Tuesday, January 21, 2025  

ਲੇਖ

ਸਿਆਸੀ ਸਮੀਕਰਨਾਂ ਦੀ ਉਲਝਣ ਤੇ ਆਮ ਵੋਟਰ

May 18, 2024

ਦੇਸ਼ ਅੰਦਰ 545 ਸੀਟਾਂ ਵਾਲੀ ਲੋਕ ਸਭਾ ਦੀਆਂ ਚੋਣਾਂ ਜੋ ਸੱਤ ਗੇੜਾਂ ਵਿੱਚ ਹੋਣ ਜਾ ਰਹੀਆਂ ਹਨ, ਦਾ ਅਰੰਭ 19 ਅਪ੍ਰੈਲ ਤੋਂ ਹੋ ਚੁੱਕਾ ਹੈ ਅਤੇ 1 ਜੂਨ ਨੂੰ ਆਖਰੀ ਭਾਵ ਸੱਤਵਾਂ ਗੇੜ ਹੋਵੇਗਾ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਤਾਜ ਕਿਸ ਪਾਰਟੀ ਸਿਰ ਸਜੇਗਾ, ਇਹ ਦਾ ਉੱਤਰ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ। ਇਨ੍ਹਾਂ ਵੱਖ ਵੱਖ ਦੌਰਾਂ ਦੀ ਲੜ੍ਹੀ ਵਿੱਚ ਸੱਤਵੇਂ ਦੌਰ ਭਾਵ 1 ਜੂਨ ਨੂੰ ਪੰਜਾਬ ਦੇ ਵੋਟਰ 13 ਲੋਕ ਸਭਾ ਹਲਕਿਆਂ ਲਈ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਹ ਲੋਕ ਸਭਾ ਚੋਣਾਂ ਪੰਜਾਬ ਦੀਆਂ ਵੱਖ ਵੱਖ ਰਿਵਾਇਤੀ ਸਿਆਸੀ ਪਾਰਟੀਆਂ ਅਤੇ ਮੌਜੂਦਾ ਸੱਤਾ ਵਿੱਚ 92 ਸੀਟਾਂ ਦੇ ਭਾਰੀ ਬਹੁਮੱਤ ਨਾਲ ਬਣੀ ‘ਆਮ ਆਦਮੀ ਪਾਰਟੀ’ ਦਾ ਭਵਿੱਖ ਵੀ ਤਹਿ ਕਰਨਗੀਆਂ।
ਪਿਛਲੀਆਂ ਲੋਕ ਸਭਾ ਚੋਣਾਂ ਭਾਵ 2019 ਦੀਆਂ ਚੋਣਾਂ ਮੌਕੇ ਕਾਂਗਰਸ ਦੇ ਕਬਜ਼ੇ ਵਿੱਚ 8 ਸੀਟਾਂ ਸਨ, ਸ਼੍ਰੋਮਣੀ ਅਕਾਲੀ ਦਲ ਕੋਲ 2, ਭਾਰਤੀ ਜਨਤਾ ਪਾਰਟੀ ਕੋਲ ਵੀ 2 ਅਤੇ ਆਮ ਆਦਮੀ ਪਾਰਟੀ ਕੋਲ ਵੀ ਇੱਕ ਸੀਟ ਸੀ। ਜਦੋਂ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸੰਗਰੂਰ ਲੋਕ ਸਭਾ ਸੀਟ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੀ ਹੋਈ ਸੀ, ਪੰਜਾਬ ਦੇ ਮੁੱਖ ਮੰਤਰੀ ਬਣਨ ਨਾਲ ਖਾਲੀ ਹੋਈ ਸੀਟ ਉੱਤੇ ਜਦੋਂ ਚੋਣ ਹੋਈ ਤਾਂ ਇਹ ਸੀਟ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਹੱਥਾਂ ਵਿੱਚ ਚਲੀ ਗਈ, ਇਸ ਉਪਰੰਤ ਜਲੰਧਰ ਲੋਕ ਸਭਾ ਸੀਟ ਜਿਸ ਉੱਤੇ ਕਾਂਗਰਸ ਦਾ ਕਬਜ਼ਾ ਸੀ, ਦੀ ਜਿਮਨੀ ਚੋਣ ਵਿੱਚ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਜੁਆਇੰਨ ਕਰਕੇ ਚੋਣ ਲੜਨ ਵਾਲੇ ਸੁਸ਼ੀਲ ਕੁਮਾਰ ਰਿੰਕੂ ਨੇ ਇਹ ਸੀਟ ਜਿੱਤ ਕੇ, ਪਾਰਲੀਮੈਂਟ ਵਿੱਚ ਪੰਜਾਬ ਵੱਲੋਂ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕੀਤੀ।
ਹੁਣ ਲੋਕ ਸਭਾ 2024 ਦੀਆਂ ਚੋਣਾਂ ਲਈ ਹਰੇਕ ਰਾਜਸੀ ਪਾਰਟੀ ਜੋੜ ਤੋੜ ਵਿੱਚ ਲੱਗ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ‘ਪੰਜਾਬ ਬਚਾਓ’ ਯਾਤਰਾ ਦਾ ਸਹਾਰਾ ਲੈ ਕੇ ਪੰਜਾਬ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਯਾਤਰਾ ਕਰਕੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਜਿਸਦੇ ਅੰਦਰੂਨੀ ਕਲੇਸ਼ ਨੇ ਪਹਿਲਾਂ ਹੀ ਪਾਰਟੀ ਦਾ ਕਾਫੀ ਨੁਕਸਾਨ ਕੀਤਾ ਹੋਇਆ ਹੈ, ਆਪਸ ਵਿੱਚ ਇਕੱਠੇ ਹੋਣ ਦਾਅਵਾ ਕਰਕੇ ਉਮੀਦਵਾਰ ਖੜ੍ਹੇ ਕਰੇਗੀ। ਭਾਰਤੀ ਜਨਤਾ ਪਾਰਟੀ ਜੋ ਕੇਂਦਰ ’ਚ ਮੁੜ ਲਗਾਤਾਰ ਤੀਸਰੀ ਵਾਰ ਸੱਤਾ ਵਿੱਚ ਆਉਣ ਦਾ ਦਾਅਵਾ ਕਰ ਰਹੀ ਹੈ, ਨੇ ਇਸ ਵਾਰੀ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਪਾਉਣ ਦੀ ਬਜਾਏ ਇਕੱਲੇ ਹੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਅੰਦਰ ਆਪਣਾ ਅਧਾਰ ਕਾਇਮ ਕਰਨ ਦੀ ਮਨਸ਼ਾ ਨਾਲ ਦੂਸਰੀਆਂ ਪਾਰਟੀਆਂ ਵਿੱਚੋਂ ਚੋਟੀ ਦੇ ਲੀਡਰਾਂ ਨੂੰ ਚੁਣ ਚੁਣ ਕੇ ਭਰਤੀ ਕਰ ਰਹੀ ਹੈ, ਇਸਦਾ ਸਿੱਟਾ ਕੀ ਨਿਕਲੇਗਾ, ਇਹ ਤਾਂ 4 ਜੂਨ ਨੂੰ ਨਤੀਜਿਆਂ ਮੌਕੇ ਹੀ ਸਾਹਮਣੇ ਆਵੇਗਾ।
ਇਸ ਵਾਰ ਦੀਆਂ ਚੋਣਾਂ ਵਿੱਚ ਸਭ ਤੋਂ ਗੰਭੀਰ ਮਾਮਲਾ ਇਸ ਵਾਰ ਇਹ ਹੈ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵਿੱਚੋਂ ਬਿਨਾਂ ਹੀਲ ਹੁੱਜਤ ਤੋਂ ਆਪਣੀਆਂ ਪਾਰਟੀਆਂ ਨੂੰ ਮਾਂ ਪਾਰਟੀ ਕਹਿਣ ਵਾਲੇ ਰਾਤੋਂ ਰਾਤ ਡੱਡੂ ਛੜੱਪੇ ਮਾਰ ਕੇ ‘ਕਮਲ ਦਾ ਫੁੱਲ’ ਫੜ੍ਹ ਰਹੇ ਹਨ। ਜਿਸ ਨੂੰ ਰਾਜਨੀਤਕ ਸਾਸ਼ਤਰੀ, ਰਾਜਨੀਤਕ ਭੂਚਾਲ ਦੱਸ ਰਹੇ ਹਨ, ਇਨ੍ਹਾਂ ਡੱਡੂ ਛੜੱਪਿਆਂ ਕਾਰਨ ਰਾਜਨੀਤਕ ਲੋਕਾਂ ’ਤੇ ਚਾਹੇ ਕੋਈ ਅਸਰ ਹੋਵੇ ਨਾ ਹੋਵੇ, ਪ੍ਰੰਤੂ ਆਮ ਲੋਕਾਂ ਨੂੰ ਬੇ-ਮਤਲਬੀ ਬਹਿਸ ਕਰਨ ਲਈ ਕੰਮ ਲਾ ਦਿੱਤਾ ਹੈ। ਇੱਥੇ ਬੇ-ਮਤਲਬੀ ਬਹਿਸ ਤਾਂ ਕਿਹਾ ਹੈ ਕਿ ਇਹ ਛੜੱਪੇ ਮਾਰਨ ਵਾਲੇ ਰਾਜਨੀਤਕ ਲੋਕ, ਜੋ ਆਮ ਲੋਕਾਂ ਨੂੰ ਕੀੜੇ ਮਕੌੜੇ ਜਾਂ ਬੁੱਧੂ ਹੀ ਸਮਝਦੇ ਹਨ, ਉਹ ਜਿਵੇਂ ਚਾਹੁਣਗੇ ਭਾਵ, ‘ਅਸੀਂ ਭਾਵੇਂ ਕਿਸੇ ਵੀ ਪਾਰਟੀ ਦਾ ਮਖੌਟਾ ਪਾ ਲਈਏ, ਤੁਸੀਂ ਵੋਟ ਸਾਨੂੰ ਹੀ ਪਾਉਣੀ ਹੈ, ਕੇਵਲ ਸਾਡੇ ਚਿਹਰੇ ਨੂੰ ਹੀ ਵੋਟ ਪਾਉਣੀ ਹੈ, ਵੋਟ ਲੈਣਾ ਸਿਰਫ ਸਾਡਾ ਹੱਕ ਹੈ, ਸੋਚ ਕੇ ਜਾਂ ਉਮੀਦਵਾਰ ਦੀ ਕਾਰਗੁਜਾਰੀ ਦੇਖ ਕੇ ਵੋਟ ਪਾਉਣਾ ਤੁਹਾਡਾ ਹੱਕ ਨਹੀਂ ਹੈ।’
ਜੇਕਰ ਪੰਜਾਬ ਦੀ ਮੌਜੂਦਾ ਸੱਤਾਧਾਰੀ ਪਾਰਟੀ ‘ਆਮ ਆਦਮੀ ਪਾਰਟੀ’ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰ੍ਹਾਂ ਇਸ ਪਾਰਟੀ ਨੇ ਆਮ ਲੋਕਾਂ ਨੂੰ ਬਦਲਾਅ ਦਾ ਸੱਦਾ ਦਿੱਤਾ ਸੀ ਤਾਂ ਆਮ ਲੋਕਾਂ ਨੇ ਬਦਲਾਅ ਦੇ ਸੱਦੇ ਨੂੰ ਕਬੂਲ ਕਰਦੇ ਹੋਏ ਇੱਕ ਵੱਡਾ ਫਤਵਾ ਦੇ ਕੇ ਆਮ ਘਰਾਂ ਦੇ ਉਮੀਦਵਾਰਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਾ ਕੇ ਆਪਣਾ ਵਾਅਦਾ ਤਾਂ ਪੂਰਾ ਕਰ ਦਿੱਤਾ। ਕਹਿਣ ਨੂੰ ਅੱਜ ਮੁੱਖ ਮੰਤਰੀ ਅਤੇ ਵਿਧਾਇਕ ਟੈਲੀ ਮੀਡੀਆ, ਪ੍ਰਿੰਟ ਮੀਡੀਆ ਰਾਹੀਂ ਜੋ ਮਰਜੀ ਕਹੀ ਜਾਣ ਥਾਣੇ, ਹਸਪਤਾਲ, ਕਚਹਿਰੀਆਂ ਪਹਿਲਾਂ ਜਿੱਥੇ ਆਮ ਲੋਕਾਂ ਦੀ ਲੁੱਟ ਵੱਧ ਹੁੰਦੀ ਸੀ, ਅੱਜ ਉਹੀ ਲੁੱਟ ਦੁੱਗਣੀ ਹੋਈ ਪਈ ਹੈ, ਉੱਥੇ ਅਜੇ ਵੀ ਚੱਲਦੀਆਂ ਪੁਰਾਣੀਆਂ ਪਾਰਟੀਆਂ ਦੇ ਸਾਬਕਾ ਵਿਧਾਇਕਾਂ, ਮੰਤਰੀਆਂ ਤੇ ਸੰਤਰੀਆਂ ਦੀ ਹੈ। ਇਸ ਗੱਲ ਦਾ ਮੁੱਖ ਕਾਰਨ ਇਹ ਹੈ ਕਿ ਰਿਵਾਇਤੀ ਪਾਰਟੀਆਂ ਦੇ ਨੇਤਾਵਾਂ ਨੇ ਰਾਜਨੀਤੀ ਦੀਆਂ ਘੁਣਤਰਾਂ ਤੋਂ ਕੋਰੇ ਨਵੇਂ ਵਿਧਾਇਕਾਂ ਨਾਲ ਜਾਂ ਤਾਂ ਆਪਣੀ ਸਿੱਧੀ ਪਹੁੰਚ ਬਣਾ ਉਨ੍ਹਾਂ ਨੂੰ ਦਬਾ ਲਿਆ ਜਾਂ ਆਪਣੇ ਹੀ ਚਮਚਿਆਂ ਦੀ ਇਨ੍ਹਾਂ ਵਿੱਚ ਘੁਸਪੈਠ ਕਰਵਾ ਕੇ, ਪਾਰਟੀ ਦੇ ਪ੍ਰਮੁੱਖ ਵਰਕਰ ਖੂੰਜੇ ਲਾ, ਆਪ ਮੋਹਰੀ ਬਣ ਗਏ। ਲੁੱਟ ਦਾ ਦਸਤੂਰ ਪਹਿਲਾਂ ਦੀ ਤਰ੍ਹਾਂ ਆਪਣਾ ਤਾਂਡਵ ਦਿਖਾਉਣ ਲੱਗ ਪਿਆ। ਜਿਹੜੀ ‘ਆਪ’ ਸਰਕਾਰ ਅਜੇ ਵੀ ਇਹ ਭਰਮ ਪਾਲੀ ਬੈਠੀ ਹੈ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਆਉਣ ਨਾਲ ਸਭ ਕੁਝ ਅੱਛਾ ਹੋਣ ਲੱਗ ਪਿਆ ਹੈ, ਇਸ ਭਰਮ ਨੂੰ ਕਿਤੇ ਪੰਜਾਬ ਦੇ ਲੋਕ, ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਦੂਰ ਨਾ ਕਰ ਦੇਣ।
ਅਗਰ ਪੰਜਾਬ ਲੋਕ ਸਭਾ ਚੋਣਾਂ ਦੇ ਰੁਝਾਨਾਂ ਉਪਰ ਸਰਸਰੀ ਜਿਹੀ ਨਜ਼ਰ ਮਾਰੀ ਜਾਵੇ ਤਾਂ ਅਜੇ ਤੱਕ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨ ਸਿਰਫ ਆਪਣਾ ਆਪ ਬਚਾਉਣ ਲਈ ਇਸ ਝਾਕ ਵਿੱਚ ਹਨ ਕਿ ਉਹ ਕਿਸ ਪਾਰਟੀ ਵਿੱਚ ਜਾ ਕੇ ਆਪਣੇ ਆਪ ਨੂੰ ਬਚਾ ਸਕਦੇ ਹਨ। ਇਨ੍ਹਾਂ ਛੜੱਪੇ ਮਾਰਨ ਵਾਲੇ ਸਿਆਸਤਦਾਨਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਨਹੀਂ ਸੋਚਿਆ, ਪੰਜਾਬ ਦੇ ਲੋਕ ਤਾਂ ਅਜਿਹੇ ਹਨ, ਉਹ ਤਾਂ ਜੇਲ੍ਹਾਂ ਅੰਦਰ ਬੈਠਿਆਂ ਨੂੰ ਵੀ ਸੱਤਾ ਬਖਸ਼ ਦਿੰਦੇ ਹਨ। ਜੇਕਰ ਇਹ ਨੇਤਾ ਰਤੀ ਭਰ ਵੀ ਪੰਜਾਬ ਦੇ ਹਿੱਤਾਂ ਪ੍ਰਤੀ ਸੁਹਿਰਦ ਹੁੰਦੇ ਤਾਂ ਅੱਜ ਉਨ੍ਹਾਂ ਨੂੰ ਆਪਣੀ ਚਮੜੀ ਬਚਾਉਣ ਖਾਤਿਰ ਹੋਰ ਪਾਰਟੀਆਂ ਦਾ ਸਹਾਰਾ ਨਾ ਲੈਣਾ ਪੈਂਦਾ। ਇਹ ਨੇਤਾ ਲੋਕ ਧਰਮ ਦੀ ਆੜ ਵਿੱਚ, ਝੂਠੀਆਂ ਸਹੁੰਆਂ ਖਾ, ਮੁਫਤ ਸਕੀਮਾਂ ਦੇ ਲਾਲਚ ਦੇ, ਕੋਈ ਰੰਗਲੇ ਪੰਜਾਬ ਦੀ ਦੁਹਾਈ ਦੇ ਕੇ ....- ਆਪਣੀਆਂ ਵੋਟਾਂ ਪੱਕੀਆਂ ਕਰਦੇ ਰਹੇ। ਪੰਜਾਬ ਦੇ ਭੋਲੇ ਭਾਲੇ ਲੋਕ ਇਨ੍ਹਾਂ ਦੀਆਂ ਚਾਲਾਂ ਵਿੱਚ ਆ ਖਾਈ ਵਿੱਚੋਂ ਨਿਕਲ, ਟੋਏ ਵਿੱਚ ਡਿਗਦੇ ਰਹੇ। ਇਹ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ, ਪੰਜਾਬ ਦੀ ਧਰਤੀ ਤੋਂ ਬੇਮੁੱਖ ਹੋਏ ਆਪਣੀ ਲੱਗਦੀ ਵਾਹ ਤੱਕ ਪੰਜਾਬ ਨੂੰ ਲੁੱਟਦੇ ਰਹੇ।
ਅੱਜ ਹਰੇਕ ਪੰਜਾਬੀ ਮੁੜ ਆਪਣੇ ਪੁਰਾਣੇ ਸੱਚੇ ਸੁੱਚੇ ਪੰਜਾਬ ਦਾ ਸੁਫਨੇ ਸਜੋਈ ਬੈਠਾ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ਸਾਡੇ ਸਾਹਮਣੇ ਵੱਖੋ ਵੱਖਰੇ ਫਲਾਂ ਦੀ ਭਰੀ ਹੋਈ ਟੋਕਰੀ ਹੈ, ਜਿਸਦੇ ਸਾਰੇ ਹੀ ਫ਼ਲ ਅੰਦਰੋਂ ਸੜੇ ਹੋਏ ਹਨ, ਜੋ ਬਾਹਰੋਂ ਸਾਫ਼ ਦਿਖਾਈ ਦਿੰਦੇ ਹਨ, ਤੁਸੀਂ ਇੱਕ ਸਾਫ ਸੁਥਰਾ ਫ਼ਲ ਚੁਣਨਾ ਹੈ, ਕਿਵੇਂ ਚੁਣੋਗੇ? ਇਹੀ ਹਾਲ ਇਸ ਵਾਰੀ ਪੰਜਾਬ ਦੇ ਵੋਟਰਾਂ ਦਾ ਹੈ, ਉਨ੍ਹਾਂ ਨੂੰ ਵੀ ਇਨ੍ਹਾਂ ਵਿੱਚੋਂ ਹੀ ਇੱਕ ਉਮੀਦਵਾਰ ਚੁਣਨਾ ਹੀ ਪੈਣਾ ਹੈ। ਸੋ ਕੋਸ਼ਿਸ਼ ਕਰਿਓ ਕੋਈ ਸਾਫ਼ ਸੁਥਰਾ ਫ਼ਲ ਚੁਣ ਹੋ ਜਾਵੇ, ਜੋ ਪੰਜਾਬ ਦੇ ਹਿੱਤਾਂ ਪ੍ਰਤੀ ਕੁਝ ਵਫਾਦਾਰ ਹੋਵੇ।
ਇੰਦਰਜੀਤ ਸਿੰਘ ਕੰਗ
-ਮੋਬਾ: 98558-82722

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ