Wednesday, December 04, 2024  

ਲੇਖ

ਸਾਹਿਤ ਦੇ ਧਰੂ ਤਾਰੇ ਸੁਰਜੀਤ ਪਾਤਰ ਦੇ ਤੁਰ ਜਾਣ ’ਤੇ...

May 20, 2024

ਖ਼ਬਰ ਸੁਣ ਕੇ ਸੱਚ ਨਾ ਆਇਆ ਕੀ, ਸੱਚੀ ਹੈ! ਐਡੀ ਵੱਡੀ ਗੱਲ, ਉਹ ਵੀ ਸਾਹਿਤ ਦੇ ਹੀਰੇ ਦੀ ਟੀਸੀ ਦਾ ਬੇਰ, ਮਾਂ-ਬੋਲੀ ਪੰਜਾਬੀ ਦੇ ਲਾਡਲੇ ਸਪੁੱਤਰ ਦੀ ਗੱਲ ਪਰ ਕੁਝ ਹੀ ਮਿੰਟਾਂ ’ਚ ਯਕੀਨ ਦਾ ਆਉਣਾ ਸੰਭਵ ਸੀ ਜਦੋਂ ਇਹ ਗੱਲ ਇੱਕ ਦਮ ਅੱਗ ਦੇ ਭਾਂਬੜ ਵਾਂਗ ਪੂਰੀ ਦੁਨੀਆਂ ਦੇ ਕੋਨੇ-ਕੋਨੇ ’ਚ ਫੈਲ ਗਈ।
ਸੁਰਜੀਤ ਪਾਤਰ ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ 14 ਜਨਵਰੀ ਮਾਘੀ ਵਾਲੇ ਦਿਨ ਸੰਨ 1945 ਨੂੰ ਮਾਤਾ ਗੁਰਬਖਸ਼ ਕੌਰ ਦੀ ਕੁੱਖੋਂ, ਪਿਤਾ ਹਰਭਜਨ ਸਿੰਘ ਦੇ ਘਰ ਹੋਇਆ। ਪਾਤਰ ਹੋਰਾਂ ਦੀਆਂ 4 ਭੈਣਾਂ ਜਿਨ੍ਹਾਂ ਦੇ ਨਾਮ ਸਵ: ਅਮਰ ਕੌਰ, ਸਵ: ਹਰਬੰਸ ਕੌਰ, ਸਵ: ਜਸਵੰਤ ਕੌਰ ਤੇ ਬਲਬੀਰ ਕੌਰ ਹਨ ਤੇ ਇੱਕ ਭਰਾ ਉਪਕਾਰ ਸਿੰਘ ਹੈ ਜੋ ਆਪਣੇ ਪਰਿਵਾਰ ਸਮੇਤ ਨੇਰੋਬੀ ਵਿਖੇ ਰਹਿੰਦਾ ਹੈ। ਸੁਰਜੀਤ ਪਾਤਰ ਦਾ ਵਿਆਹ 1978 ਈ: ਵਿੱਚ ਸ਼੍ਰੀਮਤੀ ਭੁੁੁਪਿੰਦਰ ਕੌਰ ਨਾਲ ਹੋਇਆ। ਉਹਨਾਂ ਦੇ ਦੋ ਬੇਟੇ ਹਨ ਮਨਰਾਜ ਪਾਤਰ ਤੇ ਅੰਕੁਰ ਸਿੰਘ ਪਾਤਰ ਤੇ ਨੂੰਹ ਰਾਣੀ ਮਨਰੀਤ ਕੌਰ ਤੇ ਪੋਤਰਾ ਅਵੀਰ ਸਿੰਘ ਪਾਤਰ ਹੈ । ਮਨਰਾਜ ਪਾਤਰ ਜੋ ਕਿ ਪੰਜਾਬ ਕਾਲਜ ਆਫ਼ਟੈਕਨੀਕਲ, ਬੱਦੋਵਾਲ ਵਿਖੇ ਕੰਪਿਊਟਰ ਲੈਕਚਰਾਰ ਹੈ ਤੇ ਸੰਗੀਤ ਦਾ ਵੀ ਸ਼ੌਕ ਰੱਖਦਾ ਹੈ। ਅੰਕੁਰ ਸਿੰਘ ਪਾਤਰ ਵੈਬਡਿਜ਼ਾਈਨਰ ਹੈ, ਆਸ਼ਾਪੁਰੀ ਲੁਧਿਆਣਾ ਵਿਖੇ ਰਹਿ ਰਿਹਾ ਹੈ।
ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਪ੍ਰਾਇਮਰੀ ਤੱਕ ਦੀ ਪੜ੍ਹਾਈ ਕੀਤੀ ਤੇ ਖਾਲਸਾ ਹਾਈ ਸਕੂਲ ਖਗਿਰਾ ਮੱਝਾ ਤੋਂ ਦਸਵੀਂ ਪਾਸ ਕੀਤੀ ਤੇ ਗ੍ਰੇਜ਼ੂਏਸ਼ਨ ਰਣਬੀਰ ਕਾਲਜ, ਕਪੂਰਥਲੇ ਤੋਂ, ਐਮ. ਏ. ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅਤੇ ਪੀ. ਐਚ. ਡੀ. ਗੁਰ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕੀਤੀ। ਪਾਤਰ ਸਾਹਿਬ ਜੀ ਨੇ ਆਪਣੇ ਪਿੰਡ ਪੱਤੜ ਕਲਾਂ ਨੂੰ ਆਪਣੇ ਨਾਂ ਨਾਲ ਜੋੜ ਲਿਆ ਪੱਤੜ ਤੋਂ ਪਾਤਰ ਨਾਂ ਰੱਖ ਲਿਆ।
ਪਾਤਰ ਨੇ ਕੁਝ ਸਮਾਂ ਯੂਨੀਵਰਸਿਟੀ ਵਿੱਚ ਰਿਸਰਚ ਸ਼ਕਾਲਰ ਵਜੋਂ ਕੰਮ ਕੀਤਾ। ਬਾਬਾ ਬੁੱਢਾ ਕਾਲਜ, ਬੀੜ ਸਾਹਿਬ ਵੀ ਕੁਝ ਸਮਾਂ ਪੜ੍ਹਾਇਆ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਰਿਸਰਚ ਸਕਾਲਰ ਦੀ ਨੌਕਰੀ ਕੀਤੀ ਅਤੇ ਇੱਥੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਸੇਵਾ ਮੁਕਤ ਹੋਏ ।
ਸੁਰਜੀਤ ਪਾਤਰ ਦੀ ਕਲਾ ਦੀ ਛੇਵੇਂ ਦਹਾਕੇ ਦੇ ਮੁੱਢ ਵਿੱਚ ਹੀ ਪਰਖ ਹੋਣੀ ਸ਼ੁਰੂ ਹੋ ਗਈ ਸੀ। ਅਮਿਤੋਜ, ਪ੍ਰੋਫੈਸਰ ਮਨੋਹਰ ਕੌਰ, ਵੀਰ ਸਿੰਘ ਰੰਧਾਵਾ, ਡਾ. ਪ੍ਰੇਮ ਪ੍ਰਕਾਸ਼, ਡਾ. ਹਰਚਰਨ ਸਿੰਘ, ਡਾ. ਰਤਨ ਸਿੰਘ ਜੱਗੀ, ਡਾ. ਸਤਿੰਦਰ ਸਿੰਘ ਨੂਰ, ਨਾਵਲਕਾਰ ਦਲੀਪ ਕੌਰ ਟਿਵਾਣਾ, ਡਾ. ਹਰਕੀਰਤ ਸਿੰਘ, ਰਵਿੰਦਰ ਭੱਠਲ, ਪ੍ਰੋਫੈਸਰ ਪ੍ਰੀਤਮ ਸਿੰਘ, ਨਵਤੇਜ ਭਾਰਤੀ, ਹਰਿੰਦਰ ਮਹਿਬੂਰ, ਡਾ. ਗੁਰਭਗਤ ਸਿੰਘ, ਡਾ. ਕੁਲਵੰਤ ਸਿੰਘ ਗਰੇਵਾਲ, ਪ੍ਰੋਫੈਸਰ ਮੋਹਨ ਸਿੰਘ, ਡਾ. ਜੋਗਿੰਦਰ ਸਿੰਘ ਕੈਰੋ, ਡਾ. ਐਸ. ਐਸ. ਦੁਸਾਂਝ, ਡਾ. ਸ.ਨ. ਸੇਵਕ, ਅਜਾਇਬ ਚਿੱਤਰਕਾਰ, ਕੁਲਵੰਤ ਸਿੰਘ ਵਿਰਕ, ਕ੍ਰਿਸ਼ਨ ਅਦੀਬ, ਡਾ. ਸਾਧੂ ਸਿੰਘ ਆਦਿ ਨਾਮਵਰ ਸਖ਼ਸ਼ੀਅਤਾਂ ਨਾਲ ਪਾਤਰ ਸਾਹਿਬ ਦਾ ਸਮੇਂ-ਸਮੇਂ ਤੇ ਵਾਹ ਰਿਹਾ।
ਪਹਿਲੀਆਂ ਵਿੱਚ ਕਵੀ ਦੀਆਂ ਰਚਨਾਵਾਂ ‘ਆਰਸੀ’, ‘ਨਾਗਮਣੀ’, ਅਤੇ ‘ਪ੍ਰੀਤਲੜੀ’ ਮੈਗਜ਼ੀਨ ’ਚ ਛਪਦੀਆਂ ਰਹੀਆਂ। ਹੁਣ ਤਾਂ ਕੋਈ ਵੀ ਅਜਿਹਾ ਅਖਬਾਰ ਜਾਂ ਮੈਗਜ਼ੀਨ ਨਹੀਂ ਹੋਣਾ ਜਿਸ ਵਿੱਚ ਉਹਨਾਂ ਦੀਆਂ ਰਚਨਾਵਾਂ ਨਾ ਛਪਦੀਆਂ ਹੋਣ। ਪਹਿਲੀ ਕਿਤਾਬ ਉਨ੍ਹਾਂ ਨੇ ਪ੍ਰਮਿੰਦਰਜੀਤ ਅਤੇ ਜੋਗਿੰਦਰ ਨਾਲ ਮਿਲਕੇ ‘ਕੋਲਾਜ’ ਪਾਠਕਾਂ ਦੇ ਰੂ-ਬ-ਰੂ ਕੀਤੀ। ਹਵਾ ਵਿੱਚ ਲਿਖੇ ਹਰਫ਼’, ‘ਬਿਰਖ ਅਰਜ ਕਰੇ’, ‘ਹਨੇਰੇ ਵਿੱਚ ਸੁਲਗਦੀ ਵਰਣਮਾਲਾ’, ‘ਲਫ਼ਜ਼ਾਂ ਦੀ ਦਰਗਾਹ’, ‘ਸੂਰਜ ਮੰਦਰ ਦੀਆਂ ਪੌੜੀਆਂ’ ਉਹਨਾਂ ਦੀਆਂ ਕਿਤਾਬਾਂ ਹਨ। ‘ਸਦੀ ਦੀਆਂ ਤਰਕਾਲਾਂ’ ਉਹਨਾਂ ਦੀ ਸੰਪਾਦਨਾ ਹੇਠ ਛਪੀ ਸੀ। ਪਾਤਰ ਸਾਹਿਬ ਦੀਆਂ ਅਨੁਵਾਦ ਪੁਸਤਕਾਂ ‘ਸ਼ਹਿਰ ਮੇਰੇ ਦੀ ਪਾਗਲ ਔਰਤ’, ‘ਅੱਗ ਦੇ ਕਲੀਰੇ’, ‘ਸਈਓ ਨੀ ਮੈਂ ਅੰਤਹੀਣ ਤਰਕਾਲਾਂ’ ਅਤੇ ‘ਫਿਦਾ’ (ਕਾਵਿ-ਨਾਟਕ) ਹਨ।
ਸੁਰਜੀਤ ਪਾਤਰ ਛੇ ਸਾਲ ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ ਦਾ ਪ੍ਰਧਾਨ ਰਿਹਾ।ਸੰਨ 2013 ਵਿੱਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜੱਦ ਕੀਤਾ ਅਤੇ ਸੰਨ 2013 ਵਿੱਚ ਉਨ੍ਹਾਂ ਨੂੰ ਗੁਰੂ ਸਾਹਿਬ ਵਰਲਡ ਸਿੱਖ, ਫਤਿਹਗੜ੍ਹ ਵਿੱਚ ਵਿਜਿਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਨਾਮਜਦ ਕੀਤਾ ਗਿਆ। ਉਨ੍ਹਾਂ ਦੇ ਲਿਖੇ ਗੀਤ ਪ੍ਰਸਿੱਧ ਗਾਇਕ ‘ਹੰਸ ਰਾਜ ਹੰਸ’ ਦੀ ਆਵਾਜ਼ ਵਿੱਚ ਰਿਕਾਰਡ ਹੋਏ ਹਨ, ’ਦਿਲ ਹੀ ਉਦਾਸ ਹੈ ਬਾਕੀ ਸਭ ਖੈਰ ਏ’, ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ’, ਅਤੇ ‘ਡੋਲੀ ਚੁੱਕ ਲਓ ਕਹਾਰੋ, ਮੇਰੀ, ਰੋਂਦਿਆਂ ਨੂੰ ਰੋਣ ਦਿਓ’, ਆਦਿ।
ਭਾਸ਼ਾ ਵਿਭਾਗ ਪੰਜਾਬ ਦੇ ਸ਼੍ਰੋਮਣੀ ਪੁਰਸਕਾਰ ਨੂੰ ਠੁਕਰਾਉਣ ਵਾਲੇ ਸੁਰਜੀਤ ਪਾਤਰ ਦੀ ਇਨਾਮਾਂ-ਸਨਮਾਨਾਂ ਦੀ ਲੜੀ ਵੀ ਲੰਬੀ ਹੈ। ਜਿਸ ਵਿੱਚ ਵੱਡੇ ਸਨਮਾਨ ਸ਼ਾਮਿਲ ਹਨ ਸੰਨ 1993 ਵਿੱਚ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਲਈ ਸਾਹਿਤ ਅਕਾਦਮੀ ਸਨਮਾਨ, ਸੰਨ 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ੍ਰੋਮਣੀ ਪੰਜਾਬੀ ਕਵੀ ਸਨਮਾਨ, ਸੰਨ 1999 ਵਿੱਚ ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ ਪੰਚਨਾਦ ਪੁਰਸਕਾਰ, ਸੰਨ 2012 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ ਫ਼ਿਲਾਸਫ਼ੀ ਆਨਰਜ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਿਤ, 2012 ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੱੋਂ ਇੱਕ ਪਦਮ ਸ਼੍ਰੀ, ਲਫ਼ਜ਼ਾ ਦੀ ਦਰਗਾਹ ਲਈ ਸਰਸਵਤੀ ਸਨਮਾਨ ਆਦਿ। ਕਲੱਬਾਂ, ਸਾਹਿਤ ਸਭਾਵਾਂ ਵੱਲੋਂ ਮਿਲੇ ਇਨਾਮਾਂ-ਸਨਮਾਨਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ। ਵਿਸ਼ਵ ਦੇ ਕਲਾਸਕੀ ਸਾਹਿਤ ਨਾਲ ਮੋਹ ਪਾਉਣ ਵਾਲਾ ਪਾਤਰ ਸਾਹਿਬ ਆਸਟ੍ਰੇਲੀਆ, ਚੀਨ, ਜਰਮਨ, ਕੈਨੇਡਾ, ਇੰਗਲੈਂਡ, ਕੋਲੰਬੀਆ ਅਤੇ ਅਮਰੀਕਾ ਆਦਿ ਦੇਸ਼ਾਂ ਦਾ ਟੂਰ ਵੀ ਲਾ ਆਇਆ ਸੀ। ਬਿਨਾਂ ਉਸਤਾਦ ਦੇ ਧਾਰਿਆਂ ਵੀ ਸ਼ਬਦ ਉਹਨਾਂ ਨੂੰ ਮਾਲ਼ਾ ਦੇ ਮਣਕਿਆਂ ਵਾਂਗ ਪਰੋਣ ਦਾ ਕੁਦਰਤੀ ਵੱਲ ਸੀ। ਅੱਜ ਤੱਕ ਕੋਈ ਵੀ ਰਚਨਾ ਉਨ੍ਹਾਂ ਦੀ ਅਣਗੌਲੀ ਨਹੀਂ ਗਈ। ਸੁਰਜੀਤ ਪਾਤਰ, ਸਮਾਜ ਲਈ ਚਾਨਣ ਦਾ ਵਣਜਾਰਾ ਸੀ’।
11 ਮਈ 2024 ਦਿਨ ਸਨੀਚਰਵਾਰ ਸਾਹਿਤਕ ਖੇਤਰ ਵਿੱਚ ਉਦਾਸੀ ਭਰਿਆ ਦਿਨ ਚੜਿ੍ਹਆ, ਸੁਰਜੀਤ ਪਾਤਰ ਦੇ ਅਚਾਨਕ ਜਹਾਨੋ ਤੁਰ ਜਾਣ ਨਾਲ ਪੰਜਾਬ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਪਾਤਰ ਸਾਹਿਬ ਸਾਹਿਤਕ ਖੇਤਰ ਦਾ ਚਮਕਦਾ ਧਰੂ ਤਾਰਾ ਸੀ। ਜਿਸ ਦੀ ਰੋਸ਼ਨੀ ਵੱਡੇ ਪੱਧਰ ਤੇ ਪਾਠਕ ਵਰਗ ਮਾਣਦਾ ਸੀ ਤੇ ਮਾਣ ਦਾ ਰਹੇਗਾ। ਭਾਵੇ ਸੁਰਜੀਤ ਪਾਤਰ ਮਾਂ-ਬੋਲੀ ਦਾ ਅਨਮੋਲ ਹੀਰਾ ਅੱਜ ਸਾਡੇ ਵਿਚਕਾਰ ਤਾਂ ਨਹੀਂ ਰਿਹਾ ਪਰ ਉਨ੍ਹਾਂ ਦਾ ਕਿਤਾਬਾਂ ਵਿੱਚ ਲਿਖਿਆ ਇੱਕ-ਇੱਕ ਅੱਖਰ ਉਨ੍ਹਾਂ ਦੀਆਂ ਯਾਦਾ ਨੂੰ ਹਮੇਸ਼ਾਂ ਤਰੋ-ਤਾਜ਼ਾ ਰੱਖੇਗਾ।ਹਮੇਸ਼ਾਂ ਆਉਣ ਵਾਲੀਆ ਪੀੜੀਆਂ, ਉਨ੍ਹਾਂ ਦੀਆਂ ਮਾਂ-ਬੋਲੀ ਝੋਲੀ ਪਾਈਆਂ ਕਿਤਾਬਾਂ ਤੋਂ ਸਿੱਖਿਆ ਲੈਂਦੀਆਂ ਰਹਿਣਗੀਆਂ।ਪਦਮ ਸ੍ਰੀ ਡਾ. ਸੁਰਜੀਤ ਪਾਤਰ ਉਨ੍ਹਾਂ ਨਮਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਮਿਤੀ 20 ਮਈ 2024 ਦਿਨ ਸੌਮਵਾਰ (11.30 ਤੋਂ 2.00 ਵਜੇ ਤੱਕ) ਗੁਰਦੁਆਰਾ ਮਾਈ ਬਿਸ਼ਨ ਕੌਰ (ਸ਼ਾਂਤ ਪਾਰਕ) ਆਸ਼ਾ ਪੁਰੀ ਲੁਧਿਆਣਾ ਵਿਖੇ ਪਾਏ ਜਾਣਗੇ।
ਦਰਸ਼ਨ ਸਿੰਘ ਪ੍ਰੀਤੀਮਾਨ
-ਮੋਬਾ: 98786-06963

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ