Tuesday, January 21, 2025  

ਲੇਖ

ਪੁਸਤਕ ‘‘ਸੁਨਹਿਰਾ ਗੁਲਾਬ’’ ਪੜ੍ਹਦਿਆਂ...

May 20, 2024

ਆਮ ਤੌਰ ’ਤੇ ਕੋਈ ਵੀ ਕਿਤਾਬ ਪੜ੍ਹ ਕੇ, ਮਾਣ ਕੇ, ਅਲਮਾਰੀ ਵਿਚ ਸਾਂਭ ਦਿੱਤੀ ਜਾਂਦੀ ਹੈ ਜਾਂ ਕਿਸੇ ਹੋਰ ਲੇਖਕ ਨੂੰ ਅਗਾਂਹ ਪੜ੍ਹਨ ਵਾਸਤੇ ਦੇ ਦਿੱਤੀ ਜਾਂਦੀ ਹੈ। ਪਰ ਕਈ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਵਾਰ-ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਅਜਿਹੀਆਂ ਕਿਤਾਬਾਂ ਮਨ ਵਿਚ ਸ਼ਰਧਾ ਅਤੇ ਪੂਜਾ ਦੀ ਥਾਂ ਬਣਾ ਲੈਂਦੀਆਂ ਹਨ। ਪਹਿਲੀ ਨਜ਼ਰੇ ਮੇਰਾ ਮਨ ਮੋਹ ਲੈਣ ਵਾਲੀਆਂ ਇਨ੍ਹਾਂ ਕਿਤਾਬਾਂ ਦੀ ਜੇ ਗਿਣਤੀ ਕਰੀਏ ਤਾਂ ਇਹ ਉਂਗਲਾਂ ਦੇ ਪੋਟਿਆਂ ’ਤੇ ਹੀ ਖਤਮ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ ਜੇ ਮਨਪਸੰਦ ਪੁਸਤਕ ਦੀ ਚੋਣ ਕਰਾਂ ਤਾਂ ਪਹਿਲੀ ਨਜ਼ਰੇ ਰੂਸੀ ਲੇਖਕ ਕੌਨਸਤਾਨਤਿਨ ਪਾਸਤੋਵਸਕੀ ਦੀ ਕਿਤਾਬ ’ਸੁਨਹਿਰਾ ਗੁਲਾਬ’ ਦਿ੍ਰਸ਼ਟੀਗੋਚਰ ਹੁੰਦੀ ਹੈ। ਇਹ ਪੁਸਤਕ ਵਾਕਈ ਸੋਨੇ ਦਾ ਗੁਲਾਬ ਹੈ। ਇਸ ਵਿਚ ਨਾ ਤਾਂ ਕਹਾਣੀਆਂ ਹਨ, ਨਾ ਕਵਿਤਾਵਾਂ ਨਾ ਲੇਖ। ਨਾ ਹੀ ਇਹ ਪੁਸਤਕ ਕੋਈ ਨਾਵਲ ਹੈ। ਬਸ ਇਹ ਪੁਸਤਕ ਜਾਦੂ ਦੇ ਸ਼ਬਦਾਂ ਦਾ ਖਜ਼ਾਨਾ ਹੈ। ਖੁਦ ਪਾਸਤੋਵਸਕੀ ਇਸ ਦੇ ਮੁੱਢਲੇ ਸ਼ਬਦਾਂ ਵਿਚ ਇਸ ਪੁਸਤਕ ਬਾਰੇ ਆਪਣੇ ਵਿਚਾਰ ਕਲਮਬੰਦ ਕਰਦਾ ਹੋਇਆ ਲਿਖਦਾ ਹੈ: ’ਇਸ ਪੁਸਤਕ ਵਿਚ ਬਹੁਤ ਸਾਰੀਆਂ ਗੱਲਾਂ ਵਿਚ ਬੇਤਰਤੀਬੀ ਹੈ ਤੇ ਸ਼ਾਇਦ ਸਪੱਸ਼ਟਤਾ ਦੀ ਘਾਟ ਵੀ।’ ਪਰ ਫਿਰ ਵੀ ਇਸ ਜਾਦੂਈ ਕਿਤਾਬ ਨੇ ਤੇਜ਼ੀ ਨਾਲ ਪੰਜਾਬੀ ਲੇਖਕਾਂ ਤੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਨੂੰ ਪੜ੍ਹਨ ਵਾਲਾ ਹਰ ਪਾਠਕ ਇਸ ਦੇ ਸ਼ਬਦਾਂ ਅਤੇ ਵਿਚਾਰਾਂ ਤੋਂ ਕੀਲਿਆ ਜਾਂਦਾ ਹੈ। ਇਸ ਦਾ ਉਲੱਥਾ ਨਾਮਵਰ ਨਾਵਲਕਾਰ ਅਤੇ ਲੇਖਕ ਸੁਖਬੀਰ ਨੇ ਐਸੀ ਖੂਬੀ ਅਤੇ ਨਿਪੁੰਨਤਾ ਨਾਲ ਕੀਤਾ ਹੈ ਕਿ ਮੂਲ ਲਿਖਤ ਦਾ ਪ੍ਰਭਾਵ ਜਿਉਂ ਦਾ ਤਿਉਂ ਕਾਇਮ ਰਹਿੰਦਾ ਹੈ। ਕੋਈ ਪੱਚੀ-ਤੀਹ ਸਾਲ ਪਹਿਲਾਂ ਇਹ ਪੁਸਤਕ ਮੇਰੇ ਇਕ ਸਾਹਿਤਕ ਮਿੱਤਰ ਕੁਲਬੀਰ ਨੇ ਮੈਨੂੰ ਪੜ੍ਹਨ ਵਾਸਤੇ ਦਿੱਤੀ। ਕਿਤਾਬ ਬਹੁਤ ਸਾਲ ਪਹਿਲਾਂ ਛਪੀ ਹੋਣ ਕਰਕੇ ਇਸ ਕਿਤਾਬ ਦੇ ਵਰਕੇ ਮੱਕੀ ਦੀ ਰੋਟੀ ਦੀ ਤਰ੍ਹਾਂ ਟੁੱਟਦੇ ਸਨ। ਕਿਤਾਬ ਪੜ੍ਹਨ ਲੱਗਿਆਂ ਵਰਕਾ ਬੜੇ ਧਿਆਨ ਨਾਲ ਪਲਟਣਾ ਪੈਂਦਾ ਸੀ। ਜਗ੍ਹਾ-ਜਗ੍ਹਾ ਫਟੇ ਵਰਕਿਆਂ ’ਤੇ ਪਾਰਦਰਸ਼ੀ ਟੇਪ ਨਾਲ ਜੋੜ ਲਗਾਏ ਗਏ ਸਨ। ਇਹ ਕਿਤਾਬ ਪੜ੍ਹਨ ਵਿਚ ਮੈਨੂੰ ਐਨੀ ਚੰਗੀ ਲੱਗੀ ਕਿ ਮੈਂ ਇਸ ਨੂੰ ਕਿਸੇ ਵੀ ਕੀਮਤ ’ਤੇ ਖਰੀਦ ਲੈਣਾ ਚਾਹੁੰਦਾ ਸਾਂ। ਕੁਲਬੀਰ ਕਿਤਾਬ ਵਾਪਸ ਮੰਗਦਾ ਤਾਂ ਮੈਂ ਟਾਲ-ਮਟੋਲ ਕਰ ਛੱਡਦਾ। ਪੰਦਰਾਂ ਸਾਲ ਮੈਂ ਇਹ ਕਿਤਾਬ ਦੱਬੀ ਬੈਠਾ ਰਿਹਾ। ਸੰਨ 2001 ਵਿਚ ਜਦੋਂ ਚੇਤਨਾ ਪ੍ਰਕਾਸ਼ਨ ਨੇ ਇਹ ਕਿਤਾਬ ਦੁਬਾਰਾ ਛਾਪੀ ਤਾਂ ਮੈਂ ਸਪੈਸ਼ਲ ਦਿੱਲੀ ਜਾ ਕੇ ਨੈਸ਼ਨਲ ਬੁੱਕ ਸ਼ਾਪ ਵਾਲਿਆਂ ਤੋਂ ਖਰੀਦ ਕੇ ਲਿਆਇਆ। ਪੁਰਾਣੀ ਕਿਤਾਬ ਸੋਲਾਂ ਸਾਲਾਂ ਬਾਅਦ ਕੁਲਬੀਰ ਨੂੰ ਧੰਨਵਾਦ ਸਹਿਤ ਵਾਪਸ ਕਰ ਦਿੱਤੀ।ਮੁੱਖ ਤੌਰ ’ਤੇ ਇਸ ਕਿਤਾਬ ਨੂੰ ਵੀਹ ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਅਧਿਆਏ ਵਿਚ ਇਕ ਜਾਂ ਇਕ ਤੋਂ ਵੱਧ ਉਪ-ਲੇਖ ਸ਼ਾਮਲ ਕੀਤੇ ਗਏ ਹਨ। ਸਭ ਤੋਂ ਪਹਿਲਾਂ ਵਡਮੁੱਲੀ ਧੂੜ ਨਾਂ ਦੀ ਰਚਨਾ ਇਕ ਕਹਾਣੀ ਵਾਂਗ ਥੋੜ੍ਹੇ ਜਿਹੇ ਪੰਨਿਆਂ ਵਿਚ ਪੂਰੇ ਨਾਵਲ ਦੀ ਦਿਲਚਸਪ ਕਹਾਣੀ ਪ੍ਰਤੀਤ ਹੁੰਦੀ ਹੈ। ਰਚਨਾ ਦੇ ਅੰਤ ਵਿਚ ਪਾਸਤੋਵਸਕੀ ਲਿਖਦਾ ਹੈ: ’ਹਰ ਮਿੰਟ, ਹਰ ਲਫ਼ਜ਼, ਹਰ ਨਜ਼ਰ, ਹਰ ਖਿਆਲ- ਮਹਾਨ ਜਾਂ ਛੋਟਾ-ਆਦਮੀ ਦੇ ਦਿਲ ਦੀ ਬੇ-ਮਲੂਮੀ ਜਿਹੀ ਧੜਕਣ, ਸਫੈਦੇ ਦੇ ਬਿਰਛ ਤੋਂ ਕਿਸੇ ਫੁੱਲ ਦੇ ਡਿੱਗਣ ਦੀ ਆਵਾਜ਼, ਤਲਾਅ ਦੇ ਪਾਣੀ ਵਿਚ ਤਾਰਿਆਂ ਦੀ ਲੋਅ- ਸਭ ਸੋਨੇ ਦੀ ਧੂੜ ਦੇ ਕਿਣਕੇ ਹਨ। ਆਪਣੀ ਉਮਰ ਦੇ ਵਰਿ੍ਹਆਂ ਵਿਚ, ਅਸੀਂ ਲੇਖਕ ਅਚੇਤ ਤੌਰ ’ਤੇ ਅਜਿਹੇ ਲੱਖਾਂ ਕਿਣਕੇ, ’ਕੱਠੇ ਕਰਦੇ ਹਾਂ। ਤੇ ਤਦ ਤਾਈਂ ਸਾਡੇ ਕੋਲ ਜਮ੍ਹਾਂ ਰਹਿੰਦੇ ਹਨ ਜਦ ਤਾਈਂ ਉਨ੍ਹਾਂ ਨੂੰ ਇਕ ਡਲੀ ਦੀ ਸ਼ਕਲ ਵਿਚ ਨਹੀਂ ਢਾਲ ਲਿਆ ਜਾਂਦਾ। ਤੇ ਉਸ ਡਲੀ ’ਚੋਂ ਅਸੀਂ ਖਾਸ ਕਿਸਮ ਦੇ ਸੁਨਹਿਰੇ ਗੁਲਾਬ ਬਣਾਉਂਦੇ ਹਾਂ, ਕੋਈ ਕਹਾਣੀ, ਕੋਈ ਕਵਿਤਾ, ਕੋਈ ਨਾਵਲ। ਇਨ੍ਹਾਂ ਵਡਮੁੱਲੇ ਕਿਣਕਿਆਂ ਤੋਂ ਸਾਹਿਤ ਦੀ ਧਾਰਾ ਦਾ ਜਨਮ ਹੁੰਦਾ ਹੈ।’
ਸ਼ਿਲਾਲੇਖ ਨਾਂ ਦੇ ਅਗਲੇ ਅਧਿਆਏ ਵਿਚ ਪਾਸਤੋਵਸਕੀ ਇਕ ਸਿਰੜੀ ਲੇਖਕ ਮੁਲਤਾਤੁਲੀ ਦੀ ਗੱਲ ਕਰਦਾ ਹੈ, ਜਿਸ ਨੇ ਡੱਚ ਜਰਨੈਲਾਂ ਦੀਆਂ ਫਰੇਬ ਨਾਲ ਭਰੀਆਂ ਸਰਕਾਰੀ ਚਾਲਾਂ ਨੂੰ ਨਿੰਦਿਆ। ਉਸ ਦੇ ਨਤੀਜੇ ਵੀ ਭੁਗਤੇ। ਪਾਸਤੋਵਸਕੀ ਨੇ ਇਸ ਅਧਿਆਏ ਵਿਚ ਗਰੀਬ ਅਤੇ ਅਣਖੀ ਚਿੱਤਰਕਾਰ ਵਾਨ ਗਾਗ ਦੀ ਵੀ ਗੱਲ ਕੀਤੀ ਹੈ। ਸੁਨਹਿਰਾ ਗੁਲਾਬ ਵਿਚ ਪਾਸਤੋਵਸਕੀ ਲੇਖਕਾਂ ਦੀ ਜ਼ਿੰਦਗੀ ਦੇ ਦੁੱਖਾਂ-ਸੁੱਖਾਂ ਅਤੇ ਲਿਖਣ ਸਮੇਂ ਦੀਆਂ ਜੰਮਣਪੀੜਾਂ ਦੀ ਗੱਲ ਕਰਦਾ ਹੈ। ਉਹ ਲਿਖਦਾ ਹੈ: ‘ਲਿਖਣ ਨੂੰ ਨਿਰਾ ਇਕ ਹੁਨਰ ਜਾਂ ਪੇਸ਼ਾ ਸਮਝਣਾ ਗਲਤ ਹੈ। ਮਨੁੱਖੀ ਮਨ ਵਿਚ ਸਿਰਜਣਾ ਦੀ ਜੋ ਮਹਾਨ ਲਾਲਸਾ ਹੈ, ਲਿਖਣਾ ਉਸ ਦਾ ਪ੍ਰਗਟਾਵਾ ਹੈ। ਲੇਖਕ ਨੂੰ ਹਮੇਸ਼ਾ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਸ ਦਾ ਪੇਸ਼ਾ ਮਹਾਨ ਪੇਸ਼ਿਆਂ ਵਿੱਚੋਂ ਇਕ ਹੈ।’ ਪਾਸਤੋਵਸਕੀ ਆਪਣੇ ਲੇਖਾਂ ਵਿਚ ਰੇਖਾ ਚਿੱਤਰਾਂ ਵਰਗੀਆਂ ਨਿੱਕੀਆਂ-ਨਿੱਕੀਆਂ ਕਹਾਣੀਆਂ ਛੋਹ ਲੈਂਦਾ ਹੈ। ਉਹ ਇਨ੍ਹਾਂ ਕਹਾਣੀਆਂ ਨੂੰ ਆਪਣੀ ਲਿਖਤ ਵਿਚ ਇਸ ਤਰ੍ਹਾਂ ਫਿੱਟ ਕਰ ਦਿੰਦਾ ਹੈ ਕਿ ਉਸ ਦੀ ਸਿਰਜਣਾਤਮਿਕ ਕਲਾ ‘ਤੇ ਰਸ਼ਕ ਹੋਣ ਲੱਗਦਾ ਹੈ। ਉਹ ਆਖਦਾ ਹੈ- ਲੇਖਕ ਨੂੰ ਪੂਰਾ ਮਨ ਲਾ ਕੇ ਲਿਖਣਾ ਚਾਹੀਦਾ ਹੈ। ਉਹ ਮਿਸਾਲਾਂ ਦੇ ਕੇ ਦੱਸਦਾ ਹੈ ਕਿ ਲੇਖਕ ਦੇ ਮਨ ਵਿਚ ਲਿਖਣ ਦਾ ਖਿਆਲ ਬਿਜਲੀ ਦੀ ਚਮਕ ਵਾਂਗ ਪੈਦਾ ਹੁੰਦਾ ਹੈ। ਲੇਖਕ ਨੂੰ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਝਟਪਟ ਆਪਣੇ ਖਿਆਲਾਂ ਨੂੰ ਲਿਖ ਲਵੇ ਤਾਂ ਜੋ ਉਹ ਅਗਲੇ ਬਿੰਦ ਹਮੇਸ਼ਾ ਲਈ ਗਾਇਬ ਨਾ ਹੋ ਜਾਣ। ਉਹ ਕਲਪਨਾ ਦੀ ਗੱਲ ਕਰਦਿਆਂ ਇਕ ਥਾਂ ਲਿਖਦਾ ਹੈ- ਕਲਪਨਾ ਕੁਦਰਤ ਵੱਲੋਂ ਮਨੁੱਖ ਦੀ ਮਿਲੀ ਹੋਈ ਮਹਾਨ ਦਾਤ ਹੈ। ਪਰ ਉਹ ਇਹ ਵੀ ਕਹਿੰਦਾ ਹੈ ਕਿ ਕਲਪਨਾ ਯਥਾਰਥ ਤੋਂ ਬਿਨਾਂ ਨਿਰਜਿੰਦ ਹੈ। ਕਲਪਨਾ ਦੀਆਂ ਜੜ੍ਹਾਂ ਯਾਦਾਂ ਵਿਚ ਹਨ ਤੇ ਯਾਦਾਂ ਦੀਆਂ ਅਸਲੀਅਤ ਵਿਚ। ਉਹ ਸੁਨਹਿਰਾ ਗੁਲਾਬ ਵਿਚ ਇਕ ਥਾਂ ਲਿਖਦਾ ਹੈ: ਕਈ ਲੇਖਕ ਵਧੀਆ ਕਿਤਾਬ ਲਿਖ ਲੈਂਦੇ ਹਨ ਪਰ ਉਸ ਦਾ ਨਾਂ ਨਹੀਂ ਚੁਣ ਸਕਦੇ। ਕੁਝ ਲੇਖਕਾਂ ਦੀ ਹਾਲਤ ਇਸ ਦੇ ਉਲਟ ਹੁੰਦੀ ਹੈ। ਪਾਸਤੋਵਸਕੀ ਨੇ ਇਸ ਕਿਤਾਬ ਵਿਚ ਫੁੱਲਾਂ ਦਾ ਜ਼ਿਕਰ ਕੀਤਾ ਹੈ। ਪਹਾੜਾਂ ਦਾ, ਰੁੱਖਾਂ ਦਾ, ਰਾਤ ਦਾ, ਚੰਨ ਦਾ, ਕਿਣਮਿਣ-ਕਿਣਮਿਣ ਵਰ੍ਹਦੀਆਂ ਕਣੀਆਂ ਦਾ, ਖੇਤਾਂ ਦੇ ਕਿਸਾਨਾਂ ਦਾ, ਜੰਗਲਾਂ ਤੇ ਬੰਦਰਗਾਹਾਂ ਦੇ ਕਾਮਿਆਂ, ਮਧੂ-ਮੱਖੀਆਂ ਪਾਲਣ ਵਾਲਿਆਂ, ਮਾਛੀਆਂ, ਫੈਕਟਰੀ ਦੇ ਮਜ਼ਦੂਰਾਂ, ਮਾਹੀਗੀਰਾਂ, ਆਜੜੀਆਂ, ਦਸਤਕਾਰਾਂ, ਪੇਂਡੂ ਚਿੱਤਰਕਾਰਾਂ ਤੇ ਹੋਰ ਅਨੇਕਾਂ ਲੋਕਾਂ ਦਾ ਜ਼ਿਕਰ ਹੈ। ਉਹ ਕਹਿੰਦਾ ਹੈ ਕਿ ਲੇਖਕ ਵਿਚ ਸ਼ਬਦਾਵਲੀ ਦਾ ਆਪਣਾ ਭੰਡਾਰ ਵਧਾਉਣ ਦੀ ਅਨੰਤ ਚਾਹ ਹੋਣੀ ਚਾਹੀਦੀ ਹੈ। ਪਾਸਤੋਵਸਕੀ ਕਹਿੰਦਾ ਹੈ- ਜਿਹੜੇ ਲਫਜ਼ ਲੇਖਕ ਵਰਤਦਾ ਹੈ ਉਨ੍ਹਾਂ ਦੀ ਸ਼ਕਤੀ ਕਿਸੇ ਨੇਮ ਵਿਚ ਬੱਝੀ ਹੋਈ ਹੁੰਦੀ ਹੈ। ਉਹ ਸ਼ਕਤੀ ਓਨੀ ਹੀ ਵੱਧ ਹੁੰਦੀ ਹੈ ਜਿੰਨਾ ਵੱਧ ਕੋਈ ਲੇਖਕ ਉਨ੍ਹਾਂ ਪਿੱਛੇ ਛੁਪੀਆਂ ਹੋਈਆਂ ਚੀਜ਼ਾਂ ਨੂੰ ਵੇਖ ਸਕਦਾ ਹੈ। ਜੇ ਲੇਖਕ ਆਪਣੇ ਲਫ਼ਜ਼ਾਂ ਅਤੇ ਮੁਹਾਵਰਿਆਂ ਦੇ ਪਿੱਛੇ ਕੁਝ ਨਹੀਂ ਵੇਖ ਸਕਦਾ ਤਾਂ ਨਿਸ਼ਚੇ ਹੀ ਪਾਠਕ ਵੀ ਉਨ੍ਹਾਂ ਪਿੱਛੇ ਕੁਝ ਨਹੀਂ ਵੇਖ ਸਕੇਗਾ।
ਸੁਨਹਿਰਾ ਗੁਲਾਬ ਪੜ੍ਹਦਿਆਂ ਬੜਾ ਸੁਆਦ ਆਉਂਦਾ ਹੈ, ਕਿਉਂਕਿ ਇਸ ਵਿਚ ਬੜੀਆਂ ਰੌਚਿਕ, ਮੌਲਿਕ ਤੇ ਰੰਗੀਨੀ ਭਰੀਆਂ ਗੱਲਾਂ ਦਾ ਜ਼ਿਕਰ ਹੈ। ‘ਲਿਖਣ ਸਬੰਧੀ ਗੱਲਾਂ’ ਨਾਂ ਦੇ ਲੇਖ ਵਿਚ ਲੇਖਕਾਂ ਲਈ ਅਣਮੁੱਲੇ ਸੁਝਾਅ ਉਦਾਹਰਣਾਂ ਸਹਿਤ ਦਰਜ ਹਨ। ‘ਜੀਵਨੀਆਂ ਸਬੰਧੀ ਰੇਖਾ ਚਿੱਤਰ’ ਵਾਲੇ ਅਧਿਆਏ ਵਿਚ ਕਈ ਲੇਖਕਾਂ ਦੇ ਸੰਖੇਪ ਰੇਖਾ ਚਿੱਤਰ ਅੰਕਿਤ ਕੀਤੇ ਹਨ। ਇਨ੍ਹਾਂ ਵਿਚ ਓਲੇਨਿਨ ਵੋਲਮਾਰ, ਚੈਖੋਵ, ਅਲੈਗਜ਼ਾਂਦਰ ਬਲੌਕ, ਗਾਈ-ਦ-ਮੁਪਾਸਾਂ, ਮੈਕਸਿਮ ਗੋਰਕੀ, ਵਿਕਟਰ ਹਿਊਗੋ, ਮਿਖੇਲ ਪਿ੍ਰਸ਼ਵਿਨ, ਅਲੈਗਜ਼ਾਂਦਰ ਗਰੀਨ, ਏਦੁਆਰਦ ਬਾਗਰਿਤਸਕੀ ਜਿਹੇ ਮਹਾਨ ਲੇਖਕਾਂ ਦੇ ਅਨੁਭਵ ਅਤੇ ਉਨ੍ਹਾਂ ਦੇ ਜੀਵਨ ਸਬੰਧੀ ਸੰਖੇਪ ਜਾਣਕਾਰੀ ਹਾਸਲ ਹੁੰਦੀ ਹੈ।
ਪਾਤਰਾਂ ਦੀ ਬਗਾਵਤ ਨਾਂ ਦੇ ਅਧਿਆਏ ਵਿਚ ਉਹ ਲਿਖਦਾ ਹੈ- ਸਾਰੇ ਲੇਖਕ ਜਾਣਦੇ ਹਨ ਕਿ ਉਨ੍ਹਾਂ ਦੇ ਪਾਤਰ ਕਿਸ ਤਰ੍ਹਾਂ ਉਨ੍ਹਾਂ ਦੇ ਹੱਥੋਂ ਬੇ-ਕਾਬੂ ਹੋ ਜਾਂਦੇ ਹਨ। ਤਾਲਸਤਾਏ ਕਿਹਾ ਕਰਦਾ ਸੀ- ਆਪਣੀ ਲਿਖਤ ਦੇ ਐਨ ਵਿਚਕਾਰ ਪੁੱਜ ਕੇ ਮੈਨੂੰ ਕਦੇ ਪਤਾ ਨਹੀਂ ਹੁੰਦਾ ਕਿ ਮੇਰੇ ਪਾਤਰ ਅੱਗੋਂ ਕੀ ਕਰਨਗੇ ਜਾਂ ਕੀ ਕਹਿਣਗੇ। ਪਾਸਤੋਵਸਕੀ ਦਾ ਇਕ ਮਿੱਤਰ ਪਾਤਰ ਸਾਤਸਕੀ ਜੰਗਾਂ ਅਤੇ ਰੇਗਿਸਤਾਨਾਂ ਨੂੰ ਬੇਹੱਦ ਨਫ਼ਰਤ ਕਰਦਾ ਸੀ। ਸਾਤਸਕੀ ਰੇਗਿਸਤਾਨਾਂ ਨੂੰ ਧਰਤੀ ਦੀ ਹਿੱਕ ‘ਤੇ ਇਕ ਫੋੜਾ, ਇੱਥੋਂ ਤਕ ਕਿ ਕੈਂਸਰ, ਇਕ ਖਤਰਨਾਕ ਕੀੜਾ, ਕੁਦਰਤ ਦੀ ਕਮੀਨਗੀ ਦੀ ਨਿਸ਼ਾਨੀ ਆਖਦਾ ਸੀ। ਇਸੇ ਪੁਸਤਕ ਵਿਚ ਸਾਤਸਕੀ ਇਕ ਥਾਂ ਕਹਿੰਦਾ ਹੈ: ’ਜੰਗਾਂ ‘ਤੇ ਖਰਚ ਹੋਣ ਵਾਲੀ ਦੌਲਤ ਤੇ ਤਾਕਤ ਦਾ ਜੇ ਅੱਧਾ ਹਿੱਸਾ ਵੀ ਰੇਗਿਸਤਾਨਾਂ ‘ਤੇ ਜਿੱਤ ਹਾਸਲ ਕਰਨ ਲਈ ਖਰਚਿਆ ਜਾਵੇ ਤਾਂ ਅੱਜ ਕਿਤੇ ਕੋਈ ਰੇਗਿਸਤਾਨ ਵਖਾਲੀ ਨਹੀਂ ਦੇ ਸਕਦਾ। ਜੰਗ ਸਾਡੀ ਕੌਮੀ ਦੌਲਤ ਨੂੰ ਨਿਗਲ ਜਾਂਦੀ ਹੈ। ਉਹ ਲੱਖਾਂ-ਕਰੋੜਾਂ ਮਨੁੱਖਾਂ ਨੂੰ ਖਾ ਜਾਂਦੀ ਹੈ। ਤੇ ਮਨੁੱਖਤਾ ਦੀ ਇਸ ਤਬਾਹੀ ਵਿਚ ਸਾਇੰਸ, ਸੱਭਿਅਤਾ ਇੱਥੋਂ ਤਕ ਕਿ ਕਵਿਤਾ ਵੀ ਮਰ ਮੁੱਕ ਜਾਂਦੀ ਹੈ।’
ਸੁਨਹਿਰਾ ਗੁਲਾਬ ਦੀ ਹੁਣ ਵਾਲੀ ਨਵੀਂ ਛਾਪ ਵਿੱਚ ਪਰੂਫ ਰੀਡਿੰਗ ਦੀਆਂ ਜ਼ਿਆਦਾ ਗਲਤੀਆਂ ਦਿ੍ਰਸ਼ਟੀਗੋਚਰ ਨਹੀਂ ਹੁੰਦੀਆਂ ਜੋ ਪਹਿਲੀ ਛਾਪ ਵਿੱਚ ਰੋੜ ਵਾਂਗ ਰੜਕਦੀਆਂ ਸਨ। ਵਾਕਈ ਇਹ ਪੁਸਤਕ ਪੜਨ ਅਤੇ ਸਾਂਭਣਯੋਗ ਹੈ।
-ਓਮਕਾਰ ਸੂਦ ਬਹੋਨਾ
ਮੋਬਾ:-096540-36080

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ