Monday, January 13, 2025  

ਲੇਖ

ਵੱਖਰੀ ਮਿਠਾਸ ਸੀ ਦੁੱਧ ਵਾਲੇ ਡੋਲੂ ’ਚ ਆਏ ਲੱਡੂਆਂ ਦੀ!

May 15, 2024

ਸਮੇਂ ਦੀ ਤਬਦੀਲੀ ਨੇ ਸਾਡੇ ਰਸਮੋ ਰਿਵਾਜ਼ਾਂ, ਰਹਿਣ ਸਹਿਣ, ਖਾਣ ਪੀਣ ਅਤੇ ਵਰਤ ਵਰਤਾਵੇ ਦੇ ਢੰਗ ਤਰੀਕਿਆਂ ਨੂੰ ਬਹੁਤ ਤੇਜ਼ੀ ਨਾਲ ਤਬਦੀਲ ਕੀਤਾ ਹੈ। ਇਹਨਾਂ ਤਬਦੀਲੀਆਂ ਨੇ ਇਨਸਾਨ ਨੂੰ ਅੰਤਰਮੁਖੀ, ਮੌਕਾਪ੍ਰਸਤ ਅਤੇ ਮਤਲਬੀ ਬਣਾ ਕੇ ਰੱਖ ਦਿੱਤਾ ਹੈ। ਕਿਸੇ ਸਮੇਂ ਪੰਜਾਬੀ ਜਨਜੀਵਨ ਵਿੱਚੋਂ ਡੁੱਲ ਡੁੱਲ ਪੈਂਦੀਆਂ ਭਾਈਚਾਰਕ ਸਾਝਾਂ ਹੁਣ ਬੀਤੇ ਦੀ ਬਾਤ ਕੇ ਰਹਿ ਗਈਆਂ ਹਨ । ਭਾਈਚਾਰਕ ਸਾਂਝ ਦੀਆਂ ਤੰਦਾਂ ਦਿਨ ਪ੍ਰਤੀ ਦਿਨ ਕਮਜ਼ੋਰ ਹੋ ਰਹੀਆਂ ਹਨ।ਆਤਮ ਨਿਰਭਰਤਾ ਵੱਲ੍ਹ ਵਧ ਰਹੀ ਅਜੋਕੀ ਮਨੁੱਖਤਾ ਇੱਕ ਦੂਜੇ ਨਾਲੋਂ ਲਗਾਤਾਰ ਟੁੱਟ ਰਹੀ ਹੈ।
ਸਮੇਂ ਦੀ ਬੀਤਣ ਨਾਲ ਇਨਸਾਨੀ ਸੁਭਾਅ ਵਿੱਚ ਆ ਰਹੀ ਤਬਦੀਲੀ ਨੇ ਪੰਜਾਬੀ ਸਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ।ਪੰਜਾਬੀ ਸਭਿਆਚਾਰ ਦੀ ਅਮੀਰੀ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ।ਸਾਡੇ ਰਸਮੋ ਰਿਵਾਜ਼ਾਂ ’ਤੇ ਪਦਾਰਥਵਾਦ ਦੀ ਪਕੜ ਦਿਨੋ ਦਿਨ ਮਜਬੂਤ ਹੋ ਰਹੀ ਹੈ।ਵਿਖਾਵੇ ਦੀ ਪ੍ਰਧਾਨਤਾ ਵਿੱਚ ਇਜ਼ਾਫਾ ਹੋ ਰਿਹਾ ਹੈ।ਕੋਈ ਸਮਾਂ ਸੀ ਜਦੋਂ ਇੱਕ ਪਰਿਵਾਰ ਦਾ ਸੁੱਖ ਦੁੱਖ ਸਾਰੇ ਸਮਾਜ ਦਾ ਸੁੱਖ ਦੁੱਖ ਹੁੰਦਾ ਸੀ।ਇਹ ਆਪਸੀ ਸਹਿਯੋਗ ਜਿੱਥੇ ਖੁਸ਼ੀਆਂ ਨੂੰ ਦੁੱਗਣਾ ਚੌਗੁਣਾ ਕਰ ਦਿੰਦਾ ਸੀ,ਉੱਥੇ ਦੁੱਖ ਨੂੰ ਬੇਹੱਦ ਘਟਾ ਦਿੰਦਾ ਸੀ। ਪੰਜਾਬੀਆਂ ਦੀ ਭਾਈਚਾਰਕ ਸਾਂਝ ਦੀ ਗਵਾਹੀ ਭਰਦੇ ਬਹੁਤ ਸਾਰੇ ਰਸਮੋ ਰਿਵਾਜ਼ ਅੱਜਕੱਲ ਜਾਂ ਤਾਂ ਅਲੋਪ ਹੋ ਚੁੱਕੇ ਹਨ ਅਤੇ ਜਾਂ ਫਿਰ ਅਲੋਪ ਹੋਣ ਦੀ ਕਾਗਾਰ ’ਤੇ ਹਨ।ਇਹਨਾਂ ਰਿਵਾਜ਼ਾਂ ਵਿੱਚੋਂ ਹੀ ਇੱਕ ਸੀ ਵਿਆਹ ਵਾਲੇ ਘਰ ਦੁੱਧ ਪਹੁੰਚਾਉਣਾ।ਇਹ ਉਹ ਸਮਾਂ ਸੀ ਜਦੋਂ ਦੁੱਧ ਨੂੰ ਪੁੱਤ ਸਮਾਨ ਸਮਝਿਆ ਜਾਂਦਾ ਸੀ।ਦੁੱਧ ਵੇਚਣਾ ਮਿਹਣੇ ਬਰਾਬਰ ਸੀ।ਇਹਨਾਂ ਦਿਨਾਂ ਦੌਰਾਨ ਇੱਕ ਪਰਿਵਾਰ ਦੇ ਵਿਆਹ ਸਮਾਗਮ ’ਚ ਸਾਰਾ ਗਲੀ ਗੁਆਂਢ ਸ਼ਾਮਿਲ ਹੁੰਦਾ ਸੀ।ਗਲੀ ਗੁਆਂਢ ਅਤੇ ਸਕੇ ਸਕੇਲੇ ਘਰ ਰੋਟੀ ਨਹੀਂ ਬਣਾਉਂਦੇ ਸਨ।ਸਭ ਦਾ ਖਾਣ ਪੀਣ ਵਿਆਹ ਵਾਲੇ ਘਰ ਹੀ ਹੁੰਦਾ ਸੀ।ਕਈ ਕਈ ਦਿਨ ਚੱਲਣ ਵਾਲੇ ਵਿਆਹ ਦੀ ਸ਼ੁਰੂਆਤ ਕੜਾਹੀ ਚੜ੍ਹਨ ਨਾਲ ਹੁੰਦੀ ਸੀ।ਵਿਆਹ ਵਾਲੇ ਪਰਿਵਾਰ ਵੱਲੋਂ ਕੜਾਹੀ ਵਾਲੇ ਦਿਨ ਤੋਂ ਦੁੱਧ ਪਹੁੰਚਾਉਣ ਦੀ ਬੇਨਤੀ ਆਪਣੇ ਘਰ ਲੱਗੇ ਸਪੀਕਰ ਅਤੇ ਗੁਰੂ ਘਰ ਦੇ ਸਪੀਕਰ ਤੋਂ ਸਵੇਰੇ ਸ਼ਾਮ ਕੀਤੀ ਜਾਂਦੀ ਸੀ।ਕੜਾਹੀ ਵਾਲੇ ਦਿਨ ਤੋਂ ਬਾਅਦ ਰੋਟੀ ਵਾਲੇ ਦਿਨ ਅਤੇ ਆਨੰਦ ਕਾਰਜਾਂ ਵਾਲੇ ਦਿਨ ਸਮੇਤ ਤਕਰੀਬਨ ਚਾਰ ਪੰਜ ਦਿਨ ਵਿਆਹ ਵਾਲੇ ਘਰ ਦੁੱਧ ਪਹੁੰਚਾਇਆ ਜਾਂਦਾ ਸੀ।ਪਿੰਡ ਦੇ ਲੋਕ ਚਾਈਂ ਚਾਈਂ ਵਿਆਹ ਵਾਲੇ ਘਰ ਦੁੱਧ ਪਹੁੰਚਾਉਂਦੇ ਸਨ।ਇਹ ਇੱਕ ਤਰ੍ਹਾਂ ਵੀੜ੍ਹੀ ਵੀ ਹੁੰਦੀ ਸੀ।ਜਿਹੜਾ ਪਰਿਵਾਰ ਜਿੰਨੇ ਜਿਆਦਾ ਘਰਾਂ ਦੇ ਦੁੱਧ ਪਹੂੰਚਾਉਂਦਾ ਸੀ ਖੁਸ਼ੀ ਗਮੀ ਵਾਲੇ ਦਿਨ ਉਸਦੇ ਘਰ ਵੀ ਓਨਾ ਜਿਆਦਾ ਦੁੱਧ ਪਹੁੰਚਦਾ ਸੀ।ਜਦੋਂ ਕਈ ਕਈ ਘਰਾਂ ’ਚ ਇੱਕੋ ਦਿਨ ਵਿਆਹ ਹੁੰਦਾ ਤਾਂ ਥੋੜਾ ਥੋੜਾ ਕਰਕੇ ਸਭ ਘਰਾਂ ’ਚ ਦੁੱਧ ਪਹੁੰਚਾਇਆ ਜਾਂਦਾ ਸੀ।
ਵਿਆਹ ਵਾਲੇ ਘਰ ਦੁੱਧ ਪਹੂੰਚਾਉਣ ਲਈ ਪਿੱਤਲ ਦੇ ਡੋਲੂ ਦਾ ਇਸਤੇਮਾਲ ਕੀਤਾ ਜਾਂਦਾ ਸੀ।ਘਰ ਦੀ ਸੁਆਣੀ ਡੋਲੂ ’ਚ ਦੁੱਧ ਪਾ ਘਰ ਦੇ ਮੁਖੀ ਜਾਂ ਕਿਸੇ ਹੋਰ ਮੈਂਬਰ ਨੂੰ ਵਿਆਹ ਵਾਲੇ ਘਰ ਭੇਜਦੀ ਸੀ।ਵਿਆਹ ਵਾਲੇ ਘਰ ’ਚ ਦੁੱਧ ਵਾਲੇ ਡੋਲੂ ਫੜਨ ਲਈ ਦੋ ਤਿੰਨ ਬੰਦਿਆਂ ਦੀ ਬਕਾਇਦਾ ਡਿਊਟੀ ਲਗਾਈ ਜਾਂਦੀ ਸੀ।ਵਿਆਹ ਵਾਲੇ ਘਰ ਵਾਲਿਆਂ ਵੱਲੋਂ ਦੁੱਧ ਵਾਲੇ ਡੋਲੂ ਫੜਨ ਵਾਲੇ ਬੰਦਿਆਂ ਨੂੰ ਇਹ ਸਖਤ ਹਦਾਇਤ ਹੁੰਦੀ ਸੀ ਡੋਲੂ ਲੈ ਕੇ ਆਇਆ ਕੋਈ ਵੀ ਵਿਅਕਤੀ ਚਾਹ ਪੀਤੇ ਬਿਨਾਂ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਕਿਸੇ ਦਾ ਡੋਲੂ ਲੱਡੂਆਂ ਤੋਂ ਖਾਲੀ ਜਾਣਾ ਚਾਹੀਦਾ ਹੈ।ਵਿਆਹ ਵਾਲੇ ਪਰਿਵਾਰ ਵੱਲੋਂ ਦੁੱਧ ਵਾਲੇ ਡੋਲੂ ਵਿੱਚ ਦੋ ਲੱਡੂ ਪਾਉਣ ਦਾ ਰਿਵਾਜ਼ ਸੀ।ਘਰੇ ਬਣਾਏ ਤਾਜ਼ੇ ਲੱਡੂ ਦੁੱਧ ਵਾਲੇ ਡੋਲੂ ਵਿੱਚ ਪਾ ਕੇ ਦੁੱਧ ਦੇਣ ਆਏ ਵਿਅਕਤੀ ਨੂੰ ਡੋਲੂ ਵਾਪਸ ਕੀਤਾ ਜਾਂਦਾ ਸੀ।
ਉਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਵੀ ਖਾਣ-ਪੀਣ ਲਈ ਅੱਜ ਵਾਂਗ ਬਾਜ਼ਾਰੂ ਚੀਜਾਂ ਨਹੀਂ ਮਿਲਦੀਆਂ ਸਨ। ਬੱਚਿਆਂ ਨੂੰ ਵੀ ਲੱਡੂ ਖਾਣ ਦਾ ਬੜਾ ਚਾਅ ਹੁੰਦਾ ਸੀ। ਬੱਚਿਆਂ ਦੀ ਅੱਖ ਦੁੱਧ ਵਾਲਾ ਡੋਲੂ ਫੜਾਉਣ ਗਏ ਪਰਿਵਾਰਕ ਮੈਂਬਰ ਵੱਲ੍ਹ ਹੀ ਹੁੰਦੀ ਸੀ।ਜਿਉਂ ਹੀ ਦੁੱਧ ਫੜਾਉਣ ਗਿਆ ਪਰਿਵਾਰਕ ਮੈਂਬਰ ਦੁੱਧ ਵਾਲਾ ਡੋਲੂ ਲੈ ਕੇ ਘਰ ਪਰਤਦਾ ਤਾਂ ਬੱਚੇ ਡੋਲੂ ਨੂੰ ਟੁੱਟ ਕੇ ਪੈ ਜਾਂਦੇ।ਪਰਿਵਾਰ ਵਿੱਚ ਮੈਂਬਰਾਂ ਖਾਸ ਕਰਕੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਦੋ ਲੱਡੂਆਂ ਵਿੱਚੋਂ ਸਭ ਨੂੰ ਹਿੱਸਾ ਦਿੱਤਾ ਜਾਂਦਾ।ਕਈ ਵਾਰ ਕਈ ਕਈ ਘਰਾਂ ’ਚ ਵਿਆਹ ਹੋਣ ਕਾਰਨ ਕਾਫੀ ਗਿਣਤੀ ਵਿੱਚ ਲੱਡੂ ਆ ਜਾਂਦੇ ਸਨ।ਦੁੱਧ ਵਾਲੇ ਡੋਲੂ ਵਿੱਚ ਰੱਖੇ ਲੱਡੂ ਅਕਸਰ ਹੀ ਦੁੱਧ ਨਾਲ ਗਿੱਲੇ ਵੀ ਹੋ ਜਾਂਦੇ ਸਨ।ਪਰ ਇਹਨਾਂ ਦਾ ਸਵਾਦ ਏਨਾ ਜਿਆਦਾ ਵੱਖਰਾ ਹੁੰਦਾ ਸੀ ।
ਅਜੋਕੇ ਸਮੇਂ ’ਚ ਵਿਆਹ ਵਾਲੇ ਘਰ ਦੁੱਧ ਪਹੁੰਚਾਉਣ ਦਾ ਰਿਵਾਜ਼ ਤਕਰੀਬਨ ਖਤਮ ਹੋ ਚੁੱਕਿਆ ਹੈ।ਖਤਮ ਹੋਣਾ ਹੀ ਸੀ ਅੱਜਕੱਲ ਬਹੁਗਿਣਤੀ ਪਰਿਵਾਰ ਦੁੱਧ ਧਨ ਤੋਂ ਵਿਰਵੇ ਹੋ ਰਹੇ ਹਨ।ਪਸ਼ੂ ਰੱਖਣ ਦਾ ਰਿਵਾਜ਼ ਲਗਾਤਾਰ ਘਟ ਰਿਹਾ ਹੈ।ਬਹੁਗਿਣਤੀ ਪਰਿਵਾਰ ਪਸ਼ੂ ਰੱਖਣ ਦੀ ਬਜਾਏ ਮੁੱਲ ਲੈ ਕੇ ਦੁੱਧ ਪੀਣ ਨੂੰ ਤਰਜ਼ੀਹ ਦੇਣ ਲੱਗੇ ਹਨ।ਪਸ਼ੂਆਂ ਦੀ ਸਾਂਭ ਸੰਭਾਲ ਨਾਲੋਂ ਮੁੱਲ ਦੇ ਮਿਲਾਵਟੀ ਦੁੱਧ ਨੂੰ ਤਰਜ਼ੀਹ ਮਿਲਣ ਲੱਗੀ ਹੈ।ਖੁਦ ਦੁੱਧ ਤੋਂ ਸੱਖਣੇ ਹੋ ਰਹੇ ਸਮਾਜ ਵਿੱਚ ਸੁੱਖ ਦੁੱਖ ’ਚ ਇੱਕ ਦੂਜੇ ਦੇ ਘਰ ਦੁੱਧ ਪਹੁੰਚਾੳਣ ਦੇ ਰਿਵਾਜ਼ ਦਾ ਖਤਮ ਹੋਣਾ ਸੁਭਾਵਿਕ ਹੈ।ਇਸ ਰਿਵਾਜ਼ ਦੇ ਖਾਤਮੇ ਨਾਲ ਹੀ ਸੁੱਖ ਦੁੱਖ ਦੌਰਾਨ ਦੁੱਧ ਪਹੁੰਚਾਉਣ ਦੀਆਂ ਗੁਰੂ ਘਰਾਂ ਤੋਂ ਹੋਣ ਵਾਲੀਆਂ ਬੇਨਤੀਆਂ ਦੀਆਂ ਆਵਾਜ਼ਾਂ ਵੀ ਅਲੋਪ ਹੋ ਗਈਆਂ ਹਨ।ਅੱਜਕੱਲ ਹਰ ਸੁੱਖ ਸੁੱਖ ਦੇ ਸਮਾਗਮ ’ਚ ਦੋਧੀ ਤੋਂ ਜਾਂ ਡੇਅਰੀ ਤੋਂ ਦੁੱਧ ਖਰੀਦਿਆ ਜਾਂਦਾ ਹੈ। ਕਿਹਾ ਇਹ ਵੀ ਜਾ ਸਕਦਾ ਹੈ ਕਿ ਘਟਦੀਆਂ ਭਾਈਚਾਰਕ ਸਾਝਾਂ ਨੇ ਸਾਡੇ ਸਮਾਗਮਾਂ ਦੇ ਖਰਚਿਆਂ ਵਿੱਚ ਵੀ ਇਜ਼ਾਫਾ ਕੀਤਾ ਹੈ।ਜਿਨਾਂ ਨੇ ਇਹ ਭਾਈਚਾਰਕ ਸਾਂਝ ਨਿਭਾਈ ਹੈ ਜਾਂ ਨਿਭਦੀ ਵੇਖੀ ਹੈ ਉਹਨਾਂ ਲਈ ਦੁੱਧ ਵਾਲੇ ਡੋਲੂ ਵਿਚਲੇ ਲੱਡੂਆਂ ਦਾ ਸਵਾਦ ਭੁਲਾਉਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।
ਬਿੰਦਰ ਸਿੰਘ ਖੁੱਡੀ ਕਲਾਂ
-ਮੋਬਾ:98786-05965

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ