਆ ਸੀ, ਜਿਸ ਨੇ ਅੱਗੇ ਚਲ ਕੇ ਸਿੰਧੂ ਘਾਟੀ ਸਭਿਅਤਾ ਨੂੰ ਨਸ਼ਟ ਕਰ ਦਿੱਤਾ ਸੀ। ਅਸਲ ’ਚ ਆਰਿਆਂ ਦੇ ਹਮਲਿਆਂ ਦਾ ਨਾਮ ਗੰਭੀਰ ਸਮਕਾਲੀ ਭਾਰਤੀ ਜਾਂ ਕੌਮਾਂਤਰੀ ਇਤਹਾਸਕਾਰਾਂ ਦੁਆਰਾ ਸ਼ਾਇਦ ਹੀ ਵਰਤਿਆ ਗਿਆ ਹੋਵੇਗਾ। ਇਸ ਦੀ ਜਗ੍ਹਾ ’ਤੇ ਪ੍ਰਸਿੱਧ ਇਤਹਾਸਕ, ਪੁਰਾਤਾਤਵਿਕ ਅਤੇ ਅੱਗੇ ਚੱਲ ਕੇ ਜੇਨੇਟਿਕ ਸਬੂਤਾਂ ਦੇ ਆਧਾਰ ’ਤੇ ਉਹ ਮਾਈਗਰੇਸ਼ਨ ਜਾਂ ਪਰਵਾਸ ਦੇ ਨਾਂ ਦੀ ਹੀ ਵਰਤੋਂ ਕਰਦੇ ਹਨ।
1960 ’ਚ ਪੁਰਾਤੱਤਵੀ ਖੁਦਾਈਆਂ ’ਚ, ਹਰਿਆਣਾ ਦੇ ਛੋਟੇ ਜਿਹੇ ਪਿੰਡ ਰਾਖੀਗੜ੍ਹੀ ’ਚ ਸ਼ਾਨਦਾਰ ਨਵੀਆਂ ਖੋਜਾਂ ਹੋਈਆਂ। ਅਜਿਹਾ ਲੱਗਦਾ ਹੈ ਕਿ ਰਾਖੀਗੜ੍ਹੀ ਦੀ ਵੱਸੋਂ ਦਾ ਇਲਾਕਾ ਹੜੱਪਾ ਜਾਂ ਮੋਹਨਜੋਦਾੜੋਂ ਤੋਂ ਵੀ ਵੱਡਾ ਸੀ। ਰਾਖੀਗੜ੍ਹੀ ’ਚੋਂ ਨਿਕਲੀਆਂ ਅਨੇਕ ਪ੍ਰਾਚੀਨ ਚੀਜ਼ਾਂ ਅਤੇ ਹੋਰ ਪੁਰਾਤਨ ਸਮੱਗਰੀ ਦੀ ਕਾਰਬਨ ਡੇਟਿੰਗ ’ਚ ਇਨ੍ਹਾਂ ਦਾ ਸਮਾਂ 6,500 ਇਸਵੀ ਪੂਰਵ ਦਾ ਪਾਇਆ ਗਿਆ, ਜਦੋਂਕਿ ਦੂਸਰੇ ਸਰੋਤਾਂ ਤੋਂ ਮਿਲੀ ਸਮੱਗਰੀ ਅਤੇ ਹੜੱਪਾ ਸਮੱਗਰੀ ਦਾ ਸਮਾਂ ਮੋਟੇ ਤੌਰ ’ਤੇ 3,300 ਤੋਂ 1,300 ਈਸਵੀ ਪੂਰਵ ਤੱਕ ਅੰਕਿਆ ਜਾਂਦਾ ਰਿਹਾ ਹੈ। ਇਹ ਹੜੱਪਾ ਤੋਂ ਵੀ ਪਹਿਲਾਂ ਦੀਆਂ ਕੁੱਛ ਸੰਸਕ੍ਰਿਤੀਆਂ ਦੀ ਮੌਜੂਦਗੀ ਵੱਲ ਇਸ਼ਾਰਾ ਕਰਦਾ ਹੈ।
ਬਹਰਹਾਲ, ਜੋ ਵੀ ਹੋਵੇ, ਰਾਖੀਗੜ੍ਹੀ ’ਚ ਕਰੀਬ 4500 ਸਾਲ ਪੁਰਾਣੇ ਪਿੰਜਰਾਂ ਨਾਲ ਕਈ ਕਬਰਾਂ ਅਤੇ ਮੁਰਦਿਆਂ ਨੂੰ ਗੱਡਣ ਦੀਆਂ ਥਾਵਾਂ ਮਿਲੀਆਂ ਹਨ। ਲਾਸ਼ਾਂ ਨੂੰ ਵੱਖ ਵੱਖ ਮੁਦਰਾਵਾਂ ’ਚ ਦਫ਼ਨ ਕੀਤਾ ਗਿਆ ਸੀ। ਕੁੱਛ ਕੁ ਨੂੰ ਇਕੱਲਿਆਂ ਹੀ ਦਫ਼ਨ ਕੀਤਾ ਗਿਆ ਸੀ, ਜਦੋਂਕਿ ਕੁੱਛ ਨੂੰ ਸੰਭਵ ਤੌਰ ’ਤੇ ਜੀਵਨ ਸਾਥਣ ਨਾਲ ਦਫ਼ਨ ਕੀਤਾ ਗਿਆ ਸੀ। ਲਾਸ਼ਾਂ ਨੂੰ ਗਹਿਣਿਆਂ ਵਰਗੀਆਂ ਵੱਖ ਵੱਖ ਚੀਜ਼ਾਂ ਸਮੇਤ ਦਫ਼ਨ ਕੀਤਾ ਗਿਆ ਸੀ, ਜੋ ਉਨ੍ਹਾਂ ਦੀ ਹੈਸੀਅਤ ਨੂੰ ਦਰਸਾਉਂਦੇ ਹਨ। ਸਿੰਧੂ ਘਾਟੀ ਸਭਿਅਤਾ ਸਥਲਾਂ ਤੋਂ, ਉਹ ਭਾਵੇਂ ਭਾਰਤ ’ਚ ਹੋਣ ਜਾਂ ਪਾਕਿਸਤਾਨ ’ਚ, ਜਿੰਨੇ ਵੀ ਕੰਕਾਲ ਮਿਲੇ ਹਨ, ਉਨ੍ਹਾਂ ਵਿੱਚੋਂ ਰਾਖੀਗੜ੍ਹੀ ਦੇ ਹੀ ਇੱਕ ਪਿੰਜਰ ਤੋਂ ਅਜਿਹਾ ਸੈਂਪਲ ਮਿਲਿਆ ਸੀ, ਜਿਸ ਨਾਲ ਡੀਐਨਏ ਸੀਕਵੇਸਿੰਗ ਹੋ ਸਕੀ। ਇਹ ਇਸ ਲਈ ਹੋ ਸਕਿਆ ਹੈ ਕਿ ਸੰਬੰਧਤ ਪਿੰਜਰਾਂ ਦੀ ਪੈਟ੍ਰਸ ਹੱਡੀ ਕਾਫੀ ਹੱਦ ਤੱਕ ਸੁਰੱਖਿਅਤ ਸੀ, ਜਿਸ ਵਿੱਚੋਂ ਨਮੂਨੇ ਲਈ ਕਾਫੀ ਸਮੱਗਰੀ ਮਿਲ ਗਈ। ਇਸ ਹੱਡੀ ਤੋਂ, ਜੋ ਜੈਵ ਸਮੱਗਰੀ ਮਿਲਦੀ ਹੈ, ਉਸ ਨਾਲ ਪਿੰਜਰ ਦੇ ਹੋਰ ਕਿਸੇ ਵੀ ਹਿੱਸੇ ਤੋਂ ਮਿਲਣ ਵਾਲੀ ਸਮੱਗਰੀ ਤੋਂ, ਲਗਭਗ ਸੌ ਗੁਣਾ ਜ਼ਿਆਦਾ ਡੀਐਨਏ ਨਿਕਲ ਆਉਂਦਾ ਹੈ। ਇਸ ਤਰ੍ਹਾਂ ਇਹ ਸਾਰੀ ਬਹਿਸ, ਅਤੇ ਬੇਸ਼ੱਕ ਇਸ ’ਤੇ ਜਬਰਦਸਤ ਤੇ ਵਿਵਾਦਪੂਰਨ ਬਹਿਸ ਚੱਲੀ ਹੈ, ਜੋ ਅਜੇ ਵੀ ਸ਼ਾਂਤ ਨਹੀਂ ਹੋਈ ਹੈ, ਇਸ ਇਕੱਲੇ ਨਾਰੀ ਪਿੰਜਰ ਦੇ ਡੀਐਨਏ ਦੀ ਜੈਨੇਟਿਕ ਸੀਕਵੇਸਿੰਗ ਦੇ ਨੇੜੇ ਹੈ ਸੰਬੰਧਤ ਔਰਤ, 2,800 ਤੋਂ 2300 ਇਸਵੀ ਪੂਰਵ ਦਰਮਿਆਨ ਕਦੀ ਜ਼ਿੰਦਾ ਰਹੀ ਹੋਵੇਗੀ ਅਤੇ ਮਰੀ ਹੋਵੇਗੀ। ਸੰਖੇਪ ’ਚ ਕਿੱਸਾ ਇਹ ਹੈ ਕਿ ਰਾਖੀਗੜ੍ਹੀ ਦੇ ਡੀਐਨਏ ਦੇ ਨਮੂਨੇ ’ਚੋਂ ਉਹ ਬਹੁ-ਚਰਚਿਤ ਆਰ1ਏ1 ਜੀਨ ਨਹੀਂ ਮਿਲਿਅ, ਜੋ ਕਾਂਸੇ ਯੁੱਗ ਦੀਆਂ ਉਨ੍ਹਾਂ ਚਰਵਾਹਾਂ ਆਬਾਦੀਆਂ ਦੀ ਖ਼ਾਸ ਨਿਸ਼ਾਨੀ ਮੰਨਿਆ ਜਾਂਦਾ ਹੈ, ਜੋ ਮੱਧ ਏਸ਼ੀਆਈ ਸਟੈਪੀਆਂ ਯਾਨੀ ਉਥੋਂ ਦੇ ਘਾਹ ਦੇ ਮੈਦਾਨਾਂ ਤੋਂ ਨਿਕਲ ਕੇ, ਵੱਖ ਵੱਖ ਦਿਸ਼ਾਵਾਂ ’ਚ ਯੂਰਪ ਅਤੇ ਦੱਖਣ ਏਸ਼ੀਆ ਵੱਲ ਫ਼ੈਲ ਗਏ ਸਨ।
ਪ੍ਰਸਿੱਧ ਵਿਗਿਆਨ ਰਸਾਲੇ, ਸੈਲ ’ਚ 2019 ਦੇ ਅਕਤੂਬਰ ’ਚ ਇੱਕ ਅਕਾਦਮਿਕ ਲੇਖ ਪ੍ਰਕਾਸ਼ਿਤ ਹੋਇਆ ਸੀ, ਜਿਸ ਵਿੱਚ ਰਾਖੀਗੜ੍ਹੀ ਤੋਂ ਨਿਕਲੀਆਂ ਜਾਣਕਾਰੀਆਂ ਅਤੇ ਉਨ੍ਹਾਂ ਤੋਂ ਨਿਕਲ ਸਕਣ ਵਾਲੇ ਸਿੱਟਿਆਂ ’ਤੇ ਚਰਚਾ ਕੀਤੀ ਗਈ ਸੀ। ਇਸ ਦੇ ਕੁੱਲ 27 ਲੇਖਕ ਹਨ, ਜੋ ਪੁਰਾਤੱਤਵ, ਜੈਨੇਟਿਕਸ ਆਦਿ ਵੱਖ ਵੱਖ ਖੇਤਰਾਂ ਦੇ ਮਾਹਿਰ ਹਨ। ਲੇਖ ਦਾ ਸਿਰਲੇਖ ਹੈ, ‘ਇੱਕ ਪ੍ਰਾਚੀਨ ਹੜੱਪੀ ਜੀਨੋਮ ਦੀ ਵੰਸ਼ ਪਰੰਪਰਾ ਸਟੈਪੀ ਦੇ ਚਰਵਾਹਿਆਂ ਜਾਂ ਈਰਾਨੀ ਕਾਸ਼ਤਕਾਰਾਂ ਨਾਲ ਨਹੀਂ ਜੁੜਦੀ ਹੈ’ (ਐਨ ਏਨਸ਼ਿੀਅੰਟ ਹੜੱਪਣ ਜੀਨੋਮ ਲੈਕਸ ਐਂਨਸੇਂਸਟ੍ਰੀ ਫਰਾਮ ਸਟੈਪੀ ਪੈਸਟਰੋਲਿਸਟਸ ਔਰ ਈਰਾਨੀਅਨ ਫਾਰਮਰਸ’) ਜਿਵੇਂ ਕਿ ਇਸ ਲੇਖ ਦੇ ਅਨੇਕ ਮੂਹਰਲੀ ਕਤਾਰ ਦੇ ਭਾਰਤੀ ਲੇਖਕਾਂ ਨੇ ਵੱਖ ਵੱਖ ਅਖ਼ਬਾਰਾਂ ਅਤੇ ਪੱਤਰਕਾਵਾਂ ਨਾਲ ਇੰਟਰਵਿਊ ’ਚ ਕਿਹਾ ਸੀ, ਇਸ ਲੇਖ ਦਾ ਪ੍ਰਕਾਸ਼ਨ ਕਾਫੀ ਸਮੇਂ ਤੱਕ ਟਾਲਿਆ ਜਾਂਦਾ ਰਿਹਾ ਸੀ ਕਿਉਂਕਿ ਇਸ ਦੇ ਨਿਚੋੜ, ‘‘ਵਿਵਾਦਤਾਮਿਕ’’ ਸਨ ਅਤੇ ਹੁਕਮਰਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਜਾ ਰਹੇ ਸਨ। ਸਾਰੇ 27 ਲੇਖਕਾਂ ਨੇ ਵਿਗਿਆਨਕ ਤੱਥਾਂ, ਤਰਕਾਂ ਅਤੇ ਲੇਖ ਦੇ ਨਤੀਜਿਆਂ ਨਾਲ ਸਹਿਮਤੀ ਜਤਾਈ ਸੀ। ਪਰ, ਆਮ ਲੋਕਾਂ ਦੀ ਜਨਤਕ ਬਹਿਸ ਤੱਕ ਪਹੁੰਚਣ ’ਤੇ ਚੀਜ਼ਾਂ ਨੇ ਇਕ ਹੋਰ ਹੀ ਮੋੜ ਲੈ ਲਿਆ। ਰਾਖੀਗੜ੍ਹੀ ਤੋਂ ਆਈਆਂ ਵਿਗਿਆਨਕ, ਜੈਨੇਟਿਕ, ਜਾਣਕਾਰੀਆਂ ਇੱਕ ਦਿਸ਼ਾ ’ਚ ਇਸ਼ਾਰਾ ਕਰਦੀਆਂ ਲੱਗਦੀਆਂ ਸਨ, ਪਰ ਸਿਆਸੀ-ਵਿਚਾਰਧਾਰਾ ਦੀ ਮੰਗ ਨੂੰ ਉਨ੍ਹਾਂ ’ਤੇ ਮੜ੍ਹ ਕੇ, ਉਲਟੀਆਂ ਹੀ ਪਰਿਭਾਸ਼ਾਵਾਂ ਪੇਸ਼ ਕੀਤੀਆਂ ਜਾਣ ਲੱਗੀਆਂ। ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਅਤੇ ਵੱਖ-ਵੱਖ ਨਸਲੀ, ਭਾਸ਼ਾਈ, ਸੱਭਿਆਚਾਰਕ, ਸਮਾਜਿਕ-ਆਰਥਿਕ ਅਤੇ ਜਾਤੀਗਤ ਪਿਛੋਕੜ ਦੇ ਲੋਕਾਂ ਦਰਮਿਆਨ ਕਿਤੇ ਵੱਡੇ ਨਮੂਨਿਆਂ ’ਤੇ ਆਧਾਰਿਤ ਜੈਨੇਟਿਕ ਅਧਿਅਨਾਂ ’ਚ ਸਾਹਮਣੇ ਆਏ ਤੱਥਾਂ ਤੋਂ ਵੀ ਅਕਸਰ, ਇਸੇ ਤਰ੍ਹਾਂ ਦੇ ਸਵਾਲਾਂ ਵੱਲ ਲੈ ਜਾਣ ਵਾਲੇ ਵਿਵਾਦ ਉਠਦੇ ਰਹੇ ਹਨ। ਇਨ੍ਹਾਂ ਮੁੱਦਿਆਂ ’ਤੇ ਕਾਫੀ ਜ਼ਿਆਦਾ ਅਕਾਦਮਿਕ ਅਤੇ ਆਮ ਲੋਕਾਂ ਦੇ ਪੱਧਰ ਦੀਆਂ ਬਹਿਸਾਂ ਬਣੀਆਂ ਰਹੀਆਂ। ਬਹਰਹਾਲ, ਇਸ ਸੰਖੇਪ ਟਿੱਪਣੀ ’ਚ ਅਸੀਂ ਉਨ੍ਹਾਂ ਸਾਰਿਆਂ ਦੇ ਵਿਸਥਾਰ ’ਚ ਨਹੀਂ ਜਾ ਸਕਦੇ ਹਾਂ। ਬਹਰਹਾਲ, ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ’ਚ ਹੁਣ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਸੰਦਰਭ ’ਚ ਮੁੱਖ ਨੁਕਤਿਆਂ ਨੂੰ ਸੰਖੇਪ ’ਚ ਇਸ ਤਰ੍ਹਾਂ ਰੱਖਿਆ ਜਾ ਸਕਦਾ ਹੈ।
ਰਾਖੀਗੜ੍ਹੀ ਦੇ ਨਮੂਨੇ ਜੈਨੇਟਿਕ ਨਮੂਨਿਆਂ ’ਚ ਆਰ1ੲ1 ਜ਼ੀਨ ਦੀ ਗ਼ੈਰ-ਹਾਜ਼ਰੀ ਸਾਫ਼ ਤੌਰ ’ਤੇ ਇਹ ਦਰਸਾਉਂਦੀ ਹੈ ਕਿ ਉਸ ਸਮੇਂ ਤੱਕ ਸਿੰਧੂ ਘਾਟੀ ਸੱਭਿਅਤਾ (ਆਈਵੀਸੀ) ਦੀ ਆਬਾਦੀ ਦਾ, ਸਤੇਪੀ ਤੋਂ ਆਉਣ ਵਾਲਿਆਂ ਨਾਲ ਵਾਸਤਾ ਨਹੀਂ ਪਿਆ ਸੀ ਜਾਂ ਉਨ੍ਹਾਂ ਨਾਲ ਉਨ੍ਹਾਂ ਦਾ ਜੈਨੇਟਿਕ ਸਮੱਗਰੀ ਦਾ ਆਦਾਨ-ਪ੍ਰਦਾਨ ਨਹੀਂ ਹੋਇਆ ਸੀ ਅਤੇ ਇਸ ਲਈ ਉਨ੍ਹਾਂ ਦਾ ਸਮਾਂ, ਦੱਖਣ ਏਸ਼ੀਆ ’ਚ ਸਟੈਪੀ ਤੋਂ ਆਉਣ ਵਾਲਿਆਂ ਦੇ ਪਰਵਾਸ ਜਾਂ ਫੈਲਾਅ ਤੋਂ ਪਹਿਲਾਂ ਦਾ ਹੈ। ਦੂਜੇ ਪਾਸੇ, ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ, ਵੱਖ ਵੱਖ ਆਬਾਦੀਆਂ ਦੇ ਭਾਈਚਾਰਿਆਂ ’ਚੋਂ ਚੁਣੇ ਗਏ ਸੈਂਕੜਿਆਂ ਲੋਕਾਂ ’ਤੇ ਆਧਾਰਿਤ ਕਿਤੇ ਵਿਸ਼ਾਲ ਜੈਨੇਟਿਕ ਅਧਿਅਨ, ਇਹ ਦਰਸਾਉਂਦੇ ਹਨ ਕਿ ਉਤਰ ਭਾਰਤੀ ਆਬਾਦੀ ਸਮੂਹਾਂ ’ਚ ਸਟੈਪੀ ਲੋਕਾਂ ਦੀਆਂ ਜੀਨ ਸੰਬੰਧੀ ਨਿਸ਼ਾਨੀਆਂ ਭਰਪੂਰ ਮਿਲਦੀਆਂ ਹਨ ਅਤੇ ਇਸ ਦੇ ਆਧਾਰ ’ਤੇ ਹੀ ਇਨ੍ਹਾਂ ਆਬਾਦੀ ਸਮੂਹਾਂ ਨੂੰ ‘‘ਏਂਸੇਸਟ੍ਰਲ ਨਾਰਥ ਇੰਡੀਅਨ’’ ਜਾਂ ਏਐਨਆਈ ਸਮੂਹ ਕਿਹਾ ਜਾਣ ਲੱਗਾ ਹੈ, ਜਦੋਂਕਿ ਦੱਖਣ ਦੇ ਲੋਕਾਂ ’ਚ ਇਹ ਜੀਨ ਸੰਬੰਧੀ ਨਿਸ਼ਾਨੀਆਂ ਨਹੀਂ ਮਿਲਦੀਆਂ ਹਨ ਅਤੇ ਇਸੇ ਲਈ ਉਨ੍ਹਾਂ ਨੂੰ ‘‘ਏਂਸੇਸਟ੍ਰਲ ਸਾਊਥ ਇੰਡੀਅਨ’’ ਦਾ ਨਾਂ ਦਿੱਤਾ ਗਿਆ ਹੈ।
ਰਾਖੀਗੜ੍ਹੀ ਸੰਬੰਧੀ ਅਧਿਅਨ ਨਾਲ ਜੁੜੇ ਵਿਗਿਆਨਕਾਂ ’ਚੋਂ ਇੱਕ ਨੇ, ਜਿਸ ਨੇ ਬਾਅਦ ’ਚ ਦਬਾਅ ਹੇਠ ਟਾਲ-ਮਟੋਲ ਵਾਲਾ ਰੁਖ਼ ਅਪਨਾਉਣਾ ਸ਼ੁਰੂ ਕਰ ਦਿੱਤਾ ਸੀ, ਇੱਕ ਮਹੱਤਵਪੂਰਨ ਇੰਟਰਵਿਊ ’ਚ ਰਸਾਲੇ ਨੂੰ ਦੱਸਿਆ ਸੀ ਕਿ ਜਿੱਥੇ, ‘ਮੱਧ-ਏਸ਼ਿਆਈ ਲੋਕਾਂ ਦਾ ਵੱਡੇ ਪੱਧਰ ’ਤੇ ਆਗਮਨ ਹੋਇਆ ਸੀ ਅਤੇ ਉਸਨੇ ਦੱਖਣ ਏਸ਼ਿਆਈ ਜੈਨੇਟਿਕ ਗੱਠਜੋੜ ਨੂੰ ਖ਼ਾਸ ਢੰਗ ਨਾਲ ਬਦਲ ਦਿੱਤਾ ਸੀ’, (ਪੁਰਾਤਨ ਰਾਖੀਗੜ੍ਹੀ ਦੇ ਬਸ਼ਿੰਦਿਆਂ ਦਾ) ‘ਮੱਧ-ਏਸ਼ਿਆਈਆਂ ਨਾਲ ਕੋਈ ਨਾਤਾ ਨਹੀਂ ਲੱਗਦਾ ਹੈ।’ ਰਾਖੀਗੜ੍ਹੀ ਦੇ ਲੇਖ ਦੇ ਲੇਖਕਾਂ ’ਚੋਂ ਇੱਕ ਹੋਰ ਨੇ, ਜਿਸਨੇ ਅੱਗੇ ਜਾ ਕੇ ਸ਼ਰੇਆਮ ਸੰਘ ਪਰਿਵਾਰ ਦੇ ਨਜ਼ਰੀਏ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਇੱਕ ਹੋਰ ਇੰਟਰਵਿਊ ’ਚ ਜ਼ੋਰ ਦੇ ਕੇ ਕਿਹਾ ਸੀ ਕਿ ਰਾਖੀਗੜ੍ਹੀ ਦੇ ਬਸ਼ਿੰਦਿਆਂ ਅਤੇ ਗੁਆਂਢੀ ਹਰਿਆਣਾ ਦੇ ਲੋਕਾਂ ਦਰਮਿਆਨ ਇੱਕ ‘ਨਿਰੰਤਰਤਾ’ ਸੀ ਜਦੋਂਕਿ ਹਰਿਆਣਾ ਦੇ ਇਨ੍ਹਾਂ ਲੋਕਾਂ ਦਰਮਿਆਨ ਆਰ1ੲ1 ਜੀਨ ਦੀ ਅਤੇ ਸਟੈਪੀ ਲੋਕਾਂ ਦੇ ਆਪਸੀ ਨਾਤੇ ਦੀ ਭਰਪੂਰਤਾ ਦਿਖਾਈ ਦਿੱਤੀ ਹੈ। ਇੱਕ ਅਗਾਂਹਵਧੂ ਆਸਟ੍ਰੇਲਿਆਈ ਜੈਨੇਟਿਸਟ ਨੇ ਇਸ ਥਿਊਰੀ ਨੂੰ ‘ਨਿਰੀ ਬਕਵਾਸ’ (ਅਸਲ ਵਿੱਚ ਉਸਨੇ ਇਸ ਲਈ ਹੋਰ ਵੀ ਸਖ਼ਤ ਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਅਸੀਂ ਇਥੇ ਨਹੀਂ ਦਹੁਰਾਉਣਾ ਚਾਹੁੰਦੇ!) ਕਰਾਰ ਦਿੱਤਾ ਹੈ ਅਤੇ ਇਹ ਭਵਿੱਖਵਾਣੀ ਵੀ ਕੀਤੀ ਹੈ ਕਿ ਰਾਖੀਗੜ੍ਹੀ ਤੋਂ ਹੋਰ ਵੀ ਜ਼ਿਆਦਾ ਜੈਨੇਟਿਕ ਸਮੱਗਰੀ ਨਿਕਲ ਕੇ ਆਵੇਗੀ, ਜੋ ਉਨ੍ਹਾਂ ਪ੍ਰਾਚੀਨ ਦੱਖਣੀ ਭਾਰਤੀਆਂ ਨਾਲ ਨਾਤੇ ਦਾ ਪ੍ਰਦਰਸ਼ਨ ਕਰੇਗੀ, ਜਿਨ੍ਹਾਂ ਦਾ ਨਾਤਾ ਕੁੱਛ ਮਾਹਿਰ ਇਰੁਲਾ ਕਬੀਲੇ ਅਤੇ ਅੰਡਮਾਨੀ ਆਦੀਵਾਸੀਆਂ ਨਾਲ ਜੋੜਦੇ ਹਨ।
ਬਹਰਹਾਲ, ਸੰਘ ਪਰਿਵਾਰ ਤਾਂ ਆਪਣੇ ਮੁਕੰਮਲ ਤੌਰ ’ਤੇ ਗ਼ੈਰ-ਵਿਗਿਆਨਕ, ਗ਼ੈਰ-ਇਤਹਾਸਕ ਅਤੇ ਪੂਰੀ ਤਰ੍ਹਾਂ ਘੜੇ ਹੋਏ ਬਿਰਤਾਂਤ ’ਤੇ ਹੀ ਅੜਿਆ ਹੋਇਆ ਹੈ ਕਿ ਸ਼ੁਰੂ ਦੇ ਪੜਾਅ ਦੇ ਅਤੇ ਉਤਰਵਰਤੀ ਪੜਾਅ ਦੇ ਹੜੱਪੀ (ਉਨ੍ਹਾਂ ਦੇ ਵੱਖਰੇਪਨ ਨੂੰ ਪਹਿਲਾਂ ਤਾਂ ਐਨਸੀਈਆਰਟੀ ਵੱਲੋਂ ਸਵੀਕਾਰ ਕਰ ਲਿਆ ਜਾਂਦਾ ਹੈ, ਪਰ ਹੁਣ ਬਾਹਰਵੀਂ ਦੀ ਇਤਹਾਸ ਦੀ ਪੁਸਤਕ ’ਚ ਇਸ ਫ਼ਰਕ ਨੂੰ ਮਿਟਾ ਦਿੱਤਾ ਗਿਆ ਹੈ) ਅਤੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਵੱਖਰੇ ਨਹੀਂ ਸਨ, ਇੱਕ ਹੀ ਸਨ ਅਤੇ ਉਹ ਹੀ ‘ਇਸ ਖੇਤਰ (ਯਾਨੀ ਹਰਿਆਣਾ) ਦੇ ਮੂਲਵਾਸੀ ਸਨ।’ ਅਤੇ ਇਹ ਵੀ ਕਿ ਕਦੀ ਵੀ ਭਾਰਤ ’ਚ ਕੋਈ ‘ਵੱਡੇ ਪੱਧਰ ’ਤੇ ਪਰਵਾਸ’ ਹੋਇਆ ਹੀ ਨਹੀਂ ਸੀ ਅਤੇ ਇਹ ਕਿ ‘ਹੜੱਪੀਆਂ ਦੀ ਜੈਨੇਟਿਕ ਜੜ੍ਹਾਂ 10,000 ਈਸਵੀ ਪੂਰਵ ਤੱਕ ਜਾਂਦੀਆਂ ਹਨ। ਹੜੱਪੀਆਂ ਦਾ ਡੀਐਨਏ ਹੁਣ ਤਕ ਜ਼ਾਰੀ ਰਿਹਾ ਹੈ ਅਤੇ ਦੱਖਣ ਏਸ਼ਿਆਈ ਆਬਾਦੀ ਦੀ ਬਹੁਗਿਣਤੀ ਉਨ੍ਹਾਂ ਦੇ ਉੱਤਰਾਧਿਕਾਰੀ ਹੀ ਲੱਗਦੇ ਹਨ।’
ਐਨਸੀਈਆਰਟੀ ਨੇ ਇੱਕ ਵਾਰ ਫਿਰ ਇਤਹਾਸ ਅਤੇ ਵਿਗਿਆਨ ਵੱਲੋਂ ਮੂੰਹ ਮੋੜ ਲਿਆ ਹੈ।
ਅਨੁਵਾਦ: ਮਹੀਪਾਲ ਸਿੰਘ ਵਾਲੀਆ
-ਤਪਨ ਮਿਸ਼ਰਾ ਅਤੇ ਰਘੁ
-ਮੋਬਾ: 90345 08700
---0---