Tuesday, January 21, 2025  

ਲੇਖ

ਅਮਰੀਕਾ ਵਿੱਚੋਂ ਗ਼ਦਰੀਆਂ ਦਾ ਦੇਸ਼ ਨਿਕਾਲਾ ਕਿਵੇਂ ਰੁਕਿਆ...

May 13, 2024

ਅਮਰੀਕਾ ਅਤੇ ਕੈਨੇਡਾ ਵਿੱਚ ਭਾਰਤੀ ਲੋਕਾਂ ਦਾ ਅਉਣਾ ਵੀਹਵੀਂ ਸਦੀ ਦੇ ਅਰੰਭ ਵਿੱਚ ਸ਼ੁਰੂ ਹੋਇਆ। ਇਹ ਲੋਕ ਮੁਖ ਤੌਰ ’ਤੇ ਕੈਨੇਡਾ ਅਮਰੀਕਾ ਦੇ ਪੱਛਮੀ ਸਾਹਿਲ ’ਤੇ ਆਏ ਜਿੱਥੇ ਕੰਮ-ਕਾਰ ਦੇ ਕਾਫੀ ਮੌਕੇ ਸਨ। ਆਉਣ ਦੀ ਅਰੰਭਤਾ ਕੈਨੇਡਾ ਤੋਂ ਹੋਈ। ਦੋਹਾਂ ਦੇਸ਼ਾਂ ਦੀ ਸਰਹੱਦ ਨੂੰ ਪਾਰ ਕਰਨ ਦੀਆਂ ਬਹੁਤੀਆਂ ਰੁਕਾਵਟਾਂ ਨਹੀਂ ਸਨ। ਜਿਸ ਪਾਸੇ ਵੀ ਕੰਮ ਅਤੇ ਵਧੀਆ ਤਨਖਾਹ ਮਿਲਣ ਦੇ ਮੌਕੇ ਹੁੰਦੇ ਉਧਰ ਚਲੇ ਜਾਂਦੇ ਸਨ। ਕੁਝ ਸਾਲਾਂ ਬਾਅਦ ਹੀ ਭਾਰਤੀਆਂ ਵਿਰੁੱਧ ਨਸਲਵਾਦ ਬਹੁਤ ਵੱਧ ਗਿਆ। ਕੈਨੇਡਾ ਵਿੱਚ ਸਰਕਾਰ ਸਾਰੇ ਭਾਰਤੀਆਂ ਨੂੰ ਬਾਹਰ ਕੱਢਣ ਦੇ ਰਾਹ ਚੱਲ ਪਈ ਜਿਸ ਦੇ ਸਿਆਸੀ ਕਾਰਨ ਸਨ। ਭਾਰਤੀਆਂ ਨੇ ਆਪਣੇ ਬਸੇਬੇ ਲਈ ਅਤੇ ਨਸਲਵਾਦ ਦਾ ਟਾਕਰਾ ਕਰਨ ਲਈ ਸੰਗਠਤ ਹੋਣਾ ਸ਼ੁਰੂ ਕਰ ਦਿੱਤਾ। ਯੋਗ ਆਗੂਆਂ ਦੀ ਅਗਵਾਈ ਨਾਲ ਇਹ ਵਿਰੋਧ ਲਹਿਰ ਦਾ ਰੂਪ ਧਾਰਨ ਕਰ ਗਿਆ ਜਿਸ ਨੂੰ ‘ਗਦਰ ਲਹਿਰ’ ਨਾਲ ਯਾਦ ਕੀਤਾ ਜਾਂਦਾ ਹੈ। ਬਾਬੂ ਤਾਰਕ ਨਾਥ ਦਾਸ, ਗੁਰਾਂਦਿੱਤਾ ਕੁਮਾਰ ਅਤੇ ਹਰਨਾਮ ਸਿੰਘ ਸਾਹਰੀ ਜਿਨ੍ਹਾਂ ਨੇ ਵੈਂਕੋਵਰ ਵਿੱਚ ਭਾਰਤੀਆਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਕੀਤਾ ਸੀ ਨੂੰ ਕੈਨੇਡਾ ਸਰਕਾਰ ਨੇ ਤੰਗ ਕਰਕੇ ਅਮਰੀਕਾ ਜਾਣ ਲਈ ਮਜ਼ਬੂਰ ਕਰ ਦਿੱਤਾ। ਉਹ ਅਮਰੀਕਾ ਦੇ ਲਾਗਲੇ ਸ਼ਹਿਰ ਅਮਰੀਕਾ ਆ ਗਏ। ਸਿਆਟਲ ਦੇ ਲਾਗੇ ਦੇ ਔਰੀਗਨ ਦੇ ਸੂਬੇ ਦੇ ਕੁਲੰਬੀਆ ਦਰਿਆ ਦੇ ਦੁਆਲੇ ਬਣੀਆਂ ਲੱਕੜ ਮਿਲਾਂ ਵਿੱਚ ਕਾਫੀ ਹਿੰਦੋਸਤਾਨੀ ਕੰਮ ਕਰਦੇ ਸਨ। ਇਥੇ ਵੀ ਨਸਲੀ ਵਿਤਕਰਾ ਬਹੁਤ ਸੀ। ਸਿਆਟਲ ਆਏ ਉਪਰੋਕਤ ਆਗੂਆਂ ਨੇ ਜਿੱਥੇ ਜਿੱਥੇ ਭਾਰਤੀ ਕੰਮ ਕਰਦੇ ਸਨ ਉਹਨਾਂ ਜਾ ਕਿ ਨਸਲੀ ਵਿੱਤਕਰੇ ਦਾ ਕਾਰਨ ‘ਭਾਰਤ ਦੀ ਗੁਲਾਮੀ’ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਪ੍ਰਚਾਰ ਦੇ ਕਾਰਨ ਹੀ ਅਪਰੈਲ, 1914 ਵਿੱਚ ਗਦਰ ਪਾਰਟੀ ਦੀ ਸਥਾਪਨਾ ਹੋਈ। ਭਾਵੇਂ ਗਦਰ ਲਹਿਰ ਦਾ ਅਰੰਭ ਕੈਨੇਡਾ ਤੋਂ ਹੋਇਆ
ਪ੍ਰੰਤੂ ਉਥੇ ਗਦਰ ਪਾਰਟੀ ਬਣ ਨਹੀਂ ਸਕਦੀ ਸੀ ਕਿਉਂਕਿ ਕੈਨੇਡਾ ਬਰਤਾਨੀਆ ਦੀ ਬਸਤੀ ਸੀ। ਅਮਰੀਕਾ ਵਿੱਚ ਗਦਰ ਪਾਰਟੀ ਬੰਨਣ ਦੇ ਹਾਲਾਤ ਜ਼ਿਆਦਾ ਸਾਜਗਾਰ ਸਨ। ਕੈਨੇਡਾ ਦੇ ਹਿੰਦੀਆਂ ਨੇ ਵੀ ਗਦਰ ਪਾਰਟੀ ਕੰਮਾਂ ਵਿੱਚ ਪੂਰਾ ਯੋਗਦਾਨ ਪਾਇਆ
ਗਦਰ ਪਾਰਟੀ ਨੇ ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਤਿਆਰ ਕਰਨਾ ਸ਼ੁਰੂ ਕਰ ਦਿਤਾ। ਗਦਰ ਪਾਰਟੀ ਦੇ ਆਗੂਆਂ ਦੀ ਸਮਝ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਬਰਤਾਨੀਆ ਅਤੇ ਜਰਮਨ ਵਿੱਚ ਜੰਗ ਜ਼ਰੂਰ ਲੱਗੇਗੀ। ਦੋ ਕੁ ਸਾਲਾਂ ਵਿੱਚ ਉਹ ਭਾਰਤੀਆਂ ਨੂੰ ਹਥਿਆਰਬੰਦ ਤਰੀਕੇ ਨਾਲ ਰਾਜ ਪਲਟੇ ਲਈ ਤਿਆਰ ਕਰ ਲੈਣਗੇ। ਜੰਗ ਜਲਦੀ ਲਗਣ ਤੋਂ ਭੀ ਉਹ ਨਿਰਾਸ਼ ਨਹੀਂ ਹੋਏ। ਭਾਰਤ ਨੂੰ ਬਹੁਤ ਵੱਡੀ ਗਿਣੀ ਵਿੱਚ ਗਏ। ਭਾਵੇਂ ਗਦਰ ਅਸਫਲ ਹੋ ਗਿਆ ਪ੍ਰਤੂੰ ਉਨ੍ਹਾਂ ਜੋ ਚਿੰਗਾੜੀ ਆਪਣੀਆਂ ਅਹੂਤੀਆਂ ਦੇ ਜਗਾਈ ਉਸਨੇ ਭਾਰਤ ਦੇ ਅੰਗਰੇਜ਼ੀ ਹਾਕਮਾਂ ਦੀ ਨੀਂਦ ਉਡਾ ਦਿੱਤੀ ।
ਬਰਤਾਨਵੀ ਹਾਕਮਾਂ ਦੀ ਪਹਿਲਾਂ ਤੋਂ ਹੀ ਨੀਤੀ ਰਹੀ ਕਿ ਅਮਰੀਕਾ ਵਿੱਚ ਗਦਰ ਲਹਿਰ ਜੋ ਕਿ ਭਾਰਤ ਵਿੱਚ ਬਰਤਾਨਵੀ ਰਾਜ ਦੇ ਖਾਤਮੇ ਵੱਲ ਵੱਧ ਰਹੀ ਹੈ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ। ਇਸ ਸੰਬੰਧ ਵਿੱਚ ਲੰਦਨ ਤੋਂ ਅੰਗਰੇਜ਼ੀ ਰਾਜ ਦੇ ਭਾਰਤ ਵਾਸਤੇ ਸਕੱਤਰ ਨੇ 27 ਅਗਸਤ, 1915 ਨੂੰ ਵਾਇਸਰਾਏ ਹਿੰਦ ਤਾਰ ਦਿੱਤੀ, ਕਿ ਪਰਦੇਸੀ ਦਫਤਰ ਵਸ਼ਿੰਗਟਨ ਵਿੱਚਲੇ ਅੰਗਰੇਜ਼ੀ ਦਫਤਰ ਨਾਲ ਗਲਬਾਤ ਕਰੇ ਕਿ ਕਿਵੇਂ ਜਰਮਨ ਏਜੰਟਾਂ ਵੱਲੋਂ ਅਮਰੀਕਾ ਵਿੱਚੋਂ ਹਥਿਆਰ ਖਰੀਦ ਕੇ ਗਦਰ ਪਾਰਟੀ ਨੂੰ ਭੇਜੇ ਜਾ ਰਹੇ ਹਨ। ਪਹਿਲਾਂ ਤਾਂ ਅਮਰੀਕਾ ਦੀ ਸਰਕਾਰ ਨੇ ਬਹੁਤੀ ਤਵੱਜੋ ਨਾ ਦਿੱਤੀ ਪ੍ਰੰਤੂ ਜਦੋਂ ਅਮਰੀਕਾ ਆਪ ਇਸ ਜੰਗ ਵਿੱਚ 6 ਅਪਰੈਲ, 1917 ਨੂੰ ਬਰਤਾਨੀਆ ਨਾਲ ਸਹਿਯੋਗੀ ਬਣ ਕਿ ਆ ਰਲਿਆ ਤਾਂ ਸਥਿਤੀ ਬਿਲਕੁਲ ਬਦਲ ਗਈ
ਹਿੰਦੂ ਜਰਮਨ ਕੰਸਪਰੇਸੀ ਕੇਸ :
ਜਦੋਂ ਅਮਰੀਕਾ ਬਰਤਾਨੀਆ ਦਾ ਸਹਿਯੋਗੀ ਹੋ ਕਿ ਪਹਿਲੀ ਸੰਸਾਰ ਜੰਗ ਵਿੱਚ ਸ਼ਾਮਿਲ ਹੋ ਗਿਆ, ਉਸ ਦੀ ਗਦਰੀਆਂ ਬਾਰੇ ਪਾਲਿਸੀ ਬਦਲ ਗਈ। ਅਮਰੀਕਨ ਸਰਕਾਰ ਨੇ ਬਹੁਤ ਹੀ ਤੇਜ਼ੀ ਨਾਲ ਸੰਤੋਖ ਸਿੰਘ, ਭਗਵਾਨ ਸਿੰਘ, ਤਾਰਕ ਨਾਥ, ਗੋਪਾਲ ਸਿੰਘ, ਰਾਮ ਚੰਦਰ, ਹਰੰਭਾ ਲਾਲ ਗੁਪਤਾ ਅਤੇ ਹੋਰਨਾ ਅਤੇ ਜਰਮਨ ਕਮੇਟੀ ਦੇ ਮੋਹਰੀਆਂ ਨੂੰ ਫੜ ਲਿਆ। ਇਸ ਸਾਰੀ ਫੜੋ ਫੜਾਈ ਵਿੱਚ ਰਤਨ ਸਿੰਘ ਬਚ ਗਿਆ। ਇਸ ਸਾਰੇ ਕੇਸ ਦੀ ਪੈਰਵੀ ਰਤਨ ਸਿੰਘ ਨੇ ਬਹੁਤ ਹੀ ਲਗਨ ਨਾਲ ਕੀਤੀ। ਕਨੇਡਾ ਤੋਂ ਰਕਮਾਂ ਇਕੱਠੀਆਂ ਕੀਤੀਆਂ ਅਤੇ ਇਨਕਲਾਬੀਆਂ ਨਾਲ ਮਿਲ ਕਿ ਚੋਟੀ ਦੇ ਵਕੀਲ ਕੀਤੇ। ਇਹ ਮੁਕੱਦਮਾ ਇਹ ਦੋਸ਼ ਲਗਾ ਕਿ ਚਲਾਇਆ ਗਿਆ, ਕਿ ਇਹਨਾ ਨੇ ਅੰਗਰੇਜ਼ਾਂ ਅਤੇ ਅਮਰੀਕਾ ਦੇ ਵਿੱਰੁਧ ਲੜਾਈ ਵਿੱਚ ਜਰਮਨਾਂ ਲਈ ਕੰਮ ਕੀਤਾ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਇਹ ਮੁਕੱਦਮਾ ਬਰਤਾਨੀਆ ਦੇ ਦਬਾ ਕਰਕੇ ਹੀ ਹੋਇਆ ਸੀ। ਜਿਸ ਦਾ ਹਵਾਲਾ ਸਰਕਾਰੀ ਵਕੀਲ ‘ਪਰੈਸਟਨ’ ਨੇ ਤਸਲੀਮ ਕੀਤਾ ਸੀ, ਉਸਨੇ 11 ਅਪਰੈਲ, 1918 ਨੂੰ ਬਹੁਤ ਖੁਲ ਕਿ ਕੋਰਟ ਵਿੱਚ ਕਿਹਾ ਸੀ: ਕਿ ਮੈਂ ਇਹ ਗਲ ਮੰਨਣ ਲਈ ਤਿਆਰ ਹਾਂ ਕਿ ਬਰਤਾਨਵੀ ਖੁਫੀਆ ਪੁਲਿਸ ਨੇ ਇਸ ਮੁਕੱਦਮੇਂ ਵਿੱਚ ਜਾਤੀ ਤੌਰ ’ਤੇ ਮੱਦਦ ਕੀਤੀ ਹੈ। ਇਸ ਲਈ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਗਲ ਕੀ ਕਿ ਬਰਤਾਨੀਆ ਦੀ ਸਰਕਾਰ ਹਰ ਹੀਲਾ ਵਰਤ ਕਿ ਆਪਣੇ ਦੋ ਮੰਤਵਾਂ ਦੀ ਪੂਰਤੀ ਲਈ ਉਹ ਚਾਹੁੰਦੇ ਸਨ ਗਦਰੀ ਯੋਧੇ ਜੋ ਭਾਰਤ ਨੂੰ ਬਹੁਤ ਸਾਰੀ ਵਿੱਤੀ ਮੱਦਦ ਭੇਜਦੇ ਹਨ ਉਸ ਨੂੰ ਰੋਕਣਾ, ਇਹਨਾਂ ਦੇ ਸਾਨਫਰਾਂਸਿਸਕੋ ਵਾਲੇ ਕੇਂਦਰ ਨੂੰ ਖਤਮ ਕਰਨਾ ਅਤੇ ਗਦਰੀ ਦੇਸ਼ਭਗਤਾਂ ਵਿੱਰੁਧ ਕੇਸਾਂ ਵਿੱਚ ਉਨਾਂ ਨੂੰ ਦੋਸ਼ੀ ਸਾਬਤ ਕਰਕੇ ਭਾਰਤ ਲਿਜਾ ਕਿ ਜੇਲ੍ਹਾਂ ਵਿੱਚ ਡੱਕਣਾ। ਇਸ ਕੇਸ ਵਿੱਚ ਰਾਮ ਚੰਦਰ ਆਪਣੀਆਂ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਗਦਰੀ ਰਾਮ ਸਿੰਘ ਧੁਲੇਤੇ ਹੱਥੋਂ ਕੋਰਟ ਵਿੱਚ ਹੀ ਮਾਰਿਆ ਗਿਆ ਸੀ। ਇਹ ਸਾਰਾ ਮੁਕੱਦਮਾ ਇਕ ਸਾਲ ਚਲਦਾ ਰਿਹਾ। 24 ਅਪਰੈਲ, 1918 ਨੂੰ ਖਤਮ ਹੋਇਆ। ਦੋਸ਼ੀਆਂ ਨੂੰ ਸਜ਼ਾਵਾਂ ਦਿੰਦੇ ਹੋਏ ਅਦਾਲਤ ਨੇ ਆਪਣੇ ਫੈਸਲੇ ਵਿੱਚ ਲਿਖਦਿਆ ਕਿਹਾ ਕਿ ਦੋਸ਼ੀਆਂ ਨੇ ਅਮਰੀਕਾ ਦੀ ਧਰਤੀ ਤੋਂ ਇਹ ਕੰਮ ਕਰਕੇ ਅਮਰੀਕਾ ਦੀ ਨਿਰਪੱਖਤਾ ਨੂੰ ਭੰਗ ਕੀਤਾ ਹੈ। ਭਗਵਾਨ ਸਿੰਘ, ਸੰਤੋਖ ਸਿੰਘ, ਤਾਰਕ ਨਾਥ, ਗੋਪਾਲ ਸਿੰਘ ਸਮੇਤ ਸਾਰੇ ਆਗੂਆਂ ਨੂੰ ਸਜ਼ਾਵਾਂ ਦੇ ਕਿ ਸਲਾਖਾਂ ਪਿੱਛੇ ਤਾੜ ਦਿੱਤਾ। ਇਸ ਮੁਕੱਦਮੇ ਤੇ ਬਹੁਤ ਖਰਚ ਕੀਤਾ ਗਿਆ। ਦੂਰ- ਦੁਰਾਡੇ ਤੋਂ ਲਿਆ ਕਿ ਗਵਾਹ ਭੁਗਤਾਏ ਗਏ। ਅੰਗਰੇਜ਼ੀ ਸਰਕਾਰ ਨੂੰ ਇਸ ਗਲ ਦੀ ਬਿਲਕੁਲ ਪਰਵਾਹ ਨਹੀਂ ਸੀ ਉਹ ਤਾਂ ਇਹਨਾਂ ਗਦਰੀ ਆਗੂਆਂ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤ ਲਿਜਾ ਕਿ ਖਤਮ ਕਰਨਾ ਚਾਹੁੰਦੇ ਸਨ। ਇਸ ਕੇਸ ਦੀ ਸਾਰੀ ਦੁਨੀਆ ਵਿੱਚ ਬਹੁਤ ਚਰਚਾ ਹੋਈ। ਇਸ ਨਾਲ ਦੁਨੀਆ ਦੇ ਲੋਕ ਜਾਣ ਗਏ ਕਿ ਭਾਰਤੀ ਵੀ ਬਰਤਾਨਵੀ ਰਾਜ ਤੋਂ ਛੁਟਕਾਰਾ ਚਾਹੁੰਦੇ ਸਨ
ਗਦਰੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਦੀ ਮੁਹਿੰਮ, ਜਿਸ ਤਰਾਂ ਪਹਿਲਾਂ ਵੀ ਵਰਨਣ ਕੀਤਾ ਗਿਆ ਹੈ ਕਿ ਅਮਰੀਕਾ ਅਤੇ ਬਰਤਾਨੀਆਂ ਦੀਆਂ ਸਰਕਾਰਾਂ ਚਾਹੁੰਦੀਆਂ ਸਨ ਕਿ ਗਦਰੀਆਂ ਦੀਆਂ ਸਜ਼ਾਵਾਂ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਲਿਜਾ ਕਿ ਹੋਰ ਕੇਸਾਂ ਵਿੱਚ ਫਸਾ ਕਿ ਜੇਲ੍ਹਾਂ ਵਿੱਚ ਤਾੜਿਆ ਜਾਵੇ ਤੇ ਫਾਂਸੀ ਦੇ ਤਖਤਿਆਂ ਤੇ ਲਟਕਾਇਆ ਜਾਵੇ। ਅਮਰੀਕਾ ਵਿੱਚ ਗਦਰੀਆਂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਰਤਨ ਸਿੰਘ, ਨਰੰਜਨ ਸਿੰਘ ਪੰਡੋਰੀ ੳਤੇ ਹੋਰਨਾ ਨੇ ਮੁਕੱਦਮੇ ਸਮੇਂ ਹੋਂਦ ਵਿੱਚ ਆਈ ‘ਹਿੰਦੋਸਤਾਨ ਦੀ ਅਜ਼ਾਦੀ ਦੇ ਦੋਸਤ’ ਨਾਮ ਦੀ ਸੰਸਥਾ ਨਾਲ ਰਾਬਤਾ ਕੀਤਾ। ਇਸ ਜੱਥੇਬੰਦੀ ਵਿੱਚ ਮਜ਼ਦੂਰ ਯੂਨੀਅਨਾਂ, ਸੋਸ਼ਲਿਸਟ, ਅਗਾਂਹਵੱਧੂ, ਆਇਰਿਸ਼ ਦੇਸ਼ ਭਗਤ, ਬੁਧੀਜ਼ੀਵੀ ਅਤੇ ਕਮਿਊਨਿਸਟ ਸ਼ਾਮਿਲ ਸਨ। ਇਹ ਜੱਥੇਬੰਦੀ ਅਮਰੀਕਾ ਸਥਾਪਤ ਹੋਏ ‘ਸ਼ਰਨ ਦੇ ਅਧਿਕਾਰ’ ਨੂੰ ਬਰਕਰਾਰ ਰੱਖਣ ਤੇ ਜ਼ੋਰ ਦੇ ਰਹੀ ਸੀ।ਅਮਰੀਕਾ ਵਿੱਚ ਆਏ ਭਾਰਤੀ ਸਿਆਸੀ ਕੈਦੀਆਂ ਅਤੇ ਸ਼ਰਨਾਰਥੀਆਂ ਨੂੰ ਅਮਰੀਕੀ ਪਰੰਪਰਾਵਾਂ ਦੇ ਅਨੁਸਾਰ ਇਨਸਾਫ ਮਿਲੇ ਨੂੰ ਕਾਇਮ ਰੱਖਣ ਲਈ ਬਣੀ ਸੀ। ਇਹ ਜੱਥੇਬੰਦੀ ਬਹਿਸ ਮੁਬਾਸਿਆਂ ਵਿੱਚ ਖੁਲ੍ਹੇ-ਆਮ ਲੋਕਾਂ ਵਿੱਚ ਭਾਰਤੀਆਂ ਦਾ ਪੱਖ ਰੱਖਣ ਵਿੱਚ ਕਾਫੀ ਕਾਮਯਾਬ ਵੀ ਹੋਈ। ਇਸ ਸੰਸਥਾ ਦੇ ਆਗੂਆਂ ਨੇ ਅਮਰੀਕੀ ਲੋਕਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਯਾਦ ਕਰਾਉਂਦਿਆਂ ਕਿਹਾ, “ਜਦ ਕਿ 1776 ਵਿੱਚ ਅੰਗਰੇਜ਼ਾਂ ਤੋਂ ਆਪਣੀ ਆਜ਼ਾਦੀ ਕਰਨ ਵੇਲੇ ਤੋਂ ਹੀ ਸੰਯੁਕਤ ਰਾਜ ਅਮਰੀਕਾ, ਦੂਜੇ ਦੇਸ਼ਾਂ ਦੀਆਂ ਜਾਬਰ ਸਰਕਾਰਾਂ ਦੇ ਕਹਿਰ ਤੋਂ ਬਚ ਕਿ ਆਏ ਸ਼ਰਨਾਰਥੀਆਂ ਨੂੰ ਰਾਜਨੀਤਕ ਪਨਾਹ ਅਸੂਲ ਤੇ ਪਹਿਰਾ ਦੇਣ ਦੇ ਅਸੂਲ ਉੱਤੇ ਪਹਿਰਾ ਦਿੰਦਾ ਆ ਰਿਹਾ ਹੈ।” ਗਦਰ ਪਾਰਟੀ ਦਾ ਆਗੂਆਂ ਨੇ ਅਮਰੀਕਾ ਦੇ ਪ੍ਰਸਿੱਧ ਕਵੀ ਉਹ ਵਿਚਾਰ ਵੀ ਚੇਤੇ ਕਰਾਏ: “ਮੈਂ ਹਰ ਨਿਡਰ ਬਾਗੀ ਦਾ ਦੋਸਤ ਹਾਂ।” ਉਹ ਅਮਰੀਕਾ ਨੂੰ ਜਮਹੂਰੀਅਤ ਦੇ ਜਨਮ ਲਈ ਇਕ ਨਮੂਨੇ ਦਾ ਦੇਸ਼ ਸਮਝਦਾ ਸੀ। ਇਹ ਵੀ ਯਾਦ ਕਰਾਇਆ ਕਿ ‘ਕੌਸੂਬ ਜੋ ਆਸਟਰੀਆ ਦੇ ਲੀਡਰਾਂ ਦੇ ਕਹਿਰਾਂ ਤੋਂ ਬੱਚ ਕਿ ਭੱਜਾ ਸੀ, ਜਾਂ ਆਇਰਸ਼ ਲੀਡਰ, ਜੋ ਅਸਫਲ ਇਨਕਲਾਬ ਤੋਂ ਬਾਅਦ ਜਾਂ ਅੰਗਰੇਜ਼ਾਂ ਦੀਆਂ ਜੇਲ੍ਹਾਂ ‘ਚੋਂ ਭੱਜ ਕਿ ਆਏ ਸਨ, ਅਮਰੀਕਾ ਨੇ ਉਨ੍ਹਾਂ ਨੂੰ ਸ਼ਰਨ ਦੇਣ ਤੋਂ ਕਦੇ ਇਨਕਾਰ ਨਹੀਂ ਕੀਤਾ ਸੀ। ਹਿੰਦੂਆਂ, ਜਿਨ੍ਹਾਂ ਅਮਰੀਕਾ ਵਿੱਰੁਧ ਕਦੇ ਕੋਈ ਸਾਜ਼ਿਸ਼ ਨਹੀਂ ਕੀਤੀ, ਨੂੰ ਕਿਉਂ ਮੌਤ ਦੇ ਮੂੰਹ ਪੈਣ ਲਈ, ਬਰਤਾਨੀਆ ਨੂੰ ਸੌਂਪ ਦਿੱਤਾ ਜਾਵੇ? ਗਦਰੀਆਂ ਨੂੰ ਦੇਸ਼ ਨਿਕਾਲਾ ਦੇਣ ਵਿੱਰੁਧ ਬਣੇ ਮੁਹਾਜ਼ ਦੀ ਮੁਹਿੰਮ ਕਾਰਨ ਅਮਰੀਕਾ ਦੀ ਸਰਕਾਰ ਗਦਰੀ ਆਗੂਆਂ ਨੂੰ ਦੇਸ਼ ਨਿਕਾਲਾ ਨਾ ਦੇ ਸਕੀ। ਇਸੇ ਸਬੰਧ ਵਿੱਚ ਦੱਸਣਾ ਬਣਦਾ ਹੈ ਕਿ ਸਾਂਨਫਰਾਂਸਿਸਕੋ ਕੇਸ ਤੋਂ ਬਾਅਦ ਜੇਲ੍ਹਾਂ ਵਿੱਚ ਹੋਈਆਂ ਗਰਮਦਲੀਆਂ ਅਤੇ ਕਮਿਊਨਿਸਟਾਂ ਨਾਲ ਹੋਈਆਂ ਦੋਸਤੀਆਂ ਬਹੁਤ ਹੀ ਫਾਇਦੇਮੰਦ ਸਾਬਤ ਹੋਈਆਂ। ਇਸ ਦੇਸ਼ ਨਿਕਾਲੇ ਨੂੰ ਰੁਕਵਾਉਣ ਲਈ ਆਇਰਿਸ਼ ਦੇਸ਼ ਭਗਤਾਂ ਨੇ ਜੋ ਹਿੱਸਾ ਪਾਇਆ ਉਸਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ1 ਆਇਰਿਸ਼ ਦੇਸ਼ ਭਗਤ ਜਿੱਥੇ ਅੰਗਰੇਜ਼ੀ ਸਾਮਰਾਜ ਵਿੱਰੁਧ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ ਉਥੇ ਉਹ ਭਾਰਤ ਦੀ ਆਜ਼ਾਦੀ ਲਈ ਅਮਰੀਕਾ ਅਤੇ ਯੂਰਪ ਵਿੱਚ ਹਿੰਦੀਆਂ ਦੀ ਮੱਦਦ ਕਰ ਰਹੇ ਸਨ1 ਉਹ ਇਹਨਾਂ ਦੋਹਾਂ ਸੰਘਰਸ਼ਾਂ ਵਿੱਚ ਸਮਾਨਤਾ ਸਮਝਦੇ ਸਨ। ਅਮਰੀਕਾ ਦੀ ਆਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਅਮਰੀਕਨਾਂ ਦਾ ਸਾਥ ਦਿੱਤਾ ਸੀ1ਪਹਿਲੀ ਸੰਸਾਰ ਜੰਘ ਵਿੱਚ ਵੀ ਆਇਰਿਸ਼ਾਂ ਦੇ ਵੀਹ ਹਜ਼ਾਰ ਫੌਜੀ ਅਮਰੀਕਨ ਨਾਲ ਸ਼ਾਮਿਲ ਹੋ ਕਿ ਲੜੇ ਸਨ। ਇਕ ਹੋਰ ਕਿ ਉਨਾਂ ਪਾਸ ਅਮਰੀਕਾ ਵਿੱਚ ਵੋਟ ਦਾ ਅਧਿਕਾਰ ਸੀ1 ਇਸ ਨਾਲ ਉਹ ਅਮਰੀਕਾ ਦੇ ਚੁਣੇ ਹੋਏ ਹੋਏ ਨੁਮਾਇੰਦਿਆਂ ਤੇ ਪ੍ਰਭਾਵ ਪਾ ਸਕਦੇ ਸਨ1 ਧੁਰ ਅਮਰੀਕੀ ਸੈਨੇਟਰਾਂ ਤੱਕ ਉਨਾਂ ਦੀ ਪਹੁੰਚ ਸੀ1 ਇਕ ਗਲ ਅਸੀ ਦਾਅਵੇ ਨਾਲ ਕਹਿ ਸਕਦੇ ਹਾਂ ਜੇਕਰ ਅਮਰੀਕਾ ਵਿੱਚ ਖੱਬੇਪੱਖੀ ਲੋਕ ਗਦਰੀਆਂ ਦੇ ਨਾਲ ਨਾ ਖੜਦੇ ਤਾਂ ਗਦਰੀਆਂ ਦਾ ਸਜ਼ਾਵਾਂ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਤਹਿ ਸੀ1
ਗਦਰੀਆਂ ਨੂੰ ਦੇਸ਼ ਨਿਕਾਲੇ ਦੀ ਮੁਹਿੰਮ ਵਿੱਚ ਰਤਨ ਸਿੰਘ ਅਤੇ ਮਹਾਨ ਵੀਰਾਂਗਣ ਐਗਨੀਜ਼ ਸਮੈਡਲੀ ਦੇ ਰੋਲ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਨਾਜ਼ੁਕ ਦੌਰ ਵਿੱਚ ਅਮਰੀਕਾ ਦੀ ਜੰਮਪਲ ਬਹਾਦਰ ਔਰਤ ਸਮੈਡਲੀ ਸਾਹਮਣੇ ਆਈ। ਉਸਨੇ ਅਖਬਾਰਾਂ ਵਿੱਚ ਇਸ ਦੇਸ਼ ਨਿਕਾਲੇ ਵਿਰੁੱਧ ਲੇਖ ਲਿਖੇ ਸਰਕਾਰ ਦੇ ਗਦਰੀਆਂ ਨੂੰ ਕੱਢਣ ਲਈ ‘ਭਾਰਤ ਦੀ ਸੁਤੰਤਰਤਾ ਦੇ ਦੋਸਤ’ ਨਾਮ ਦੀ ਸੰਸਥਾ ਬਣਾਉਣ ਵਿੱਚ ਮੋਹਰੀਆ ਵਾਲਾ ਰੋਲ ਅਦਾ ਕੀਤਾ. ਸਮੈਡਲੀ ਨੂੰ ਅਮਰੀਕਨ ਸਰਕਾਰ ਨੇ ਫੜ ਕਿ ਜੇਲ੍ਹਾਂ ਵਿੱਚ ਤਸੀਹੇ ਦਿੱਤੇ1 ਉਸ ਦੀ ਅਡੋਲਤਾ ਅਤੇ ਜਾਇਜ਼ ਮੰਗ ਤੋਂ ਪ੍ਰਭਾਵਿਤ ਹੋ ਕਿ ਹੋਰ ਜੱਥਬੰਦੀਆਂ ਇਸ ਬੇਇਨਸਾਫੀ ਵਿਰੁੱਧ ਮੈਦਾਨ ਵਿੱਚ ਆ ਗਈਆਂ. ਸਮੈਡਲੀ ਨੇ ਆਪਣੀ ਕਿਤਾਬ ‘ਧਰਤੀ ਦੀ ਜਾਈ’ ਦੇ ਸਫਾ 340
ਮਹਾਨ ਵੀਰਾਂਗਣ ਐਗਨੀਜ਼ ਸਮੈਡਲੀ ਦੀ ਤਸਵੀਰ ਵਿੱਚ ਬੜੇ ਮਾਣ ਨਾਲ ਲਿਖਿਆ ਸੀ: ਭਾਰਤ ਲਈ ਮੇਰੀ ਜ਼ਿੰਦਗੀ ਪਹਿਲਾਂ ਅਸੂਲੀ ਅਤੇ ਖੁਦ ਚੁਣਿਆ ਕੰਮ ਸੀ ਜਿਸ ਲਈ ਮੈਂ ਬਹੁਤ ਦੁੱਖ ਝੱਲਿਆ।ਇਹ ਮਹਿਜ਼ ਜੀਣਾ ਜਾਂ ਜੀਵਨ ਵੱਲ ਹੀ ਪ੍ਰਤੀਕਰਮ ਹੀ ਨਹੀਂ ਸਗੋਂ ਇਸ ਦਾ ਸਹੀ ਪਰਗਟਾਵਾ ਸੀ। ਜਿਸ ਨਾਲ ਮੈਨੂੰ ਆਤਮ ਸਨਮਾਨ ਤੇ ਅਣਖ ਦਾ ਅਹਿਸਾਸ ਮਿਲਿਆ, ਜੋ ਕਦੇ ਕਿਧਰੋਂ ਨਹੀਂ ਸੀ ਹੋਇਆ। ”
ਇਸ ਬਹੁਤ ਵਡੀ ਲਹਿਰ ਕਾਰਨ 19 ਮਈ, 1920 ਨੂੰ ਬਹੁਤ ਹੀ ਖੁਸ਼ੀ ਭਰੀ ਖਬਰ ਆਈ: ਹਿੰਦੂ ਮੁਕੱਦਮਿਆ ਦੇ ਵਰੰਟ ਮਨਸੂਖ ਕਰ ਦਿੱਤੇ ਗਏ।” ਗਦਰੀਆਂ ਦੇ ਵਰੰਟ ਮਨਸੂਖ ਹੋ ਗਏ। ਸਾਨਫਰਾਂਸਿਸਕੋ ਪੋਸਟ ਨੇ ਵੱਡੀਆ ਸੁਰਖੀਆਂ ਲਾ ਕਿ ਖਬਰ ਛਾਪੀ ਇਹ ਖਬਰ ਅਮਰੀਕਾ ਵਿੱਚ ਭਾਰਤੀਆ ਲਈ ਬਹੁਤ ਹੀ ਰਾਹਤ ਭਰਪੂਰ ਸੀ। ਬਰਤਾਨੀਆਂ ਦੇ ਮਨਸੂਬਿਆ ਤੇ ਪਾਣੀ ਫਿਰ ਗਿਆ। ਉਨਾਂ ਨੂੰ ਅਮਰੀਕਾ ਵਿੱਚ ਵੱਸਣ ਦਾ ਹੱਕ ਮਿਲ ਗਿਆ ਅਤੇ ਅਮਰੀਕਾ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਰਾਹ ਖੁਲ੍ਹ ਗਿਆ।
***
-ਸੁਰਿੰਦਰ ਸੰਘਾ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ