Wednesday, December 04, 2024  

ਲੇਖ

ਪੰਛੀਆਂ ਨੂੰ ਵੀ ਗਰਮੀ ਤੋਂ ਬਚਾਉਣ ਲਈ ਯਤਨ ਹੋਣ!

May 20, 2024

ਮਈ ਦਾ ਮਹੀਨਾ ਚਲ ਰਿਹਾ ਹੈ ਅਤੇ ਗਰਮੀ ਆਪਣੀ ਰਫ਼ਤਾਰ ਫ਼ੜ ਚੁੱਕੀ ਹੈ। ਗਰਮੀ ਤੋ ਖ਼ੁਦ ਨੂੰ ਬਚਾਉਣ ਲਈ ਅਸੀਂ ਬਾਰ ਬਾਰ ਪਾਣੀ ਦਾ ਸਹਾਰਾ ਲੈਂਦੇ ਹਾਂ ਕਦੀ ਤਾਂ ਅਸੀ ਇਸ ਪਾਣੀ ਨੂੰ ਪੀਣ ’ਚ ਪ੍ਰਯੋਗ ਕਰਦੇ ਹਾਂ ਅਤੇ ਕਦੀ ਇਸ ਪਾਣੀ ਨੂੰ ਨਹਾਉਣ ਲਈ ਵਰਤਦੇ ਹਾਂ। ਗਰਮੀ ਤੋਂ ਬਚਣ ਲਈ ਅਤੇ ਠੰਡ ਦਾ ਆਨੰਦ ਲੈਣ ਲਈ ਅਸੀਂ ਏ ਸੀ ਤੱਕ ਦਾ ਸਹਾਰਾ ਵੀ ਲੈਂਦੇ ਆ।
ਇਸ ਗਰਮੀ ਤੋਂ ਇਨਸਾਨ ਹੀ ਨਹੀਂ ਛੋਟੇ ਪੰਛੀ ਵੀ ਪ੍ਰੇਸ਼ਾਨ ਹਨ। ਹਰ ਸਾਲ ਗਰਮੀ ਦੇ ਮੌਸਮ ਵਿੱਚ ਕਈ ਪੰਛੀ ਪਾਣੀ ਅਤੇ ਲੂ ਕਾਰਨ ਮਰ ਜਾਂਦੇ ਹਨ। ਕਿਉਕਿ ਇਹ ਗਰਮੀ ਪੰਛੀਆਂ ਨੂੰ ਵੀ ਓਹਨਾਂ ਹੀ ਤੰਗ ਕਰਦੀ ਹੈ ਜਿਨ੍ਹਾਂ ਕਿ ਸਾਨੂੰ ਤੰਗ ਕਰਦੀ ਹੈ। ਅਸੀਂ ਤਾਂ ਆਪਣੀ ਸੂਝਬੂਝ ਨਾਲ ਇਸ ਗਰਮੀ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਪਰ ਇਹ ਪੰਛੀ ਨਹੀਂ।
ਇਹਨਾਂ ਪੰਛੀਆਂ ਨੂੰ ਬਚਾਉਣ ਲਈ ਜੇਕਰ ਅਸੀਂ ਥੋੜਾ ਜਿਹਾ ਉਪਰਾਲਾ ਕਰੀਏ ਜਾਂ ਇੰਸਾਨੀਅਤ ਵਿਖਾਈਏ ਤਾਂ ਇਹ ਪੰਛੀ ਵੀ ਗਰਮੀ ਤੋ ਆਪਣੇ ਆਪ ਨੂੰ ਬਚਾ ਸਕਦੇ ਹਨ। ਅਗਰ ਅਸੀਂ ਆਪਣੇ ਘਰ ਜਾਂ ਨੇੜੇ ਤੇੜੇ ਆਉਣ ਵਾਲੇ ਪੰਛੀਆਂ ਲਈ ਪਾਣੀ ਅਤੇ ਚੋਗੇ ਦਾ ਪ੍ਰਬੰਧ ਕਰੀਏ ਤਾਂ ਗਰਮੀ ਕਾਰਨ ਹੋ ਰਹੀ ਪੰਛੀਆਂ ਦੀ ਮੌਤ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਪੰਛੀ ਭੋਜਨ ਖਾ ਕੇ ਅਤੇ ਪਾਣੀ ਪੀ ਕੇ ਆਪਣੀ ਪਾਣੀ ਦੀ ਲੋੜ ਪੂਰੀ ਕਰਦੇ ਹਨ। ਕਈ ਕੀਟ- ਪਤੰਗੇ ਖਾਣ ਵਾਲੇ ਪੰਛੀ ਜ਼ਿਆਦਾਤਰ ਪਾਣੀ ਆਪਣੇ ਭੋਜਨ ਤੋਂ ਹੀ ਪ੍ਰਾਪਤ ਕਰਦੇ ਹਨ। ਪਰ ਇਸ ਤੋਂ ਉੱਲਟ ਬੀਜ ਖਾਣ ਵਾਲੇ ਪੰਛੀਆਂ ਨੂੰ ਪਾਣੀ ਦੀ ਜਿਆਦਾ ਲੋੜ ਹੁੰਦੀ ਹੈ। ਛੋਟੇ ਪੰਛੀ ਛੱਪੜਾਂ ਅਤੇ ਨਦੀਆਂ ਦੇ ਕੰਢਿਆਂ ਤੋਂ ਪਾਣੀ ਪੀਂਦੇ ਹਨ, ਅਤੇ ਰੁੱਖਾਂ ਨਾਲ ਭਰੇ ਖੇਤਰਾਂ ਵਿੱਚ ਰਹਿਣ ਵਾਲੇ ਪੰਛੀ ਪਾਣੀ ਦੀਆਂ ਬੂੰਦਾਂ ਨੂੰ ਖਾਂਦੇ ਹਨ ਜੋਕਿ ਰੁੱਖਾਂ ਦੇ ਪੱਤਿਆਂ ’ਤੇ ਬਣਦੀਆਂ ਹਨ। ਪਰ ਹੁਣ ਨਾ ਤੇ ਛੱਪੜ ਰਹੇ ਅਤੇ ਨਾ ਹੀ ਕੋਈ ਬਹੁਤੇ ਪਾਣੀ ਦੇ ਸ੍ਰੋਤ ਜਾਂ ਰੁੱਖ, ਜਿਥੋਂ ਕਿ ਇਹ ਪੰਛੀ ਆਪਣੀ ਪਾਣੀ ਦੀ ਲੋੜ ਨੂੰ ਪੁਰਾ ਕਰ ਸਕਣ। ਇਹਨਾਂ ਕਾਰਨਾਂ ਕਰਕੇ ਗਰਮੀ ਦੇ ਦਿਨਾਂ ਵਿੱਚ ਪੰਛੀ ਅਕਸਰ ਮਰਦੇ ਹਨ।
ਹੁਣ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਂ ਸਮਝ ਨਾਲ ਇਹਨਾਂ ਪੰਛੀਆਂ ਨੂੰ ਗਰਮੀ ਦੇ ਪ੍ਰਕੋਪ ਤੋਂ ਬਚਾਈਏ। ਅਸੀ ਆਪਣੇ ਘਰ ਦੇ ਬਨੇਰਿਆਂ, ਬਾਗ਼ ਬਗੀਚੀ ਅਤੇ ਵਿਹੜੇ ਵਿੱਚ ਇਹਨਾਂ ਪੰਛੀਆਂ ਦੇ ਪੀਣ ਲਈ ਪਾਣੀ ਰੱਖਕੇ ਇਹਨਾਂ ਦੀ ਮਦਦ ਕਰ ਸਕਦੇ ਹਾਂ। ਬਸ ਇੱਕ ਗੱਲ ਦਾ ਧਿਆਨ ਰਹੇ ਕਿ ਪਲਾਸਟਿਕ ਜਾਂ ਸਟੀਲ ਦੇ ਭਾਂਡਿਆਂ ਵਿੱਚ ਪਾਣੀ ਨਾ ਰੱਖਿਆ ਜਾਵੇ ਇਨ੍ਹਾਂ ਭਾਂਡਿਆਂ ਦਾ ਪਾਣੀ ਧੁੱਪ ਵਿਚ ਬਹੁਤ ਗਰਮ ਹੋ ਜਾਂਦਾ ਹੈ। ਮਿੱਟੀ ਦੇ ਕਸੋਰੇ ਵਿੱਚ ਪਾਣੀ ਰੱਖਣਾ ਸਭ ਤੋਂ ਵਧੀਆ ਅਤੇ ਉੱਤਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਪਾਣੀ ਠੰਡਾ ਰਹਿੰਦਾ ਹੈ। ਬੱਸ ਇਨ੍ਹਾਂ ਭਾਂਡਿਆਂ ਦੀ ਨਿਯਮਤ ਸਫਾਈ ਕਰਦੇ ਰਹੋ, ਤਾਂ ਜੋ ਪੰਛੀ ਬਿਮਾਰੀਆਂ ਤੋਂ ਦੂਰ ਰਹਿਣ। ਤੁਸੀਂ ਆਪਣੇ ਦਫਤਰ ਵਿਚ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਪਾਣੀ ਦੇ ਕਸੋਰੇ ਉਸ ਜਗ੍ਹਾ ’ਤੇ ਰੱਖ ਸਕਦੇ ਹੋ ਜਿੱਥੇ ਪੰਛੀ ਆਉਂਦੇ ਹੋਣ। ਹਰ ਦੋ ਦਿਨਾਂ ਬਾਅਦ ਪਾਣੀ ਦੇ ਕਸੋਰੇ ਨੂੰ ਸਾਫ਼ ਕਰੋ, ਪਾਣੀ ਨੂੰ ਹਰ ਰੋਜ਼ ਬਦਲੋ, ਜੇਕਰ ਪਾਣੀ ਦੀ ਸਤ੍ਹਾ ’ਤੇ ਹਰਿਆਈ ਬਣਨਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਤੁਰੰਤ ਸਾਫ਼ ਕਰੋ। ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਾਣੀ ਸਾਫ਼ ਹੋਣਾ ਚਾਹੀਦਾ ਹੈ।
ਪੰਛੀ ਬਹੁਤ ਮਿਹਨਤੀ ਹੁੰਦੇ ਹਨ ਅਤੇ ਆਪਣੇ ਭੋਜਨ ਦਾ ਪ੍ਰਬੰਧ ਇਹ ਖੁਦ ਕਰਦੇ ਹਨ, ਪਰ ਗਰਮੀਆਂ ਵਿੱਚ ਇਹ ਆਪਣੇ ਆਪ ਨੂੰ ਗਰਮੀ ਤੋਂ ਬਚਾਉਣ ਲਈ ਘੱਟੋ- ਘੱਟ ਉੱਡਣਾ ਪਸੰਦ ਕਰਦੇ ਹਨ ਕਿਉਂਕਿ ਜਿੰਨਾ ਜ਼ਿਆਦਾ ਉਹ ਉੱਡਣਗੇ, ਓਨੀ ਹੀ ਜ਼ਿਆਦਾ ਉਹਨਾਂ ਨੂੰ ਪਾਣੀ ਦੀ ਲੋੜ ਪਵੇਗੀ ਅਤੇ ਓਨਾਂ ਹੀ ਹੀਟਸਟ੍ਰੋਕ ਦਾ ਖ਼ਤਰਾ ਵੀ ਵੱਧ ਹੋਵੇਗਾ। ਕਿੰਨਾ ਚੰਗਾ ਹੋਵੇ ਜੇਕਰ ਅਸੀਂ ਉਨ੍ਹਾਂ ਲਈ ਪਾਣੀ ਦੇ ਨਾਲ- ਨਾਲ ਭੋਜਨ ਵੀ ਰੱਖ ਦੇਈਏ ਤਾਂ ਜੋ ਉਨ੍ਹਾਂ ਨੂੰ ਜ਼ਿਆਦਾ ਭਟਕਣਾ ਨਾ ਪਵੇ।
ਸੂਰਜਮੁਖੀ ਦੇ ਬੀਜ, ਫਲ, ਰੋਟੀ, ਬਾਜਰਾ, ਚੌਲ, ਦਲੀਆ ਆਦਿ ਗਰਮੀਆਂ ਵਿੱਚ ਉਨ੍ਹਾਂ ਲਈ ਚੰਗਾ ਭੋਜਨ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਸਹੀ ਪੋਸ਼ਣ ਪੰਛੀਆਂ ਦੇ ਮੈਟਾਬੋਲਿਜ਼ਮ ਨੂੰ ਨਿਯੰਤਿ੍ਰਤ ਕਰਦਾ ਹੈ ਅਤੇ ਉਨ੍ਹਾਂ ਨੂੰ ਗਰਮੀ ਨਾਲ ਲੜਨ ਲਈ ਸ਼ਕਤੀ ਪਰਦਾਨ ਕਰਦਾ ਹੈ।
ਅੱਜ ਇਨ੍ਹਾਂ ਪੰਛੀਆਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਜੋ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਲਈ ਅਸੀਂ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਾਂ। ਸਾਡੇ ਕਾਰਨ ਅੱਜ ਦਰਿਆਵਾਂ ਦਾ ਤਾਜ਼ਾ ਪਾਣੀ ਗੰਦਾ ਹੋ ਗਿਆ ਹੈ, ਰੁੱਖਾਂ ਦੀ ਕਟਾਈ ਤੇਜੀ ਨਾਲ ਹੋ ਰਹੀ ਹੈ, ਛੱਪੜ ਹੁਣ ਬਹੁਤ ਘਟ ਗਏ ਅਤੇ ਕੱਚੇ ਘਰ ਪੱਕੇ ਘਰਾਂ ਵਿੱਚ ਤਬਦੀਲ ਹੋ ਗਏ। ਅਸੀਂ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਾਂ ਪਰ ਇਨ੍ਹਾਂ ਮਾਸੂਮ ਪੰਛੀਆਂ ਬਾਰੇ ਬਿਲਕੁਲ ਨਹੀਂ ਸੋਚਦੇ। ਜੇਕਰ ਅੱਜ ਇਨ੍ਹਾਂ ਮਾਸੂਮ ਪੰਛੀਆਂ ਨੂੰ ਸਾਡੇ ਵਲੋਂ ਕੀਤੀਆਂ ਗਲਤੀਆਂ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਤਾਂ ਸਾਡਾ ਹੀ ਫ਼ਰਜ਼ ਬਣਦਾ ਹੈਕਿ ਅਸੀਂ ਘੱਟੋ- ਘੱਟ ਇਸ ਗਰਮੀ ਦੇ ਮੌਸਮ ਵਿੱਚ ਇਨ੍ਹਾਂ ਲਈ ਦਾਣੇ ਪਾਣੀ ਦਾ ਪ੍ਰਬੰਧ ਕਰਕੇ ਆਪਣੀ ਵਲੋਂ ਕੀਤੀ ਇਸ ਗਲਤੀ ਦਾ ਥੋੜ੍ਹਾ ਬਹੁਤ ਸੁਧਾਰ ਕਰੀਏ।
ਆਉ, ਅਸੀਂ ਵੀ ਇਸ ਗਰਮੀ ਵਿੱਚ ਪੰਛੀਆਂ ਨੂੰ ਆ ਰਹੀਆਂ ਦਿੱਕਤਾਂ ’ਚ ਇਹਨਾਂ ਦੀ ਮਦਦ ਕਰੀਏ, ਤਾਂ ਜੋ ਉਹ ਆਪਣੇ ਚਹਿਕਣ ਨਾਲ ਵਾਤਾਵਰਣ ਨੂੰ ਹਮੇਸ਼ਾ ਖੁਸ਼ਹਾਲ ਬਣਾ ਸਕਣ।
ਬਲਦੇਵ ਸਿੋਘ ਬੇਦੀ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ