ਰਾਜ ਅੰਦਰ ਜਿਉਂ-ਜਿਉਂ ਲੋਕ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ। ਤਿਉਂ-ਤਿਉਂ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਵਧਣ ਦੇ ਨਾਲ-ਨਾਲ ਜੋੜਤੋੜ ਕਰਨ ਦਾ ਸਿਲਸਿਲਾ ਵੀ ਤੇਜ਼ ਹੁੰਦਾ ਜਾ ਰਿਹਾ ਹੈ। ਕੁਝ ਕੁ ਸਿਆਸੀ ਸੇਵਾਦਾਰ ਆਪਣੀ ਪਾਰਟੀ ਵੱਲੋਂ ਲੋਕ ਸਭਾ ਸੀਟ ਨਾਲ ਮਿਲਣ ਕਰਕੇ ਅਤੇ ਕੁਝ ਪਾਰਟੀ ਅੰਦਰ ਪੁੱਛ ਪ੍ਰਤੀਤ ਨਾ ਹੋਣ ਕਰਕੇ ਆਪਣੀ ਮਾਂ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ। ਕਾਬਲੇ ਗੌਰ ਹੈ ਕਿ ਵੋਟਾਂ ਭਾਵੇਂ ਲੋਕ ਸਭਾ ਦੀਆਂ ਹੋਣ, ਭਾਵੇਂ ਵਿਧਾਨ ਸਭਾ ਦੀਆਂ ਕਿਉਂ ਨਾ ਹੋਣ। ਰਾਜਨੀਤਕ ਪਾਰਟੀ ਅੰਦਰ ਸੇਵਾ ਕਰਦੇ ਅਨਿਨ, ਭਗਤ ਅਤੇ ਸੇਵਾਦਾਰਾਂ ਦੀ ਅੰਦਰ ਵਾਲੀ ਸੇਵਾ ਭਾਵਨਾ ਨੂੰ ਖੂਬ ਜੱਗ ਜ਼ਾਹਿਰ ਕਰ ਜਾਂਦੀਆਂ ਹਨ। ਉਨ੍ਹਾਂ ਸਿਆਸੀ ਸੇਵਾਦਾਰਾਂ ਦੀ ਪਾਰਟੀ ਪ੍ਰਤੀ ਵਫਾਦਾਰੀ, ਮਿਹਨਤ ਅਤੇ ਲਗਨ ਬਾਰੇ ਸਪਸ਼ਟ ਰੂਪ ਵਿੱਚ ਸੁਣਨ, ਵੇਖਣ ਨੂੰ ਮਿਲਦਾ ਹੈ। ਕਿਉਂਕਿ ਜਦੋਂ ਪਾਰਟੀ ਦੇ ਅੰਦਰ ਸੇਵਾ ਕਰਦੇ ਹਨ। ਤਦ ਸਭ ਅੱਛਾ ਹੈ। ਪ੍ਰੰਤੂ ਜਦੋਂ ਮਾਂ ਪਾਰਟੀ ਨੂੰ ਅਲਵਿਦਾ ਆਖਣਾ ਪਵੇ, ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਤਦ ਸਭ ਅੰਦਰਲੀਆਂ ਇਕ-ਇਕ ਕਰਕੇ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਪਾਰਟੀ ਅੰਦਰ ਸੇਵਾ ਕਰਦੇ ਰਹੇ ਸੇਵਾਦਾਰ ਵੱਲੋਂ ਦੋਖ ਦਿ੍ਰਸ਼ਟੀ ਕਾਰਨ ਲੋਕਾਂ ਸਾਹਮਣੇ ਸਭ ਨੰਗਾ ਕਰਕੇ ਰੱਖ ਦਿੱਤਾ ਜਾਂਦਾ ਹੈ। ਚੱਲੋ ਇਸੇ ਬਹਾਨੇ ਹੀ ਸਹੀ ਲੋਕ, ਵੋਟਰਾਂ ਨੂੰ ਸੱਚ ਸੁਣਨ ਅਤੇ ਜਾਣਨ ਦਾ ਮੌਕਾ ਤਾਂ ਪ੍ਰਧਾਨ ਹੁੰਦਾ ਹੈ। ਜਿਸ ਬਾਰੇ ਕਦੇ ਉਹਨਾਂ ਨੂੰ ਅਨੁਮਾਨ ਹੀ ਨਹੀਂ ਹੁੰਦਾ ਹੈ। ਜਿਹੜੇ ਅੰਨੇ ਭਗਤ ਬਣਕੇ ਪਾਰਟੀ ਅਤੇ ਪਾਰਟੀ ਦੇ ਲੀਡਰਾਂ ਦੀ ਚਾਕਰੀ ਕਰਨ ਵਿੱਚ ਮਸਰੂਫ ਰਹਿੰਦੇ ਹਨ। ਅਜੋਕੇ ਸਮੇਂ ਵੀ ਲੋਕ ਸਭਾ ਚੋਣਾਂ ਵਿੱਚ ਉਪਰੋਕਤ ਅਨੁਸਾਰ ਅਣਸੁਣਿਆ ਸੱਚ ਸੁਣਨ ਤੇ ਜਾਣਨ ਨੂੰ ਮਿਲ ਰਿਹਾ ਹੈ। ਕਿੰਝ ਸਿਆਸੀ ਪਾਰਟੀਆਂ ਅੰਦਰ ਨਿਰੰਤਰ ਦਲ ਬਦਲੀਆਂ ਹੋ ਰਹੀਆਂ ਹਨ। ਲੀਡਰ ਦਲ ਬਦਲੀ ਕਰਦਿਆਂ ਹੀ ਫਿਰ ਅੰਦਰਲੀਆਂ ਗੁੱਝੀਆਂ ਗੱਲਾਂ ਜੱਗ ਜ਼ਾਹਿਰ ਕਰਦੇ ਹਨ। ਇੱਕ ਦੂਜੇ ਨੂੰ ਪਾਣੀ ਪੀ-ਪੀ ਕੇ ਕੋਸਦੇ ਹੋਏ ਥੱਕਦੇ ਨਹੀਂ ਹਨ। ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ, ਪੰਜਾਬ ਪ੍ਰਤੀ ਕਿੰਨੀ ਚਿੰਤਾਂ ਸੀ, ਉਸਦਾ ਪ੍ਰਗਟਾਵਾ ਕਰਦੇ ਅੰਦਰ ਖਾਤੇ ਵਾਲੀਆਂ ਗੁੱਝੀਆਂ ਰਮਜਾਂ ਮੀਡੀਆ ਜਰੀਏ ਲੋਕਾਂ ਸਾਹਮਣੇ ਪੇਸ਼ਕਸ਼ ਕਰਦੇ ਹਨ। ਉਹ ਲੀਡਰਾਂ ਦੀ ਨੀਤੀ, ਨੀਅਤ, ਚਰਿੱਤਰ-ਚਿਤਰਨ, ਇਮਾਨਦਾਰੀ ਅਤੇ ਹਿਰਦੇ ਅੰਦਰਲੀ ਸੇਵਾ ਭਾਵਨਾ ਬਾਰੇ ਕਥਨ ਕਰਦੇ ਸਾਹ ਨਹੀਂ ਲੈੰਦੇ। ਉਦੋਂ ਵੋਟਾਂ ਵਧੇਰੇ ਰੌਚਿਕ ਅਤੇ ਦਿਲਚਸਪ ਬਣ ਜਾਂਦੀਆ ਹਨ। ਜਦੋਂ ਉਕਤ ਮੁਤਾਬਿਕ ਵਰਤਾਰਾ ਲਗਾਤਾਰ ਵਾਪਰਦਾ ਹੈ। ਨਾਲੇ ਪਤਾ ਚੱਲਦਾ ਹੈ ਕਿ ਇਸ ਹਮਾਮ ਵਿੱਚ ਸਾਰੇ ਨੰਗੇ ਹਨ। ਇਸ ਦੌਰਾਨ ਦਲ ਬਦਲੂ ਲੀਡਰ ਆਪਣਾ ਕਈ ਸਾਲਾਂ ਦਾ ਰਾਜਨੀਤਕ ਪਾਰਟੀ ਤੋਂ ਹਾਸਲ ਕੀਤਾ ਹੋਇਆ ਗਿਆਨ ਵੀ ਲੋਕਾਂ ਨਾਲ ਸਾਂਝਾ ਕਰਨ ਤੋਂ ਗੁਰੇਜ ਨਹੀਂ ਕਰਦੇ ਹਨ। ਇਨ੍ਹਾਂ ਵੱਲੋਂ ਵੰਡਿਆ ਗਿਆ ਗਿਆਨ ਸੱਭਿਅਕ ਤੇ ਸੂਝਵਾਨ ਵੋਟਰਾਂ ਨੂੰ ਸੋਚਣ ਵਾਸਤੇ ਮਜਬੂਰ ਤਾਂ ਕਰ ਦਿੰਦਾ ਹੈ ਕਿ ਵੋਟ ਲਈ ਅਸਲ ਹੱਕਦਾਰ ਕੌਣ ਹੈ। ਭਾਵ ਕਿਹੜੀ ਪਾਰਟੀ ਅਤੇ ਕਿਹੜਾ ਉਮੀਦਵਾਰ ਜਾਂ ਲੀਡਰ ਹੈ। ਵੈਸੇ ਤਾਂ ਸਾਰੀਆ ਸਿਆਸੀ ਪਾਰਟੀਆਂ ਦੇ ਲੀਡਰ ਸਿਆਣੇ, ਇਮਾਨਦਾਰ, ਸੇਵਾ ਭਾਵਨਾ ਨਾਲ ਲੱਦੇ ਹੋਏ, ਨਿਰਸਵਾਰਥ ਅਤੇ ਲੋਕ ਹਿਤੈਸ਼ੀ ਹੁੰਦੇ ਹਨ। ਪ੍ਰੰਤੂ ਅਸਲੀਅਤ ਜਾਨਣ ਬਾਅਦ ਵੋਟਰ ਮਤਦਾਨ ਕਰਨ ਵਕਤ ਸੋਚਣ ਜਰੂਰ ਲੱਗ ਪੈਂਦਾ ਹੈ। ਅਜੋਕੇ ਸਮੇਂ ਲੋਕ ਸਭਾ ਚੋਣਾਂ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਕੋਲ ਪੰਜਾਬ ਦੇ ਮੁੱਦੇ ਘੱਟ ਅਤੇ ਇੱਕ ਦੂਜੇ ਪ੍ਰਤੀ ਦੂਸ਼ਣਬਾਜ਼ੀ ਭਰਿਆ ਅਥਾਹ ਗਿਆਨ ਰੂਪੀ ਭੰਡਾਰ ਮੌਜੂਦ ਹੈ।
ਇੱਥੋਂ ਤੀਕ ਕਿ ਸਾਹਮਣੇ ਵਾਲੇ ਉਮੀਦਵਾਰ ਦੀ ਜਾਤੀ ਜ਼ਿੰਦਗੀ ਦੇ ਕਈ ਗੁੱਝੇ ਭੇਦ ਤੇ ਰਾਜ ਉਨ੍ਹਾਂ ਕੋਲ ਹਨ। ਭਾਵੇਂ ਭੇਦ, ਰਾਜ ਕੋਈ ਹੋਣ, ਭਿ੍ਰਸ਼ਟਾਚਾਰੀ ਤੋਂ ਸੁਰੂ ਹੋ ਕੇ ਪਤਾ ਨਹੀਂ ਕੀ-ਕੀ ਰਾਜ ਹਨ। ਹੁਣ ਤਾਂ ਆਮ ਗੱਲ ਚਰਚਿਤ ਹੈ ਕਿ ਜਿਸ ਕਿਸੇ ਨੇ ਆਪਣੇ ਪਿਛੋਕੜ, ਵੱਡ-ਵੱਡੇਰਿਆ, ਪ੍ਰੀਵਾਰ ਦੀ ਮੁੱਢਲੀ ਜਾਣਕਾਰੀ ਜਾਂ ਪ੍ਰਾਪਤੀ ਲੈਣੀ ਹੋਵੇ, ਤਦ ਵੋਟਾਂ ਵਿੱਚ ਖੜੋ ਜਾਵੇ। ਸਾਹਮਣੇ ਵਾਲਾ ਵਿਰੋਧੀ ਉਮੀਦਵਾਰ ਸਾਰਾ ਅਗਲਾ ਪਿਛਲਾ ਕਿੱਸਾ ਲਿਆ ਕੇ ਸਾਹਮਣੇ ਰੱਖ ਦੇਵੇਗਾ। ਨਾਲੇ ਜਾਣਕਾਰੀ ਲੈਣ ਵਾਸਤੇ ਮਿਹਨਤ ਨਹੀਂ ਕਰਨੀ ਹੋਵੇਗੀ। ਕਈ ਇਹੀ ਸਾਡਾ ਲੋਕਤੰਤਰ ਹੈ। ਲੋਕ ਸਭਾ ਚੋਣਾਂ ਦੌਰਾਨ ਲੋਕ ਮੱਦੇ ਕਿੱਥੇ ਹਨ। ਭਾਵ ਬਿਲਕੁਲ ਗਾਇਬ ਹੀ ਹਨ। ਵੋਟਰਾਂ ਦੀ ਭਲਾਈ ਵਾਸਤੇ ਗੱਲ ਕਿਉਂ ਨਹੀਂ ਹੋ ਰਹੀ। ਅਜੋਕੇ ਦੌਰ ਵਿੱਚ ਕਈ ਕਿਸਮ ਦੇ ਪੀੜਤਾਂ ਲਈ ਫੌਰੀ ਰਾਹਤ ਪਹੁੰਚਾਉਣ ਜਾਂ ਉਨ੍ਹਾਂ ਦੀ ਤਕਲੀਫ, ਦਰਦ ਘਟਾਉਣ ਲਈ ਠੋਸ ਯੋਜਨਾ ਕਿਉੰ ਨਹੀਂ ਹੈ। ਲੋਕਾਂ ਨੂੰ ਸਿੱਖਿਅਤ ਕਰਨ ਵਾਸਤੇ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਦੀ ਬਾਤ ਕਿਉਂ ਨਹੀਂ ਹੁੰਦੀ। ਵੋਟਰਾਂ ਦੀ ਸਿਹਤ ਸੰਭਾਲ, ਸਾਫ ਸੁਥਰੇ ਮਾਹੌਲ, ਕਾਨੂੰਨੀ ਵਿਵਸਥਾ ਬਹਾਲ ਰੱਖਣ ਅਤੇ ਪੀਣ ਵਾਲੇ ਸੁੱਧ ਪਾਣੀਆਂ, ਸਫ-ਸੁੱਧ ਹਵਾ ਸਣੇ ਕਈ ਹੋਰ ਅਹਿਮ ਤੇ ਸੁਲਘਦੇ ਮਾਮਲੇ ਵੀ ਮੂੰਹ ਅੱਡੀ ਖੜੇ ਜਿਉਂ ਦੇ ਤਿਉਂ ਹਨ। ਜਿਹੜੇ ਸਾਇਦ ਵੋਟਾਂ ਦੀ ਲੜਾਈ ਲੜ ਰਹੇ ਉਮੀਦਵਾਰਾਂ ਦੇ ਚੇਤਿਆਂ ਵਿੱਚ ਹਾਲੇ ਤੀਕ ਆਏ ਨਹੀਂ ਹਨ। ਜੇਕਰ ਚੇਤੇ ਹਨ, ਤਦ ਕਿਹੜੀਆਂ ਮਜਬੂਰੀਆਂ, ਬੇਵੱਸੀ ਹੈ ਕਿ ਉਹ ਗੱਲ ਨਹੀਂ ਕਰਦੇ ਹਨ। ਜਾਂ ਲੋਕਾਂ ਨਾਲ ਵਿਚਾਰ-ਵਟਾਦਰਾਂ ਨਹੀਂ ਕਰਨਾ ਚਾਹੁੰਦੇ ਹਨ। ਜਾਂ ਫਿਰ ਕਿਤੇ ਲੋਕ ਤਾਂ ਨਹੀਂ ਹਨ, ਜਿਹੜੇ ਦਰਪੇਸ਼ ਸਮੱਸਿਆਵਾਂ ਜਾਂ ਔਕੜਾਂ ਦਾ ਹੱਲ ਨਾ ਹੋਵੇ ਚਾਹੁੰਦੇ ਹੋਣ। ਜੇਕਰ ਅਜਿਹਾ ਕੁਝ ਨਹੀਂ ਹੈ, ਤਦ ਲੋਕਾਂ ਨੂੰ ਜਾਗਰੂਕ ਬਣਕੇ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਯਕੀਨੀ ਬਣਾਉਣੀ ਪਵੇਗੀ। ਪਹਿਲਾਂ ਬੜਾ ਸਮਾਂ ਲੰਘ ਗਿਆ ਹੈ। ਹੁਣ ਆਪਣਿਆਂ ਦੇ ਸੁਨਹਿਰੀ ਤੇ ਉਜਵਲ ਭਵਿੱਖ ਖਾਤਰ ਆਪਣੇ ਫਰਜਾਂ ਤੇ ਕਰਤੱਵਾਂ ਦੀ ਪਾਲਣਾ ਕਰਦੇ ਹੋਏ, ਸਭ ਅੱਛਾ ਹੀ ਹੋਵੇ, ਬਨਾਉਣ ਹਿੱਤ ਖੁੱਲ੍ਹ ਕੇ ਅੱਗੇ ਆਉਣਾ ਹੋਵੇਗਾ।
ਇਸ ਮੌਕੇ ਦੋਗਲੇ, ਚੌਧਰ ਦੇ ਭੁੱਖੇ, ਸਵਾਰਥੀ, ਕਿਰਦਾਰ ਰਹਿਤ ਅਤੇ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਅਖੌਤੀ ਲੀਡਰਾਂ ਦੀ ਖੁਦ ਪਛਾਣ ਕਰਨੀ ਹੋਵੇਗੀ। ਮੌਕਾਪ੍ਰਸਤ ਲੀਡਰ ਤਸਦੀਕ ਕਰਨੇ ਹੋਣਗੇ। ਤਦ ਸਾਡਾ ਆਲਾ-ਦੁਆਲਾ ਤੇ ਸਿਸਟਮ ਆਪਣੇ-ਆਪ ਚੁਸਤ ਦਰੁਸਤ ਹੋ ਜਾਵੇਗਾ। ਸਾਨੂੰ ਗਿਲੇ ਸਿਕਵੇ ਕਰਨ ਦਾ ਵੀ ਮੌਕਾ ਨਹੀਂ ਮਿਲੇਗਾ। ਨਾਲੇ ਸਿਆਸੀ ਪਾਰਟੀਆਂ ਵਿਚ ਰਹਕੇ ਲੋਕਾਂ ਦੀ ਸੇਵਾ ਕਰਦੇ, ਕਰਨ ਦੇ ਸ਼ੌਕੀਨ ਤੇ ਚਾਹਵਾਨ ਲੀਡਰ ਤੇ ਸੇਵਾਦਾਰ ਨੂੰ ਵੀ ਸੇਵਾ ਦਾ ਅਸਲੀ ਭਾਵ ਸਮਝ ਆਵੇਗਾ। ਜਿਹੜੇ ਨਿੱਤ ਦਿਹਾੜੇ ਲੋਕ ਸੇਵਾ ਦੀ ਆਡ ਹੇਠ ਮਹਿਜ ਫੋਕੀਆਂ ਟਾਹਰਾਂ, ਡੀਂਗਾਂ ਹੀ ਮਾਰਦੇ ਹਨ। ਜੋ ਕਹਿਣਾ, ਉਹ ਕਰਨਾ ਨਹੀਂ, ਜੋ ਕਰਨਾ, ਉਹ ਕਹਿਣਾ ਨਹੀਂ। ਵਰਗੀਆਂ ਚਿਰੋਕਣੀਆਂ ਪਾਈਆਂ ਪਿਰਤਾਂ ਦਾ ਤਿਆਗ ਕਰਕੇ ਸਿਰ ਠੰਢਾ ਪਾਣੀ ਪਾ ਕੇ ਸੋਚਣ ਵਾਸਤੇ ਮਜਬੂਰ ਹੋਣਗੇ। ਅੰਤ ਸਾਰੇ ਹੀ ਸਿਆਸੀ ਪਾਰਟੀਆਂ ਦੇ ਲੋਕ ਸਭਾ ਚੋਣਾਂ ਲੜਦੇ ਉਮੀਦਵਾਰ ਤੇ ਲੀਡਰਾਂ ਨੂੰ ਸ਼ੁੱਭ ਕਾਮਨਾਵਾਂ।
-ਹਰਬਿੰਦਰ ਸਿੰਘ ਰਾਣਾ
-ਮੋਬਾ: 98881- 45991