Wednesday, December 04, 2024  

ਲੇਖ

ਬਹੁਧਰੁਵੀ ਸੰਸਾਰ ਦੀ ਸਿਰਜਣਾ ’ਚ ਰੂਸ ਤੇ ਚੀਨ ਦੀ ਭੂਮਿਕਾ ਅਹਿਮ

May 20, 2024

ਰੂਸ ਦੇ ਪ੍ਰਧਾਨ ਵਲਾਦੀਮੀਰ ਪੁਤਿਨ ਇਸ ਵੇਲੇ ਚੀਨ ਦਾ ਦੌਰਾ ਕਰ ਰਹੇ ਹਨ, ਚੀਨ ਵਿੱਚ ਪੁਤਿਨ ਦਾ ਬਹੁਤ ਨਿੱਘਾ ਸਵਾਗਤ ਹੋਇਆ ਹੈ। ਚੀਨ ਅਤੇ ਰੂਸ ਦੇ ਰਿਸ਼ਤੇ ਲਗਾਤਾਰ ਗੂੜੇ ਹੋ ਰਹੇ ਹਨ। ਦੋਨਾਂ ਦੇਸ਼ਾਂ ਦੀ ਵਿਸ਼ਵ ਦੀ ਸਥਿਤੀ ਬਾਰੇ ਵਿਆਪਕ ਸਹਿਮਤੀ ਹੈ ਕਿ ਮੌਜੂਦਾ ਇਕ ਧਰੁਵੀ ਵਿਸ਼ਵ-ਵਿਵਸਥਾ, ਜੋ ਕਿ ਪੱਛਮੀ ਪ੍ਰਬੱਲਤਾ ਤੇ ਅਧਾਰਿਤ ਹੈ, ਦੀ ਥਾਂ ’ਤੇ ਬਹੁਧਰੁਵੀ ਵਿਸ਼ਵ ਵਿਵਸਥਾ ਵਿੱਚ ਬਦਲਣੀ ਚਾਹੀਦੀ ਹੈ। ਜਿਸ ਵਿੱਚ ਪੱਛਮੀ ਚੌਧਰ ਦੀ ਥਾਂ ’ਤੇ ਸਾਰੇ ਦੇਸ਼ ਬਰਾਬਰ ਦੇ ਭਾਈਵਾਲ ਹੋਣ। ਦੋਨਾਂ ਦੇਸ਼ਾਂ ਵਿੱਚ ਵਪਾਰ ਅਤੇ ਅਦਾਨ ਪ੍ਰਦਾਨ ਲਗਾਤਾਰ ਵਧ ਰਿਹਾ ਹੈ। ਦੋਨੋ ਦੇਸ਼ ਸੰਸਾਰ ’ਤੇ ਡਾਲਰ ਦੀ ਅਜਾਰੇਦਾਰੀ ਨੂੰ ਤੋੜਨਾ ਚਾਹੁੰਦੇ ਹਨ ਅਤੇ ਹੋਰ ਕਰੰਸੀਆਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਨ। ਦੋਨੋ ਬਰਿਕਸ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੁੰਦੇ ਹਨ ਜੇ ਅਸੀਂ ਪਿਛਲੇ ਦਹਾਕੇ ਤੇ ਇਕ ਸਰਸਰੀ ਨਜ਼ਰ ਵੀ ਮਾਰੀਏ ਤਾਂ ਇਹ ਰੁਝਾਨ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਪੱਛਮੀ ਦੇਸ਼ਾਂ ਦੀਆਂ ਸੰਸਥਾਵਾਂ ਦੀ ਤੁਲਨਾ ਵਿੱਚ ਬਰਿਕਸ ਤੁਲਨਾਤਮਿਕ ਤੌਰ ’ਤੇ ਅੱਗੇ ਲੰਘੀ ਜਾ ਰਿਹਾ ਹੈ। ਅਸੀਂ ਕਈ ਪੱਖਾਂ ਤੋਂ ਦੇਖ ਸਕਦੇ ਹਾਂ। ਜਿਵੇਂ ਵਿਸ਼ਵ ਆਬਾਦੀ ਵਿੱਚ ਦੋਨਾਂ ਦਾ ਹਿੱਸਾ, ਵਿਸ਼ਵ ਖੇਤਰਫ਼ਲ ਵਿੱਚ ਦੋਨਾਂ ਦਾ ਹਿੱਸਾ, ਵਿਸ਼ਵ ਆਰਥਿਕਤਾ ਅਤੇ ਖਾਸ ਕਰਕੇ ਪੀ.ਪੀ.ਪੀ. ’ਤੇ ਅਰਥਾਤ ਪਰਚੇਜਿੰਗ ਪਾਵਰ ਪੈਰਿਟੀ ਜਾਂ ਤੁਲਨਾਤਮਿਕ ਖਰੀਦ ਸ਼ਕਤੀ, ਸਭ ਵਿੱਚ ਬਰਿਕਸ ਦੇਸ਼ਾਂ ਦਾ ਹਿੱਸਾ ਵਧੀ ਜਾ ਰਿਹਾ ਹੈ। ਬਰਿਕਸ ਵਿੱਚ ਹੋਰ ਬਹੁਤ ਸਾਰੇ ਦੇਸ਼ ਸ਼ਾਮਲ ਹੋਣਾ ਚਾਹੁੰਦੇ ਹਨ। ਬਰਿਕਸ ਦੇਸ਼ਾਂ ਡਾਲਰ ਦੇ ਮੁਕਾਬਲੇ ਵਿੱਚ ਇਕ ਸਾਂਝੀ ਕਰੰਸੀ ਰਖਣਾ ਚਾਹੁੰਦੇ ਹਨ, ਸੰਸਾਰ ਦੇ ਦੋ ਮੁੱਖ ਰੁਝਾਨਾਂ : ਪੱਛਮ ਦਾ ਨਿਘਾਰ ਅਤੇ ਪੂਰਬ ਦਾ ਉਭਾਰ, ਇਨ੍ਹਾਂ ਦੋਨਾਂ ਮੁੱਖ ਰੁਝਾਂਨਾਂ ਦੀ ਪੁਸ਼ਟੀ ਵੀ ਹੋ ਜਾਂਦੀ ਹੈ। ਇਸ ਵੇਲੇ ਸੰਸਾਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਸਭ ਇਸੇ ਦਿਸ਼ਾ ਵੱਲ ਸੰਕੇਤ ਦੇ ਰਹੀਆਂ ਹਨ, ਰੂਸ ਯੂਕਰੇਨ ਯੁੱਧ ਇਜ਼ਰਾਈਲ ਅਤੇ ਹਮਾਸ ਦਾ ਯੁੱਧ, ਚੀਨ ਦੇ ਰਾਸ਼ਟਰਪਤੀ ਦਾ ਯੂਰਪ ਦਾ ਦੌਰਾ, ਜਾਰਜੀਆ ਵਿੱਚ ਵਾਪਰਨ ਵਾਲੀਆਂ ਘਟਨਾਵਾਂ, ਸਲਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੇਕੋ ’ਤੇ ਕਾਤਲਾਨਾਂ ਹਮਲਾ ਅਤੇ ਹੁਣ ਪੁਤਿਨ ਦਾ ਚੀਨ ਦਾ ਦੌਰਾ। ਇਹ ਸਭ ਘਟਨਾਵਾਂ ਵਿੱਚ ਸਾਂਝੀ ਕੜੀ ਵਜੋਂ ਪੱਛਮ ਦੇ ਨਿਘਾਰ ਅਤੇ ਪੂਰਬ ਦੇ ਉਭਾਰ ਅਤੇ ਇਕ ਧਰੁਵੀ ਵਿਸ਼ਵ ਵਿਵਸਥਾ ਤੋਂ ਬਹੁਧਰੁਵੀ ਵਿਵਸਥਾ ਵੱਲ ਸੰਸਾਰ ਦੇ ਜਾਣ ਦੇ ਸੰਕੇਤ ਹਨ, ਰੂਸ ਯੂਕਰੇਨ ਯੁੱਧ ਵਿੱਚ ਇਸ ਵੇਲੇ ਯੂਕਰੇਨ ਅਤੇ ਉਸਦੇ ਸਮਰਥਕ ਪੱਛਮੀ ਦੇਸ਼ਾਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਸ ਯੂਕਰੇਨ ਦਾ ਇਲਾਕਾ ਜਿੱਤੀ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਯੂਕਰੇਨ ਦੀਆਂ ਫੌਜਾਂ ਦਾ ਜਾਨੀ ਨੁਕਸਾਨ ਹੋਣ ਕਾਰਨ ਯੂਕਰੇਨ ਲਈ ਫੌਜਾਂ ਦੀ ਗਿਣਤੀ ਬਣਾਈ ਰੱਖਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਯੂਕਰੇਨ ਦੀ ਫੌਜ ਅਤੇ ਆਮ ਲੋਕਾਂ ਵਿੱਚ ਨਿਰਾਸ਼ਾ ਵਧੀ ਜਾ ਰਹੀ ਹੈ ਅਤੇ ਲੜਨ ਦਾ ਜਜ਼ਬਾ ਘਟੀ ਜਾ ਰਿਹਾ ਹੈ। ਯੂਕਰੇਨ ਯੁੱਧ ਦੇ ਥਕੇਵੇਂ ਨੂੰ ਵਧਦਾ ਨਜ਼ਰ ਆ ਰਿਹਾ ਹੈ। ਯੂਕਰੇਨ ਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ, ਘਪਲੇ ਅਤੇ ਰਿਸ਼ਵਤ ਖੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਨਿਰਾਸ਼ਾ ਸਿਰਫ਼ ਯੂਕਰੇਨ ਦੀਆਂ ਫੌਜਾਂ ਤੱਕ ਸੀਮਤ ਨਹੀਂ ਸਗੋਂ ਕਈ ਨਾਟੋ ਅਤੇ ਅਮਰੀਕੀ ਫੌਜ ਦੇ ਜਰਨੈਲ ਵੀ, ਹੁਣ ਜੋ ਯੂਕਰੇਨ ਵਿੱਚ ਹੋ ਰਿਹਾ ਹੈ, ਉਸ ਤੋਂ ਨਿਰਾਸ਼ਾ ਰਹੇ ਹਨ। ਇਜ਼ਰਾਈਲ ਅਤੇ ਹਮਾਸ ਦੇ ਯੁੱਧ ਵਿੱਚ ਹਾਲੇ ਤੱਕ ਇਜ਼ਰਾਈਲ ਨੂੰ ਹਮਾਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਸਫਲਤਾ ਨਹੀਂ ਮਿਲੀ। ਇਜ਼ਰਾਈਲ ਦੀ ਨਾ ਸਿਰਫ਼ ਸੰਸਾਰ ਭਰ ਵਿੱਚ ਵਿਰੋਧਤਾ ਵਧ ਰਹੀ ਹੈ, ਖੁਦ ਇਜ਼ਰਾਈਲ ਦੇ ਅੰਦਰ ਵੀ ਲੜਾਈ ਦੇ ਵਿਰੋਧ ਵਿੱਚ ਵੱਡੇ ਮੁਜ਼ਾਹਰੇ ਹੋ ਰਹੇ ਹਨ। ਇਜ਼ਰਾਈਲ ਦੇ ਸਮਰਥਨ ਦੇਸ਼ਾਂ ਅਮਰੀਕਾ ਤੇ ਯੂਰਪ ਵਿੱਚ ਇਜ਼ਰਾਈਲ ਦੇ ਵਿਰੁੱਧ ਵੱਡੇ ਪੱਧਰ ਦੇ ਮੁਜ਼ਾਹਰੇ ਹੋ ਚੁਕੇ ਹਨ। ਅਮਰੀਕਾ ਦੀਆਂ ਬਹੁਤ ਪ੍ਰਸਿੱਧ ਅਤੇ ਸਤਿਕਾਰਤ ਯੂਨੀਵਰਸਿਟੀਆਂ ਵਿੱਚ ਹੀ ਵੱਡੇ ਪੱਧਰ ’ਤੇ ਇਜ਼ਰਾਈਲ ਵਿਰੁੱਧ ਮੁਜ਼ਾਹਰੇ ਹੋ ਰਹੇ ਹਨ। ਯੂਨਾਈਟਿਡ ਨੇਸ਼ਨਜ਼ ਅਤੇ ਇੰਟਰਨੈਸ਼ਨਲ ਕਰੀਮੀਨਲ ਕੋਰਟ ਆਫ਼ ਜਸਟਿਸ ਵਿੱਚ ਇਜ਼ਰਾਈਲ ਵਿਰੁੱਧ ਮਤੇ ਪਾਸ ਹੋ ਰਹੇ ਹਨ, ਇਸ ਵੇਲੇ ਇਜ਼ਰਾਈਲ ਸੰਸਾਰ ਵਿੱਚ ਅਲੱਗ ਥਲੱਗ ਹੋਣ ਵੱਲ ਵੱਧ ਰਿਹਾ ਹੈ। ਇਹ ਕਹਿਣਾ ਸ਼ਾਇਦ ਅਤਿਕਥਨੀ ਨਾ ਹੋਵੇ ਕਿ ਇਜ਼ਰਾਈਲ ਲੋਕ ਰਾਏ (ਪਬਲਿਕ ਓਪੀਨੀਅਨ) ਦੇ ਖੇਤਰ ਵਿੱਚ ਲੜਾਈ ਬੁਰੀ ਤਰ੍ਹਾਂ ਹਾਰ ਰਿਹਾ ਹੈ। ਰੂਸ ਨੇ ਨਾਲ ਲੱਗਦੇ ਦੇਸ਼ ਜਾਰਜੀਆ, ਜੋ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਹੁੰਦਾ ਸੀ, ਦੀ ਸਰਕਾਰ ਦਾ ਝੁਕਾਅ ਰੂਸ ਵੱਲ ਰਿਹਾ ਹੈ। ਜਾਰਜੀਆ ਦੀ ਪਾਰਲੀਮੈਂਟ ਨੇ ਇਕ ਕਾਨੂੰਨ ਪਾਸ ਕੀਤਾ ਹੈ, ਜਿਸ ਅਨੁਸਾਰ ਦੇਸ਼ ਦੀ ਕਿਸੇ ਵੀ ਸੰਸਥਾ ਨੂੰ ਬਾਹਰੋਂ ਮਿਲ ਰਹੀ ਸਹਾਇਤਾ (ਫੰਡ) ਬਾਰੇ ਸਰਕਾਰ ਨੂੰ ਦੱਸਣਾ ਪਏਗਾ। ਅਮਰੀਕਾ ਅਤੇ ਪੱਛਮੀ ਦੇਸ਼ ਇਸ ਕਾਨੂੰਨ ਨੂੰ ਰੂਸ ਪੱਖੀ ਕਾਨੂੰਨ ਕਹਿ ਕੇ ਇਸ ਦੀ ਵਿਰੋਧਤਾ ਕਰ ਰਹੇ ਹਨ ਅਤੇ ਜਾਰਜੀਆ ਵਿੱਚ ਇਸ ਵਿਰੁੱਧ ਹਿੰਸਕ ਮੁਜ਼ਾਹਰੇ ਕਰਵਾ ਰਹੇ ਹਨ। ਇਥੇ ਸਾਨੂੰ ਇਸੇ ਤਰ੍ਹਾਂ ਦੀਆਂ ਘਟਨਾਵਾਂ ਯੂਕਰੇਨ ਵਿੱਚ ਵਾਪਰਨ ਦੀ ਆਂ ਮਾੜੀਆਂ ਯਾਦਾਂ ਆ ਰਹੀਆਂ ਹਨ। ਯੂਕਰੇਨ ਵਿੱਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਰੂਸ ਨਾਲ ਚੰਗੇ ਸਬੰਧ ਬਣਾਉਣ ਦਾ ਯਤਨ ਕਰ ਰਹੀ ਸੀ। ਅਮਰੀਕਾ ਦੀ ਖੂਫ਼ੀਆ ਏਜੰਸੀ ਸੀਆਈਏ ਨੇ ਉਥੇ ਹਿੰਸਕ ਮੁਜ਼ਾਹਰੇ ਕਰਵਾ ਕੇ ਉਸ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਅਤੇ ਜ਼ੈਲਨਸਕੀ ਦੀ ਨੀਊਨਾਜ਼ੀ ਪਾਰਟੀ ਦੀ ਸਰਕਾਰ ਬਣਵਾ ਦਿੱਤੀ। ਉਸ ਹਿੰਸਕ ਬਗਾਵਤ ਦੇ ਮਾੜੇ ਨਤੀਜੇ ਹੁਣ ਯੂਕਰੇਨ ਨੂੰ ਭੁਗਤਣੇ ਪੈ ਰਹੇ ਹਨ। ਵੱਡੇ ਪੱਧਰ ਦੀ ਯੂਕਰੇਨ ਦੀ ਬਰਬਾਦੀ ਹੋ ਰਹੀ ਹੈ, ਆਧੁਨਿਕ ਇਤਿਹਾਸ ਵਿੱਚ ਉਸਦੀ ਘੱਟ ਹੀ ਉਦਾਹਰਣ ਮਿਲਦੀ ਹੈ।
ਸਲਵਾਕੀਆ ਦੇ ਪ੍ਰਧਾਨ ਮੰਤਰੀ ਰੋਬਰਟ ਫੀਕੋ ਨੇ ਯੂਕਰੇਨ ਯੁੱਧ ਵਿੱਚ ਯੂਕਰੇਨ, ਅਮਰੀਕਾ ਅਤੇ ਪੱਛਮੀ ਦੇਸ਼ਾਂ ਦੀ ਬਹੁਤ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਅਮਰੀਕਾ ਯੂਰਪੀ ਦੇਸ਼ਾਂ ਨੂੰ ਗੁਲਾਮ ਬਣਾ ਰਿਹਾ ਹੈ। ਇਸ ਆਲੋਚਨਾ ਦਾ ਨਤੀਜਾ ਇਹ ਨਿਕਲਿਆ ਕਿ ਉਸ ਤੇ ਜਾਨਲੇਵਾ ਹਮਲਾ ਹੋ ਗਿਆ। ਸਾਡੇ ਕਈ ਬੁੱਧੀਜੀਵੀ ਅਮਰੀਕਾ ਅਤੇ ਪੱਛਮੀ ਯੂਰਪ ਦੇ ਦੇਸ਼ਾਂ ਦੇ ਲੋਕਰਾਜੀ ਅਤੇ ਨਿਰਪੱਖ ਹੋਣ ਦਾ ਭਰਮ ਪਾਲ ਰਹੇ ਹਨ। ਉਨ੍ਹਾਂ ਨੂੰ ਇਨ੍ਹਾਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਲੋਕਰਾਜੀ ਅਤੇ ਨਿਰਪੱਖ ਹੋਣ ਦੇ ਦਾਅਵੇ ਝੂਠੇ ਹਨ। ਇਨ੍ਹਾਂ ਦੇਸ਼ਾਂ ਦਾ ਲੰਬਾ ਇਤਿਹਾਸ ਹੈ ਕਿ ਲੋਕਰਾਜੀ ਢੰਗ ਨਾਲ ਚੁਣੀਆਂ ਹੋਈਆਂ ਸਰਕਾਰਾਂ, ਜੋ ਇਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ, ਉਨ੍ਹਾਂ ਦਾ ਇਹ ਹਰ ਢੰਗ ਵਰਤ ਕੇ ਤਖਤਾ ਪਲਟ ਦਿੰਦੇ ਹਨ। ਚੀਨ ਦੇ ਪ੍ਰਧਾਨ ਸ਼ੀ ਜਿੰਨ ਪਿੰਗ ਦਾ ਯੂਰਪ ਦਾ ਦੌਰਾ ਬਹੁਤ ਹੀ ਸਫਲ ਰਿਹਾ ਹੈ। ਉਹ ਫਰਾਂਸ, ਹੰਗਰੀ ਅਤੇ ਸਰਬੀਆ ਵਿੱਚ ਗਏ, ਉਨ੍ਹਾਂ ਦਾ ਇਨ੍ਹਾਂ ਦੇਸ਼ਾਂ ਵਿੱਚ ਬਹੁਤ ਨਿੱਘਾ ਸਵਾਗਤ ਹੋਇਆ। ਇਕ ਪਾਸੇ ਅਮਰੀਕਾ ਪੂਰਾ ਜ਼ੋਰ ਲਗਾ ਰਿਹਾ ਹੈ ਕਿ ਚੀਨ ਨੂੰ ਸੰਸਾਰ ਵਿੱਚ ਅਲੱਗ ਥਲੱਗ ਕੀਤਾ ਜਾਏ, ਦੂਜੇ ਪਾਸੇ ਯੂਰਪ ਚੀਨੀ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕਰ ਰਿਹਾ ਹੈ। ਚੀਨ ਵੀ ਅਮਰੀਕਾ ਅਤੇ ਯੂਰਪ ਵਿੱਚ ਵੱਧ ਰਹੇ ਪਾੜੇ ਨੂੰ ਹੋਰ ਵਧਾਉਣਾ ਚਾਹੁੰਦਾ ਹੈ। ਇਹ ਨੀਤੀ ਸਮੁੱਚੇ ਤੌਰ ’ਤੇ ਸੰਸਾਰ ’ਤੇ ਪੱਛਮੀ ਦੇਸ਼ਾਂ ਦੇ ਗਲਬੇ ਅਤੇ ਅਜਾਰੇਦਾਰੀ ਨੂੰ ਖ਼ਤਮ ਕਰਨ ਅਤੇ ਇਕ ਧਰੁਵੀ ਸੰਸਾਰ ਤੋਂ ਬਹੁਧਰੁਵੀ ਸੰਸਾਰ ਬਣਨ ਵਿੱਚ ਸਹਾਈ ਹੋਵੇਗੀ।
ਸੰਸਾਰ ਵਿੱਚ ਵਾਪਰਨ ਵਾਲੀਆਂ ਇਹ ਘਟਨਾਵਾਂ ਇਸ ਦਾ ਵੱਲ ਸੰਕੇਤ ਦੇ ਰਹੀਆਂ ਹਨ ਕਿ ਸੰਸਾਰ ’ਤੇ ਪੱਛਮ ਦਾ ਗਲਬਾ ਅਤੇ ਅਜਾਰੇਦਾਰੀ ਕਮਜ਼ੋਰ ਹੋ ਰਿਹਾ ਹੈ ਅਤੇ ਸਮੁੱਚੇ ਤੌਰ ’ਤੇ ਪੱਛਮ ਨਿਘਾਰ ਵਲ ਅਤੇ ਪੂਰਬ ਉਭਾਰ ਦੀ ਅਵਸਥਾ ਵੱਲ ਵੱਧ ਰਿਹਾ ਹੈ, ਨਾ ਇਸ ਸੱਚਾਈ ਨੂੰ ਮੰਨਣ ਨੂੰ ਤਿਆਰ ਨਹੀਂ ਹਲ, ਹਾਲੇ ਵੀ ਆਪਣਾ ਅਤੇ ਆਪਣੇ ਬੱਚਿਆਂ ਦਾ ਸੁਨਿਹਰੀ ਭਵਿੱਖ ਸਿਰਫ਼ ਪੱਛਮ ਵਿੱਚ ਹੀ ਦੇਖ ਰਹੇ ਹਨ। ਉਨ੍ਹਾਂ ਦਾ ਤਾਂ ਨੈਤਿਕ ਫਰਜ਼ ਸੀ ਕਿ ਉਹ ਸੰਸਾਰ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਪਰੰਤੂ ਉਹ ਤਾਂ ਆਪ ਹੀ ਸੱਚ ਤੋਂ ਦੂਰ ਹਨ ਅਤੇ ਭਰਮ ਪਾਲੇ ਰਹੇ ਹਨ।
ਡਾ. ਸਵਰਾਜ ਸਿੰਘ
-ਮੋਬਾ: 98153 08460

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ