Tuesday, January 21, 2025  

ਲੇਖ

ਸਮਝਦਾਰੀ ਨਾਲ ਕੀਤੀ ਜਾਵੇ ਸੈੱਲਫ਼ੋਨ ਦੀ ਵਰਤੋਂ

May 18, 2024

ਕੈਨੇਡਾ ਵਿਚ ਬੱਚਿਆਂ ਕੋਲੋਂ ਸੈੱਲਫੋਨ ਦੂਰ ਕਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ, ਤਾਂ ਜੋ ਮਨੁੱਖੀ ਕਦਰਾਂ-ਕੀਮਤਾਂ ਨੂੰ ਜਿਉਂਦਾ ਰੱਖਿਆ ਜਾ ਸਕੇ, ਉੱਜਲ ਭਵਿੱਖ ਨੂੰ ਜਿਉਂ ਦੀ ਤਿਉਂ ਬਣਾ ਕੇ ਰੱਖਿਆ ਜਾ ਸਕੇ, ਚਮਕ-ਦਮਕ ਅਤੇ ਖੁਸ਼ਹਾਲੀ ਹਮੇਸ਼ਾ ਬਰਕਰਾਰ ਰਹੇ, ਇਸੇ ਮੰਤਵ ਨੂੰ ਮੱਦੇਨਜ਼ਰ ਰੱਖਦਿਆਂ ਕੈਨੇਡਾ ਵਿਚ ਓੰਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲੈਸ ਵਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਸੈੱਲਫੋਨ ਲਿਆਉਣ ਉਪਰ ਰੋਕ ਲਾ ਦਿੱਤੀ ਗਈ ਹੈ। ਲਾਈ ਗਈ ਇਹ ਰੋਕ ਪਿਛਲੇ 15 ਮਹੀਨਿਆਂ ਦੇ ਸੰਘਰਸ਼ ਦਾ ਸਾਰਥਿਕ ਸਿੱਟਾ ਹੈ, ਕਿਉਂਕਿ ਬੱਚਿਆਂ ਵਲੋਂ ਸਕੂਲਾਂ ਵਿਚ ਸੈੱਲਫੋਨ ਨਾਲ ਲੈ ਕੇ ਆਉਣ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਸਨ , ਜਿਸ ਕਰਕੇ ਸੈੱਲਫੋਨ ਉਪਰ ਰੋਕ ਲਾਉਣਾ ਉੱਚਿਤ ਸਮਝਿਆ ਗਿਆ ਹੈ। ਓੰਟਾਰੀਓ ਵਿਚ ਹੁਣ 3 ਮਈ ਤੋਂ ਸਕੂਲ ਵਿਚ ਸੈੱਲਫੋਨ ਲਿਆਉਣ ’ਤੇ ਬੱਚਿਆਂ ਉਪਰ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ।
ਹੁਣ ਜਦੋਂ ਅਸੀਂ ਭਾਰਤ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ, ਜਾਪਦਾ ਹੈ ਕਿ ਸੈੱਲਫੋਨ ਦੀ ਵਰਤੋਂ ਕਰਨ ਵਿਚ ਹੱਦੋਂ ਵੱਧ ਰੁਚੀ ਨੇ ਬੱਚਿਆਂ, ਬੁੱਢਿਆਂ ਅਤੇ ਨੌਜਵਾਨਾਂ ਦੀ ਜ਼ਿੰਦਗੀ ਉਪਰ ਸਕਾਰਾਤਮਿਕ ਅਤੇ ਨਕਾਰਾਤਮਿਕ ਤੌਰ ’ਤੇ ਗਹਿਰਾ ਪ੍ਰਭਾਵ ਪਾਇਆ ਹੈ, । ਸੈੱਲਫੋਨ ਦੀ ਦੁਰਵਰਤੋਂ ਮਨੁੱਖੀ ਜੀਵਨ ਨੂੰ ਅਸਲ ਜ਼ਿੰਦਗੀ ਦੇ ਅਰਥਾਂ ਤੋਂ ਕੋਹਾਂ ਦੂਰ ਲਿਜਾ ਰਹੀ ਹੈ।
ਬੱਚੇ ਪੜ੍ਹਾਈ ਦੌਰਾਨ ਖ਼ੁਦ ਆਪਣਾ ਦਿਮਾਗ ਵਰਤਣ ਦੀ ਬਜਾਏ ਗੁਗਲ ਦਾ ਸਹਾਰਾ ਲੈਣ ਦੇ ਆਦੀ ਹੋ ਰਹੇ ਹਨ, ਜਿਸ ਨਾਲ ਮਾਨਸਿਕ ਵਿਕਾਸ ਵਿੱਚ ਖੜ੍ਹੋਤ ਪੈਦਾ ਹੋਣ ਦੇ ਸ਼ੰਕੇ ਪੈਦਾ ਹੋ ਰਹੇ ਹਨ। ਬੱਚੇ ਪੜ੍ਹਾਈ ਨਾਲ ਸਬੰਧਿਤ ਹਰ ਸਮੱਸਿਆ ਦਾ ਹੱਲ ਖ਼ੁਦ ਦਿਮਾਗ ਨਾਲ ਸੋਚ ਕੇ ਲੱਭਣ ਦੀ ਬਜਾਏ ਸੈੱਲਫੋਨ ਤੋਂ ਲੱਭਣ ਵਲ ਰੁਚਿਤ ਹੋ ਰਹੇ ਹਨ।
ਬੱਚੇ ਸਕੂਲ ਵਿਚ ਜਾ ਕੇ ਆਪਣੇ ਸਾਥੀਆਂ ਨਾਲ ਇਤਰਾਜ਼ਯੋਗ ਵੀਡੀਓ ਤੇ ਹੋਰ ਸਮੱਗਰੀ ਵੇਖਦੇ ਹਨ, ਅਤੇ ਫਿਰ ਓੰਦਾ ਹੀ ਕਰਦੇ ਹਨ। ਸੈੱਲਫੋਨਾਂ ਦੇ ਜਰੀਏ ਨਸ਼ਿਆਂ ਦੇ ਤਸਕਰ ਬੱਚਿਆਂ ਤੱਕ ਪਹੁੰਚ ਬਣਾ ਰਹੇ ਹਨ, ਜੋ ਸਮਾਜ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ। ਹੋਰ ਤਾਂ ਹੋਰ ਬੱਚੇ ਅਤੇ ਨੌਜਵਾਨ ਕੁੜੀਆਂ - ਮੁੰਡੇ ਪਖਾਨਾ ਕਰਨ ਸਮੇਂ ਵੀ ਸੈੱਲਫੋਨ ਵੇਖਦੇ ਰਹਿੰਦੇ ਹਨ, ਜੋ ਇਕ ਬਹੁਤ ਬੁਰੀ ਆਦਤ ਹੈ। ਮਾਵਾਂ ਕੰਮ ਕਰਨ ਸਮੇਂ ਬੱਚਿਆਂ ਦੇ ਹੱਥਾਂ ਵਿਚ ਸੈੱਲਫੋਨ ਫੜਾ ਦਿੰਦੀਆਂ ਹਨ, ਜਦੋਂ ਬੱਚਾ ਰੋਂਦਾ ਹੈ ਤਾਂ, ਮਾਪੇ ਬੱਚੇ ਨੂੰ ਖਿਡੌਣੇ ਦੀ ਤਰ੍ਹਾਂ ਸੈੱਲਫੋਨ ਫੜਾ ਕੇ ਚੁੱਪ ਕਰਵਾਉਂਦੇ ਹਨ।
ਮਿੱਡਲ, ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਪੜ੍ਹਦੇ ਕਈ ਬੱਚੇ ਆਪਣੇ ਨਾਲ ਸੈੱਲਫੋਨ ਲਿਆਉਂਦੇ ਹਨ, ਫਿਰ ਉਹ ਜਮਾਤ ਦੇ ਕਮਰੇ ਵਿਚ ਅੱਖ ਬਚਾ ਕੇ ਕੁੜੀਆਂ ਦੀ ਵੀਡੀਓ ਬਣਾਉਂਦੇ ਹਨ, ਜਾਂ ਕੁੜੀਆਂ-ਮੁੰਡੇ ਮਿਲ ਕੇ ਵੀਡੀਓ ਬਣਾਉਂਦੇ ਹਨ, ਹੋਰ ਤਾਂ ਹੋਰ ਜਦੋਂ ਕੋਈ ਔਰਤ ਅਧਿਆਪਕਾ ਪੜ੍ਹਾਉਣ ਸਮੇਂ ਬਲੈਕ ਬੋਰਡ ਉਪਰ ਲਿਖ ਰਹੀ ਹੁੰਦੀ ਹੈ ਤਾਂ, ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ। ਬੱਚੇ ਸ਼ਰਾਰਤ ਅਤੇ ਮਨਪ੍ਰਚਾਵਾ ਕਰਨ ਲਈ ਸਕੂਲ ਵਿਚ ਲੱਗੇ ਪੱਖਿਆਂ, ਸਵੱਚਾਂ, ਮੇਜ-ਕੁਰਸੀ ਜਾਂ ਹੋਰ ਸਮੱਗਰੀ ਦਾ ਨੁਕਸਾਨ ਕਰਦੇ ਕਰਦੇ ਵੀਡੀਓ ਬਣਾਉਂਦੇ ਹਨ ਅਤੇ ਫਿਰ ਵਾਇਰਲ ਕਰਕੇ ਵਿੱਦਿਅਕ ਸੰਸਥਾਵਾਂ ਦੀ ਆਨ-ਸ਼ਾਨ ਨੂੰ ਠੇਸ ਪਹੁੰਚਾਉਂਦੇ ਹਨ।
ਬੱਚਿਆਂ ਦੇ ਹੱਥਾਂ ਵਿਚ ਦਿੱਤੇ ਸੈੱਲਫੋਨ ਮਾਪਿਆਂ ਦੇ ਉੱਚੇ ਰੁਤਬੇ ਦਾ ਪ੍ਰਤੀਕ ਨਹੀਂ, ਬਲਕਿ ਆਉਣ ਵਾਲੇ ਭਵਿੱਖ ਲਈ ਖਤਰਨਾਕ ਸਾਬਤ ਹੋਵੇਗਾ । ਬੱਚਿਆਂ ਦੇ ਹੱਥਾਂ ਵਿਚ ਦਿੱਤੇ ਸੈੱਲਫੋਨ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਸਥਿਤੀ ਉਪਰ ਮਾੜਾ ਪ੍ਰਭਾਵ ਛੱਡ ਰਹੇ ਹਨ।
ਸੈੱਲਫੋਨ ਜਿਥੇ ਕਾਰਪੋਰੇਟ ਘਰਾਣਿਆਂ ਦੀ ਕਮਾਈ ਦਾ ਬਹੁਤ ਵੱਡਾ ਜਰੀਆ ਹਨ, ਉਥੇ ਇਸ ਦੇ ਨਾਲ ਹੀ ਦੂਸਰੇ ਪਾਸੇ ਸਰਕਾਰਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਕਿਉਂਕਿ ਨੌਜਵਾਨ ਦਿਨ-ਰਾਤ ਮੋਬਾਇਲ ਫੋਨਾਂ ਵਿਚ ਰੁੱਝੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬੇਰੁਜ਼ਗਾਰ ਹੋਣ ਦਾ ਅਹਿਸਾਸ ਨਹੀਂ ਹੁੰਦਾ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ, ਭਾਰਤ ਵਿਚ ਸਕੂਲਾਂ ਵਿਚ ਬੱਚਿਆਂ ਕੋਲ ਸੈੱਲਫੋਨ ਲਿਆਉਣ ਉਪਰ ਕਦੋਂ ਰੋਕ ਲੱਗੇਗੀ? ਆਓ ਆਪਾਂ ਬੈਠ ਕੇ ਵਿਚਾਰਾਂ ਕਰੀਏ ਕਿ ਬੱਚੇ ਦੇ ਹੱਥ ਵਿਚ ਫੜਾਇਆ ਸੈੱਲਫੋਨ ਕਿੰਨਾ ਕੁ ਉਚਿਤ ਹੈ? ਕੀ ਸੈੱਲਫੋਨ ਬੱਚਿਆਂ ਨੂੰ ਗਲਤ ਪਾਸੇ ਤਾਂ ਨਹੀਂ ਲਿਜਾ ਰਿਹਾ? ਬੱਚਿਆਂ ਦੇ ਹੱਥਾਂ ਵਿਚ ਸੈੱਲਫੋਨ ਫੜਾਉਣ ਦੀ ਥਾਂ ਕਿਤਾਬਾਂ ਫੜਾਉਣਾ ਹੀ ਸਹੀ ਮਾਰਗ ਦਰਸ਼ਨ ਹੋਵੇਗਾ, ਜਿਵੇਂ ਸ਼ਰਾਬ ਦੀ ਬੋਤਲ ਜਾਂ ਜ਼ਹਿਰੀਲੀਆਂ ਦਵਾਈਆਂ ਉਪਰ ‘ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ’ ਲਿਖਿਆ ਹੁੰਦਾ ਹੈ, ਉਸੇ ਤਰ੍ਹਾਂ ਹੀ ਸੈੱਲਫੋਨ ਉਪਰ ਵੀ ਲਿਖਿਆ ਜਾਣਾ ਚਾਹੀਦਾ ਹੈ ਕਿ ‘ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ’ ਤਾਂ ਜੋ ਭਵਿੱਖ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ। ਬੱਚਿਆਂ ਦੇ ਹੱਥਾਂ ਵਿਚ ਕਿਤਾਬ ਚਾਹੀਦੀ ਹੈ।
ਇਹ ਬਿਲਕੁਲ ਸੱਚ ਹੈ ਕਿ ਸੈੱਲਫੋਨ ਨੇ ਸਮੁੱਚੀ ਦੁਨੀਆ ਨੂੰ ਇੱਕ ਮੁੱਠੀ ਵਿੱਚ ਬੰਦ ਕਰਕੇ ਰੱਖ ਦਿੱਤਾ ਹੈ ਅਤੇ ਕਦਮਾਂ ਤੋਂ ਦੂਰ ਹਜ਼ਾਰਾਂ ਮੀਲਾਂ ਦੀ ਦੂਰੀ ਨੂੰ ਘਟਾ ਕੇ ਅੱਖਾਂ ਦੇ ਸਾਹਮਣੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੈੱਲਫੋਨ ਜਿਥੇ ਵਰਦਾਨ ਹੈ, ਉਥੇ ਸਰਾਪ ਵੀ ਬਣ ਰਿਹਾ ਹੈ, ਇਸ ਲਈ ਇਸ ਦੀ ਵਰਤੋਂ ਸਮਝਦਾਰੀ ਨਾਲ ਹੀ ਕਰਨੀ ਚਾਹੀਦੀ ਹੈ। ਬੱਚਿਆਂ ਦੀ ਪਹੁੰਚ ਤੋਂ ਸੈੱਲਫੋਨ ਦੂਰ ਰੱਖਣਾ ਵੀ ਇੱਕ ਸਮਝਦਾਰੀ ਹੈ!
ਸੁਖਦੇਵ ਸਲੇਮਪੁਰੀ
-ਮੋਬਾ: 09780620233

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ