Tuesday, January 21, 2025  

ਲੇਖ

ਮਾਵਾਂ ਬਿਨ ਠੰਡੀਆਂ ਛਾਵਾਂ ਕੌਣ ਕਰੇ...

May 13, 2024

ਪ੍ਰਸਿੱਧ ਗਾਇਕ ਕੁਲਦੀਪ ਮਾਣਕ ਦਾ ਉਹ ਗੀਤ ‘‘ਮਾਂ ਹੁੰਦੀ ਹੈ ਮਾਂ ਓਏ ਦੁਨੀਆ ਵਾਲਿਓ’’ ਸਹੀ ਲਫਜ਼ ਬਿਆਨ ਕੀਤੇ ਗਏ ਹਨ ਕਿਉਂਕਿ ਮਾਵਾਂ ਬਿਨ ਠੰਡੀਆਂ ਛਾਵਾਂ ਕੋਈ ਨਹੀਂ ਕਰ ਸਕਦਾ, ਇੱਕ ਮਾਂ ਹੀ ਹੈ ਜਿਸਨੇ ਸਵੇਰੇ ਉੱਠਣ ਸਾਰ ਇਹ ਕਹਿਣਾ ਪੁੱਤ-ਧੀਏ ਉੱਠ ਚਾਹ ਪੀ ਲਾ, ਤਿਆਰ ਹੋ ਲੈ, ਪੜ੍ਹ ਲਾ, ਕੰਮ ਕਰ ਲਾ, ਡਿਊਟੀ ਤੇ ਜਾਣਾ ਜਾਂ ਖੇਤ ਗੇੜਾ ਮਾਰਨਾ ਜਾਂ ਹੋਰ ਕੰਮ ਕਰ ਲਾ, ਫਿਰ ਉਸੇ ਮਾਂ ਨੇ ਕਹਿਣਾ ਪੁੱਤ ਰੋਟੀ ਖਾ ਲੈ, ਫਿਰ ਉਸੇ ਮਾਂ ਨੇ ਕਹਿਣਾ ਪੁੱਤ ਟਾਈਮ ਨਾਲ ਸਂ ਜਾ, ਕਿਉਂਕਿ ਮਾਂ ਹੀ ਇੱਕ ਅਜਿਹਾ ਲਫਜ਼ ਹੈ ਜੋ ਦਿਲ ਨੂੰ ਸਕੂਨ ਦੇਣ ਦੇ ਨਾਲ ਤੁਹਾਡੀ ਹਰ ਪੱਖ ਤੋਂ ਨਿਗਰਾਨੀ ਕਰਦੇ ਹੋਏ ਤੁਹਾਡੇ ਤਰੱਕੀ ਦੇ ਸਾਧਨਾਂ ਲਈ ਇੱਕ ਤਾਕਤ ਬਣ ਕੇ ਨਾਲ ਖੜਦਾ ਹੈ। ਆਓ 12 ਮਈ ਦੇ ਮਾਂ ਦਿਵਸ ਵਾਲੇ ਦਿਨ ਨੂੰ ਇੱਕ ਸ਼ਰਧਾ, ਭਾਵਨਾ ਅਤੇ ਉਤਸ਼ਾਹ ਪੁਰਵਕ ਮਨਾਈਏ ਅਤੇ ਆਪਣੀ ਮਾਂ ਨੂੰ ਸਵੇਰੇ ਉੱਠਣ ਸਾਰ ਇੱਕ ਅਜਿਹਾ ਤੋਹਫਾ ਦੇਈਏ ਕਿ ਮਾਂ ਵੀ ਕਹੇ ਕਿ ਹਾਂ ਮੇਰਾ ਪੁੱਤ, ਮੇਰੀ ਧੀ ਮੇਰੇ ਲਈ ਮਾਣ ਹੈ ਜਿਸਨੇ ਮੇਰੇ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ। ਅਸੀਂ ਜਿਸ ਖਿੱਤੇ ਵਿੱਚ ਕੰਮ ਕਰਦੇ ਹਾਂ ਉਸ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਅੱਜ ਇਨਸਾਨੀਅਤ ਰਿਸ਼ਤੇ ਤਾਰ-ਤਾਰ ਹੋ ਰਹੇ ਹਨ, ਮਾਂ ਪੁੱਤ, ਭੈਣ ਭਰਾ, ਪਤੀ ਪਤਨੀ ਵਿੱਚ ਕਲੇਸ਼, ਪੈਸਿਆਂ ਦੀ ਵੰਡ, ਜਮੀਨਾਂ ਦੇ ਰੌਲੇ, ਇਹਨਾਂ ਰਿਸ਼ਤਿਆਂ ਨੂੰ ਦੂਰ ਕਰ ਰਹੇ ਹਨ, ਪਰ ਪੰਜਾਬੀ ਵਿਰਸਾ ਇੱਕ ਅਜਿਹਾ ਸੁਨੇਹਾ ਦਿੰਦਾ ਹੈ ਕਿ ਹਰ ਰਿਸ਼ਤੇ ਦੀ ਸਾਂਭ ਸੰਭਾਲ ਲਈ ਇੱਕ ਮਾਂ ਹੀ ਉਸ ਨੂੰ ਹੌਸਲਾ ਦਿੰਦੀ ਹੈ ,ਔਖੇ ਵੇਲੇ ਵੀ ਸਾਨੂੰ ਮਾਂ ਹੀ ਯਾਦ ਆਉਂਦੀ ਹੈ, ਕੋਈ ਸਰੀਰਕ ਤਕਲੀਫ ਹੁੰਦੀ ਹੈ ਤਾਂ ਵੀ ਮਾਂ ਯਾਦ ਆਉਂਦੀ ਹੈ। ਆਓ ਆਪਾਂ ਇਸ ਦਿਨ ਨੂੰ ਇੱਕ ਸ਼ਰਧਾ ਦੇ ਰੂਪ ਨਾਲ ਮਨਾਈਏ।
ਮਾਵਾਂ ਦਾ ਸਤਿਕਾਰ ਵਧਾਈਏ । ਅੱਜ ਦੇ ਯੁੱਗ ਵਿੱਚ ਭਰੂਣ ਹੱਤਿਆ, ਦਹੇਜ ਵਰਗੀਆਂ ਲਾਹਨਤਾਂ ਵਰਗੀ ਸਮਾਜਿਕ ਬੁਰਾਈ ਤੋਂ ਬਚਣਾ ਚਾਹੀਦਾ ਹੈ । ਅਸੀਂ ਆਪਣੀਆਂ ਮਾਵਾਂ ਦੇ ਪਿਆਰ ਸਤਿਕਾਰ ਅਤੇ ਉਨਾਂ ਵੱਲੋਂ ਹੁਣ ਤੱਕ ਦੇ ਜੀਵਨ ਲਈ ਦਿੱਤੇ ਸਹਿਯੋਗ ਵੱਲ ਝਾਤ ਮਾਰੀਏ ਤਾਂ ਉਸ ਮਾਂ ਨੇ ਵੀ ਕਦੇ ਜਨਮ ਲਿਆ ਫਿਰ ਕਿਉਂ ਅੱਜ ਅਸੀਂ ਉਸ ਮਾਂ ਦੇ ਰੂਪ ਨੂੰ ਕੁੱਖਾਂ ਵਿੱਚ ਮਾਰਨ ਅਤੇ ਦਹੇਜ ਦੀ ਬਲੀ ਚਾੜ੍ਹਣ ਵਰਗੀਆਂ ਲਾਹਨਤਾਂ ਨੂੰ ਵੱਧਣ ਦੇ ਰਹੇ ਹਾਂ। ਸੋ ਆਓ, ਆਪਾਂ ਇਸ ਦਿਨ ਤੇ ਇਹਨਾਂ ਨਾ-ਮੁਰਾਦ ਲਾਹਣਤਾਂ ਨੂੰ ਵੀ ਖਤਮ ਕਰਨ ਦਾ ਪ੍ਰਣ ਕਰੀਏ ਤੇ ਮਾਂ, ਧੀ, ਭੈਣ, ਪਤਨੀ, ਇੱਕ ਚੰਗੀ ਦੋਸਤ ਦਾ ਸਤਿਕਾਰ ਵਧਾਉਣ ਵੱਲ ਫਰਜ਼ ਨਿਭਾਈਏ ਕਿਉਂਕਿ ਮਾਂ-ਮਾਂ ਹੀ ਹੁੰਦੀ ਹੈ ਅਤੇ ਮਾਂ ਹੀ ਠੰਡੀਆਂ ਛਾਵਾਂ ਕਰਦੀ ਹੈ, ਜਿਸ ਕਰਕੇ ਇਸ ਲਫਜ਼ ਨੂੰ ਸਤਿਕਾਰ ਦੇਣ ਦੇ ਨਾਲ ਇਸ ਰਿਸ਼ਤੇ ਦੀ ਸਾਂਭ ਸੰਭਾਲ ਲਈ ਬਣਦਾ ਫਰਜ ਨਿਭਾਉਣਾ ਹਰ ਇਨਸਾਨ ਦਾ ਫਰਜ਼ ਹੈ। ਮਾਂ ਦਿਵਸ ਦੀ ਸਮੁੱਚੇ ਮਾਂ ਪ੍ਰੇਮੀਆਂ ਨੂੰ ਲੱਖ ਲੱਖ ਵਧਾਈ।
-ਅਨੰਤਦੀਪ ਕੌਰ
-ਮੋਬਾ: 8968957951

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ