Tuesday, January 21, 2025  

ਲੇਖ

ਮਿੰਨੀ ਕਹਾਣੀਆਂ

May 13, 2024

ਉਹ ਬਰੈਡ ਪਕੌੜੇ ਵੇਚਣ ਵਾਲਾ
-ਇਕਬਾਲ ਸਿੰਘ ਹਮਜ਼ਾਪੁਰ
ਗੱਡੀ ਰਿੜ ਪਈ ਸੀ। ਰਿੜਦੀ ਜਾਂਦੀ ਗੱਡੀ ਵਿੱਚੋਂ ਉਸਨੇ ਬਾਹਰ ਵੇਖਿਆ। ਉਸਨੂੰ ਬਰੈਡ-ਪਕੌੜੇ ਵੇਚਣ ਵਾਲਾ ਕਿਧਰੇ ਵੀ ਆਉਂਦਾ ਦਿਖਾਈ ਨਾ ਦਿੱਤਾ। ਗੱਡੀ ਹੌਲੀ-ਹੌਲੀ ਸਪੀਡ ਫੜਦੀ ਜਾ ਰਹੀ ਸੀ। ਗੱਡੀ ਦੀ ਸਪੀਡ ਦੇ ਨਾਲ-ਨਾਲ ਉਸਦੀ ਧੜਕਨ ਵੀ ਵਧਦੀ ਜਾ ਰਹੀ ਸੀ। ਬਰੈਡ-ਪਕੌੜੇ ਵੇਚਣ ਵਾਲਾ ਦੋ ਸੌ ਦਾ ਨੋਟ ਲੈ ਗਿਆ ਸੀ। ਉਹ ਪੈਸੇ ਤੁੜਵਾਉਣ ਗਿਆ ਸੀ। ਅਜੇ ਤਕ ਵਾਪਸ ਨਹੀਂ ਮੁੜਿਆ ਸੀ। ਪਰ ਗੱਡੀ ਚੱਲ ਪਈ ਸੀ।
“ ਭੈਣ ਜੀ! ਹੁਣ ਮਾਰੋ ਮੱਥੇ ਨੂੰ ਹੱਥ।” ਕੈਬਿਨ ਵਿਚ ਬੈਠੀਆਂ ਸਵਾਰੀਆਂ ਵਿੱਚੋਂ ਇਕ ਨੇ ਆਖਿਆ। “ ਇਹ ਲੋਕ ਇੰਝ ਹੀ ਕਰਦੇ ਹਨ। ਜਾਣਬੁਝ ਕੇ ਦੇਰ ਕਰਦੇ ਹਨ।” ਦੂਸਰੇ ਨੇ ਆਖਿਆ।
“ ਭੈਣ ਜੀ! ਤੁਹਾਨੂੰ ਇਸ ਤਰ੍ਹਾਂ ਪੈਸੇ ਨਹੀਂ ਫੜਾਉਣੇ ਚਾਹੀਦੇ ਸਨ।” ਤੀਸਰਾ ਮੱਤ ਦੇਣ ਲੱਗ ਪਿਆ ਸੀ।
“ ਸਵੇਰ ਦੀ ਭੁੱਖੀ ਸਾਂ। ਭੁੱਖ ਨਾਲ ਕਾਲਜਾ ਬਾਹਰ ਨੂੰ ਆਉਂਦਾ ਜਾਪਦਾ ਸੀ। ਕੋਲ ਟੁੱਟੇ ਪੈਸੇ ਹੈ ਨਹੀਂ ਸਨ।” ਉਹ ਅਜੇ ਆਪਣੀ ਮਜਬੂਰੀ ਦੱਸ ਹੀ ਰਹੀ ਸੀ ਕਿ ਬਰੈਡ-ਪਕੌੜੇ ਵੇਚਣ ਵਾਲਾ ਸਾਹਮਣੇ ਆ ਖੜ੍ਹਾ ਹੋਇਆ ਸੀ। ਸਵਾਰੀਆਂ ਹੈਰਾਨ ਸਨ ਕਿ ਚਲਦੀ ਗੱਡੀ ਵਿਚ ਉਹ ਕਿਧਰੋਂ ਆ ਗਿਆ।
“ ਮੈਂ ਗਰੀਬ ਹਾਂ। ਬੇਈਮਾਨ ਨਹੀਂ।”
“ ਪਹਿਲਾਂ-ਪਹਿਲ ਮੈਂ ਇਕ ਵਾਰ ਹੇਠਾਂ ਸਟੇਸਨ ’ਤੇ ਪੈਸੇ ਤੁੜਵਾਉਣ ਚਲਾ ਗਿਆ ਸਾਂ। ਪਿੱਛੋਂ ਗੱਡੀ ਚੱਲ ਪਈ ਸੀ। ਮੈਂ ਇਕ ਸਵਾਰੀ ਦਾ ਬਕਾਇਆ ਨਹੀਂ ਮੋੜ ਸਕਿਆ ਸਾਂ। ਫਿਰ ਮੈਂ ਉਸ ਸਵਾਰੀ ਨੂੰ ਵਾਪਸ ਆਉਣ ਵਾਲੀਆਂ ਗੱਡੀਆਂ ਵਿਚ ਕਈ ਦਿਨ ਲੱਭਦਾ ਰਿਹਾ ਸਾਂ। ਪਰ ਮੈਨੂੰ ਉਹ ਸਵਾਰੀ ਨਹੀਂ ਮਿਲੀ ਸੀ। ਉਦੋਂ ਮੈਂ ਬਹੁਤ ਪਛਤਾਇਆ ਸਾਂ। ਉਸ ਦਿਨ ਤੋਂ ਬਾਅਦ ਮੈਂ ਕਦੇ ਵੀ ਹੇਠਾਂ ਸਟੇਸਨ ’ਤੇ ਪੈਸੇ ਤੁੜਵਾਉਣ ਨਹੀਂ ਗਿਆ। ਮੈਂ ਗੱਡੀ ਵਿੱਚੋਂ ਹੀ ਕਿਸੇ ਨਾ ਕਿਸੇ ਸਵਾਰੀ ਕੋਲੋਂ ਪੈਸੇ ਤੁੜਵਾ ਕੇ ਲਿਆਉਂਦਾ ਹਾਂ।” ਬਰੈਡ –ਪਕੌੜੇ ਵੇਚਣ ਵਾਲੇ ਨੇ ਦੱਸਿਆ ਤੇ ਬਣਦਾ ਬਕਾਇਆ ਮੋੜ ਕੇ ਉਹ ਦੁਬਾਰਾ ਬਰੈਡ-ਪਕੌੜੇ ਵੇਚਣ ਲੱਗ ਪਿਆ ਸੀ। ਹੁਣ ਸਵਾਰੀਆਂ ਦੇ ਚਿਹਰਿਆਂ ਤੋਂ ਪਤਾ ਲਗਦਾ ਸੀ ਕਿ ਬਰੈਡ-ਪਕੌੜੇ ਵੇਚਣ ਵਾਲੇ ਨੇ ਸਭ ’ਤੇ ਆਪਣੀ ਇਮਾਨਦਾਰੀ ਦੀ ਛਾਪ ਛੱਡ ਦਿੱਤੀ ਹੈ।
-ਮੋਬਾ: 9518402049
***
ਪ੍ਰੀ ਵੈਡਿੰਗ ਸ਼ੂਟ!
-ਜਸਵਿੰਦਰ ਪਾਲ ਸ਼ਰਮਾ
ਕਮਲ (ਆਪਣੇ ਮੰਗੇਤਰ ਰੋਹਿਤ ਨਾਲ ਗੱਲਾਂ ਕਰਦੇ ਹੋਏ) ‘ਕੁਦਰਤ ਦੀਆਂ ਖੂਬਸੂਰਤ ਵਾਦੀਆਂ ਵਿੱਚ ਪ੍ਰੀ-ਵੈਡਿੰਗ ਸ਼ੂਟ ਲਈ ਆਉਣਾ ਸੱਚਮੁੱਚ ਰੋਮਾਂਚਕ ਹੈ।’
ਰੋਹਿਤ (ਕਮਲ ਨੂੰ) ‘ਸੱਚਮੁੱਚ, ਤੁਹਾਨੂੰ ਇੰਨੀ ਨੇੜਤਾ ਤੋਂ ਦੇਖਣ ਦਾ ਅਹਿਸਾਸ ਅਦਭੁਤ ਅਤੇ ਵਿਲੱਖਣ ਹੈ। ਕੁਦਰਤ, ਪਹਾੜਾਂ ਅਤੇ ਡਿੱਗਦੇ ਝਰਨੇ ਤੁਹਾਡੀ ਵਿਲੱਖਣ ਸੁੰਦਰਤਾ ਵਿੱਚ ਵਾਧਾ ਕਰਦੇ ਹਨ।’
ਉਦੋਂ ਹੀ ਰੋਹਿਤ ਦੀ ਮਾਂ ਦਾ ਫੋਨ ਵੱਜਣ ਲੱਗਾ ਰੋਹਿਤ ਪਰੇਸ਼ਾਨ ਹੋ ਕੇ ਬੋਲਿਆ, ‘ਯਾਰ, ਮਾਂ ਨੂੰ ਵੀ ਚੈਨ ਨਹੀਂ ਹੈ। ਉਹ ਸਾਨੂੰ ਚਾਰ ਦਿਨਾਂ ਤੋਂ ਖੁੱਲ੍ਹ ਕੇ ਸਾਹ ਵੀ ਨਹੀਂ ਲੈਣ ਦੇ ਰਹੀ।’
ਕਮਲ (ਰੋਹਿਤ ਨੂੰ) ‘ਸਾਡੇ ਵਿਆਹ ਵਿੱਚ ਅਜੇ ਅਠਾਰਾਂ ਦਿਨ ਬਾਕੀ ਹਨ। ਤੇਰੀ ਮਾਂ ਇੱਥੇ ਵੀ ਪ੍ਰੇਸ਼ਾਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀ।’
ਰੋਹਿਤ, ‘ਅਜਿਹਾ ਨਹੀਂ ਹੈ। ਮੈਂ ਇਕਲੌਤਾ ਪੁੱਤਰ ਹਾਂ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਦਾਦੀ ਵੀ। ਮੇਰੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਪਾਲਿਆ, ਪੜ੍ਹਾਇਆ ਅਤੇ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ।’
ਕਮਲ ਗੁੱਸੇ _ਚ ਬੋਲਦੀ ਹੋਈ, ‘ਕੋਈ ਨੀ, ਵਿਆਹ ਦਾ ਪੂਰਾ ਕੰਮ ਕੈਟਰਿੰਗ ਵਾਲੇ ਨੂੰ ਠੇਕੇ ਤੇ ਦਿੱਤਾ ਗਿਆ ਹੈ। ਮੇਰੇ ਮਾਤਾ- ਪਿਤਾ ਸਾਰਾ ਪ੍ਰਬੰਧ ਕਰਨਗੇ। ਇੱਥੇ ਪ੍ਰੀ-ਵੈਡਿੰਗ ਸ਼ੂਟਿੰਗ ਚੱਲ ਰਹੀ ਹੈ, ਕੋਈ ਮਜ਼ਾਕ ਨਹੀਂ।’
ਦੋ ਦਿਨਾਂ ਬਾਅਦ ਮਾਂ ਨੇ ਫਿਰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਰੋਹਿਤ ਵਾਰ-ਵਾਰ ਫੋਨ ਕੱਟਦਾ ਰਿਹਾ। ਕਾਫੀ ਦੇਰ ਬਾਅਦ ਉਸ ਨੇ ਖਿਝ ਕੇ ਫੋਨ ਦਾ ਜਵਾਬ ਦਿੱਤਾ ਅਤੇ ਕਿਹਾ, ‘ਅਸੀਂ ਉੱਥੇ ਸਮੇਂ ਸਿਰ ਪਹੁੰਚ ਜਾਵਾਂਗੇ। ਕਮਲ ਦੇ ਪਿਤਾ ਜੀ ਵਿਆਹ ਦਾ ਸਾਰਾ ਕੰਮ ਸੰਭਾਲ ਲੈਣਗੇ।’
ਮੰਮੀ (ਰੋਂਦੇ ਹੋਏ) ‘ਤੇਰੀ ਦਾਦੀ ਬਾਥਰੂਮ ਵਿੱਚ ਡਿੱਗ ਪਈ ਹੈ। ਕਮਰ ਦੀ ਹੱਡੀ ਵਿੱਚ ਫਰੈਕਚਰ ਹੈ। ਡਾਕਟਰ ਕਹਿ ਰਿਹਾ ਹੈ ਕਿ ਇਹ ਬਹੁਤ ਗੰਭੀਰ ਕਿਸਮ ਦੀ ਸਥਿਤੀ ਹੈ।ਤੇਰੀ ਦਾਦੀ ਤੇਰਾ ਨਾਮ ਰੱਟੇ ਜਾ ਰਹੀ ਹੈ। ਜਲਦੀ ਆਓ।’
ਰੋਹਿਤ (ਮੰਮੀ ਨੂੰ) ‘ਦਾਦੀ ਨੇ ਵੀ ਆਪਣੀ ਹੱਡੀ ਹੁਣੇ ਤੜਾਉਣੀ ਸੀ । ਉਹ ਇੱਕ ਥਾਂ ’ਤੇ ਚੈਨ ਨਾਲ ਬੈਠ ਵੀ ਨਹੀਂ ਸਕਦੀ।’
ਫੋਨ ਨੂੰ ਹੋਲਡ ’ਤੇ ਰੱਖ ਕੇ ਅਤੇ ਕਮਲ ਨਾਲ ਗੱਲ ਕਰਨ ਤੋਂ ਬਾਅਦ ਰੋਹਿਤ ਨੇ ਆਪਣੀ ਮਾਂ ਨੂੰ ਕਿਹਾ, ‘ਦਾਦੀ ਨੂੰ ਕੁਝ ਨਹੀਂ ਹੋਵੇਗਾ। ਉਹ ਬਹੁਤ ਮਜ਼ਬੂਤ ? ਹੈ। ਇੱਥੇ ਬਰਫ਼ ਪੈਣੀ ਸ਼ੁਰੂ ਹੋ ਗਈ ਹੈ। ਸਾਰੀਆਂ ਸੜਕਾਂ ਬੰਦ ਹਨ। ਇੱਥੋਂ ਤੱਕ ਕਿ ਨੈੱਟਵਰਕ ਵੀ ਉਪਲਬਧ ਨਹੀਂ ਹੈ।’
ਅਚਾਨਕ ਰੋਹਿਤ ਦਾ ਮੋਬਾਈਲ ਕਵਰੇਜ਼ ਖੇਤਰ ਤੋਂ ਬਾਹਰ ਹੋ ਗਿਆ।
-ਮੋਬਾ: 7986027454
***
ਪਾਟੀ ਪੈਂਟ
-ਰਣਬੀਰ ਸਿੰਘ ਪ੍ਰਿੰਸ
ਦਸੰਬਰ ਦਾ ਮਹੀਨਾ ਸੀ। ਸਰਦੀ ਦੀਆਂ ਛੁੱਟੀਆਂ ਹੋਣ ਦੇ ਨੇੜੇ ਸਨ।ਜਿਸ ਕਰਕੇ ਬੱਚਿਆਂ ਦੀ ਅਤੇ ਅਧਿਆਪਕਾਂ ਦੀ ਸਕੂਲ ਵਿੱਚ ਗਿਣਤੀ ਬਹੁਤ ਘੱਟ ਹੀ ਸੀ।ਜਿਸ ਕਰਕੇ ਜ਼ਿਆਦਾਤਰ ਪੀਰੀਅਡਾਂ ਦੀ ਅਡਜਸਟਮੈਂਟ ਜਾਂ ਖ਼ਾਲੀ ਸੀ। ਬੱਚਿਆਂ ਲਈ ਪੀਰੀਅਡਾਂ ਦਾ ਖ਼ਾਲੀ ਹੋਣਾ ਜਾਂ ਅਡਜਸਟਮੈਂਟ ਮਤਲਬ ਫੁੱਲ ਟਾਇਮ ਮਸਤੀ ਵਾਲ਼ਾ ਮਾਹੌਲ ਹੁੰਦਾ। ਬਾਕੀ ਸਿਆਣੇ ਕਹਿੰਦੇ ਹਨ ਕਿ ਪੜ੍ਹਾਕੂ ਤਾਂ ਬਾਂਦਰ ਹੁੰਦੇ ਨੇ। ਬਾਂਦਰ ਸੈਨਾ ਭਾਵ ਕੰਧਾਂ ਟੱਪਣ ਵਾਲ਼ੇ ਤਾਂ ਦੂਜੇ -ਤੀਜੇ ਪੀਰੀਅਡਾਂ ਤੋਂ ਬਾਅਦ ਹੀ ਡਾਰਵਿਨ ਦੀ ਥਿਊਰੀ ਨੂੰ ਸੱਚ ਕਰ ਦੇ ਨਿਕਲ ਗਏ। ਪਰ ਮੇਰੇ ਵਰਗੇ ਆਗਿਆਕਾਰੀ, ਸ਼ਰੀਫ ਕਹਾਉਣ ਦੇ ਚੱਕਰ ਚ ਜਾਂ ਫਿਰ ਇਹ ਕਹਿ ਲਈਏ ਕਿ ਡਰਪੋਕਾਂ ਦੀ ਅਕਲ ਘੱਟ ਹੀ ਕੰਮ ਕਰਦੀ ਹੈ।ਸੋ ਮੈਂ ਸਕੂਲ ਵਿੱਚ ਹੀ ਖੇਡਦਾ ਰਿਹਾ । ਪਰ ਪਤਾ ਨਹੀਂ ਵਾਲੀਵਾਲ਼ ਖੇਡਦੇ ਕਿਵੇਂ ਪੈਂਟ ਪਾਟ ਗਈ। ਮੇਰੇ ਹਲਾਤ ਧੋਬੀ ਦੇ ਕੁੱਤੇ ਵਾਲ਼ੀ ਹੋ ਗਏ। ਜਮਾਤ ਵਿੱਚ ਜਾਵਾਂ ਤਾਂ ਕੁੜੀਆਂ ਸੀ। ਦੂਜੇ ਪਾਸੇ ਕਲਾਸ ਇੰਚਾਰਜ ਮੈਡਮ ।ਸਮਝ ਨਾ ਆਵੇ ਕੀ ਕਰਾਂ। ‘ਮਰਦੀ ਕੀ ਨਾ ਕਰਦੀ’ ਜਾਂ ਇਹ ਕਹਿ ਲਈਏ ਕਿ ‘ਲੋੜ੍ਹ ਕਾਢ ਦੀ ਮਾਂ ਹੈ’, ਸੁਣਿਆ ਸੀ ਪਰ ਅੱਜ ਕਹਾਵਤ ਕੰਮ ਆਈ।ਕੋਟੀ ਲਾਹ ਕੇ ਅੱਗੇ ਬੰਨ੍ਹ ਲਈ, ਪਿੱਛੇ ਬੈਗ ਲਮਕਾ ਲਿਆ। ਔਖਾ ਸੌਖਾ ਮੈਡਮ ਕੋਲ਼ ਜਾ ਹਾਜ਼ਰ ਹੋਇਆ, ਅੱਗੋਂ ਮੈਡਮ ਵੀ ਅੱਗ ਬਬੂਲਾ ਹੋ ਗਈ, ਜਿਵੇਂ ਸਾਰੇ ਭੱਜੇ ਬੱਚਿਆਂ ਦਾ ਗੁੱਸਾ ਮੇਰੇ ਤੇ ਹੀ ਕੱਢਣਾ ਹੋਵੇ। ਮੈਂ ਪੈਂਟ ਦੀ ਮਜ਼ਬੂਰੀ ਦੱਸੀ, ਅੱਗੋਂ ਕਹਿੰਦੇ ਥੋਡੀਆਂ ਤਾਂ ਰੋਜ਼ ਹੀ ਪਾਟੀਆਂ ਰਹਿੰਦੀਆਂ ਨੇ, ਮੈਂ ਕੀ ਕਰਾਂ। ਮੈਂ ਛੁੱਟੀ ਨਹੀਂ ਦੇਣੀ। ਮੈਂ ਮੂੰਹ ਜਾ ਮਸੋਸ ਬਾਹਰ ਇੱਕ ਪਾਸੇ ਜਿਹੇ ਬਹਿ ਗਿਆ। ਕਦੇ ਪਾਟੀ ਪੈਂਟ ਤੇ ਕਦੇ ਘਰ ਦੀ ਗਰੀਬੀ ਤੇ ਝੂਰ ਰਿਹਾ ਸੀ।
ਫਿਰ ਅਚਾਨਕ ਖ਼ਿਆਲ ਆਇਆ ਕਿ ਚੱਲੋ ਅਗਲੇ ਪੀਰੀਅਡਾਂ ਵਾਲ਼ੇ ਕਿਸੇ ਅਧਿਆਪਕ ਤੋਂ ਛੁੱਟੀ ਲੈ ਲੈਂਦਾ ਹਾਂ। ਮੈਂ ਟੁੱਟੀ ਹੋਈ ਹਿੰਮਤ ਨੂੰ ਇੱਕ ਵਾਰ ਫੇਰ ਸਾਰੇ ਦਿਨ ਦੇ ਦਿਹਾੜੀ ਦੇ ਭੰਨੇ ਮਜ਼ਦੂਰ ਵਾਂਗ ਹੱਡਾਂ ਨੂੰ ਸਮੇਟਦੇ ਹੋਏ ਓਵਰ ਟਾਈਮ ਲਗਾਉਣ ਦੀ ਸੋਚਦਿਆਂ, ਜ਼ਰੂਰੀ ਕੰਮ ਦੀ ਅਰਜ਼ੀ ਲਿਖ ਜਾ ਹਾਜ਼ਰ ਹੋਇਆ। ਪਰ ਪਤਾ ਨਹੀਂ ਸੀ ਕਿ ਇੱਥੇ ਸਟਾਫ਼ਰੂਮ ਵਿੱਚ ਵੀ ਮੇਰੀ ਗਰੀਬੀ ਦਾ ਚੀਰ ਹਰਨ ਹੋਣ ਵਾਲ਼ਾ ਹੈ। ਉਨ੍ਹਾਂ ਨੇ ਜ਼ਰੂਰੀ ਕੰਮ ਅਰਜ਼ੀ ਦੀ ਥਾਂ ਪੈਂਟ ਪਾਟੀ ਹੋਣ ਦੀ ਅਰਜ਼ੀ ਲਿਖਣ ਦਾ ਹੁਕਮ ਚਾੜ੍ਹ ਦਿੱਤਾ। ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਪੁਰਾਣੀ ਫਿਲਮ ਦੀ ਉਹ ਹੀਰੋਇਨ ਹਾਂ ਜੋ ਇੱਜਤ ਗਵਾਉਣ ਤੋਂ ਬਾਅਦ ਥਾਣੇ ਵਿੱਚ ਰਿਪੋਰਟ ਲਿਖਾਉਣ ਜਾਂਦੀ ਹੈ, ਅੱਗੋਂ ਥਾਣੇ ਦਾ ਵਿਕਾਊ ਥਾਣੇਦਾਰ ਰਿਪੋਰਟ ਲਿਖਣ ਦੀ ਥਾਂ ਬੇਹੂਦਾ ਸਵਾਲ ਪੁੱਛ ਕੇ ਸਵਾਦ ਲੈਂਦਾ ਹੈ।
ਇੱਥੇ ਵੀ ਕੁਝ ਬਰੈਂਡਡ ਕੱਪੜਿਆਂ ਵਿੱਚ ਸਜੀਆਂ ਬੁੱਧੀਜੀਵੀ ਲੀਰਾਂ ਨੇ ਮੇਰੀ ਫਟੀ ਪੈਂਟ ਤੇ ਇੰਨੇ ਕੁ ਭੱਦੇ ਵਿਅੰਗ ਕਸੇ ਕਿ ਮੈਨੂੰ ਇੰਝ ਲੱਗਿਆ ਬੇਈਮਾਨ ਹੋਣ ਦਾ ਸਬੂਤ ਦੇ ਰਹੇ ਹੋਣ ਤੇ ਮੇਰੀ ਗਰੀਬੀ ਦਾ ਮੂੰਹ ਚਿੜਾ ਰਹੇ ਹੋਣ। ਮੇਰੇ ਲਈ ਇਹ ਦਿਨ ਜ਼ਹਿਰ ਪਿਆਲਾ ਪੀਣ ਘੱਟ ਨਹੀਂ ?ਸੀ। ਫੇਰ ਵੀ ਮੈਂ ਅੱਖ ਦੇ ਹੰਝੂਆਂ ਨੂੰ ਤਾਂ ਕਿਵੇਂ ਨਾ ਕਿਵੇਂ ਸੰਭਾਲ ਲਿਆ।ਪਰ ਦਿਲ ’ਤੇ ਲੱਗੇ ਸ਼ਬਦ ਬਾਣਾਂ ਨੇ ਧੁਰ ਅੰਦਰ ਤੱਕ ਝੰਜੋੜ ਦਿੱਤਾ। ਮੈਂ ਹੰਝੂਆਂ ਦੇ ਘੁੱਟ ਭਰ ਕੇ ਰਹਿ ਗਿਆ।ਸਿਆਣੇ ਕਹਿੰਦੇ ਹਨ ਕਿ ‘ਤੀਰਾਂ, ਤਲਵਾਰਾਂ ਦੇ ਫ਼ੱਟ ਤਾਂ ਮੱਲ੍ਹਮ ਲਗਾਉਣ ਨਾਲ਼ ਮਿਟ ਜਾਂਦੇ, ਹਨ ਪਰ ਜ਼ੁਬਾਨ ਦੇ ਫ਼ੱਟ ਕਦੇ ਨਹੀਂ ਮਿਟਦੇ’! ਅੱਜ ਵੀ ਉਹ ਬੋਲ ਮੇਰੇ ਦਿਲ ’ਚ ਚੁੱਭਦੇ ਨੇ।
-ਮੋਬਾ: 9872299613
ਸਨਮਾਨ
-ਰਣਜੀਤ ਆਜ਼ਾਦ ਕਾਂਝਲਾ
ਨਵੀਂ ਬਣੀ ਸੱਭਿਆਚਾਰਕ ਜਥੇਬੰਦੀ ਨੇ ਅਜੇ ਪੂਰੇ ਪੈਰ ਨਹੀਂ ਸਨ ਜਮਾਏ ਕਿ ਉਹਨਾਂ ਅੱਗੇ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਲਈ ਆਰਥਿਕ ਮਦਦ ਦੀ ਅਤੀ ਲੋੜ ਸੀ।ਇੱਕ ਦਿਨ ਜਥੇਬੰਦੀ ਦੇ ਪ?ਧਾਨ ਨੇ ਅਪਣੇ ਸਾਥੀਆਂ ਨਾਲ ਵਿਚਾਰ ਕਰ ਕੇ ਇੱਕ ਸਨਮਾਨ ਸਮਾਗਮ ਕਰਨ ਦਾ ਫੈਸਲਾ ਕੀਤਾ ਤੇ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸੱਭਿਆਚਾਰਕ ਸਮਾਗਮ ਵੱਚ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ ਜਾਵੇ।
ਅਗਲੇ ਦਿਨ ਜਥੇਬਦੀ ਦੇ ਤਿੰਨ ਨੁਮਾਇੰਦੇ ਜਿਲੇ? ਦੇ ਇੱਕ ਸਾਹਿਤਕਾਰ ਸਸੱਜਣ ਪਾਸ ਗਏ ਜਿਸ ਦੀ ਕਿ ਅਜਿਹੇ ਕੰਮਾਂ ਲਈ ਜਿਲ੍ਹੇ ਦੇ ਡਿਪਟੀ-ਕਮਿਸ਼ਨਰ ਨਾਲ ਕਾਫੀ ਨੇੜਤਾ ਸੀ। ਜਥੇਬੰਦੀ ਦੇ ਪ੍ਰਧਾਨ ਨੇ ਸੱਭਿਆਚਾਰਕ ਸਮਾਗਮ ਰਚਾ ਕੇ ਇਲਾਕੇ ਦੀਆਂ ਪੰਜ ਉੱਘੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਬਾਰੇ ਜਾਣੂ ਕਰਵਾਇਆ ਤੇ ਉਸ ਸਾਹਿਤਕਾਰ ਨੂੰ ਜਿਲਾ ਅਧਿਕਾਰੀ ਪਾਸੋਂ ਸਮਾਗਮ ਲਈ ਆਰਥਿਕ ਮਦਦ ਲਈ ਸ਼ਿਫਾਰਸ ਕਰਨ ਲਈ ਬੇਨਤੀ ਕੀਤੀ।
ਕੁੱਝ ਦੇਰ ਚੁੱਪ ਰਹਿਣ ਪਿੱਛੋਂ ਰਵਾਜ਼ਨ ਟਾਲ-ਮਟੋਲ ਜਿਹੀ ਕੀਤੀ ਪਰ ਪੂਰਨ ਨਾਂਹ ਵੀ ਨਾ ਕੀਤੀ। ਫੇਰ ਅੰਦਰਲੀ ਗੱਲ ਭਾਂਪਦਾ ਹੋਇਆ ਜਥੇਬੰਦੀ ਪ੍ਰਧਾਨ ਬੋਲਿਆ, ‘ਜੀ ਸੱਚ ਅਸੀਂ ਤੁਹਾਨੂੰ ਵੀ ਇਲਾਕੇ ਦੇ ਉੱਘੇ ਸਾਹਿਤਕਾਰ ਵਜੋਂ ਸਮਾਗਮ ਵਿੱਚ ਸਨਮਾਨਿਤ ਕਰ ਦਿਆਂਗੇ।’ ਐਨਾ ਸੁਣਦੇ ਹੀ ਸਾਹਿਤਕਾਰ ਵੀਰ ਦੀ ਜ਼ੁਬਾਨ ਨੇ ਪਲਟਾ ਖਾਧਾ ਤੇ ਉਹਨਾਂ ਨੂੰ ਨਾਲ ਲੈ ਕੇ ਜਿਲਾ? ਅਧਿਕਾਰੀ ਪਾਸ ਆਰਥਿਕ ਮਦਦ ਲਈ ਜਾ ਹਾਜ਼ਰ ਹੋਇਆ।
ਅਗਲੇ ਦਿਨ ਅਖਬਾਰ ਤੇ ਵਿੱਚ ਸਭਿਆਚਾਰਕ ਜਥੇਬੰਦੀ ਵੱਲੋਂ ਦਿੱਤੇ ਇਸ਼ਤਿਹਾਰ ਵਿੱਚ ਸਨਮਾਨਿਤ ਹੋਣ ਵਾਲੀਆਂ ਉੱਘੀਆਂ ਸ਼ਖਸੀਅਤਾਂ ਵਿੱਚ ਇਲਾਕੇ ਦਾ ਉੱਘਾ ਸਾਹਿਤਕਾਰ ਵਜੋਂ ਉਸ ਦਾ ਨਾਂਅ ਛੇਵੇਂ ਨੰਬਰ ’ਤੇ ਦਰਜ਼ ਸੀ।-
-ਮੋਬਾ: 09501977814
***
ਫੋਟੋ
-ਹਰਭਿੰਦਰ ਸਿੰਘ ਸੰਧੂ
ਹੜ੍ਹ ਪੀੜਤ ਇਲਾਕੇ ਵਿੱਚ ਲੰਗਰ ਲੈ ਕੇ ਪਹੁੰਚੀ ਕੁਝ ਨੌਜਵਾਨਾਂ ਦੀ ਟੀਮ ਨੇ ਜਦੋਂ ਗੱਡੀ ਖੜ੍ਹੀ ਕਰ ਸਪੀਕਰ ਚ ਬੋਲਣਾ ਸ਼ੁਰੂ ਕੀਤਾ ਤਾਂ ਝੱਟ ਹੀ ਤੰਬੂਆਂ ਵਿੱਚ ਬੈਠੇ ਹੜ੍ਹ ਪੀੜਤ ਲੋਕ ਆਪੋ ਆਪਣੇ ਭਾਂਡੇ ਲੈ ਗੱਡੀ ਵੱਲ ਨੂੰ ਹੋ ਤੁਰੇ । ਉਹਨਾਂ ਨੂੰ ਆਉਂਦਿਆਂ ਹੀ ਦੇਖ ਇੱਕ ਨੌਜਵਾਨ ਨੇ ਆਪਣਾ ਕੈਮਰਾ ਚਾਲੂ ਕੀਤਾ ਅਤੇ ਫੋਟੋਆਂ ਕਰਨ ਲੱਗ ਪਿਆ ।
ਜੀਤੋ ਜੋ ਪਿਛਲੇ ਦੋ ਦਿਨਾਂ ਤੋਂ ਬੁਖਾਰ ਨਾਲ ਪਈ ਸੀ ਉਸ ਨੇ ਆਪਣੀ ਮੁਟਿਆਰ ਧੀ ਨੂੰ ਜਦੋਂ ਲੰਗਰ ਲਿਆਉਣ ਲਈ ਕਿਹਾ ਤਾਂ ਉਹ ਬੋਲੀ , ‘ਮੰਮੀ ਤੁਸੀਂ ਹੀ ਲ਼ੈ ਆਵੋ ਜਾ ਕੇ, ਲੰਗਰ ਵੰਡਣ ਵਾਲੇ ਫੋਟੋਆਂ ਵੀ ਖਿੱਚਦੇ ਪਏ ਨੇ ਮੈਨੂੰ ਸ਼ਰਮ ਆਉਂਦੀ ਏ । ’
ਇੱਕ ਮਾਂ ਆਪਣੀ ਜਵਾਨ ਧੀ ਦੇ ਅੰਦਰਲੇ ਜਜ਼ਬਾਤ ਸਮਝਦੀ ਹੋਈ ਖ਼ੁਦ ਹੀ ਡੱਬਾ ਫੜ੍ਹ ਹੂੰਗੇ ਮਾਰਦੀ ਲੰਗਰ ਵਾਲੀ ਗੱਡੀ ਵੱਲ ਤੁਰ ਪਈ ।
-ਮੋਬਾ: 9781081888
***

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ