Thursday, December 05, 2024  

ਲੇਖ

ਲੋਕਾਂ ਦਾ ਸਿਆਸੀ ਲੀਡਰਾਂ ਤੋਂ ਉੱਠ ਰਿਹਾ ਵਿਸ਼ਵਾਸ

May 15, 2024

ਭਾਰਤ ਦੀ ਰਾਜਨੀਤੀ ਵਿੱਚ ਅਕਸਰ ਹੀ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਕਦੇ ਵਿਧਾਨ ਸਭਾ ਦੀਆਂ ਚੋਣਾਂ ਤੇ ਕਦੇ ਲੋਕ ਸਭਾ ਦੀਆਂ ਚੋਣਾਂ। ਇਸ ਵਾਰ ਸਾਡੇ ਭਾਰਤ ਦੇਸ਼ ਵਿੱਚ 18ਵੀਂ ਲੋਕ ਸਭਾ ਦੀਆਂ ਚੋਣਾਂ ਹੋਣ ਦਾ ਬਿਗਲ ਵੱਜ ਚੁੱਕਿਆ ਹੈ। ਦਲ ਬਦਲਣ ਦਾ ਦੌਰ ਪਿਛਲੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਸਿਆਸੀ ਨੇਤਾਵਾਂ ਦੁਆਰਾ ਬਹੁਤ ਵੱਡੇ ਪੱਧਰ ਤੇ ਦਲ ਬਦਲੀ ਕੀਤੀ ਗਈ ਹੈ। ਇਸੇ ਕਰਕੇ ਹੀ ਰਾਜਨੀਤਿਕ ਨੇਤਾਵਾਂ ਦਾ ਲੋਕਾਂ ਵਿੱਚੋਂ ਸਤਿਕਾਰ ਖ਼ਤਮ ਹੁੰਦਾ ਜਾਂਦਾ ਹੈ ਤੇ ਇਹ ਆਉਣ ਵਾਲੀਆਂ ਚੋਣਾਂ ਇੱਕ ਨਵੇਕਲੀ ਕਿਸਮ ਦੀਆਂ ਚੋਣਾਂ ਹੋਣਗੀਆਂ।
ਪਿਛਲੇ ਸਮੇਂ ਵਿੱਚ ਲੀਡਰ ਆਪੋ-ਆਪਣੀ ਪਾਰਟੀ ਨਾਲ ਬਿਨਾਂ ਕਿਸੇ ਲਾਲਚ ਤੋਂ ਡੱਟ ਕੇ ਖੜ੍ਹਦੇ ਸਨ ਤੇ ਪਾਰਟੀਆਂ ਵੱਲੋਂ ਉਨ੍ਹਾਂ ਦਾ ਮਾਨ ਸਨਮਾਨ ਅਤੇ ਸਰਕਾਰ ਆਉਣ ’ਤੇ ਉੱਚੇ ਅਹੁਦੇ ਦਿੱਤੇ ਜਾਂਦੇ ਸਨ। ਰਾਜਨੀਤਿਕ ਪਾਰਟੀਆਂ ਵੱਲੋਂ ਕਈ ਨੇਤਾਵਾਂ ਨੂੰ ਵਿਧਾਇਕ, ਐਮਪੀ ਅਤੇ ਮੰਤਰੀ ਆਦਿ ਬਣਾਇਆ ਗਿਆ ਸੀ।ਪਰ ਉਹ ਵੀ ਵੱਡੇ ਲਾਲਚ ਕਾਰਨ ਪਾਰਟੀ ਨੂੰ ਛੱਡ ਕੇ ਹੁਣ ਦੂਸਰੀਆਂ ਪਾਰਟੀਆਂ ਵਿੱਚ ਧੜਾ-ਧੜ ਸ਼ਾਮਿਲ ਹੋ ਰਹੇ ਹਨ। ਇਹ ਭਾਰਤੀ ਰਾਜਨੀਤੀ ਵਾਸਤੇ ਸ਼ੁਭ ਸੰਕੇਤ ਨਹੀਂ ਹਨ ਰਾਜਨੀਤਕ ਪਾਰਟੀਆਂ ਵੱਲੋਂ ਜਿਹੜੇ ਲੋਕਾਂ ਨੂੰ ਉੱਚ ਅਹੁਦਿਆਂ ’ਤੇ ਬਿਠਾਇਆ ਸੀ ਅੱਜ ਉਹੀ ਉਨ੍ਹਾਂ ਸਾਹਮਣੇ ਚੁਣੌਤੀ ਬਣ ਕੇ ਆਣ ਖੜੇ ਹੋਏ ਹਨ।
ਜਦੋਂ ਲੀਡਰ ਚੋਣ ਲੜਦਾ ਹੈ ਤਾਂ ਉਹ ਲੋਕਾਂ ਨੂੰ ਆਖਦਾ ਹੈ ਕਿ ਉਹ ਲੋਕ ਸੇਵਾ ਕਰੇਗਾ ਤੇ ਇਲਾਕੇ ਦਾ ਵਿਕਾਸ ਕਰਾਵੇਗਾ ਪਰ ਜਦੋਂ ਚੋਣ ਜਿੱਤ ਜਾਂਦਾ ਹੈ ਤਾਂ ਇਹ ਚੀਜ਼ਾਂ ਖ਼ਤਮ ਹੋ ਜਾਂਦੀਆਂ ਹਨ। ਉਸ ਦੇ ਰਹਿਣ-ਸਹਿਣ ’ਚ ਬਦਲਾਅ ਆ ਜਾਂਦਾ ਹੈ ਤੇ ਉਹ ਲੋਕਾਂ ਨੂੰ ਮਿਲਣਾ ਵੀ ਛੱਡ ਦਿੰਦਾ ਹੈ। ਉਸ ਸਮੇਂ ਵੋਟਰ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਤੇ ਕਿਸੇ ਗੱਲ ਦਾ ਕੋਈ ਲੁਕਾ ਨਹੀਂ ਰਹਿੰਦਾ। ਇਸੇ ਕਰਕੇ ਹੀ ਹੁਣ ਪਿੰਡਾਂ ਦੀਆਂ ਸੱਥਾਂ ਵਿੱਚ ਜਦੋਂ ਲੀਡਰ ਵੋਟਾਂ ਮੰਗਣ ਜਾਂਦੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਨੂੰ ਸਵਾਲ-ਜਵਾਬ ਕੀਤੇ ਜਾਂਦੇ ਹਨ।
ਦਲ ਬਦਲੂ ਲੀਡਰ ਜਦੋਂ ਦੂਸਰੀ ਪਾਰਟੀ ਵਿੱਚ ਜਾਂਦਾ ਹੈ ਤਾਂ ਉੱਥੇ ਪਹਿਲਾਂ ਤੋਂ ਆਪਣੀ ਪਾਰਟੀ ਵਿੱਚ ਇਮਾਨਦਾਰੀ ਨਾਲ ਕੰਮ ਕਰ ਰਹੇ ਦੂਜੇ ਲੀਡਰ ਦਾ ਵੀ ਪੈਰਾਸ਼ੂਟ ਰਾਹੀਂ ਉਮੀਦਵਾਰ ਬਣ ਕੇ ਹੱਕ ਮਾਰ ਦਿੰਦਾ ਹੈ। ਪਾਰਟੀ ਬਦਲਣ ਕਾਰਨ ਲੋਕਾਂ ਅਤੇ ਵੋਟਰਾਂ ਵਿੱਚ ਉਸ ਦੇ ਪ੍ਰਤੀ ਨਿਰਾਸ਼ਾ ਅਤੇ ਬੇਵਿਸ਼ਵਾਸਾ ਪੈਦਾ ਹੋ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਅੱਜ ਸਾਡੀ ਰਾਜਨੀਤੀ ਵਿੱਚ ਨਿਘਾਰ ਆ ਗਿਆ ਹੈ ਤੇ ਲੋਕਾਂ ਦਾ ਸਿਆਸੀ ਲੀਡਰਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ।
ਰਾਜਨੀਤੀ ਵਿੱਚੋਂ ਹੇਠਲੇ ਪੱਧਰ ਦਾ ਵਰਕਰ ਵੀ ਹੁਣ ਮਾਯੂਸ ਹੋ ਕੇ ਘਰ ਬੈਠ ਗਿਆ ਹੈ। ਇਸ ਕਰਕੇ ਇਹਨਾਂ ਚੋਣਾਂ ਵਿੱਚ ਹੁਣ ਪਹਿਲੀ ਅਤੇ ਦੂਸਰੀ ਕਤਾਰ ਦੇ ਨੇਤਾ ਹੀ ਦਿਸਣਗੇ ਕਿਉਂਕਿ ਜਦੋਂ ਇਹ ਲੋਕ ਪਾਵਰ ਵਿੱਚ ਆ ਜਾਂਦੇ ਹਨ ਤਾਂ ਵਰਕਰਾਂ ਦੀ ਕੋਈ ਗੱਲ ਨਹੀਂ ਸੁਣਦਾ। ਆਮ ਲੋਕ ਵੀ ਇਸੇ ਕਰਕੇ ਹੀ ਰਾਜਨੀਤਿਕ ਲੋਕਾਂ ਦਾ ਖਹਿੜਾ ਛੱਡ ਗਏ ਹਨ ਤੇ ਆਉਣ ਵਾਲੇ ਸਮੇਂ ਵਿੱਚ ਨੁਕੜ ਮੀਟਿੰਗਾਂ ਅਤੇ ਰੈਲੀਆਂ ਵਿੱਚ ਵਰਕਰਾਂ ਦਾ ਤੇ ਲੋਕਾਂ ਦਾ ਇਕੱਠ ਵੇਖਣ ਨੂੰ ਨਹੀਂ ਮਿਲੇਗਾ। ਅੱਜ ਤੋਂ ਦੋ ਦਹਾਕੇ ਪਹਿਲਾਂ ਇਹਨਾਂ ਵਰਕਰਾਂ ਦੀ ਲੀਡਰਾਂ ਕੋਲ ਬਹੁਤ ਵੁਕਤ ਹੁੰਦੀ ਸੀ। ਲੀਡਰ ਆਪਣੇ ਵਰਕਰ ਨਾਲ ਚਟਾਨ ਵਾਂਗ ਖੜ੍ਹਦੇ ਸਨ ਤੇ ਚੋਣਾਂ ਵੇਲੇ ਵਰਕਰ ਵੀ ਆਪਣੇ ਲੀਡਰ ਨੂੰ ਕਦੇ ਪਿੱਠ ਨਹੀਂ ਵਿਖਾਉਂਦਾ ਸੀ ਅਤੇ ਦਿਨ-ਰਾਤ ਇੱਕ ਕਰਕੇ ਆਪਣੇ ਨੇਤਾ ਨੂੰ ਜਿਤਾਉਣ ਲਈ ਕੋਈ ਕਸਰ ਨਹੀਂ ਛੱਡਦਾ ਸੀ ਪਰ ਅੱਜ ਦੀ ਰਾਜਨੀਤੀ ਵਿੱਚ ਪੈਸਾ ਭਾਰੂ ਹੋਣ ਕਰਕੇ ਆਮ ਵਰਕਰਾਂ ਨੂੰ ਕੋਈ ਨਹੀਂ ਪੁੱਛਦਾ। ਅੱਜ ਦੇ ਸਮੇਂ ਵਿੱਚ ਲੀਡਰ ਦਲ ਬਦਲ ਜਾਂਦੇ ਹਨ ਪਰ ਵਰਕਰ ਆਪੋ-ਆਪਣੀ ਪਾਰਟੀ ਵਿੱਚ ਹੀ ਖੜੇ੍ਹ ਰਹਿੰਦੇ ਹਨ। ਇਸੇ ਕਰਕੇ ਹੀ ਪਿਛਲੇ ਸਮੇਂ ਤੋਂ ਚੱਲ ਰਹੀ ਰਾਜਨੀਤੀ ਵਿੱਚ ਬਹੁਤ ਵੱਡਾ ਫ਼ਰਕ ਆ ਗਿਆ ਹੈ।
ਇਸ ਸਬੰਧੀ ਸਾਡੀ ਭਾਰਤ ਸਰਕਾਰ ਅਤੇ ਨਿਆਂ ਪ੍ਰਣਾਲੀ ਨੂੰ ਇੱਕ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਹੈ। ਜਦੋਂ ਕੋਈ ਲੀਡਰ ਕਿਸੇ ਪਾਰਟੀ ਤੋਂ ਐਮਐਲਏ, ਐਮਪੀ ਜਾਂ ਮੰਤਰੀ ਬਣ ਜਾਂਦਾ ਹੈ ਜੇਕਰ ਉਹ ਪਾਰਟੀ ਨੂੰ ਛੱਡ ਦੂਸਰੀ ਪਾਰਟੀ ਵਿੱਚ ਜਾਂਦਾ ਹੈ ਤਾਂ ਉਸ ’ਤੇ ਦਲ ਬਦਲੂ ਦਾ ਕਾਨੂੰਨ ਸਖ਼ਤੀ ਨਾਲ ਲਾਗੂ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਉਸ ਨੂੰ ਕੋਈ ਵੀ ਇਲੈਕਸ਼ਨ ਨਾ ਲੜਨ ਦੇ ਅਯੋਗ ਕਰਾਰ ਦੇਣਾ ਚਾਹੀਦਾ ਹੈ। ਅੱਜ ਦੇ ਸਮੇਂ ਵਿੱਚ ਕਈ ਲੀਡਰ ਤਾਂ ਤਿੰਨ-ਤਿੰਨ ਪਾਰਟੀਆਂ ਬਦਲ ਗਏ ਹਨ ਪਰ ਉਨਾਂ ਨੂੰ ਦੇਸ਼ ਦੇ ਕਈ ਵੱਡੇ ਮੁੱਦੇ ਜਿਵੇਂ ਮਹਿੰਗਾਈ, ਬੇਰੁਜ਼ਗਾਰੀ, ਭਿ੍ਰਸ਼ਟਾਚਾਰ, ਸਿਹਤ, ਸਿੱਖਿਆ, ਨਸ਼ਾ ਆਦੀ ਦੀ ਕੋਈ ਫਿਕਰ ਨਹੀਂ ਹੈ ਸਿਰਫ ਤੇ ਸਿਰਫ ਆਪਣੀ ਕੁਰਸੀ ਅਤੇ ਚੌਧਰ ਹੀ ਦਿਖਾਈ ਦਿੰਦੀ ਹੈ। ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਜਿਸ ਪਾਰਟੀ ਵਿੱਚ ਹਨ ਉਸ ਪਾਰਟੀ ਵਿੱਚ ਹੀ ਰਹਿਣ ਤੇ ਇਮਾਨਦਾਰੀ ਨਾਲ ਆਪਣੇ ਲੋਕਾਂ, ਸਮਾਜ ਅਤੇ ਦੇਸ਼ ਪ੍ਰਤੀ ਕੰਮ ਕਰਨ ਤਾਂ ਜੋ ਉਨ੍ਹਾਂ ਦਾ ਲੋਕਾਂ ਵਿੱਚ ਅਤੇ ਆਪਣੀ ਪਾਰਟੀ ਵਿੱਚ ਵਿਸ਼ਵਾਸ ਬਣਿਆ ਰਹੇ।
-ਗੁਰਪ੍ਰੀਤ ਸਿੰਘ ਗਿੱਲ
-ਮੋਬਾ : 94630-43649

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ