Tuesday, January 21, 2025  

ਲੇਖ

ਡੇਂਗੂ ’ਤੇ ਕਾਬੂ ਪਾਉਣ ਲਈ ਸਮੇਂ ਸਿਰ ਜਨਤਕ ਭਾਗੀਦਾਰੀ ਦੀ ਲੋੜ

May 18, 2024

ਡੇਂਂਗੂ ਬੁਖਾਰ ਵਾਇਰਸ ਨਾਲ ਸੰਕਰਮਿਤ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਬਰਸਾਤਾਂ ਕਾਰਨ ਮੱਛਰ ਦੀ ਪਦਾਇਸ਼ ਜਿਆਦਾ ਵਧ ਜਾਂਦੀ ਹੈ, ਜਿਸ ਨਾਲ ਵੈਕਟਰ ਬੌਰਨ ਬਿਮਾਰੀਆਂ ਮਲੇਰੀਆ,ਡੇਂਗੂ, ਚਿਕਨਗੁਨੀਆਂ ਆਦਿ ਬੁਖਾਰਾਂ ਦੇ ਫੈਲਣ ਦਾ ਖਦਸ਼ਾ ਹੋਰ ਵੀ ਵਧ ਜਾਂਦਾ ਹੈ। ਇਸ ਵਾਰ ਤਾਂ ਮੱਛਰ ਡਾਢਾ ਢੀਠ ਵੀ ਲੱਗ ਰਿਹਾ ਹੈ, ਮੱਛਰ ਤੇ ਮਾਰੂ ਕਰੀਮਾਂ,ਸਪਰੇਅ ਅਤੇ ਹੋਰ ਉਤਪਾਦਾਂ ਦਾ ਅਸਰ ਵੀ ਮੱਠਾ ਜਿਹਾ ਹੀ ਦਿਖਾਈ ਦੇ ਰਿਹਾ ਹੈ। ਡੇਂਗੂ ਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜਰੂਰੀ ਹੁੰਦਾ ਹੈ, ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ, ਡੇਂਗੂ ਤੋਂ ਪੀੜਤ ਮਰੀਜ਼ਾਂ ਵਿੱਚੋਂ ਇੱਕ ਤੋੰ ਪੰਜ ਫੀਸਦੀ ਦੀ ਇਲਾਜ ਨਜਾਂ ਡਾਕਟਰੀ ਨਿਗਰਾਨੀ ਨਾ ਹੋਣ ਕਰਕੇ ਮੌਤ ਹੋ ਜਾਂਦੀ ਹੈ। ਹਰ ਸਾਲ ਸੰਸਾਰ ਭਰ ਦੇ 50 ਤੋਂ 100 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਹੋ ਜਾਂਦੇ ਹਨ,ਪਰ ਅਜੇ ਵੀ ਵਧੇਰੇ ਲੋਕ ਡੇਂਗੂ ਬੁਖਾਰ ਤੋਂ ਅਣਜਾਨ ਹਨ, ਇਸ ਲਈ ਹਰ ਸਾਲ 16 ਮਈ ਨੂੰ ਦੁਨੀਆਂ ਭਰ ਦੇ ਲੋਕਾਂ ਨੂੰ ਜਾਗਰਡੂਕ ਕਰਨ ਲਈ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕ ਸੁਚੇਤ ਹੋ ਕੇ ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਕਾਰਵਾਈ ਪਾਉਣ।
ਡੇਂਗੂ ਕੀ ਹੈ:- ਡੇਂਗੂ ਇਕ ਹੱਡ-ਟੁੱਟਵਾਂ ਬੁਖਾਰ ਹੈ , ਜਿਸ ਨੂੰ ਮਹਾਂਮਾਰੀ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਇਹ ਜਾਨਲੇਵਾ ਵੀ ਹੋ ਸਕਦਾ ਹੈ। ਡੇਂਗੂ ਬੁਖਾਰ ਨੂੰ “ਹੱਡਤੋੜ’ ਬੁਖਾਰ ਕਹਿੰਦੇ ਹਨ, ਕਿਉਂਕਿ ਇਸ ਨਾਲ ਪੀੜਤ ਲੋਕਾਂ ਨੂੰ ਇੰਨਾ ਜ਼ਿਆਦਾ ਸਰੀਰਕ ਦਰਦ ਹੋ ਸਕਦਾ ਹੈ ਕਿ ਜਿਵੇਂ ਉਨਾਂ ਦੀਆਂ ਹੱਡੀਆਂ ਟੁੱਟ ਰਹੀਆਂ ਹੋਣ।
ਕਿਵੇਂ ਫੈਲਦਾ ਹੈ ਡੇਂਗੂ:- ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਡੇਂਗੂ ਫੈਲਦਾ ਹੈ, ਇਨਾਂ ਡੇਂਗੂ ਮੱਛਰਾਂ ਦੀ ਨਿਸ਼ਾਨੀ ਇਨਾਂ ਦੇ ਸਰੀਰ ਵਿੱਚ ਚੀਤੇ ਵਰਗੀਆਂ ਧਾਰੀਆਂ ਹੁੰਦੀਆਂ ਹਨ। ਇਹ ਮੱਛਰ ਜਿਆਦਾਤਰ ਦਿਨ ਵੇਲੇ ਹੀ ਲੋਕਾਂ ਨੂੰ ਕੱਟ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ। ਇਹ ਬਰਸਾਤ ਦੇ ਮੌਸਮ ਵਿੱਚ ਵਧਦਾ-ਫੁੱਲਦਾ ਹੈ ਅਤੇ ਇਸ ਮੌਸਮ ਵਿੱਚ ਇਹ ਮੱਛਰ ਉੱਚਾ ਉੱਡਣ ਦੇ ਯੋਗ ਵੀ ਨਹੀਂ ਹੁੰਦਾ।
ਡੇਂਗੂ ਫੈਲਣ ਦਾ ਕਾਰਨ ੂ: ਬਰਸਾਤ ਦਾ ਪਾਣੀ, ਗਮਲਿਆਂ, ਕੂਲਰਾਂ, ਟਾਇਰਾਂ ਆਦਿ ‘ਚ ਇਕੱਠਾ ਹੋ ਜਾਂਦਾ ਹੈ, ਜਿਸ ਚ ਮੱਛਰ ਪੈਦਾ ਹੁੰਦਾ ਹੈ।ਜੇਕਰ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ,ਜੇਕਰ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਉਹ ਮੱਛਰ ਸਿਹਤਮੰਦ ਵਿਅਕਤੀਆਂ ‘ਚ ਅੱਗੇ ਵਾਇਰਸ ਫੈਲਾਉਂਦਾ ਰਹਿੰਦਾ ਹੈ।
ਡੇਂਗੂ ਦੇ ਲੱਛਣ:- ਡੇਂਗੂ ‘ਚ ਬੁਖਾਰ ਅਤੇ ਸਿਰ ਦਰਦ ਬਹੁਤ ਤੇਜ਼ ਹੁੰਦਾ ਹੈ।
ਸਰੀਰ ‘ਚ ਕਮਜ਼ੋਰੀ ਅਤੇ ਚੱਕਰ ਆਉਂਦੇ ਹਨ।
ਉਲਟੀਆਂ ਆਉਂਦੀਆਂ ਹਨ ਅਤੇ ਮੂੰਹ ਦਾ ਸਵਾਦ ਬਦਲ ਜਾਂਦਾ ਹੈ,ਜੀ ਕੱਚਾ-ਕੱਚਾ ਮਹਿਸੂਸ ਹੁੰਦਾ ਹੈ।
ਅੱਖਾਂ ਦੇ ਪਿਛਲੇ ਪਾਸੇ ਦਰਦ, ਹੱਥ-ਪੈਰ ਦਰਦ ਅਤੇ ਪਿੱਠ ਦਰਦ ਦੀ ਸ਼ਿਕਾਇਤ ਹੁੰਦੀ ਹੈ। ਜੋੜਾਂ ਅਤੇ ਮਾਸਪੇਸ਼ੀਆਂ ‘ਚ ਦਰਦ, ਬੇਚੈਨੀ ਅਤੇ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ।
ਜਿਆਦਾ ਸਿਹਤ ਵਿਘੜਣ ਤੇ ਮੂੰਹ-ਨੱਕ ਅਤੇ ਮਸੂੜਿਆਂ ਚੋਂ ਖੂਨ ਵਗਣ ਲੱਗਦਾ ਹੈ।
ਡੇਂਗੂ ਦੀ ਜਾਂਚ ਅਤੇ ਇਲਾਜ:-ਡੇਂਗੂ ਮੱਛਰ ਦੇ ਕੱਟਣ ਦੇ 3 ਤੋਂ 5 ਦਿਨਾਂ ਬਾਅਦ ਮਰੀਜ ਨੂੰ ਬੁਖਾਰ ਹੋਣ ਲੱਗਦਾ ਹੈ। ਜਿਸ ਤੋਂ ਬਾਅਦ 10 ਦਿਨਾਂ ‘ਚ ਇਹ ਬਿਮਾਰੀ ਸਰੀਰ ਦੇ ਅੰਦਰ ਵਧਣੀ ਸ਼ੁਰੂ ਹੋ ਜਾਂਦੀ ਹੈ।
ਡੇਂਗੁ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਡਾਕਟਰ ਕੋਲ ਜਾਂਚ ਲਈ ਜਾਣਾ ਚਾਹੀਦਾ ਹੈ।ਜੇਕਰ ਮਰੀਜ ਨੂੰ 102 ਡਿਗਰੀ ਤੱਕ ਬੁਖਾਰ ਹੈ ਤਾਂ ਉਸ ਦੇ ਮੱਥੇ ’ਤੇ ਪਾਣੀ ਦੀਆਂ ਪੱਟੀਆਂ ਲਗਾਉਣੀਆਂ ਚਾਹੀਦੀਆਂ ਹਨ।
ਮਰੀਜ ਨੂੰ ਸਿਹਤਮੰਦ ਭੋਜਨ ਦਿੰਦੇ ਰਹੋ। ਮਰੀਜ ਨੂੰ ਆਰਾਮ ਕਰਨ ਦਿਓ। ਡਾਕਟਰੀ ਸਲਾਹ ਤੋਂ ਬਿਨਾ ਕੋਈ ਵੀ ਘਰੇਲੂ ਨੁਸਕਾ ਜਾਂ ਦਵਾਈ ਨਾ ਲਵੋ ਅਤੇ ਮਰੀਜ ਦੀ ਸਥਿਤੀ ਬਾਰੇ ਡਾਕਟਰ ਨੂੰ ਸਮੇਂ-ਸਮੇਂ ਜਾਣੂ ਕਰਵਾਉਂਦੇ ਰਹੋ।
ਡੇਂਗੂ ਤੋਂ ਬਚਣ ਲਈ ਸਾਵਧਾਨੀਆਂ:- ਆਪਾਂ ਆਪਣੇ ਘਰਾਂ ਵਿੱਚ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ, ਹਰ ਹਫਤੇ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ,ਘਰਾਂ ਦੀਆਂ ਛੱਤਾਂ ਉੱਪਰ ਪਏ ਪੁਰਾਣੇ ਟਾਇਰ-ਟੱਪੇ, ਕਵਾੜ ਆਦਿ ਨੂੰ ਕਵਰ ਹੇਠਾਂ ਰੱਖੀਏ, ਪਸ਼ੂਆਂ ਨੂੰ ਪਾਣੀ ਪਿਲਾਉਣ ਵਾਲੀਆਂ ਹੋਦੀਆਂ ਨੂੰ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸਾਫ ਕਰੀਏੇ, ਕੂਲਰਾਂ ਨੂੰ ਵੀ ਹਫਤੇ ਤੋਂ ਪਹਿਲਾਂ ਖਾਲੀ ਕਰਕੇ ਸੁਕਾਉਣਾ ਬਹੁਤ ਜਰੂਰੀ ਹੈ, ਇਸੇ ਤਰਾਂ ਫਰਿੱਜ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਨੂੰ ਖਾਲੀ ਕਰਕੇ ਸੁਕਾਈਏ, ਪੰਛੀਆਂ ਦੇ ਪੀਣ ਲਈ ਪਾਣੀ ਵਾਲੇ ਕਟੋਰੇ ਦੀ ਸਫਾਈ ਕਰਨੀ ਬਹੁਤ ਜਰੂਰੀ ਹੈ, ਬਚਾਅ ਲਈ ਖੜੇ ਪਾਣੀ ਦੇ ਸੋਮਿਆਂ ਤੇ ਕਾਲਾ-ਸੜਿਆ ਤੇਲ ਪਾਉਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਅੰਡੇ ਖਤਮ ਹੋ ਜਾਣ ਅਤੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ,ਇਹਨਾਂ ਸਾਰੀਆਂ ਸਰਗਰਮੀਆਂ ਨੂੰ ਅਮਲ ‘ਚ ਲਿਆਉਣ ਲਈ ਬਣਾਈ ਰਣਨੀਤੀ ਨੂੰ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਨਾਅਰਾ ਦਿੱਤਾ ਹੈ “ਹਰ ਸ਼ੁੱਕਰਵਾਰ ਡੇਂਗੂ ਤੇ ਵਾਰ”। ਇਸ ਮੌਸਮ ਵਿੱਚ ਪੂਰੇ ਕੱਪੜੇ ਪਹਿਨੋ-ਸਰੀਰ ਨੂੰ ਢੱਕ ਕੇ ਰੱਖੋ,ਰਾਤ ਸਮੇ ਸੌਣ ਲੱਗਿਆ ਮੱਛਰਦਾਨੀ ਜਾਂ ਪਤਲੀ ਚਾਦਰ ਵਗੈਰਾ ਲਗਾਓ,ਸਰੀਰ ਉਪਰ ਮੱਛਰ ਮਾਰੂ ਕਰੀਮਾਂ ਜਾਂ ਤੇਲ ਅਦਿ ਦਾ ਪ੍ਰਯੋਗ ਵੀ ਕੀਤਾ ਜਾ ਸਕਦਾ ਹੈ। ਹਰ ਇੱਕ ਬੁਖਾਰ ਵਾਲੇ ਕੇਸ ਦਾ ਡੇਂਗੂ ਸਬੰਧੀ ਖੂਨ ਦਾ ਸਲਾਈਡ ਟੈਸਟ ਕਰਨ ਅਤੇ ਪ੍ਰਭਾਵਿਤ ਖੇਤਰਾਂ ਅੰਦਰ ਸਪਰੇਅ ਤੇ ਫੌਗਿੰਗ ਆਦਿ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਦੌਰਾ ਕਰ ਰਹੀਆਂ ਹਨ।
ਇਹਨਾਂ ਬੀਮਾਰੀਆਂ ਤੋਂ ਬਚਣ ਦਾ ਸਭ ਤੋਂ ਵਧੀਆਂ ਤਰੀਕਾ ਹੈ ਕਿ ਸਾਫ-ਸਫਾਈ ਰੱਖੀ ਜਾਵੇ ਤੇ ਕਿਸੇ ਥਾਂ ਤੇ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।ਅਜਿਹੇ ਲੱਛਣ ਹੋਣ ਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਨਾਲ ਸਪੰਰਕ ਕਰੋ, ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ,ਇਸ ਸਬੰਧੀ ਜਾਣਕਾਰੀ ਹਾਸਲ ਕਰਨ ਅਤੇ ਸੁਝਾਵਾਂ ਲਈ 24 ਘੰਟੇ ਉਪਲਬਧ ਟੋਲ ਫਰੀ ਹੈਲਪ ਲਾਈਨ ਨੰਬਰ 104 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ ।
-ਮੋਬਾ: 9814656257

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ