Tuesday, January 21, 2025  

ਲੇਖ

ਰਾਜਨੀਤਕ ਗੰਧਲਾਪਣ, ਸਮਾਜਿਕ ਨੇਮਾਂ ਤੇ ਕਾਨੂੰਨ ਵਿਵਸਥਾ ਲਈ ਚੁਣੌਤੀ

May 15, 2024

ਭਾਰਤ ਵਿੱਚ ਬਹੁ ਦਲੀ ਰਾਜਨੀਤਿਕ ਵਿਵਸਥਾ ਸਥਾਪਤ ਕੀਤੀ ਗਈ ਹੈ। ਜਿਸ ਤਹਿਤ ਕੌਮੀ ਅਤੇ ਖੇਤਰੀ ਪੱਧਰ ਦੇ ਰਾਜਨੀਤਕ ਦਲ ਦੇਸ਼ ਦੇ ਰਾਜਨੀਤਕ ਪਿੜ ਵਿੱਚ ਸਰਗਰਮ ਹਨ। ਭਾਰਤ ਦੀ ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਆਪਣੀ ਇੱਕ ਵੱਖਰੀ ਪਛਾਣ ਹੋਣ ਤੋਂ ਇਲਾਵਾ ਇਸ ਦੇ ਸੰਵਿਧਾਨ ਦਾ ਅਕਾਰ ਵੀ ਦੁਨੀਆ ਵਿਚ ਸਭ ਤੋਂ ਵੱਡਾ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਇਥੋਂ ਦੇ ਨਾਗਰਿਕਾਂ ਲਈ ਕੁਝ ਮੁਢਲੇ ਅਧਿਕਾਰ ਵੀ ਅੰਕਿਤ ਹਨ, ਤੇ ਨਾਲ ਹੀ ਕੁਝ ਜਿੰਮੇਵਾਰੀਆਂ ਅਤੇ ਫਰਜ਼ ਵੀ ਨਿਰਧਾਰਿਤ ਕੀਤੇ ਗਏ ਹਨ। ਭਾਰਤੀ ਸੰਵਿਧਾਨ ਜਿੱਥੇ ਆਪਣੇ ਨਾਗਰਿਕਾਂ ਨੂੰ ਸਮਾਜਿਕ ਸਮਾਨਤਾ, ਧਾਰਮਿਕ ਆਜ਼ਾਦੀ, ਆਰਥਿਕ ਅਤੇ ਰਾਜਨੀਤਕ ਅਧਿਕਾਰ ਪ੍ਰਦਾਨ ਕਰਦਾ ਹੈ, ਉੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ, ਸਰਕਾਰੀ ਸੰਪਤੀ ਦੀ ਸਾਂਭ ਸੰਭਾਲ ਕਰਨ, ਮਨੁੱਖੀ ਸਮਾਨਤਾ, ਸਾਰੇ ਧਰਮਾਂ ਦਾ ਸਤਿਕਾਰ ਕਰਨ ਅਤੇ ਲੋਕਤੰਤਰ ਪ੍ਰਣਾਲੀ ਦਾ ਸਤਿਕਾਰ ਕਰਨ ਆਦਿ ਦਾ ਫਰਜ਼ ਅਤੇ ਜਿੰਮੇਵਾਰੀ ਵੀ ਤੈਅ ਕਰਦਾ ਹੈ। ਇਹਨਾ ਫਰਜਾਂ ਦੀ ਉਲੰਘਣਾ ਹੋਣ ਕਾਰਨ ਢੁਕਵੀਂ ਸਜ਼ਾ ਦਾ ਪ੍ਰਾਵਧਾਨ ਵੀ ਪਹਿਲਾਂ ਤੋਂ ਹੀ ਨਿਰਧਾਰਿਤ ਹੈ।
ਪ੍ਰਾਪਤ ਅਧਿਕਾਰਾਂ ਵਿੱਚੋਂ ਰਾਜਨੀਤਕ ਅਧਿਕਾਰ ਦੀ ਆਪਣੀ ਹੀ ਇੱਕ ਵਿਸ਼ੇਸ਼ ਮਹੱਤਤਾ ਹੈ। ਇਸ ਅਧਿਕਾਰ ਤਹਿਤ ਦੇਸ਼ ਦੇ ਹਰ ਇੱਕ ਨਾਗਰਿਕ ਅਤੇ ਰਾਜਨੀਤਿਕ ਦਲ ਨੂੰ ਨਿਰਧਾਰਿਤ ਕਾਨੂੰਨ ਦੀ ਰੌਸ਼ਨੀ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਚੋਣ ਵਿੱਚ ਉਮੀਦਵਾਰ ਬਣਨ, ਮੱਤ ਦਾਨ ਕਰਨ ਤੋਂ ਇਲਾਵਾ ਕਿਸੇ ਵੀ ਰਾਜਨੀਤਿਕ ਦਲ ਦਾ ਮੈਂਬਰ ਆਦਿ ਬਣਨ ਦਾ ਅਧਿਕਾਰ ਸੰਵਿਧਾਨ ਵਿੱਚ ਬਕਾਇਦਾ ਤੌਰ ’ਤੇ ਦਰਜ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਨ 1952 ਵਿੱਚ ਪਹਿਲੀ ਵਾਰ ਦੇਸ਼ ਦੀ ਪਾਰਲੀਮੈਂਟ ਦੀਆਂ ਚੋਣਾਂ ਦੀ ਸ਼ੁਰੂਆਤ ਹੋਈ। ਉਦੋਂ ਤੋਂ ਲੈ ਕੇ ਹੁਣ ਤੱਕ ਕੇਂਦਰ ਅਤੇ ਸੂਬਿਆਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਵਲੋਂ ਇਕੱਲਿਆਂ ਜਾਂ ਫਿਰ ਗੱਠਜੋੜ ਦੀਆਂ ਸਰਕਾਰਾਂ ਬਣਾ ਕੇ ਰਾਜਭਾਗ ਦਾ ਆਨੰਦ ਮਾਣਿਆ । ਹੇਠਲੇ ਪੱਧਰ ਦੀਆਂ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਦੀਆਂ ਚੋਣਾਂ ਕਰਵਾਉਣ ਲਈ ਸੰਵਿਧਾਨ ਵਿਚ ਬਾਕਾਇਦਾ ਨਿਯਮ ਅਤੇ ਹਦਾਇਤਾਂ ਤੈਅ ਕਰਨ ਤੋਂ ਇਲਾਵਾ ਕੇਂਦਰ ਅਤੇ ਸੂਬਿਆਂ ਲਈ ਚੋਣ ਕਮਿਸ਼ਨ ਵਰਗੀ ਵਕਾਰੀ ਸੰਸਥਾ ਦੀ ਵੱਖਰੇ ਵੱਖਰੇ ਤੌਰ ਤੇ ਸਥਾਪਨਾ ਵੀ ਕੀਤੀ ਗਈ ਹੈ।ਜਿਸ ਦਾ ਮੁੱਖ ਉਦੇਸ਼ ਹਰ ਕਿਸਮ ਦੀ ਚੋਣ,ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣਾ ਹੁੰਦਾ ਹੈ। ਲੋਕਤੰਤਰ ਦੇਸ਼ ਵਿੱਚ ਚੋਣਾਂ ਦੀ ਆਪਣੀ ਇੱਕ ਮਹੱਤਤਾ ਅਤੇ ਵਿਸ਼ੇਸ਼ਤਾ ਹੁੰਦੀ ਹੈ, ਕਿਉਂਕਿ ਇਸ ਦੌਰਾਨ ਲੋਕਾਂ ਨੇ ਪੰਜ ਸਾਲਾਂ ਲਈ ਆਪਣੀ ਪਸੰਦ ਦੇ ਨੁਮਾਇੰਦਿਆਂ ਦੀ ਚੋਣ ਕਰਕੇ, ਆਪਣੀਆਂ ਮੁੱਢਲੀਆਂ ਜਰੂਰਤਾਂ ਪੂਰੀਆਂ ਕਰਵਾਉਣ, ਦੁੱਖ ਤਕਲੀਫਾਂ ਤੋਂ ਨਿਜ਼ਾਤ ਪਾਉਣ ਆਦਿ ਤੋਂ ਇਲਾਵਾ ਆਪਣੇ ਜਾਨ ਮਾਲ ਦੀ ਸੁਰੱਖਿਆ ਦਾ ਭਰੋਸਾ ਵੀ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਲੈਣਾ ਹੁੰਦਾ ਹੈ।
ਭਾਰਤੀ ਚੋਣ ਪ੍ਰਣਾਲੀ ਦੇ ਇਤਿਹਾਸ ’ਤੇ ਪੰਛੀ ਝਾਤ ਮਾਰਿਆਂ ਇੱਕ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਮੁਢਲੇ ਦੌਰ ਦੌਰਾਨ, ਉਮੀਦਵਾਰਾਂ, ਰਾਜਨੀਤਕ ਦਲਾਂ ਦੇ ਆਗੂਆਂ ਤੇ ਵਰਕਰਾਂ ਵਿੱਚ ਕੁਝ ਹੱਦ ਤੱਕ ਨੈਤਕਿਤਾ, ਇਖਲਾਕ, ਨਿਮਰਤਾ, ਦੇਸ਼ ਕੌਮ ਪ੍ਰਤੀ ਸੁਹਿਰਦਤਾ ਤੋਂ ਇਲਾਵਾ ਆਪੋ ਆਪਣੀ ਪਾਰਟੀਆਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਪ੍ਰਸੰਗਕ ਰੂਪ ਵਿੱਚ ਲਾਗੂ ਕਰਨ ਦੀ ਇੱਛਾ ਸ਼ਕਤੀ ਵੀ ਕਿਤੇ ਨਾ ਕਿਤੇ ਨਜ਼ਰੀ ਪੈਂਦੀ ਸੀ। ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀ ਨੈਤਿਕ ਗਿਰਾਵਟ ਕੁਝ ਰਾਜਨੀਤਿਕ ਦਲਾਂ ਅਤੇ ਵੋਟਰਾਂ ਦੇ ਇੱਕ ਹਿੱਸੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਭਵਿੱਖੀ ਪੀੜੀਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੋਣ ਦੇ ਨਾਲ ਨਾਲ ਅਜੋਕੇ ਰਾਜਨੀਤਕ ਆਗੂਆਂ, ਵਰਕਰਾਂ ਅਤੇ ਇੱਥੋਂ ਤੱਕ ਕਿ ਵੋਟਰਾਂ ਦੇ ਸਦਾਚਾਰ ਅਤੇ ਸੰਜੀਦਗੀ ’ਤੇ ਵੀ ਸਵਲ ਖੜੇ ਕਰਦਾ ਹੈ। ਇਹ ਇੱਕ ਜਾਣਿਆ ਪਛਾਣਿਆ ਸੱਚ ਹੈ ਕਿ ਤਾੜੀ ਸਿਰਫ ਇੱਕ ਹੱਥ ਨਾਲ ਨਹੀਂ ਸਗੋਂ ਦੋਵਾਂ ਨਾਲ ਹੀ ਵੱਜਦੀ ਹੈ, ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਖ਼ਰਬੂਜੇ ਨੂੰ ਵੇਖ ਕੇ ਹੀ ਖ਼ਰਬੂਜਾ ਰੰਗ ਫੜਦਾ ਹੈ। ਚੋਣਾਂ ਭਾਵੇਂ ਗਰਾਮ ਪੰਚਾਇਤਾਂ, ਨਗਰ ਪਾਲਿਕਾਵਾਂ, ਕਾਰਪੋਰੇਸ਼ਨਾਂ, ਸਹਿਕਾਰੀ ਸੁਸਾਇਟੀਆਂ, ਵਿਧਾਨ ਸਭਾਵਾਂ , ਪ੍ਰੀਸਦਾਂ ਪਾਰਲੀਮੈਂਟ ਅਤੇ ਇਥੋਂ ਤੱਕ ਕਿ ਧਾਰਮਿਕ ਸੰਸਥਾ ਦੀਆਂ ਵੀ ਕਿਉਂ ਨਾ ਹੋਣ ਹਰ ਕਿਤੇ ਉਮੀਦਵਾਰਾਂ, ਪਾਰਟੀਆਂ, ਸਮਰੱਥਕਾਂ ਅਤੇ ਵੋਟਰਾਂ ਵੱਲੋ ਜਿਸ ਤਰ੍ਹਾਂ ਕਾਨੰਨ, ਨੈਤਿਕ ਕਦਰਾਂ ਕੀਮਤਾਂ,ਇਖ਼ਲਾਕ ਅਤੇ ਸਮਾਜਿਕ ਰਹੁ ਰੀਤਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ, ਉਸ ਨੂੰ ਦੇਖ ਕੇ ਤਾਂ ਇਉਂ ਪ੍ਰਤੀਤ ਹੁੰਦਾ ਹੈ,ਜਿਵੇਂ ਉਕਤ ਸਭ ਕੁਝ ਨੂੰ ਸਵਾਰਥ ਰੂਪੀ ਹਨੇਰੀ ਕਿਧਰੇ ਉਡਾ ਕੇ ਗਈ ਹੋਵੇ ਜਾਂ ਫਿਰ ਲਾਲਸੀ ਮਨਸਾ ਦਾ ਹੜ ਇਸ ਨੂੰ ਆਪਣੇ ਤੇਜ ਵਹਿਣ ਵਿੱਚ ਹੀ ਵਹਾ ਕੇ ਲੈ ਗਿਆ ਹੋਵੇ। ਦੇਖਣ ਸੁਣਨ ਵਿੱਚ ਆਇਆ ਹੈ ਕਿ ਕੁਝ ਖਾਂਦੇ ਪੀਂਦੇ ਵੋਟਰ ਵੀ ਨਿਗੂਣੇ ਲਾਲਚਾਂ ,ਨਸ਼ਿਆਂ, ਚੰਦ ਟਕਿਆਂ ਅਤੇ ਚਾਪਲੂਸੀ ਦੇ ਵਹਿਣਾਂ ਵਿੱਚ ਵਹਿ ਕੇ, ਕਿਰਦਾਰੋਂ ਹੀਣੇ ਅਜ਼ਾਦ ਉਮੀਦਵਾਰਾਂ ਜਾਂ ਫਿਰ ਰਾਜਨੀਤਿਕ ਦਲਾਂ ਦੇ ਕੱਚਘਰੜ ਅਤੇ ਸਿਧਾਂਤੋਂ ਕੋਰੇ ਉਮੀਦਵਾਰਾਂ ਨੂੰ ਆਪਣਾ ਮੱਤਦਾਨ ਕਰਕੇ ਵਿਧਾਨ ਸਭਾ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਤੱਕ ਪਹੁੰਚਦਾ ਕਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹਨ। ਬਾਅਦ ਵਿੱਚ ਉਨਾਂ ਦਾ ਜੋ ਹਸ਼ਰ ਹੁੰਦਾ ਹੈ, ਉਸ ਦਾ ਇੱਥੇ ਵਿਸ਼ੇਸ਼ ਜ਼ਿਕਰ ਕਰਨ ਦੀ ਜਰੂਰਤ ਨਹੀਂ,ਸਗੋਂ ਲੰਬੇ ਸਮੇਂ ਤੋਂ ਉਹੀ ਲੋਕ ਆਪਣੇ ਹੱਡੀਂ ਹੰਢਾ ਚੁੱਕੇ ਹਨ ਅਤੇ ਮੌਜੂਦਾ ਦੌਰ ਦੌਰਾਨ ਵੀ ਹੰਢਾ ਰਹੇ ਹਨ। ਵਿਚਾਰਨ ਅਤੇ ਸਮਝਣ ਦਾ ਵਿਸ਼ਾ ਹੈ ਕਿ ਜਿਹਨਾ ਉਮੀਦਵਾਰਾ ਤੇ ਰਾਜਨੀਤਿਕ ਦਲਾਂ ਨੇ ਵੋਟ ਪ੍ਰਾਪਤੀ ਲਈ ਵੱਡੀਆਂ ਰਾਸ਼ੀਆਂ, ਨਸ਼ੇ ਵੰਡਣ, ਅਤੇ ਹੋਰ ਹਰ ਕਿਸਮ ਦੇ ਲਾਲਚ ਦੇ ਕੇ ਗੱਦੀਆਂ ਹਥਿਆਈਆਂ ਹੋਣ, ਕੀ ਉਹ ਆਪਣੀ ਖਰਚੀ ਰਾਸ਼ੀ ਦੀ ਪ੍ਰਤੀ ਪੂਰਤੀ ਨਹੀਂ ਕਰਨਗੇ ?ਕੀ ਉਹ ਲੋਕ ਸੇਵਾ ਨੂੰ ਇੰਨੇ ਸਮਰਪਿਤ ਹਨ ਕਿ ਉਹਨਾਂ ਨੂੰ ਆਪਣੇ ਅਤੇ ਪਰਾਏ ਵਿੱਚ ਕੋਈ ਅੰਤਰ ਹੀ ਮਹਿਸੂਸ ਨਹੀਂ ਹੁੰਦਾ? ਖੁੰਢਾਂ ,ਸੱਥਾਂ ਅਤੇ ਹੋਰ ਜਨਤਕ ਥਾਵਾਂ ’ਤੇ ਬੈਠ ਕੇ ਰਾਜਸੀ ਨੇਤਾਵਾਂ ਦੀ ਬਦਖੋਈ ਅਤੇ ਆਲੋਚਨਾ ਕਰਨ ਵਾਲੇ ਅਜਿਹੇ ਕੁਝ ਕੁ ਵੋਟਰਾਂ ਅਤੇ ਸਮਰੱਥਕਾਂ ਨੂੰ ਆਪਣੀ ਪੀੜੀ ਹੇਠ ਸੋਟਾ ਮਾਰਨ ਵਾਲੀ ਕਹਾਵਤ ਚੇਤੇ ਕਰਵਾਉਦਿਆਂ ਸਲਾਹ ਦੇਣ ਦਾ ਜੋਖਮ ਤਾਂ ਲਿਆ ਹੀ ਜਾ ਸਕਦਾ ਹੈ। ਅਜਿਹੀਆਂ ਕਿਰਦਾਰ ਵਿਹੂਣੀਆਂ ਗਤੀਵਿਧੀਆਂ ਕਰਕੇ ਫਿਰ ਵੀ ਕਿਸੇ ਚੋਣ ਜਿੱਤੇ ਵਿਅਕਤੀ ਤੋਂ ਲੋਕ ਹਿਤਾਂ ਦੀ ਅਲੰਬਰਦਾਰੀ ਬਾਰੇ ਦਮ ਭਰਨ ਦੀ ਉਮੀਦ ਕਰਨਾ ਕਿਵੇਂ ਵੀ ਪ੍ਰਸੰਗਕ ਨਹੀਂ ਹੋ ਸਕਦਾ। ਚੁਣਾਵੀ ਪਿੜ ਵਿੱਚ ਉਤਰੇ ਉਮੀਦਵਾਰਾਂ ਨੂੰ ਵੀ ਲਭਾਉਣੇ ਵਾਅਦੇ ਅਤੇ ਗਰੰਟੀਆਂ ਜਿਹਨਾ ਦੀ ਕੋਈ ਪ੍ਰਸੰਗਕਤਾ, ਤਰਕ ਅਤੇ ਅਧਾਰ ਨਾ ਹੋਵੇ ਕਰਨ ਤੋਂ ਗਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂ ਕਿ ਬੇਵਫਾਈ ਹਮੇਸ਼ਾ ਹੀ ਗੁਸੈਲੀਆਂ, ਨਫ਼ਰਤੀ, ਬਾਗੀ ਅਤੇ ਅਪਰਾਧਿਕ ਸੁਰਾਂ ਦੀ ਜਨਮਦਾਤੀ ਹੁੰਦੀ ਹੈ।ਇਸ ਤੋਂ ਇਲਾਵਾ ਗਰੰਟੀਆਂ ਦੀ ਪੂਰਤੀ ਨਾ ਹੋਣ ਸੂਰਤ ਵਿੱਚ ਉਹਨਾਂ ਨੂੰ ਵੀ ਜਨਤਕ ਮੰਚ ’ਤੇ ਨਿਰਉੱਤਰਤਾ ਅਤੇ ਨਮੋਸ਼ੀ, ਤੋਂ ਇਲਾਵਾ ਸ਼ਰਮਸਾ?ਰ ਵੀ ਹੋਣਾ ਪੈਂਦਾ ਹੈ। ਉਕਤ ਸਾਰੀ ਸਥਿਤੀ ਦੀ ਬਰੀਕੀ ਅਤੇ ਸੁਹਿਰਦਤਾ ਨਾਲ ਪੜਚੋਲ ਕਰਦਿਆਂ ਸਮਝ ਆਉਂਦੀ ਹੈ ਕਿ ਅਜਿਹੀਆਂ ਗੈਰ ਮਿਆਰੀ, ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਓਪਰੀ ਨਜ਼ਰੇ ਤਾਂ ਭਾਵੇਂ ਹੀ ਸਾਧਾਰਣ ਜਾਪਦੀਆਂ ਹੋਣ ਪ੍ਰੰਤੂ ਇਹ ਸਮਾਜਿਕ, ਰਾਜਨੀਤਿਕ ਆਰਥਿਕ, ਧਾਰਮਿਕ ਅਤੇ ਕਾਨੂੰਨੀ ਵਿਵਸਥਾ ਨੂੰ ਇਸ ਕਦਰ ਪ੍ਰਭਾਵਿਤ ਕਰਦੇ ਹਨ ਕਿ ਲੰਬੇ ਦਾਅ ਤੋਂ ਇਸ ਦੇ ਸਿੱਟੇ ਬੜੇ ਭਿਆਨਕ ਅਤੇ ਦੂਰ ਰਸੀ ਸਾਬਤ ਹੁੰਦੇ ਹਨ। ਕੁਦਰਤ ਦਾ ਇੱਕ ਅਟਲ ਨਿਯਮ ਹੈ ਕਿ ਮਨੁੱਖ,ਜੀਵ ਜੰਤੂ ਅਤੇ ਇਥੋਂ ਤੱਕ ਕਿ ਬਨਸਪਤੀ ਵੀ ਚੁਫੇਰੇ ਵਾਪਰਦੀਆਂ ਘਟਨਾਵਾਂ ਦਾ ਪ੍ਰਭਾਵ ਹਰ ਹਾਲਤ ਕਬੂਲਦੀ ਹੈ।ਜਦੋਂ ਨੌਜਵਾਨ ਮੁੰਡੇ ਕੁੜੀਆਂ ਅਜਿਹਾ ਕੁਝ ਆਪਣੀਆਂ ਅੱਖਾਂ ਸਾਹਸਣੇ ਵਾਪਰਦਾ ਦੇਖਦੇ ਹਨ ਤਾਂ ਉਹਨਾਂ ਦੇ ਦਿਮਾਗ ਅਤੇ ਮਨਾਂ ਦੇ ਅੱਥਰੇ ਘੋੜੇ ਨੇਤਾਵਾਂ ਦੀ ਐਸੋ ਇਸ਼ਰਤ, ਨੌਕਰਸ਼ਾਹੀ ਵਲੋਂ ਕੀਤੀ ਜਾਦੀ ਖੁਸ਼ਾਮਦੀ ਚਾਪਲੂਸੀ ਅਤੇ ਰਹਿਣ ਸਹਿਣ ਦੇ ਰੰਗ ਢੰਗ ਵੱਲ ਪੂਰੀ ਗਤੀ ਨਲ ਦੌੜਨ ਲੱਗਦੇ ਹਨ। ਉਹ ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣ ਤੋਂ ਅਸਮਰੱਥ ਹੋ ਜਾਦੇ ਹਨ। ਚੋਣਾਂ ਦੌਰਾਨ ਤਾਂ ਸਭ ਠੀਕ ਠਾਕ ਚਲਦਾ ਰਹਿੰਦਾ ਹੈ ਪ੍ਰੰਤੂ ਬਾਅਦ ਵਿੱਚ ਤੂੰ ਕੌਣ ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ।
ਨਤੀਜੇ ਵਜੋਂ ਉਹ ਜ਼ਰੂਰਤਾਂ ਜਾਂ ਖ਼ਾਹਸ਼ਾਂ ਦੀ ਪੂਰਤੀ ਲਈ ਲੁੱਟਾਂ ਖੋਹਾਂ, ਨਸ਼ਿਆਂ, ਗੈਰ ਕਾਨੂੰਨੀ, ਗੈਰ ਇਖ਼ਲਾਕੀ ਅਤੇ ਗੈਰ ਸਮਾਜਿਕ ਗਤੀਵਿਧੀਆਂ ਵੱਲ ਰੁੱਖ ਕਰਕੇ ਅਪਰਾਧ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿੱਥੋਂ ਵਾਪਸੀ ਦੀਆਂ ਸੰਭਾਵਨਾਵਾਂ ਨਾਹ ਦੇ ਬਰਾਬਰ ਹੀ ਹੁੰਦੀਆਂ ਹਨ। ਇਸ ਤਰਾਂ ਕਰਕੇ ਉਹ ਸਿਰਫ ਆਪਣਾ ਜੀਵਨ ਹੀ ਤਬਾਹ ਨਹੀਂ ਕਰਦੇ ਸਗੋਂ ਸਮੁੱਚਾ ਸਮਾਜਿਕ, ਰਾਜਨੀਤਿਕ ਅਤੇ ਕਾਨੂੰਨੀ ਤਾਣਾ ਬਾਣਾ ਹੀ ਲੜਖੜਾ ਕੇ ਰਹਿ ਜਾਂਦਾ ਹੈ।ਨਤੀਜਨ ਹਾਲਾਤ ਇਸ ਕਦਰ ਵਿਗੜ ਕੇ ਰਹਿ ਜਾਂਦੇ ਹਨ ਕਿ ਸਬੰਧਤ ਸਰਕਾਰਾਂ, ਰਾਜਨੀਤਿਕ ਦਲਾਂ ਅਤੇ ਪ੍ਰਸ਼ਾਸ਼ਕੀਤੰਤਰ ਦੇ ਵੱਸੋਂ ਵੀ ਬਾਹਰ ਹੁੰਦੇ ਦਿਖਾਈ ਦੇਣ ਲੱਗਦੇ ਹਨ। ਅਜਿਹੀ ਸਥਿਤੀ ਵਿੱਚ ਬਰੂਦ ਦੇ ਢੇਰ ’ਤੇ ਬੈਠਣ ਵਾਲੀ ਗੱਲ ਵੀ ਪੂਰੀ ਤਰ੍ਹਾਂ ਢੁਕਵੀਂ ਜਾਪਦੀ ਹੈ, ਕਿ ਬਰੂਦ ਕਿਸੇ ਦਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ। ਇਸ ਦੀ ਲਪੇਟ ’ਚ ਜੋ ਵੀ ਆਇਆ ਉਸ ਦੀ ਬਰਬਾਦੀ ਤੈਅ ਹੀ ਹੁੰਦੀ ਹੈ।
ਚੰਗੀ ਭਲੀ ਸਮਾਜਿਕ ਵਿਵਸਥਾ ਅਤੇ ਰਾਜਨੀਤਿਕ ਢਾਂਚੇ ਨੂੰ ਹਰੇਕ ਪੱਖੋਂ ਗੰਧਲਾ ਕਰਕੇ, ਅਤੇ ਰਾਜਨੀਤਕ ਟਪੂਸੀਆਂ ਮਾਰ ਕੇ ਇਹ ਨੇਤਾ ਲੋਕ ਅਜੋਕੀ ਨੌਜਵਾਨੀ ਅਤੇ ਭਵਿੱਖੀ ਨਸਲਾਂ ਅੱਗੇ ਕਿਸ ਤਰ੍ਹਾਂ ਦੀ ਵਿਵਸਥਾ ਪਰੋਸ ਰਹੇ ਹਨ, ਸਮਝੋ ਬਾਹਰੀ ਗੱਲ ਹੈ?। ਇਸ ਲਈ ਵਕਤੀ ਲਾਹਾ ਖੱਟਣ ਵਾਲੇ ਰਾਜਸੀ ਲੋਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਦੂਰੀ ਬਣਾ ਰੱਖਣ ਵਿਚ ਹੀ ਭਲਾਈ ਹੈ। ਕਿਉਂਕਿ ਇਤਿਹਾਸ ਕਦੇ ਵੀ ਕਿਸੇ ਨੂੰ ਮੁਆਫ ਨਹੀਂ ਕਰਦਾ। ਇਸ ਲਈ ਜੀਵਨ ਵਿੱਚ ਕੁਦਰਤੀ ਨਿਯਮ, ਸਾਮਾਜਿਕ ਰਸਮੋਂ ਰਿਵਾਜਾਂ, ਕਾਨੂੰਨੀ ਵਲਗਣਾਂ ਅਤੇ ਆਪਸੀ ਭਾਈਚਾਰਾ, ਸਹਿਹੋਂਦ ਆਦਿ ਦੇ ਪਵਿੱਤਰ ਅਤੇ ਸੁਚਾਰੂ ਤੌਰ ਤਰੀਕਿਆਂ ਅਨੁਸਾਰ ਵਿਚਰਨ ਦਾ ਯਤਨ ਕਰੀਏ ਅਤੇ ਸਾਡੇ ਮਹਾਨ ਗੁਰੂਆਂ ਪੀਰਾਂ, ਪੈਗੰਬਰਾਂ, ਰਹਿਬਰਾਂ ਅਤੇ ਰਾਹ ਦਸੇਰਿਆਂ ਦੇ ਪਦ ਚਿੰਨਾਂ ’ਤੇ ਚੱਲਣ ਦਾ ਅਹਿਦ ਲੈ ਕੇ ਅਜਿਹੇ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਈਏ, ਜਿੱਥੇ ਸਮੁੱਚੀ ਲੋਕਾਈ, ਬਿਨਾਂ ਕਿਸੇ ਡਰ, ਤਣਾਓ ਤੋਂ ਇਲਾਵਾ, ਸਮਾਨਤਾ ਅਤੇ ਸ਼ਾਂਤੀ ਪੂਰਵਕ ਜੀਵਨ ਬਸ਼ਰ ਦਾ ਅਨੰਦ ਮਾਣ ਸਕੇ ।
-ਆਤਮਾ ਸਿੰਘ ਪਮਾਰ
-ਮੋਬਾ: 89680 56200

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ