Tuesday, January 21, 2025  

ਲੇਖ

ਮੁੱਛਾਂ ਵਾਲਾ ਫੌਜੀ

May 20, 2024

ਕਸ਼ਮੀਰ ਵਿੱਚ ਪੀਰ-ਪੰਜਾਲ ਦੀ ਘਾਟੀ ਬਹੁਤ ਹੀ ਰਮਨੀਕ ਚਾਰੇ ਪਾਸੇ ਕੇਸਰ ਦੀ ਖੁਸ਼ਬੋ ਖਿੱਲਰੀ ਹੋਈ ਸੀ। ਹਸੀਨਾ ਕੁਰੈਸ਼ੀ ਖ਼ੂਬਸੂਰਤ ਕਾਇਆ ਦੀ ਮਾਲਿਕ, ਕਾਲਜ ਵਿੱਚ ਅਰਥ ਸ਼ਾਸ਼ਤਰ ਦੀ ਪ੍ਰੋਫੈਸਰ ਸੀ। ਇੱਕ ਸਹਿ ਪ੍ਰੋ. ਮੁਹੰਮਦ ਸਲੀਮ ਨਾਲ਼ ਦੋਸਤੀ ਹੋ ਗਈ। ਬਹੁਤ ਹੀ ਹਸੀਨ ਜੋੜੀ ਬਣ ਗਈ। ਕੇਸਰ ਨੇ ਘਾਟੀ ਵਿੱਚ ਦੋ ਮੰਜ਼ਲੀ ਕੋਠੀ ਬਣਾ ਲਈ। ਨਾਮ ਰੱਖਿਆ ‘ਖਲੀਫਾ ਕਾਟੇਜ਼’। ਘਰ ਵਿੱਚ ਦੋ ਕੁੜੀਆਂ ਨੇ ਜਨਮ ਲੈ ਲਿਆ। ਵੱਡੀ ਕੁੜੀ ਦਾ ਨਾਮ ਮੀਆਂ ਅਤੇ ਛੋਟੀ ਦਾ ਨਾਮ ਜੀਆ ਰੱਖਿਆ। ਸਲੀਮ ਰਾਜਨੀਤਿ ਸ਼ਾਸ਼ਤਰ ਦਾ ਪ੍ਰੋਫੈਸਰ ਸੀ। ਆਪਣੇ ਵਿਦਿਆਰਥੀ ਜੀਵਨ ਵਿੱਚ ਪਏ ਪ੍ਰਭਾਵ ਕਾਰਨ, ਕੁਝ ਰਾਜਨੀਤੀ ਦਾ ਸਿੱਖਿਆਰਥੀ ਹੋਣ ਕਾਰਨ ਕਸ਼ਮੀਰ ਵਿੱਚ ਚਲ ਰਹੇ ਵੱਖਵਾਦੀ ਅੰਦੋਲਨ ਨਾਲ਼ ਜੁੜ ਗਿਆ।
ਨਵੰਬਰ ਮਹੀਨੇ ਦੀ ਠੰਡੀ-ਠੰਡੀ ਹਵਾ ਚੱਲ ਰਹੀ ਸੀ। ਸਾਰਾ ਪਰਿਵਾਰ ਸ਼ਿਕਾਰੇ ਵਿੱਚ ਬੈਠ ਕੇ ਸੈਰ ਕਰ ਰਿਹਾ ਸੀ। ਗੁਆਂਢ ਵਿੱਚੋਂ ਇੱਕ ਦੋਸਤ ਦਾ ਫੋਨ ਆਇਆ, ਕਹਿਣ ਲੱਗਾ, ‘ਪ੍ਰੋ. ਸਾਹਿਬ, ਪੁਲਿਸ ਅਤੇ ਫੌਜ ਨੇ ਤੁਹਾਡੇ ਘਰ ਉੱਪਰ ਵੱਡੀ ਰੇਡ ਮਾਰੀ ਹੈ, ਉਹ ਕੇਵਲ ਤੁਹਾਡੇ ਬਾਰੇ ਪੁੱਛ ਰਹੇ ਸਨ।’ ਇਹ ਸੁਣਕੇ ਪ੍ਰੋ. ਸਲੀਮ ਦੇ ਦਿਮਾਗ ਵਿੱਚ ਆਪਣਾ ਪਿਛਲਾ ਸਮਾਂ ਜਹਾਜ਼ ਦੇ ਵਾਂਗ ਦੌੜਨ ਲੱਗਾ। ਫੋਰਸ ਉੱਪਰ ਹੋਏ ਹਮਲੇ ਤੋਂ ਪਹਿਲਾਂ ਦੀ ਤਿਆਰੀ ਵਿੱਚ ਨਿਭਾਈ ਗਈ ਭੂਮਿਕਾ ਨੇ ਉਸਦੇ ਦਿਮਾਗ ਵਿੱਚ ਭੂਚਾਲ ਲਿਆ ਦਿੱਤਾ। ਮੀਆਂ ਅਤੇ ਜੀਆ ਨੂੰ ਚੁੰਮਿਆ, ਫੇਰ ਹਸੀਨਾ ਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਹਸੀਨਾ ਪੁੱਛਣ ਲੱਗੀ, ‘ਫੋਨ ਸੁਣਨ ਤੋਂ ਬਾਅਦ ਅਚਾਨਕ ਤੁਹਾਨੂੰ ਇਹ ਕੀ ਹੋ ਗਿਆ ਹੈ?’ ਓ ! ਕੁਝ ਵੀ ਨਹੀਂ, ਆਪਣੇ ਆਪ ਨੂੰ ਸੰਤੁਲਨ ਵਿੱਚ ਲਿਆਂਦਿਆਂ ਕਹਿਣ ਲੱਗਾ, ਮੌਸਮ ਹੀ ਇੰਨਾ ਹਸੀਨ ਹੈ, ਫੇਰ ਹਸੀਨਾ ਨੂੰ ਜੱਫੀ ਕਿਉਂ ਨਾ ਪਾਵਾਂ। 5-7 ਮਿੰਟਾਂ ’ਚ ਹੀ ਉਸਨੂੰ ਕੋਈ ਅਜਿਹਾ ਫੈਸਲਾ ਲੈਣਾ ਪੈਣਾ ਸੀ, ਜਿਸ ਕਾਰਨ ਉਹ ਪੁਲਿਸ ਦੇ ਹੱਥ ਆਉਣ ਤੋਂ ਬਚ ਸਕੇ। ਉਸਨੇ ਸੋਚਿਆ, ਜੇਕਰ ਪੁਲਿਸ ਦੇ ਹੱਥ ਆ ਗਿਆ, ਸਾਰੀ ਜਿੰਦਗੀ ਜੇਲ ’ਚ ਗੁਜਰੇਗੀ, ਨਾਲੇ ਬੱਚਿਆਂ ਦੇ ਭਵਿੱਖ ਉੱਪਰ ਬਹੁਤ ਹੀ ਭੈੜਾ ਅਸਰ ਪਵੇਗਾ। ਬਾਜ਼ਾਰ ਵਿੱਚ ਫਲ ਲੈ ਕੇ ਆਉਣ ਦਾ ਬਹਾਨਾ ਲਗਾ ਕੇ ਚਲਾ ਗਿਆ ਅਤੇ ਖਾੜਕੂ ਤੰਜੀਮ ਵਿੱਚ ਸ਼ਾਮਲ ਹੋ ਗਿਆ। ਨਵੇਂ ਨੌਜਵਾਨਾਂ ਨੂੰ ਤਿਆਰ ਕਰਨ ਦਾ ਕੰਮ ਸੰਭਾਲ ਲਿਆ। ਹਸੀਨਾ ਅਤੇ ਦੋਵੇਂ ਕੁੜੀਆਂ ਨੂੰ ਯਾਦ ਕਰਕੇ, ਲੁਕ ਕੇ ਰੋ ਲੈਂਦਾ ਸੀ। ਹਸੀਨਾ ਦੋ ਦਿਨ ਕਾਲਜ ਨਹੀਂ ਗਈ, ਬੱਚੇ ਵੀ ਘਰ ਹੀ ਰਹੇ। ਖਾੜਕੂ ਲਹਿਰ ਦਾ ਪ੍ਰਭਾਵ ਕਬੂਲਣ ਕਾਰਨ, ਹਸੀਨਾ ਇਸ ਪ੍ਰਸਥਿਤੀ ਤੋਂ ਜ਼ਿਆਦਾ ਪ੍ਰੇਸ਼ਾਨ ਨਾ ਹੋਈ। ਆਪਣੇ ਸਾਥੀ ਪ੍ਰੋਫੈਸਰਜ਼ ਨੂੰ ਵੀ ਉਸਨੇ ਇਹੋ ਕਿਹਾ, ‘ਜਦੋਂ ਕੋਈ ਕੌਮੀ ਲਹਿਰ ਚੱਲਦੀ ਹੈ ਤਾਂ ਇਸਦਾ ਅਸਰ ਵਿਆਪਕ ਤੌਰ ਤੇ ਪੈਂਦਾ ਹੈ, ਕੋਈ ਵੀ ਇਸਤੋਂ ਅਛੂਤ ਨਹੀਂ ਰਹਿ ਸਕਦਾ।’ ਭਾਵੇਂ ਖਾੜਕੂਆਂ ਪ੍ਰਤੀ ਹਮਦਰਦੀ ਨੇ ਉਸਨੂੰ ਕਠੋਰ ਦਿਲ ਬਣਾ ਦਿੱਤਾ ਸੀ ਪਰ ਆਪਣੀਆਂ ਕੁੜੀਆਂ ਦੇ ਭਵਿੱਖ ਬਾਰੇ ਵੀ ਸੁਚੇਤ ਸੀ।
ਦੋ ਮਹੀਨੇ ਹੀ ਲੰਘੇ ਸਨ ਕਿ ਪ੍ਰੋ. ਸਲੀਮ, ਪੁਲਿਸ ਨਾਲ਼ ਇਨਕਾਊਂਟਰ ਵਿੱਚ ਮਾਰਿਆ ਗਿਆ। ਹਸੀਨਾ ਨੂੰ ਇਸ ਘਟਨਾ ਨਾਲ਼ ਸਦਮਾ ਤਾਂ ਲੱਗਿਆ, ਪਰ ਇਹ ਸੋਚ ਕੇ ਕਿ ਇੱਕ ਦਿਨ ਤਾਂ ਇਹ ਹੋਣਾ ਹੀ ਸੀ, ਇਸ ਦੁੱਖ ਤੋਂ ਛੇਤੀ ਹੀ ਉੱਭਰ ਗਈ।
ਵੱਡੀ ਕੁੜੀ ਮੀਆਂ ਛੇਵੀਂ ਜਮਾਤ ਵਿੱਚ ਅਤੇ ਜੀਆ ਪੰਜਵੀਂ ਜਮਾਤ ਵਿੱਚ ਹੋ ਗਈਆਂ ਸਨ। ਖਾੜਕੂਆਂ ਨੇ ‘ਖਲੀਫਾ ਕਾਟੇਜ’ ਨੂੰ ਇੱਕ ਆਸਾਨ ਟਿਕਾਣਾ ਬਣਾ ਲਿਆ ਸੀ। ਜਿਸ ਘਰ ਦੀ ਮਾਲਕਣ, ਸੁੰਦਰਤਾ ਦੀ ਧਨੀ ਹੋਵੇ, ਉੱਪਰ ਦੀ ਵਿਧਵਾ ਅਤੇ ਖਾੜਕੂਆਂ ਪ੍ਰਤੀ ਹਮਦਰਦੀ ਰੱਖਦੀ ਹੋਵੇ ਤਾਂ ਭੰਵਰਿਆਂ ਦਾ ਮੰਡਰਾਉਣਾ ਇੱਕ ਸਮਾਜਿਕ ਸੱਚਾਈ ਹੈ। ਖਾੜਕੂਆਂ ਦੇ ਇੱਕ ਵੱਡੇ ਕਮਾਂਡਰ ਨੇ ਹਸੀਨਾ ਨਾਲ਼ ਸੰਬੰਧ ਬਣਾ ਲਏ ਸਨ। ਖਾੜਕੂ ਦਿਨ ਵਿੱਚ ਕਾਰਵਾਈਆਂ ਕਰਦੇ ਅਤੇ ਰਾਤ ਨੂੰ ‘ਖਲੀਫ਼ਾ ਕਾਟੇਜ’ ’ਚ ਆ ਜਾਂਦੇ।
ਪੁਲਿਸ ਦੀ ਸੀ.ਆਈ.ਡੀ ਨੂੰ ਇਹ ਸੂਹ ਮਿਲੀ ਕਿ ‘ਖਲੀਫਾ ਕਾਟੇਜ’ ਵਿੱਚ ਖਾੜਕੂਆਂ ਦਾ ਠਿਕਾਣਾ ਬਣਿਆ ਹੋਇਆ ਹੈ। ਪੁਲਿਸ ਤੇ ਫੌਜ ਨੇ ਕਾਟੇਜ ਨੂੰ ਚਾਰੇ ਪਾਸਿਓ ਘੇਰ ਲਿਆ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਲਾਉਡਸਪੀਕਰ ਰਾਹੀਂ ਖਾੜਕੂਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਅੱਗੋਂ ਖਾੜਕੂਆਂ ਨੇ ਕਿਹਾ, ‘ਦੋ ਕੁੜੀਆਂ ਅਤੇ ਇੱਕ ਔਰਤ ਸਾਡੇ ਕੋਲ ਬੰਧਕ ਹਨ, ਜੇ ਤੁਸੀਂ ਸਾਡੇ ਖਿਲਾਫ਼ ਕੋਈ ਕਾਰਵਾਈ ਕਰੋਗੇ ਤਾਂ ਅਸੀਂ ਇਨ੍ਹਾਂ ਨੂੰ ਮਾਰ ਦੇਵਾਂਗੇ।’
ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੁੱਛਾਂ ਵਾਲੇ ਇੱਕ ਕਮਾਂਡੋ ਦੀ ਜਿੰਮੇਵਾਰੀ ਔਰਤ ਅਤੇ ਕੁੜੀਆਂ ਨੂੰ ਬਚਾ ਕੇ ਕੱਢਕੇ ਲੈ ਕੇ ਆਉਣ ਦੀ ਲਗਾਈ। ਕਮਾਂਡੋ ਨੇ ਬੁਲਟ ਪਰੂਫ ਜਾਕੇਟ ਪਾ ਲਈ ਅਤੇ ਆਪਣੇ ਮੂੰਹ ਉੱਪਰ ਕਾਲਖ ਮਲ ਲਈ, ਉਸਦੀਆਂ ਚੌੜੀਆਂ ਅਤੇ ਤਿੱਖੀਆਂ ਮੁੱਛਾਂ ਉਸਨੂੰ ਹੋਰ ਵੀ ਡਰਾਉਣਾ ਬਣਾ ਰਹੀਆਂ ਸਨ।
ਕਮਾਂਡੋ, ਕਾਟੇਜ ਦੇ ਪਿਛਲੇ ਪਾਸਿਓ ਘਰ ਵਿੱਚ ਦਾਖ਼ਲ ਹੋ ਗਿਆ। ਪੋਜਿਸ਼ਨ ਲੈਂਦਾ ਹੋਇਆ ਪੌੜੀਆਂ ਚੜ੍ਹ ਗਿਆ। ਪਹਿਲੀ ਮੰਜ਼ਿਲ ਉੱਪਰ ਹੀ ਪੌੜੀਆਂ ਦੇ ਨਾਲ਼ ਲੱਗਦੇ ਕਮਰੇ ਵਿੱਚ ਹਸੀਨਾ, ਮੀਆਂ ਅਤੇ ਜੀਆ ਬੰਦ ਸਨ। ਕਮਾਂਡੋ ਨੇ ਬਹੁਤ ਹੀ ਫੁਰਤੀਲੇ ਵਾਰ ਵਿੱਚ ਕਮਰੇ ਦੇ ਬਾਹਰ ਖੜੇ ਖਾੜਕੂ ਨੂੰ ਢੇਰ ਕਰ ਦਿੱਤਾ। ਲੱਤ ਮਾਰ ਕੇ ਦਰਵਾਜ਼ਾ ਖੋਲ ਦਿੱਤਾ, ਕਮਰੇ ਦੇ ਅੰਦਰ ਦਾਖ਼ਲ ਹੋ ਕੇ ਹਸੀਨਾ ਅਤੇ ਕੁੜੀਆਂ ਨੂੰ ਹਿੰਦੀ ਵਿੱਚ ਕੁਝ ਹਦਾਇਤਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪੌੜੀਆਂ ਰਾਹੀਂ ਥੱਲੇ ਉਤਰਨ ਲਈ ਕਿਹਾ। ਹਸੀਨਾ ਪਹਿਲਾਂ ਤਾਂ ਨਾਂਹ-ਨੁੱਕਰ ਕਰਨ ਲੱਗੀ, ਜਦ ਕਮਾਂਡੋ ਨੇ ਸਖ਼ਤੀ ਨਾਲ਼ ਕਿਹਾ ਤਾਂ ਉਹ ਥੱਲੇ ਜਾਣ ਲਈ ਮੰਨ ਗਈ। ਖਾੜਕੂਆਂ ਦੀਆਂ ਗੋਲੀਆਂ ਵੀ ਪੌੜੀਆਂ ਵੱਲ ਆਉਣ ਲੱਗ ਪਈਆਂ। ਕਮਾਂਡੋ ਨੂੰ ਦੋਵੇਂ ਕੁੜੀਆਂ ਆਪਣੀਆਂ ਪੁੱਤਰੀਆਂ ਵਾਂਗ ਲੱਗ ਰਹੀਆਂ ਸਨ। ਕਮਾਂਡੋ ਨੇ ਅਜਿਹਾ ਕਵਰ ਫਾਇਰ ਦਿੱਤਾ, ਖਾੜਕੂਆਂ ਨੂੰ ਲੱਗਿਆ ਇੱਕ ਤੋਂ ਵੱਧ ਕਮਾਂਡੋ ਸਨ। ਕਮਾਂਡੋ ਕਵਰ ਫਾਇਰ ਦਿੰਦਾ ਰਿਹਾ, ਹਸੀਨਾ ਅਤੇ ਕੁੜੀਆਂ ਥੱਲੇ ਉੱਤਰ ਕੇ , ਕਾਟੇਜ ਤੋਂ ਵੱਖਰੇ ਕਾਰ ਵਾਲੇ ਕਮਰੇ ਵਿੱਚ ਵੜ ਗਈਆਂ, ਜਿੱਥੋਂ ਦੂਸਰੇ ਕਮਾਂਡੋਜ਼ ਨੇ ਉਨ੍ਹਾਂ ਨੂੰ ਸਹੀ ਸਲਾਮਤ ਸੰਭਾਲ ਲਿਆ। ਮੁੱਛਾਂ ਵਾਲਾ ਕਮਾਂਡੋ ਪੋਜਿਸ਼ਨ ਲੈਂਦਾ ਹੋਇਆ ਥੱਲੇ ਉੱਤਰ ਗਿਆ, ਜਦ ਕਾਟੇਜ ਤੋਂ ਬਾਹਰ ਵੱਲ ਭੱਜਿਆ ਤਾਂ ਪਹਿਲੀ ਮੰਜ਼ਿਲ ਦੀ ਬਾਲਕੋਨੀ ਵਿੱਚ ਪੋਜਿਸ਼ਨ ਲਈ ਖੜ੍ਹੇ ਇੱਕ ਖਾੜਕੂ ਨੇ ਉਸ ਉੱਪਰ ਗੋਲੀਆਂ ਦੀ ਬੋਛਾੜ ਕਰ ਦਿੱਤੀ।
ਕਮਾਂਡੋ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਫੌਜ ਨੇ ਕੁਝ ਹੈਂਡ ਗ੍ਰਨੇਡ ਸੁੱਟ ਕੇ ਕਾਟੇਜ ਨੂੰ ਰਾਖ ਕਰ ਦਿੱਤਾ। ਭਾਰੀ ਅਸਲਾ ਅਤੇ ਚਾਰ ਖਾੜਕੂਆਂ ਦੀ ਲਾਸ਼ਾਂ ਬਰਾਮਦ ਕਰਕੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ। ਹਸੀਨਾ ਦੂਰ ਖੜੀ ਸਭ ਕੁਝ ਦੇਖ ਰਹੀ ਸੀ। ਮੀਆਂ ਨੂੰ ਆਪਣੇ ਉਸ ਘਰ ਦਾ ਦੁੱਖ ਹੋ ਰਿਹਾ ਸੀ, ਜਿਹੜਾ ਉਸਨੇ ਆਰਟ ਦੀ ਜਮਾਤ ਵਿੱਚ ਬਣਾਇਆ ਸੀ। ਹਸੀਨਾ ਦੋਵੇਂ ਪਾਸੇ ਸੋਚ ਰਹੀ ਸੀ, ਪਰ ਉਸਦੀ ਸੋਚ ਦਾ ਭਾਰੀ ਪੱਖ ਇਹ ਸੀ ਕਿ ਚੱਲੋ ਹੁਣ ਪਿਛਲੀ ਜਿੰਦਗੀ ਦੀ ਕੋਈ ਨਿਸ਼ਾਨੀ ਨਾ ਰਹੀ ਤਾਂ ਇਹ ਚੰਗਾ ਹੀ ਹੈ।
ਹਸਪਤਾਲ ਵਿੱਚ ਡਾਕਟਰਾਂ ਨੇ ਮੁੱਛਾਂ ਵਾਲੇ ਕਮਾਂਡੋ ਦੀਆਂ ਦੋਵੇਂ ਬਾਹਾਂ ਕੱਟ ਦਿੱਤੀਆਂ। ਕਮਾਂਡੋ ਟ੍ਰੇਨਿੰਗ ਦਾ ਹੀ ਕੁੱਝ ਅਜਿਹਾ ਅਸਰ ਸੀ ਕਿ ਕਮਾਂਡੋ ਹਾਲੇ ਵੀ ਚੜ੍ਹਦੀਕਲਾ ਵਿੱਚ ਸੀ।
ਹਸੀਨਾ ਨੇ ਆਪਣਾ ਨਵਾਂ ਘਰ ਬਣਾ ਲਿਆ ਸੀ ਅਤੇ ਦੋਵੇ ਕੁੜੀਆਂ ਦੀ ਪੜ੍ਹਾਈ ਵੱਲ ਖਾਸ ਧਿਆਨ ਦੇਣ ਲੱਗ ਪਈ ਸੀ।
ਮੀਆਂ ਨੇ ਬਾਰ੍ਹਵੀਂ ਜਮਾਤ ਬਹੁਤ ਹੀ ਚੰਗੇ ਨੰਬਰਾਂ ਨਾਲ਼ ਪਾਸ ਕਰ ਲਈ। ਹਸੀਨਾ ਨੇ ਉੱਚ ਪੜ੍ਹਾਈ ਲਈ ਉਸਨੂੰ ਇੰਗਲੈਂਡ ਦੇ ਨਾਮੀ ਅਰਥਸ਼ਾਸ਼ਤਰ ਦੇ ਕਾਲਜ ਵਿੱਚ ਦਾਖ਼ਲਾ ਦਿਵਾ ਦਿੱਤਾ। ਮੀਆਂ ਛੇ ਮਹੀਨਿਆਂ ਬਾਅਦ ਘਰ ਵਾਪਸ ਆਉਂਦੀ ਸੀ। ਐਮ.ਏ. ਕਰਨ ਤੋਂ ਬਾਅਦ ਉਸਨੂੰ ਪੀ.ਐੱਚ.ਡੀ. ਵਿੱਚ ਸਿੱਧਾ ਦਾਖ਼ਲਾ ਮਿਲ ਗਿਆ ਸੀ। ਅਰਥਸ਼ਾਸ਼ਤਰ ਵਿੱਚ ਖੋਜ ਕਾਰਜ ਦੇ ਨਾਲ਼ ਉਸਨੂੰ ਜੂਨੀਅਰ ਵਿਦਿਆਰਥੀਆਂ ਦੀਆਂ ਜਮਾਤਾਂ ਨੂੰ ਵੀ ਪੜ੍ਹਾਉਣਾ ਪੈਂਦਾ ਸੀ।
ਬਰਫ਼ ਪਿਘਲ ਚੁੱਕੀ ਸੀ, ਚਾਰੇ ਪਾਸੇ ਬਹਾਰ ਹੀ ਬਹਾਰ ਛਾਈ ਹੋਈ ਸੀ। ਇੰਗਲੈਂਡ ਤੋਂ ਸੁਨੇਹਾ ਆ ਗਿਆ, ‘ਫੌਰਨ ਪਹੁੰਚੋ’। ਦਿੱਲੀ ਤੋਂ ਜਹਾਜ਼ ਦੀ ਸੋਮਵਾਰ ਸ਼ਾਮ 4 ਵਜੇ ਦੀ ਟਿਕਟ ਬੁੱਕ ਸੀ। ਹਸੀਨਾ ਅਤੇ ਜੀਆ ਮੀਆਂ ਨੂੰ ਛੱਡਣ ਏਅਰਪੋਰਟ ਪਹੁੰਚੀਆਂ। ਮੀਆਂ ਨੂੰ ਇਕਾਨੋਮੀਕਲ ਕਲਾਸ ਦੀ ਸੱਤ ਨੰਬਰ ਸੀਟ ਅਲਾਟ ਹੋਈ ਸੀ, ਅੱਠ ਨੰਬਰ ਸੀਟ ਉੱਪਰ ਪਹਿਲਾਂ ਹੀ ਚੌੜੀਆਂ ਮੁੱਛਾਂ ਵਾਲਾ ਬੰਦਾ ਬੈਠਾ ਸੀ, ਭਾਵੇਂ ਉਸਦੀਆਂ ਦੋਵੇਂ ਬਾਂਹਾਂ ਨਹੀਂ ਸਨ, ਪਰ ਉਸਦੀ ਜਿੰਦਾਦਿਲੀ ਅਤੇ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ, ਕਿਉਂਕਿ ਉਹ ਆਪਣੀ ਸੁਲੇਖਾ ਕੋਲ ਇੰਗਲੈਂਡ ਜਾ ਰਿਹਾ ਸੀ। ਇੱਕ ਏਅਰ ਹੌਸਟੈਸ ਨੇ ਉਸਨੂੰ ਕਿਹਾ, ‘ਯਦੀ ਆਪਕੋ ਕਿਸੀ ਵਸਤੂ ਕੀ ਜ਼ਰੂਰਤ ਹੈ, ਤੋ ਬੇਝਿਜਕ ਬਤਾ ਦੇਣਾ, ਮੈਂ ਆਪਕੀ ਸੇਵਾ ਮੇਂ ਹਾਜ਼ਿਰ ਹੂੰ।’ ਜਹਾਜ਼ ਚ ਬੈਠੀਆਂ ਦੂਸਰੀਆਂ ਸਵਾਰੀਆਂ ਨੂੰ ਇਹ ਬੰਦਾ ਕੋਈ ਫਰਿਸ਼ਤੇ ਵਾਂਗ ਲੱਗ ਰਿਹਾ ਸੀ।
ਜਦੋਂ ਮੀਆਂ ਆਪਣੀ ਸੀਟ ਦੇ ਕੋਲ ਆਈ ਤਾਂ ਉਸ ਦੀ ਨਜ਼ਰ ਉਸ ਮੁੱਛਾਂ ਵਾਲੇ ਬੰਦੇ ਉੱਪਰ ਪਈ ਤਾਂ ਉਸਨੇ ਸੱਤ ਨੰਬਰ ਦੀ ਸੀਟ ਉੱਪਰ ਬੈਠਣ ਤੋਂ ਸਾਫ ਇਨਕਾਰ ਕਰ ਦਿੱਤਾ। ਹੋ ਸਕਦਾ ਪੰਦਰਾਂ ਸਾਲ ਪਹਿਲਾਂ ਦਾ ਉਸ ਉੱਪਰ ਕੋਈ ਪ੍ਰਭਾਵ ਹੋਵੇ, ਜਾਂ ਉਸਦੀਆਂ ਬਾਂਹਾਂ ਨਾ ਹੋਣ ਕਾਰਨ ਕੋਈ ਮਾਨਸਿਕ ਪਰੇਸ਼ਾਨੀ ਮਹਿਸੂਸ ਕਰਦੀ ਹੋਵੇ। ਏਅਰ ਹੌਸਟੈਸ ਨੂੰ ਕਹਿਣ ਲੱਗੀ, ‘ਮੈਂ ਇਸ ਸੀਟ ਪਰ ਬਿਲਕੁਲ ਨਹੀਂ ਬੈਠ ਸਕਤੀ, ਮੁਝੇ ਇਕਾਨੋਮੀਕਲ ਕਲਾਸ ਮੈਂ ਕੋਈ ਔਰ ਸੀਟ ਦੇ ਦੋ।’
ਜਹਾਜ਼ ਚੱਲਣ ਤੋਂ ਖੜਾ ਸੀ, ਜਹਾਜ਼ ਵਿੱਚ ਸਾਰੀਆਂ ਸਵਾਰੀਆਂ ਦਾ ਧਿਆਨ 7 ਨੰਬਰ ਅਤੇ 8 ਨੰਬਰ ਸੀਟ ਉੱਪਰ ਹੀ ਕੇਂਦਰਿਤ ਹੋ ਗਿਆ। ਏਅਰ ਹੌਸਟੈਸ ਕਹਿਣ ਲੱਗੀ, ‘ਹਮ ਹਰ ਏਕ ਪੈਸੰਜਰ ਕੀ ਭਾਵਨਾਓਂ ਕੀ ਕਦਰ ਕਰਤੇ ਹੈਂ, ਮੈਂ ਕੈਪਟਨ ਸੇ ਬਾਤ ਕਰਤੀ ਹੂੰ।’ ਕੈਪਟਨ ਵੀ ਆ ਗਿਆ, ਹੱਥ ਵਿੱਚ ਫੜੇ ਇੱਕ ਪਰਚੇ ਨੂੰ ਦੇਖਦਾ ਹੋਇਆ ਕਹਿਣ ਲੱਗਾ, ਇਕਾਨੋਮੀਕਲ ਕਲਾਸ ਮੇਂ ਤੋਂ ਕੋਈ ਸੀਟ ਨਹੀਂ ਹੈ, ਹਾਂ ਬਿਜਨਸ ਕਲਾਸ ਮੇਂ ਪੜੀ ਹੈ, ਮੈਂ ਆਪਕੀ ਸੀਟ, ਬਿਜਨਸ ਕਲਾਸ ਮੈਂ ਬਦਲ ਦੇਤਾ ਹੂੰ, ਉਸਕੇ ਲੀਏ ਆਪਕੋ ਅਲੱਗ ਸੇ ਪੇ ਕਰਨਾ ਹੋਗਾ। ਮੀਆਂ ਨੇ ਤੁਰੰਤ ਨਾਂਹ ਕਰ ਦਿੱਤੀ, ਕਹਿਣ ਲੱਗੀ, ‘ਮੈਂ ਇਕਾਨੋਮੀਕਲ ਕਲਾਸ ਮੇਂ ਹੂੰ, ਔਰ ਇਕਾਨੋਮੀਕਲ ਕਲਾਸ ਮੇਂ ਹੀ ਬੈਠੂਗੀਂ।’ ਇਹ ਸੁਣ ਕੇ ਕੈਪਟਨ ਵੀ, ਅਚੰਭੇ ’ਚ ਪੈ ਗਿਆ ਕਿ ਉਹ ਇਸ ਮਸਲੇ ਨੂੰ ਕਿਵੇਂ ਹੱਲ ਕਰੇ।
ਤੁਰੰਤ ਇੱਕ ਆਵਾਜ਼ ਬਿਜਨਸ ਕਲਾਸ ਵਿੱਚੋਂ ਆਈ, ‘ਹਮ ਇਸ ਮੂਛੋਂ ਵਾਲੇ ਬੰਦੇ ਕੀ ਬਿਜਨਸ ਕਲਾਸ ਮੇਂ ਸੀਟ ਕੇ ਲੀਏ ਅਲੱਗ ਫੀਸ ਦੇਣੇ ਕੋ ਤਿਆਰ ਹੈਂ।’ ਕੈਪਟਨ ਮੂੱਛਾਂ ਵਾਲੇ ਬੰਦੇ ਨੂੰ ਕਹਿਣ ਲੱਗਾ, ‘ਆਪ ਹੀ ਹਮਾਰੀ ਦਿੱਕਤ ਕੋ ਸਮਝੋਗੇ, ਕਿਰਪਿਆ ਆਪ ਬਿਜਨਸ ਕਲਾਸ ਮੇਂ ਆ ਜਾਏਂ, ਇਸ ਅਸੁਵਿਧਾ ਕੇ ਲੀਏ ਮੈਂ ਆਪਸੇ ਮੁਆਫੀ ਕਾ ਹੱਕਦਾਰ ਹੂੰ।’ ਮੂੱਛਾਂ ਵਾਲਾ ਬੰਦਾ ਕਹਿਣ ਲੱਗਾ, ‘ਸਾਹਿਬ ਹਮ ਤੋ ਦੇਸ਼ ਕੇ ਲੀਏ ਮਰ ਮਿਟਨੇ ਵਾਲੇ ਇਨਸਾਨ ਹੈਂ, ਕਸ਼ਮੀਰ ਮੇਂ ਦੋ ਲੜਕੀਓਂ ਔਰ ਉਨਕੀ ਮਾਤਾ ਕੀ ਜਾਨ ਬਚਾਤੇ ਹੁਏ ਆਪਣੀ ਦੋਨੋਂ ਬਾਜੂ ਕੁਰਬਾਨ ਕਰਦੀ, ਮੈਨੇ ਇਸਕੇ ਲੀਏ ਆਜਤਕ ਕੋਈ ਮਲਾਲ ਨਹੀਂ ਮਾਨਾਂ ਤੋਂ ਆਜ ਆਪਣੀ ਏਅਰ ਇੰਡੀਆ ਕੇ ਲੀਏ ਏਕ ਸੀਟ ਬਦਲਣੇ ਮੇਂ ਕੈਸਾ ਮਲਾਲ।’
ਇਹ ਸੁਣ ਕੇ ਕੈਪਟਨ ਨੇ, ਮੁੱਛਾਂ ਵਾਲੇ ਨੂੰ ਸਲੂਟ ਮਾਰਿਆ, ਹੁਣ ਤਾਂ ਜਹਾਜ਼ ਦੀਆਂ ਸਾਰੀਆਂ ਸਵਾਰੀਆਂ ਸਲੂਟ ਮਾਰਦੀਆਂ ਹੋਈਆਂ ਖੜੀਆਂ ਹੋ ਗਈਆਂ। ਮੁੱਛਾਂ ਵਾਲੇ ਬੰਦੇ ਦੀ ਗੱਲ ਮੀਆਂ ਦੇ ਦਿਲ ਤੇ ਪੱਥਰ ਵਾਂਗ ਲੱਗੀ, ਆਪਣੀ ਸੀਟ ਉੱਪਰ ਸਿਰ ਝੁਕਾ ਕੇ ਬੈਠੀ ਹੋਈ ਸੋਚ ਰਹੀ ਸੀ, ‘ਮੇਰੀ ਤੰਗ ਸੋਚ ਨੇ ਮੇਰੇ ਹੱਥੋਂ ਬਹੁਤ ਵੱਡੀ ਗਲਤੀ ਕਰਵਾ ਦਿੱਤੀ, ਮੈਂ ਮਾਨੁੱਖ ਦੀ ਸ਼੍ਰੇਣੀ ਵਿੱਚ ਹੀ ਨਹੀਂ ਹਾਂ।’ ਬੈਗ ਵਿੱਚੋਂ ਆਪਣੀ ਨੋਟ ਬੁੱਕ ਕੱਢੀ, ਹਿੰਦੀ ਵਿੱਚ ਇੱਕ ਛੋਟੀ ਚਿੱਠੀ ਲਿਖੀ, ਏਅਰ ਹੌਸਟੈਸ ਨੂੰ ਫੜਾਉਂਦੇ ਹੋਏ ਕਹਿਣ ਲੱਗੀ, ‘ਪਲੇਨ ਕੇ ਸਭੀ ਯਾਤਰੀਓਂ ਕੇ ਸਾਮਣੇ ਮੇਰੇ ਸੇ ਬਹੁਤ ਬੜੀ ਭੂਲ ਹੋ ਗਈ ਹੈ, ਮੈਂ ਆਪਣੀ ਭੂਲ ਇਸ ਪੱਤਰ ਦੁਆਰਾ ਸੁਧਾਰਨਾ ਚਾਹਤੀ ਹੂੰ, ਕਿਰਪਿਆ ਮੂੱਛਾਂ ਵਾਲੇ ਬੰਦੇ ਕੋ ਦੇਣੇ ਸੇ ਪਹਿਲੇ ਯਾਤਰੀਓਂ ਕੇ ਸਾਮਣੇ ਇਸਕੋ ਪੜ੍ਹ ਕਰ ਸੁਣਾਇਆ ਜਾਏ।’ ਏਅਰ ਹੋਸਟੈੱਸ ਕਹਿਣ ਲੱਗੀ, ‘ਮੈਅਮ ਆਪ ਚਿੰਤਾ ਨਾ ਕਰੇਂ, ਮੈਂ ਕੈਪਟਨ ਸੇ ਬਾਤ ਕਰਕੇ, ਆਪਕੀ ਇੱਛਾ ਪੂਰੀ ਕਰਤੀ ਹੂੰ।’
ਜਹਾਜ਼ ਵਿੱਚ ਇੱਕ ਮਹੱਤਵਪੂਰਨ ਸੂਚਨਾ ਜਾਰੀ ਕੀਤੀ ਗਈ, ‘ਹਮ ਆਪਕੇ ਸਾਮਣੇ, ਮਾਨਵੀਯ ਸੰਬਧੋਂ ਕੋ ਦਰਸ਼ਾਤਾ ਹੂਆ ਏਕ ਪੱਤਰ ਪੜ੍ਹ ਰਹੇ ਹੈਂ, ਧਿਆਨ ਸੇ ਸੁਣਨਾ :
‘ਮੁਝ ਸੇ ਬਹੁਤ ਬੜੀ ਭੂਲ ਹੋ ਗਈ, ਮੇਰੀ ਤੰਗ ਸੋਚ ਨੇ ਮੁਝਸੇ ਇਤਨੀ ਬੜੀ ਗਲਤੀ ਕਰਵਾ ਦੀ, ਬੋ ਮੂੱਛੋਂ ਵਾਲਾ ਬੰਦਾ ਏਕ ਫੌਜੀ ਹੈ, ਜਿਸਨੇ ਕਸ਼ਮੀਰ ਮੇਂ ਮੁਝੇ, ਮੇਰੀ ਬਹਿਨ ਜੀਆ ਔਰ ਮੇਰੀ ਮੰਮਾ ਹਸੀਨਾ ਕੋ ਆਤੰਕਵਾਦੀਓ ਸੇ ਬਚਾਇਆ ਥਾ। ਹਮੇਂ ਬਚਾਤੇ ਸਮੇਂ ਹੀ ਉਸ ਮੂੱਛੋਂ ਵਾਲੇ ਫੌਜੀ ਨੇ ਆਪਣੀ ਦੋਨੋਂ ਬਾਜੂ ਖੋ ਦੀ ਥੀ । ਪਹਿਲੇ ਤੋਂ ਉਸ ਫੌਜੀ ਨੇ ਮੂਝੇ ਬਚਾਇਆ ਥਾ, ਅਬ ਜਗਾਇਆ ਹੈ, ਮੂਝੇ ਮਾਨਵ ਕੀ ਸ਼੍ਰੇਣੀ ਮੇਂ ਦਾਖ਼ਲ ਕਰਵਾਇਆ ਹੈ, ਮੈਂ ਆਪਣੀ ਭੂਲ ਸੁਧਾਰ ਕਰ ਇਸ ਮੂੱਛੋਂ ਵਾਲੇ ਫੌਜੀ ਕੋ ਆਪਣਾ ਸਲੂਟ ਦੇਤੀ ਹੂੰ, ਭਾਰਤ ਮਾਤਾ ਕੀ ਜੈ, ਆਪਕੀ ਮੀਆਂ।’
ਮੂੱਛੋਂ ਵਾਲੇ ਫੌਜੀ ਨੇ ਮੀਆਂ ਦੇ ਨਾਲ਼ ਪਿਤਾ-ਪੁੱਤਰੀ ਵਾਲਾ ਰਿਸ਼ਤਾ ਯਾਦ ਕੀਤਾ ਅਤੇ ਇੱਕ ਸਾਥੀ ਦੀ ਮਦਦ ਨਾਲ਼ ਆਪਣੇ ਬੈਗ ਵਿੱਚੋਂ ਚੈੱਕ ਬੁੱਕ ਕੱਢੀ, ਮੀਆਂ ਦੇ ਨਾਮ 5100/-ਰੂਪੈ ਦੇ ਚੈੱਕ ਉੱਪਰ ਆਪਣੇ ਪੈਰ ਨਾਲ਼ ਦਸਤਖ਼ਤ ਕਰਕੇ ਏਅਰ ਹੌਸਟੈੱਸ ਰਾਹੀਂ ਮੀਆਂ ਨੂੰ ਭੇਜ ਦਿੱਤਾ।
ਪ੍ਰਿੰਸੀਪਲ ਪ੍ਰੇਮਲਤਾ
-ਮੋਬ: 98143-41746

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ