ਕਣਕਾਂ ਵੱਢ ਕੇ ਵਿਹਲੇ ਹੋਏ ਪੰਡੋਰੀ ਸਿੱਧਵਾਂ ਦੇ ਕੁਝ ਬੰਦੇ ਪੁਰਾਣੇ ਗੁਰਦਵਾਰੇ ਦੇ ਬੋਹੜ ਹੇਠਾਂ ਖੁੰਢ ਪੰਚਾਇਤ ਜਮਾਈ ਬੈਠੇ ਸਨ। ਚਾਰ ਬੰਦੇ ਸੀਪ ਦੀ ਬਾਜ਼ੀ ਲਗਾ ਰਹੇ ਸਨ ਤੇ ਬਾਕੀ ਚੱਲ ਰਹੀਆਂ ਚੋਣਾਂ ਬਾਰੇ ਗੋਦੀ ਮੀਡੀਆ ਨਾਲੋਂ ਵੀ ਵੱਡੀਆਂ ਗੱਪਾਂ ਛੱਡ ਰਹੇ ਸਨ। ਅਚਾਨਕ ਛਿੰਦੇ ਅੰਧ ਭਗਤ ਨੇ ਗੱਲ ਛੇੜ ਲਈ, “ਵੇਖਿਆ ਕਿਵੇਂ ਬਾਜ਼ੀ ਪਲਟ ਦਿੱਤੀ ਸਾਡੇ ਮੋਦੀ ਸਾਹਿਬ ਨੇ? ਨਾਲੇ ਅਡਾਨੀ ਅੰਬਾਨੀ ਨੂੰ ਉਨ੍ਹਾਂ ਦੀ ਔਕਾਤ ਸਮਝਾ ਦਿੱਤੀ ਤੇ ਨਾਲੇ ਰਾਹੁਲ ਗਾਂਧੀ ਦੀ ਬੋਲਤੀ ਬੰਦ ਕਰ ਦਿੱਤੀ। ਸਭ ਨੂੰ ਪਤਾ ਲੱਗ ਗਿਆ ਕਿ ਅਸਲ ਵਿੱਚ ਮਾਲ ਤਾਂ ਰਾਹੁਲ ਗਾਂਧੀ ਛਾਪ ਰਿਹੈ। ਨਹੀਂ ਰੀਸਾਂ ਭਾਈ ਮੋਦੀ ਦੀਆਂ।”ਸਾਰਿਆਂ ਨੇ ਸਿਰ ਹਿਲਾ ਕੇ ਉਸ ਦੀ ਹਾਮੀ ਭਰੀ। “ਸਭ ਬਕਵਾਸ ਤੇ ਵਾਹਯਾਤ ਗੱਲਾਂ ਨੇ। ਅੰਬਾਨੀ ਅਡਾਨੀ ਮੋਦੀ ਦੇ ਲਾਡਲੇਸਨ, ਲਾਡਲੇ ਹਨ ਤੇ ਲਾਡਲੇਹੀ ਰਹਿਣਗੇ,” ਰਿਟਾਇਰ ਹੌਲਦਾਰ ਬਲਦੇਵ ਨੇ ਛਿੰਦੇ ਦੀ ਮੋਦੀ ਭਗਤੀ ਤੋਂ ਖਿਝ੍ਹ ਕੇਹੁਕਮ ਦੀ ਬੇਗੀਐਨੇਜ਼ੋਰ ਨਾਲ ਪੱਤਿਆਂ ‘ਤੇ ਪਟਕੀ ਜਿਵੇਂ ਕਿਸੇ ਅਦਿੱਖ ਦੁਸ਼ਮਣ ਦੇ ਸਿਰ ਵਿੱਚ ਛਿੱਤਰ ਮਾਰ ਰਿਹਾ ਹੋਵੇ।
ਬਲਦੇਵ ਦੀ ਗੱਲ ਸੁਣ ਕੇ ਸਾਰੇ ਉਸ ਵੱਲ ਵੇਖਣ ਲੱਗ ਪਏ ਤੇ ਇੱਕ ਬੰਦੇ ਨੇ ਉਸ ਨੂੰ ਅੰਬਾਨੀ ਅਡਾਨੀ ਕਾਂਡ ਬਾਰੇ ਖੁਲ੍ਹ ਕੇ ਦੱਸਣ ਲਈ ਕਿਹਾ। ਬਲਦੇਵ ਨੇ ਸਾਰਿਆ ਵੱਲ ਇਸ ਤਰਾਂ ਵੇਖਿਆ ਜਿਵੇਂ ਕੋਈ ਸਕੂਲ ਟੀਚਰ ਨਲਾਇਕ ਵਿਦਿਆਰਥੀ ਵੱਲ ਵੇਖਦਾ ਹੈ ਤੇ ਬੋਲਿਆ, “ਰਿਟਾਇਰ ਹੋਣ ਤੋਂ ਦੋ ਕੁ ਸਾਲ ਪਹਿਲਾਂ ਮੈਂ ਸਬ ਡਵੀਜ਼ਨ ਪੱਟੀ ਦੇ ਡੀ.ਐਸ.ਪੀ. ਸਵਰਨ ਸਿੰਘ (ਕਾਲਪਨਿਕ ਨਾਮ) ਨਾਲ ਰੀਡਰ ਹੁੰਦਾ ਸੀ ਜੋ ਬਹੁਤ ਹੀ ਹੰਡਿਆ ਵਰਤਿਆ ਅਫਸਰ ਸੀ। ਹਰੇਕ ਦਾ ਕੰਮ ਤਾਂ ਹੋ ਨਹੀਂ ਸਕਦਾ, ਪਰ ਉਹ ਗੱਲਾਂ ਦਾ ਐਨਾ ਧਨੀ ਸੀ ਸਭ ਨੂੰ ਖੁਸ਼ ਕਰ ਕੇ ਭੇਜਦਾ ਸੀ। ਤੁਹਾਨੂੰ ਪਤਾ ਈ ਆ ਕਿ ਜਦੋਂ ਦੋ ਧਿਰਾਂ ਦਰਮਿਆਨ ਲੜਾਈ ਝਗੜਾ ਹੁੰਦਾ ਹੈ ਤਾਂ ਲੀਡਰ ਪੁਲਿਸ ਨੂੰ ਹਮੇਸ਼ਾਂ ਪੈਸੇ ਵਾਲੀ ਧਿਰ ਦੀ ਮਦਦ ਕਰਨ ਲਈ ਹੀ ਫੋਨ ਕਰਦੇ ਹਨ ਭਾਵੇਂ ਉਹ ਕਸੂਰਵਾਰ ਹੀ ਕਿਉਂ ਨਾ ਹੋਣ। ਜਦੋਂ ਐਮ.ਐਲ.ਏ ਦਾ ਫੋਨ ਆ ਜਾਵੇ ਤਾਂ ਫਿਰ ਚਾਰ ਛਿੱਲੜ ਪੁਲਿਸ ਵੀ ਝਾੜ ਲੈਂਦੀ ਹੈ।ਸੋ ਮਾੜੀ ਧਿਰ ਵਾਲੇ ਵਿਚਾਰੇ ਥਾਣਿਆਂ ਤੋਂ ਧੱਕੇ ਖਾ ਕੇ ਸਵਰਨ ਸਿੰਘ ਕੋਲ ਇਨਸਾਫ ਲੈ ਲਈ ਪਹੁੰਚ ਜਾਂਦੇ।
ਉਹ ਅਜਿਹੇ ਦਰਖਾਸਤੀਆਂ ਦੇ ਸਾਹਮਣੇ ਮੋਬਾਇਲ ‘ਤੇ ਐਵੇਂ ਉਂਗਲਾਂ ਜਿਹੀਆਂ ਮਾਰ ਕੇਬਿਨਾਂ ਨੰਬਰ ਮਿਲਾਏ ਐਸ.ਐਚ.ਉ.ਨੂੰ ਦਬਕੇ ਮਾਰਨ ਦਾ ਡਰਾਮਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਰਦਾ ਸੀ, ਹਾਂ ਭਈ ਹਰਿੰਦਰ ਸਿਆਂ, ਕੀ ਬਣਿਆ ਫਿਰ ਫਲਾਣੇ ਕੇਸ ਦਾ? ਕਦੇ ਇਨਸਾਫ ਵੀ ਕਰ ਦਿਆ ਕਰ, ਹਰ ਵੇਲੇ ਪੈਸਾ ਈ ਨਈਂ ਮੁੱਖ ਰੱਖੀਦਾ। ਜਿਨ੍ਹਾਂ ਨੂੰ ਕੁੱਟ ਪਈ ਸੀ,ਉਹ ਵਿਚਾਰੇ ਮੇਰੇ ਕੋਲ ਤੁਰੇ ਫਿਰਦੇ ਆ।ਕੀ ਕਿਹਾ? ਐਮ.ਐਲ.ਏ. ਦੀ ਸਿਫਾਰਸ਼ ਆਈ ਆ ਦੂਸਰੀ ਪਾਰਟੀ ਦੀ ਮਦਦ ਲਈ।ਮੈਂ ਨਈਂ ਜਾਣਦਾ ਕਿਸੇ ਐਮ.ਐਲ.ਏ. – ਸ਼ੈਮ.ਐਲ.ਏ. ਨੂੰ, ਜੇ ਇਨ੍ਹਾਂ ਦਾ ਕੰਮ ਨਾ ਹੋਇਆ ਤਾਂ ਫਿਰ ਆਪਣਾ ਪੜਿ੍ਹਆ ਵਿਚਾਰ ਲਈਂ। ਪੀੜਤਾਂ ਨੇ ਖੁਸ਼ੀ ਵਿੱਚ ਭੰਗੜਾ ਪਾਉਂਦੇ ਜਾਣਾ ਕਿ ਹੁਣ ਤਾਂ ਸਾਡਾ ਕੰਮ ਹੋਣਾ ਈ ਹੋਣਾ ਆ।” ਟੋਨੀ ਹਲਵਾਈ ਨੇ ਟੋਕਿਆ, “ਗੱਲ ਤਾਂ ਤੇਰੀ ਠੀਕ ਆ ਪਰਮੋਦੀ ਤੇ ਅਡਾਨੀ ਅੰਬਾਨੀਦੇ ਕੇਸ ਵਿੱਚ ਇਹ ਡਿਪਟੀ ਕਿੱਥੋਂ ਆਣ ਵੜਿਆ?” ਬਲਦੇਵ ਨੇ ਲੜੀ ਅੱਗੇ ਤੋਰੀ, “ਤੁਹਾਨੂੰ ਕੀ ਲੱਗਦਾ ਆ ਕਿ ਜਿਨ੍ਹਾਂ ਨੂੰ ਮੋਦੀ ਨੇ ਸਾਰੇ ਸਰਕਾਰੀ ਅਦਾਰੇ ਵੇਚ ਦਿੱਤੇ, ਹਜ਼ਾਰਾਂ ਕਰੋੜ ਦੇ ਕਰਜ਼ੇ ਮਾਫ ਕਰ ਦਿੱਤੇ ਤੇ ਅਰਬਾਂ ਖਰਬਾਂ ਰੁਪਏ ਪਾਰਟੀ ਫੰਡ ਲਈ ਲਏ, ਉਨ੍ਹਾਂ ਨੂੰ ਮੋਦੀ ਮਾੜਾ ਬੋਲ ਸਕਦਾ? ਇਸ ਕਹਾਣੀ ਸੀ ਸਕਰਿਪਟ ਪਹਿਲਾਂ ਹੀ ਲਿਖੀ ਗਈ ਹੋਵੇਗੀ ਤੇ ਡਿਪਟੀ ਵਾਂਗ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਹੋਵੇਗਾ ਕਿ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਦੀ ਧਾਰ ਖੁੰਢ੍ਹੀ ਕਰਨ ਲਈ ਤੁਹਾਡਾ ਨਾਮ ਲੈਣ ਲੱਗਾ ਆਂ। ਐਵੇਂ ਦਿਲ ‘ਤੇ ਨਾ ਲਾ ਲਿਉ ਤੇ ਭੂਤਨੀ ਦਿਉ ਕਿਤੇ ਈ.ਡੀ. – ਸੀ.ਬੀ.ਆਈ ਤੋਂ ਡਰਦਿਆਂ ਨੀਰਵ ਮੋਦੀ ਤੇ ਵਿਜੇ ਮਾਲਿਆ ਵਾਂਗ ਦੇਸ਼ ਛੱਡ ਕੇ ਨਾ ਭੱਜ ਜਾਇਉ।” ਸ਼ਿੰਦੇ ਅੰਧ ਭਗਤ ਤੋਂ ਇਲਾਵਾ ਅਸਲ ਗੱਲ ਸਭ ਦੀ ਸਮਝ ਵਿੱਚ ਆ ਗਈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
-ਮੋਬਾ: 9501100062