ਤੀਜੇ ਦੌਰ ਦੀਆਂ ਚੋਣਾਂ ਲਈ ਪ੍ਰਚਾਰ ਬੰਦ ਹੋਣ ਦੇ ਫੌਰਨ ਬਾਅਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅਯੁੱਧਿਆ ’ਚ ਰਾਮਲਲਾ ਦੇ ਦਰਸ਼ਨਾਂ ਲਈ ਪਹੁੰਚਣਾ, ਨਾ ਤਾਂ ਅਚਾਨਕ ਸੀ ਅਤੇ ਨਾ ਹੀ ਇਤਫ਼ਾਕ। ਨਰੇਂਦਰ ਮੋਦੀ ਨੂੰ 22 ਜਨਵਰੀ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਦੇ ਬਾਅਦ , ਰਾਮ ਲਲਾ ਦੀ ਯਾਦ ਇਸੇ ਸਮੇਂ ਕਿਉਂ ਆਈ, ਇਸ ਲਈ ਸਿਰਫ਼ ਅੰਦਾਜ਼ੇ ਹੀ ਲਾਏ ਜਾ ਸਕਦੇ ਹਨ। ਪਰ, ਇਸ ਤੱਥ ਨੂੰ ਅਨੇਕ ਸਿਆਸੀ ਮਾਮਲਿਆਂ ਮਾਹਿਰਾਂ ਨੇ ਦਰਜ ਕੀਤਾ ਹੈ ਕਿ ਅੱਧੇ ਤੋਂ ਵੱਧ ਚੋਣ ਪ੍ਰਚਾਰ ਖ਼ਤਮ ਹੋ ਜਾਣ ਬਾਅਦ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਰਾਮ ਲਲਾ ਦੀ ਸ਼ਰਣ ’ਚ ਜਾਣਾ ਸਿਰਫ਼ ਆਸਥਾ ਦਾ ਮਾਮਲਾ ਨਜ਼ਰ ਨਹੀਂ ਆਉਂਦਾ ਹੈ। ਇਸ ਦੀ ਸਿੱਧੀ-ਸਾਦੀ ਵਜ੍ਹਾ ਹੈ ਕਿ ਇਸ ਵਾਰ ਦੇ ਚੋਣ ਪ੍ਰਚਾਰ ਦੌਰਾਨ ਹੀ ਰਾਮ ਨੌਮੀ ਵੀ ਲੰਘੀ ਹੈ, ਜੋ ਅਯੁੱਧਿਆ ’ਚ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਦੇ ਬਾਅਦ ਪਹਿਲੀ ਰਾਮ ਨੌਮੀ ਸੀ। ਅਸਲ ਵਿੱਚ ਖ਼ੁਦ ਨਰੇਂਦਰ ਮੋਦੀ ਨੇ, ਇਸ ਰਾਮ ਨੌਮੀ ਦੇ ਦਿਨ, ਵਿਸ਼ੇਸ਼ ਤੌਰ ’ਤੇ ‘‘ਰਾਮ ਲਲਾ ਦੇ ਸੂਰਜ ਤਿਲਕ’’ ਬਹਾਨੇ, ਇਸ ਮੌਕੇ ਦਾ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਸੀ। ਉਨ੍ਹਾਂ ਨੇ ਉਸ ਸਮੇਂ ਖ਼ੁਦ ਆਸਾਮ ’ਚ ਆਪਣੀ ਚੋਣ ਰੈਲੀ ਦੌਰਾਨ ਸੈਲਫੋਨ ਟਾਰਚ ਦੀ ਰੌਸ਼ਨੀ ਕਰਕੇ ਇਸ ਸੂਰਜ ਤਿਲਕ ’ਚ ਸ਼ਮੂਲੀਅਤ ਦਾ ਮਜ਼ਾਕ ਭਰਿਆ ਟੋਟਕਾ ਵੀ ਕੀਤਾ ਸੀ। ਬਹਰਹਾਲ, ਰਾਮ ਨੌਮੀ ’ਤੇ ਨਰੇਂਦਰ ਮੋਦੀ ਅਯੁੱਧਿਆ ’ਚ ਰਾਮ ਲਲਾ ਦੇ ਦਰਸ਼ਨ ਕਰਨ ਨਹੀਂ ਗਏ । ਤੀਜੇ ਗੇੜ ਦੀਆਂ ਚੋਣਾਂ ਦੀਆਂ 93 ਸੀਟਾਂ ਲਈ ਚੋਣ ਪ੍ਰਚਾਰ ਖ਼ਤਮ ਹੋ ਜਾਣ ਤੋਂ ਬਾਅਦ ਉਹ ਅਯੁੱਧਿਆ ਪਹੁੰਚੇ ਤਾਂ ਯਾਨੀ ਵਿਹਾਰਕ ਤੌਰ ’ਤੇ ਅੱਧੀਆਂ ਚੋਣਾਂ ਖ਼ਤਮ ਹੋ ਜਾਣ ਬਾਅਦ।
ਜ਼ਾਹਿਰ ਹੈ ਕਿ ਨਰੇਂਦਰ ਮੋਦੀ ਦਾ ਇਹ ਪ੍ਰੋਗਰਾਮ ਕੋਈ ਅਚਾਨਕ ਨਹੀਂ ਬਣ ਗਿਆ ਹੋਵੇਗਾ। ਇਸ ਲਈ, ਇਸ ਸੰਭਾਵਨਾ ਨੂੰ ਸੌਖਿਆਂ ਜਿਹਾ ਨਕਾਰਿਆ ਨਹੀਂ ਜਾ ਸਕਦਾ ਹੈ ਕਿ ਪਹਿਲਾਂ ਤੋਂ ਨਰੇਂਦਰ ਮੋਦੀ ਦਾ ਪ੍ਰੋਗਰਾਮ ਇਸ ਤਰ੍ਹਾਂ ਬਣਾਇਆ ਗਿਆ ਹੋਵੇਗਾ, ਜਿਸ ’ਚ ਚੋਣਾਂ ਦਰਮਿਆਨ ਮੰਦਰ ’ਚ ਆਪਣੇ ਗੋਡੇ ਮੂਧੇ ਮਾਰ ਕੇ ਦੰਡਵਤ ਹੋ ਕੇ ਅਤੇ ਉਸ ਤੋਂ ਬਾਅਦ ਦੇ ਰੋਡ ਸ਼ੋਅ ਰਾਹੀਂ ਉਹ ਖ਼ਾਸ ਤੌਰ ’ਤੇ ਮੰਦਰ ’ਚ ਪ੍ਰਾਣ ਪ੍ਰਤੀਸ਼ਠਾ ਅਤੇ ਆਮ ਤੌਰ ’ਤੇ ਮੰਦਰ ਨਿਰਮਾਣ ਦੀ ਸ਼ੁਹਰਤ (ਭੱਲ) ਦੇ ਆਪਣੇ ਦਾਅਵੇ ਦੀ ਯਾਦ ਤਾਜ਼ੀ ਕਰ ਸਕਣ, ‘ਜੋ ਲਾਏ ਹੈਂ ਰਾਮ ਕੋ, ਹਮ ਉਨਕੋ ਲਾਏਂਗੇ’ ਦੇ ਨਾਅਰਿਆਂ ਲਈ ਇੱਕ ਵਾਰ ਫਿਰ ਮੌਕਾ ਬਣ ਸਕੇ। ਪਰ ਜੇ ਵਾਕਈ ਹੀ ਅਜਿਹਾ ਹੋਵੇ ਤਾਂ ਵੀ, ਸਾਰਾ ਕੁੱਛ ਮੋਦੀ ਦੀ ਸਕਰਿਪਟ ਅਨੁਸਾਰ ਨਹੀਂ ਚੱਲ ਰਿਹਾ ਲੱਗਦਾ ਹੈ। ਇਸ ਲਈ ਅਸੰਭਵ ਨਹੀਂ ਹੈ ਕਿ ਰਾਮ ਨੌਮੀ ਤੋਂ ਖੁੰਝ ਜਾਣ ਬਾਅਦ, ਚੋਣਾਂ ਦਰਮਿਆਨ ਹੀ ਮੋਦੀ ਦੇ ਅਯੁੱਧਿਆ ਦੌਰੇ ਦੀ ਯੋਜਨਾ ਬਾਅਦ ’ਚ, ਕੁੱਛ ਜਲਦਬਾਜ਼ੀ ’ਚ ਬਣਾਈ ਗਈ ਹੋਵੇ।
ਉਂਝ ਸਾਰਾ ਕੁੱਛ ਪਹਿਲਾਂ ਤੋਂ ਤੈਅਸ਼ੁਦਾ ਯੋਜਨਾ ਅਨੁਸਾਰ ਹੀ ਹੋਇਆ ਹੋਵੇ ਤਦ ਵੀ, ਮੋਦੀ ਦੇ ਅਯੁੱਧਿਆ ’ਚ ਭੋਗ ਲਾਉਣ ਦੀ ਜ਼ਰੂਰਤ ਕਿੰਨੀ ਵੱਧ ਗਈ ਸੀ, ਇਸ ਦਾ ਕੁੱਛ ਅੰਦਾਜ਼ਾ ਤੀਜੇ ਦੌਰ ਦੀਆਂ ਚੋਣਾਂ ਦੇ ਪ੍ਰਚਾਰ ਦੇ ਆਖਿਰ ਤੱਕ ਆਉਂਦਿਆਂ , ਵਿਰੋਧੀਆਂ ਖ਼ਿਲਾਫ਼ ਹਿੰਦੂਆਂ ਨੂੰ ਭੜਕਾਉਣ ਲਈ ਖ਼ੁਦ ਮੋਦੀ ਅਤੇ ਉਨ੍ਹਾਂ ਦੇ ਨਕਸ਼ੇ-ਕਦਮਾਂ ’ਤੇ ਚਲਦਿਆਂ ਹੋਰ ਸਾਰੇ ਭਾਜਪਾ ਆਗੂਆਂ ਦਾ, ਸਭ ਤੋਂ ਵੱਧ ਰਾਮ ਅਤੇ ਰਾਮ ਮੰਦਰ ਦੀ ਦੁਹਾਈ ਦਾ ਓਟ-ਆਸਰਾ ਲੈਣ ਤੋਂ ਲੱਗ ਜਾਂਦਾ ਹੈ। ਇਹ ਕੋਈ ਇਤਫ਼ਾਕ ਨਹੀਂ ਹੈ ਕਿ ਤੀਜੇ ਦੌਰ ਦੇ ਚੋਣ ਪ੍ਰਚਾਰ ਦੇ ਆਖੀਰ ਤੱਕ ਆਉਂਦੇ-ਆਉਂਦੇ, ਉਨ੍ਹਾਂ ਦੇ ਪ੍ਰਚਾਰ ’ਚ ਮੋਦੀ ਦੀਆਂ ਗਰੰਟੀਆਂ ਤੱਕ ਗ਼ਾਇਬ ਹੋ ਗਈਆਂ ਹਨ ਅਤੇ ਪ੍ਰਚਾਰ ਦੇ ਕੇਂਦਰ ’ਚ ਇਸ ਦੇ ਦਾਅਵੇ ਆ ਗਏ ਹਨ ਕਿ ਮੋਦੀ ਅਤੇ ਉਨ੍ਹਾਂ ਦੇ ਗੱਠਜੋੜ ਦੇ ਵਿਰੋਧੀ, ਰਾਮ ਵਿਰੋਧੀ ਬਲਕਿ ਰਾਮਧ੍ਰੋਹੀ ਹਨ। ਉਨ੍ਹਾਂ ਨੇ ਪ੍ਰਾਣ-ਪ੍ਰਤੀਸ਼ਠਾ ਸਮਾਗਮ ਦਾ ਸੱਦਾ ਠੁਕਰਾ ਕੇ ਰਾਮ ਦਾ ਅਪਮਾਨ ਕੀਤਾ ਸੀ । ਅਤੇ ਹੁਣ, ਕਾਂਗਰਸ ਤੋਂ ਦਲਬਦਲੀ ਕਰਵਾ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਕੀਤੇ ਗਏ, ਉਸਦੇ ਇੱਕਾ-ਦੁੱਕਾ ਬੁਲਾਰਿਆਂ ਦੇ ਬਹਾਨੇ ਨਾਲ ਇਹ ਵੀ ਕਿ ਇਹ ਵਿਰੋਧੀ ਤਾਂ, ਰਾਮ ਲਲਾ ਦੇ ਦਰਸ਼ਨ ਕਰਨ ਜਾਣ ਵਾਲਿਆਂ ਨੂੰ ਸਜ਼ਾ ਦੇ ਰਹੇ ਹਨ!
ਪਹਿਲੇ ਗੇੜ ਦੇ ਮਤਦਾਨ ਦੇ ਆਖਰੀ ਅੰਕੜੇ, ਮਤਦਾਨ ਦੇ ਦੋ ਗੇੜ ਪੂਰੇ ਹੋ ਜਾਣ
ਅਤੇ ਆਦਿਤਿਆਨਾਥ ਦੀ ਇੱਕਦਮ ਤਾਜ਼ਾਤਾਰੀਨ ਕਾਢ ਇਹ ਵੀ ਕਿ ਜੇ ਇੰਡੀਆ ਗੱਠਜੋੜ ਵਾਲੇ ਸੱਤਾ ’ਚ ਆ ਗਏ ਤਾਂ ਇਹ ਰਾਮ ਮੰਦਰ ਦੇ ਪ੍ਰੋਗਰਾਮ ਨੂੰ ਹੀ ਪਲਟਵਾ ਦੇਣਗੇ! ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਇੱਕ ਕਦਮ ਹੋਰ ਅੱਗੇ ਵੱਧਦਿਆਂ, ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦੇਣ ਕਿ ਉਨ੍ਹਾਂ ਦੇ ਵਿਰੋਧੀਆਂ ਦੀ ਸਰਕਾਰ ਆ ਗਈ ਤਾਂ, ਰਾਮ ਮੰਦਰ ਨੂੰ ਤੜਵਾ ਕੇ ਦੁਬਾਰਾ ਉਥੇ ਬਾਬਰੀ ਮਸਜਿਦ ਬਣਵਾ ਦੇਣਗੇ।
ਕਿਸੇ ਕੋਲੋਂ ਇਹ ਗੱਲ ਲੁਕੀ-ਛੁਪੀ ਨਹੀਂ ਕਿ ਪੂਰੀ ਤਰ੍ਹਾਂ ਰਾਮ ਮੰਦਰ ਭਰੋਸੇ ਮੰਜ਼ਿਲ ਹਾਸਲ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਮੁਹਿੰਮ, ਇਸ ਵਾਰ ਦੀਆਂ ਚੋਣਾਂ ’ਚ ਜਿਵੇਂ ਜਿਵੇਂ ਅੱਗੇ ਵੱਧਦੀ ਗਈ ਹੈ, ਉਵੇਂ ਉਵੇਂ ਹੀ ਉੱਖੜਦੀ ਗਈ ਹੈ। ਅਲਬੱਤਾ, ਉਸਦੀ ਚੋਣ ਪ੍ਰਚਾਰ ਮੁਹਿੰਮ ਦੇ ਹਰੇਕ ਗੇੜ ’ਚ, ਵੱਧ ਤੋਂ ਵੱਧ ਰਾਮ ਭਰੋਸੇ ਹੁੰਦੀ ਗਈ ਹੈ। ਜਾਹਿਰ ਹੈ ਕਿ ਪਹਿਲੇ ਗੇੜ ਦੀਆਂ ਵੋਟਾਂ ਤੋਂ ਪਹਿਲਾਂ ਤੱਕ ਰਾਮ ਮੰਦਰ ਬਣਾਉਣ ਤੱਕ ਦੀ ਦੁਹਾਈ ਜ਼ਰੂਰ ਸੀ, ਪਰ ਉਸ ਤੋਂ ਜ਼ਿਆਦਾ ਨਹੀਂ ਤਾਂ ਓਨਾ ਹੀ ਜ਼ੋਰ ਮੋਦੀ ਦੀਆਂ ਗਰੰਟੀਆਂ ਦਾ ਅਤੇ ਪੰਜ ਸਾਲਾਂ ’ਚ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦੇਣ ਤੋਂ ਲੈ ਕੇ, 2047 ਤਕ ਵਿਕਸਿਤ ਭਾਰਤ ਬਣਾਉਣ ਦੇ ਦਾਅਵਿਆਂ ਤੇ ਵਾਅਦਿਆਂ ਦਾ ਵੀ ਸੀ। ਪਰ, ਪਹਿਲੇ ਗੇੜ ਦੀਆਂ ਵੋਟਾਂ ’ਚ, 2019 ਦੇ ਮੁਕਾਬਲੇ ਕਮੀ ਦੀ ਖ਼ਬਰ ਆਉਂਦਿਆਂ ਹੀ (ਹਾਲਾਂਕਿ ਚੋਣ ਕਮਿਸ਼ਨ ਨੇ 11 ਦਿਨਾਂ ਬਾਅਦ ਪਈਆਂ ਵੋਟਾਂ ਦਾ ਅੰਤਿਮ ਅੰਕੜਾ ਵਧਾਉਂਦਿਆਂ ਇਸ ਕਮੀ ਨੂੰ ਅੱਧਾ ਹੀ ਕਰ ਦਿੱਤਾ) ਅਤੇ ਇਹ ਸਾਫ਼ ਹੁੰਦਿਆਂ ਹੀ ਸਭ ਕੁੱਛ ਦੇ ਬਾਅਦ ਵੀ ਘੱਟੋ ਘੱਟ ਮੋਦੀ ਦੇ ਹੱਕ ’ਚ ਇੱਕਤਰਫ਼ਾ ਵੋਟਾਂ ਨਹੀਂ ਪੈ ਰਹੀਆਂ ਸਗੋਂ ਮੋਦੀ ਦਾ ਚਿਹਰਾ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਉਡਿਆ ਹੋਇਆ ਹੀ ਹੈ, ਮੋਦੀ ਐਂਡ ਕੰਪਨੀ ਦੀ ਭਾਸ਼ਾ ਬਦਲ ਗਈ ਹੈ। ਹੁਣ ਗਰੰਟੀਆਂ, ਵਾਅਦੇ ਵਗੈਰਾ ਤਾਂ ਸਭ ਕੁੱਛ ਪਿੱਛੇ ਛੁੱਟ ਹੀ ਗਏ ਹਨ, ਰਾਮ ਮੰਦਰ ’ਚ ਆਸਥਾ-ਅਨਾਸਥਾ ਦੀਆਂ ਦਲੀਲਾਂ ਨੂੰ ਵੀ ਨਾਕਾਫ਼ੀ ਮੰਨਕੇ, ਸਿੱਧੇ-ਸਿੱਧੇ ਧਾਰਮਿਕ ਦੁਹਾਈ ਦੇ ਫ਼ਿਰਕੂ ਰੂਪ ਦਾ ਆਸਰਾ ਲੈ ਕੇ ਵਿਰੋਧੀਆਂ ’ਤੇ ਹਮਲੇ ਕਰਨ ਦਾ ਰਾਹ ਅਖ਼ਤਿਆਰ ਕੀਤਾ ਹੈ।
ਇਸ ਤਰ੍ਹਾਂ ਪਹਿਲੇ ਅਤੇ ਦੂਜੇ ਗੇੜ ਦਰਮਿਆਨ ਮੋਦੀ ਪਾਰਟੀ ਬੜੇ ਜ਼ੋਰ-ਸ਼ੋਰ ਨਾਲ ਕਾਂਗਰਸ ਪਾਰਟੀ ਦੇ ਚੋਣ ਮੈਨੀਫੇਸਟੋ (ਚੋਣ ਮਨੋਰਥ-ਪੱਤਰ) ਦੇ ਨਾਮ ’ਤੇ ਸਰਾਸਰ ਝੂਠ ਬੋਲਦਿਆਂ, ਇਸ ਦਾ ਪ੍ਰਚਾਰ ਕਰਨ ’ਤੇ ਲੱਗੀ ਹੋਈ ਸੀ ਕਿ ਜੇ ਇੰਡੀਆ ਗੱਠਜੋੜ ਦੀ ਸਰਕਾਰ ਆ ਗਈ ਤਾਂ ਲੋਕਾਂ ਦੀਆਂ ਜਾਇਦਾਦਾਂ ਨੂੰ ਖੋਹ ਕੇ ਵੰਡ ਦਿੱਤਾ ਜਾਵੇਗਾ। ਖ਼ੁਦ ਨਰੇਂਦਰ ਮੋਦੀ ਨੇ ਇਸ ਪ੍ਰਚਾਰ ਨੂੰ ਮੰਗਲਸੂਤਰ ਖੋਹ ਕੇ ਵੰਡ ਦਿੱਤੇ ਜਾਣਗੇ, ਘਰ ਦੇ ਗਹਿਣੇ ਖੋਹ ਕੇ ਵੰਡ ਦਿੱਤੇ ਜਾਣਗੇ, ਨਗਦੀ ਜ਼ਬਤ ਕਰਕੇ ਵੰਡ ਦਿੱਤੀ ਜਾਵੇਗੀ, ਜ਼ਮੀਨ ਵੰਡ ਦੇਣਗੇ ਅਤੇ ਇੱਥੋਂ ਤੱਕ ਕਿ ਘਰਾਂ ’ਚ ਜੇ ਚਾਰ ਕਮਰੇ ਹੋਣਗੇ ਤਾਂ ਦੋ ਕਮਰੇ ਖੋਹ ਕੇ ਵੰਡ ਦਿੱਤੇ ਜਾਣਗੇ, ਦੋ ਮੱਝਾਂ ਹੋਣਗੀਆਂ ਤਾਂ ਇੱਕ ਖੋਹ ਕੇ ਵੰਡ ਦਿੱਤੀ ਜਾਵੇਗੀ ਤੱਕ ਮਜ਼ਾਕੀਆ ਪੱਧਰ ’ਤੇ ਪਹੁੰਚਾ ਦਿੱਤਾ ਹੈ। ਪਰ, ਘੋਰ ਗ਼ਰੀਬੀ ਅਤੇ ਬਦਹਾਲੀ ਦੇ ਮਾਰੇ ਇਸ ਦੇਸ਼ ’ਚ, ‘ਜਾਇਦਾਦਾਂ’ ਵੰਡੇ ਜਾਣ ਦਾ ਡਰ ਤਾਂ ਆਪਣੇ ਆਪ ’ਚ ਬਹੁਤ ਜ਼ਿਆਦਾ ਅਸਰਦਾਰ ਨਹੀਂ ਹੋ ਸਕਦਾ ਸੀ, ਹਾਲਾਂਕਿ ਖ਼ਰਬਪਤੀਆਂ ਦੀ ਯਾਰੀ, ਸੂਟਡ-ਬੂਟਡ ਸਰਕਾਰ ਚਲਾ ਰਹੀ, ਦੁਨੀਆ ਦੀ ਸਭ ਤੋਂ ਮਾਲਦਾਰ ਮੋਦੀ ਦੀ ਪਾਰਟੀ ਨੂੰ, ਜਾਇਦਾਦਾਂ ਦੇ ਮੁੜ ਵੰਡੇ ਜਾਣ ਦੇ ਰੱਤੀਭਾਰ ਇਸ਼ਾਰੇ ’ਚ, ਸ਼ੁਰੂਆਤੀ ਖ਼ਤਰਾ ਦਿਖਾਈ ਦੇਣਾ ਸੁਭਾਵਿਕ ਸੀ। ਆਖ਼ਿਰਕਾਰ, ਮੁੜ ਵੰਡੇ ਜਾਣ ਦੀ ਕੋਈ ਵੀ ਗੱਲ ਚੱਲੇਗੀ, ਤਾਂ ਮੋਦੀ ਦੇ ਖ਼ਰਬਪਤੀ ਮਿੱਤਰਾਂ ਤੱਕ ਹੀ ਜਾਵੇਗੀ, ਜਿਨ੍ਹਾਂ ਦੇ ਚੰਦਿਆਂ ਨੇ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਅਮੀਰ ਪਾਰਟੀ ਬਣਾ ਦਿੱਤਾ ਹੈ। ਮੋਦੀ ਦੀ ਭਾਰਤੀ ਜਨਤਾ ਪਾਰਟੀ, ਜੋ ਇਨ੍ਹਾਂ ਅਰਬਪਤੀਆਂ ਤੋਂ ਵੱਧ ਤੋਂ ਵੱਧ ਦੌਲਤ ਭੋਟਣ ਨੂੰ ਹੀ ‘‘ਵਿਕਾਸ’’ ਮੰਨਦੀ ਹੈ ਅਤੇ ਉਨ੍ਹਾਂ ਨੂੰ ਹੀ ‘ਜਾਇਦਾਦ ਨਿਰਮਾਤਾ’ ਦਸ ਕੇ, ਉਨ੍ਹਾਂ ਤੋਂ ਵੱਧ ਤੋਂ ਵੱਧ ਪੈਸਾ ਭੋਟਣ ਨੂੰ ਹੀ ਕੰਮ ਮੰਨਦੀ ਹੈ, ਉਨ੍ਹਾਂ ਤੋਂ ਕੁੱਛ ਵੀ ਲਏ ਜਾਣ ਦੇ ਵਿਚਾਰ ਤੱਕ ਨੂੰ ਸਹਿਣ ਨਹੀਂ ਕਰ ਸਕਦੀ ਹੈ। ਉਸਨੇ ਤਾਂ ਲੱਖਾਂ ਕਰੋੜ ਰੁਪਏ ਦੀ ਟੈਕਸ ਮਾਫੀ ਅਤੇ ਕਰਜ਼ਾ ਮਾਫੀਆਂ ਦੇ ਕੇ ਉਨ੍ਹਾਂ ਦੀਆਂ ਤਿਜੌਰੀਆਂ ਨੂੰ ਹੋਰ ਭਰਨ ਦੀ ਦਿਸ਼ਾ ’ਚ ਹੀ ਦੇਸ਼ ਦੀਆਂ ਸਾਰੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਚਲਾਇਆ ਹੈ। ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੋਦੀ ਨੂੰ ਮੁੱਖ ਵਿਰੋਧੀ ਪਾਰਟੀ ਅਤੇ ਖੱਬੇ-ਪੱਖੀਆਂ ਦੇ ਡਰ ਦਾ ਭੂਤ ਸਤਾ ਰਿਹਾ ਹੈ। ਪਰ, ਉਨ੍ਹਾਂ ਦੀ ਬਦਕਿਸਮਤੀ ਅਤੇ ਦੇਸ਼ ਅਤੇ ਜਨਤਾ ਦੀ ਖੁਸ਼ਕਿਸਮਤ ਨਾਲ, ਘੋਰ ਗ਼ਰੀਬੀ ਝੱਲ ਰਹੇ ਆਮ ਭਾਰਤੀ, ਜੋ ਇਸ ਗ਼ੈਰ-ਮਾਮੂਲੀ ਨਾਬਰਾਬਰੀ ਦੇ ਭਾਰ ਹੇਠ ਪਿੱਸ ਰਹੇ ਹਨ, ਉਨ੍ਹਾਂ ਦੀ ਇਸੇ ਪਰੇਸ਼ਾਨੀ ’ਚ, ਉਨ੍ਹਾਂ ਦੇ ਨਾਲ ਖੜ੍ਹੇ ਹੋਣ ਨੂੰ ਤਿਆਰ ਨਹੀਂ ਹਨ
ਇਸੇ ਲਈ, ਮੁੜ ਵੰਡ ਦੇ ਸੰਕੇਤਾਂ ਨੂੰ ਪੂਰੀ ਤਰ੍ਹਾਂ ਪਲਟਣ ਲਈ ਮੋਦੀ ਐਂਡ ਕੰਪਨੀ ਨੇ, ਇਸ ਨੂੰ ਪੂਰੀ ਤਰ੍ਹਾਂ ਨਾਲ ਫ਼ਿਰਕੂ ਰੂਪ ਦਿੰਦਿਆਂ, ‘‘ਮੁਸਲਮਾਨਾਂ ਨੂੰ ਵੰਡ ਦੇਣਗੇ’’ ਦਾ ਮਾਮਲਾ ਬਣਾ ਦਿੱਤਾ। ਬੇਸ਼ੱਕ ਅੱਗੇ ਚੱਲ ਕੇ ਤਕਨੀਕੀ ਬਚਾਅ ਕਰਦਿਆਂ ਮੁਸਲਮਾਨ ਸ਼ਬਦ ਦੀ ਵਰਤੋਂ ਨਾ ਕਰਕੇ ਵਿਰੋਧੀਆਂ ਦੇ ‘ਤੁਸ਼ਟੀਕਰਨ ਵਾਲੇ ਵੋਟ ਬੈਂਕ’, ‘ਜੇਹਾਦੀ ਵੋਟ ਬੈਂਕ’ ਆਦਿ ਕਰ ਦਿੱਤਾ ਗਿਆ, ਪਰ ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਗਈ ਕਿ ਸੰਕੇਤ ਮੁਸਲਮਾਨਾਂ ਵੱਲ ਹੈ। ਦੂਜੇ ਗੇੜ ਦੀਆਂ ਵੋਟਾਂ ’ਚ ਵੀ 2019 ਦੇ ਮੁਕਾਬਲੇ ਗਿਰਾਵਟ ਤੋਂ ਇਸ ਗੱਲ ਦੀ ਪੁਸ਼ਟੀ ਹੋਣ ਬਾਅਦ ਕਿ ਜੇ ਕੋਈ ਹਵਾ ਚੱਲ ਰਹੀ ਹੈ, ਤਾਂ ਮੋਦੀ ਐਂਡ ਕੰਪਨੀ ਦੇ ਖ਼ਿਲਾਫ਼ ਹੀ ਚੱਲ ਰਹੀ ਹੈ, ਇਨ੍ਹਾਂ ਮੁਸਲਿਮ ਵਿਰੋਧੀ ਦਾਅਵਿਆਂ ਨੂੰ ਆਮ ਹਿੰਦੂਆਂ ਵਿਚਕਾਰ ਯਕੀਨ ਬਣਾਉਣ ਦੀ ਕੋਸ਼ਿਸ਼ ’ਚ, ਵੰਡ ਦੇ ਉਨ੍ਹਾਂ ਦਾਅਵਿਆਂ ਨੂੰ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਅਤੇ ਪੱਛੜੇ ਵਰਗ ਦੇ ‘‘ਰਾਖਵਾਂਕਰਨ ਨੂੰ ਖੋਹ ਲੈਣਗੇ, ਵੰਡ ਦੇਣਗੇ’’ ਵੱਲ ਵਧਾ ਦਿੱਤਾ ਗਿਆ ਹੈ। ਕਰਨਾਟਕ ਸਮੇਤ ਦੱਖਣ ਭਾਰਤ ਦੇ ਕੁੱਛ ਸੂਬਿਆਂ ’ਚ ਅਤੇ ਬਿਹਾਰ ’ਚ ਵੀ ਦੂਜੇ ਪੱਛੜੇ ਵਰਗੇ ਦੇ ਹਿੱਸੇ ਦੇ ਤੌਰ ’ਤੇ ਮੁਸਲਮਾਨਾਂ ਨੂੰ ਕਈ ਦਹਾਕਿਆਂ ਤੋਂ ਜੋ ਰਾਖਵਾਂਕਰਨ ਹਾਸਿਲ ਹੈ, ਕਰਨਾਟਕ ’ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਐਨ ਪਹਿਲਾਂ ਮੋਦੀ ਦੀ ਭਾਜਪਾ ਸਰਕਾਰ ਨੇ ਵਿਵਾਦ ਖੜਾ ਕੀਤਾ ਸੀ, ਜਿਸ ਰਾਖਵਾਂਕਰਨ ਨੂੰ ਖ਼ਤਮ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਸੁਪਰੀਮ ਕੋਰਟ ਨੇ ਖਾਰਿਜ਼ ਕਰ ਦਿੱਤਾ ਸੀ, ਉਸੇ ਰਾਖਵਾਂਕਰਨ ਦੀ ਕਾਂਗਰਸ ਸਰਕਾਰ ਦੁਆਰਾ ਬਹਾਲੀ ਨੂੰ, ਖ਼ਾਸ ਤੌਰ ’ਤੇ ਦੂਜੇ ਪੱਛੜੇ ਵਰਗ ਦੇ ਹਿੰਦੂਆਂ ਦਰਮਿਆਨ ਮੁਸਲਿਮ ਵਿਰੋਧੀ ਜਨੂੰਨ ਪੈਦਾ ਕਰਨ ਲਈ ਵਰਤਣ ਦੀ ਕੋਸ਼ਿਸ਼ ਕੀਤੀ ਗਈ।
ਬਹਰਹਾਲ, ਤੀਜੇ ਗੇੜ ਦੇ ਚੋਣ ਪ੍ਰਚਾਰ ਦੇ ਅਖੀਰ ਤੱਕ ਆਉਂਦੇ ਆਉਂਦੇ ਫ਼ਿਰਕੂ ਧਰੁਵੀਕਰਨ ਦੀਆਂ ਇਹ ਕੋਸ਼ਿਸ਼ਾਂ ਵੀ ਥੋਥੀਆਂ ਹੋ ਗਈਆਂ ਲੱਗਦੀਆਂ ਹਨ। ਰਾਖਵਾਂਕਰਨ ਦੇ ਮਾਮਲੇ ’ਤੇ ਅਤੇ ਸੰਵਿਧਾਨ ਨੂੰ ਬਦਲਣ ਦੇ ਮੁੱਦਿਆਂ ’ਤੇ ਮੋਦੀ ਦੀ ਭਾਰਤੀ ਜਨਤਾ ਪਾਰਟੀ, ਆਰਐਸਐਸ ਮੁਖੀ ਮੋਹਨ ਭਾਗਵਤ ਨੂੰ ਮੈਦਾਨ ’ਚ ਉਤਾਰਨ ਦੇ ਬਾਵਜੂਦ, ਖ਼ੁਦ ਬਚਾਅ ਵੱਲ ਹੀ ਹੈ। ਇਹ ਵੀ ਸਾਰੇ ਜਾਣਦੇ ਹਨ ਕਿ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਦੇ ਰਾਖਵਾਂਕਰਨ ਸੰਬੰਧੀ ਕੋਈ ਬਦਲਾਅ ਕੀਤਾ ਹੀ ਨਹੀਂ ਜਾ ਸਕਦਾ। ਅਜਿਹੇ ’ਚ ਪੱਛੜੇ ਵਰਗ ’ਚ ਪੱਛੜੇ ਮੁਸਲਮਾਨਾਂ ਦੇ ਰਾਖਵਾਂਕਰਨ ਦੇ ਪਹਿਲਾਂ ਤੋਂ ਚੱਲੇ ਆ ਰਹੇ ਕਾਨੂੰਨ ਨੂੰ ਮੁੱਦਾ ਬਣਾ ਕੇ ਧਰੁਵੀਕਰਨ ਲਈ ਕੋਈ ਖ਼ਾਸ ਲਾਹਾ ਹਾਸਿਲ ਕਰਨਾ ਮੁਸ਼ਕਿਲ ਹੈ, ਹਾਲਾਂਕਿ ਲਾਲੂ ਯਾਦਵ ਦੇ ਇੱਕ ਬਿਆਨ ਨੂੰ ਤੋੜ-ਮਰੋੜ ਕੇ ਖ਼ੁਦ ਪ੍ਰਧਾਨ ਮੰਤਰੀ ਨੇ ਇਹ ਦਸ ਦਿੱਤਾ ਹੈ ਕਿ ਉਹ ਧਰੁਵੀਕਰਨ ਦੇ ਇਸ ਬਹਾਨੇ ਨੂੰ ਵੀ ਛੱਡ ਨਹੀਂ ਰਹੇ ਹਨ।
ਬਹਰਹਾਲ, ਇੱਕ ਪਾਸੇ ਫ਼ਿਰਕੂ ਪੈਂਤੜੇ ਦਾ ਸਪਸ਼ਟ ਹੁੰਦਾ ਖੋਖਲਾਪਣ ਹੈ ਅਤੇ ਬੇਰੁਜ਼ਗਾਰੀ, ਮਹਿੰਗਾਈ, ਗ਼ਰੀਬੀ ਵਰਗੇ ਭਖ਼ਦੇ ਮਸਲੇ ਹਨ, ਜੋ ਵੋਟਰਾਂ ਸਾਹਮਣੇ ਮੂੰਹ ਅੱਡੀ ਖੜੇ ਹਨ। ਇਸੇ ਪਿਛੋਕੜ ’ਚ ਅੱਧੀਆਂ ਚੋਣਾਂ ਆਪਣਾ ਹੱਥਾਂ ’ਚੋਂ ਲੰਘ ਚੁੱਕੀਆਂ ਦੇਖ ਕੇ, ਮੋਦੀ ਦੀ ਭਾਰਤੀ ਜਨਤਾ ਪਾਰਟੀ ਮੁਕੰਮਲ ਤੌਰ ’ਤੇ ਰਾਮ ਭਰੋਸੇ ਹੀ ਹੋ ਗਈ ਹੈ।
ਨਰੇਂਦਰ ਮੋਦੀ ਇਸੇ ਲਈ, ਭੱਜੇ-ਭੱਜੇ ਰਾਮਲਲਾ ਨੂੰ ਦੰਡਵਤ ਪ੍ਰਣਾਮ ਕਰਨ ਪਹੁੰਚੇ ਹਨ। ਇਸੇ ਦੌਰਾਨ, ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆਨਾਥ ਨੇ ਮੋਦੀ ਦੀ ਮੰਦਰ ਮੁਹਿੰਮ ਨੂੰ ਹੋਰ ਸਪਸ਼ਟ ਫ਼ਿਰਕੂ ਦਿਸ਼ਾ ’ਚ ਅੱਗੇ ਵਧਾਉਂਦਿਆਂ, ਹਿੰਦੂਆਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਆ ਗਈ ਤਾਂ ਹਿੰਦੂਆਂ ’ਤੇ ‘‘ਜਜ਼ੀਆ’’ ਲਾ ਦੇਣਗੇ, ਬਣੇ ਬਣਾਏ ਮੰਦਰ ਨੂੰ ਮੁੜ ਬਾਬਰੀ ਮਸਜਿਦ ’ਚ ਬਦਲ ਦੇਣਗੇ, ਆਦਿ ਆਦਿ। ਅਤੇ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮਹਾਰਾਸ਼ਟਰ ਦੀ ਚੋਣ ਰੈਲੀ ’ਚ ਇਹ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਨੂੰ ਚਾਰ ਸੌ ਇਸ ਲਈ ਚਾਹੀਦੀਆਂ ਹਨ ਕਿ ‘ਕਾਂਗਰਸ ਰਾਮ ਮੰਦਰ ’ਤੇ ਬਾਬਰੀ ਤਾਲਾ ਨਾ ਜੜ ਸਕੇ’! ਇਸ ਦਰਮਿਆਨ ਮੋਦੀ ਦੀ ਪਾਰਟੀ ਦੇ ਚੋਣ ਪ੍ਰਚਾਰ ’ਚ ਪਾਕਿਸਤਾਨ ਦੀ ਐਂਟਰੀ ਤਾਂ ਹੋ ਹੀ ਚੁੱਕੀ ਹੈ- ਕਿ ਇੰਡੀਆ ਗੱਠਜੋੜ ਦੀ ਜਿੱਤ ਨਾਲ ਪਾਕਿਸਤਾਨ ਤਾਂ ਖੁਸ਼ ਹੋ ਹੀ ਜਾਵੇਗਾ। ਖ਼ੈਰ! ਪਾਕਿਸਤਾਨ ਦੀ ਖੁਸ਼ੀ-ਨਾਖੁਸ਼ੀ ਆਪਣੀ ਜਗ੍ਹਾ, ਗੌਰ ਕਰਨ ਵਾਲੀ ਗੱਲ ਇਹ ਹੈ ਕਿ ਚਾਰ ਸੌ ਪਾਰ ਦੇ ਦਾਅਵੇ ਛੱਡ ਕੇ ਮੋਦੀ ਐਂਡ ਕੰਪਨੀ ਨੇ ਹੁਣ ਲੋਕਾਂ ਨੂੰ ਇਹ ਡਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਇੰਡੀਆ ਗੱਠਜੋੜ ਆ ਜਾਵੇਗਾ।
---0---
-ਰਾਜੇਂਦਰ ਸ਼ਰਮਾ