Wednesday, December 04, 2024  

ਲੇਖ

ਆਧੁਨਿਕਤਾ ਬਨਾਮ ਸਮਾਜਿਕ ਤਾਣਾ-ਬਾਣਾ

May 20, 2024

ਪਿਛਲੇ ਦਿਨੀਂ ਗਾਇਕ ਨਛੱਤਰ ਗਿੱਲ ਦਾ ਗੀਤ ‘ਸਾਡੇ ਨਾਲੋਂ ਥੋਡੇ ਆਲਾ ਪੰਜਾਬ ਕਿੰਨਾ ਸੀ ਸੋਹਣਾ’ ਸੁਣਿਆ। ਗੀਤ ਸੁਣ ਮਨ ਉਦਾਸੀ ਦੇ ਭਾਵਾਂ ਵਿੱਚ ਡੁੱਬ ਸੱਚੀਂ ਤ੍ਰਾਹਿਆ ਗਿਆ। ਗੀਤ ਵਿੱਚ ਆਧੁਨਿਕਤਾ ਦੇ ਨਾਮ ਹੇਠ ਸਾਡੇ ਸਮਾਜ ਵਿੱਚ ਰਹਿਣ–ਸਹਿਣ ਅਤੇ ਜਿਊਣ ਦੇ ਢੰਗਾਂ ਵਿੱਚ ਜੋ ਪ੍ਰੀਵਰਤਨ ਆਇਆ ਹੈ, ਨੂੰ ਬਾਖੂਬੀ ਬਿਆਨ ਕੀਤਾ ਗਿਆ ਹੈ। ਇਹ ਇੱਕ ਗੀਤ ਹੀ ਨਹੀਂ ਉਹਨਾਂ ਲੱਖਾਂ ਬਜ਼ੁਰਗਾਂ ਅਤੇ ਪੁਰਾਣੀ ਪੀੜੀ ਦੇ ਲੋਕਾਂ ਦਾ ਇੱਕ ਦਰਦ ਹੈ ਜੋ ਉਹ ਕਿਸੇ ਕੋਲ ਬੋਲ ਕੇ ਨਹੀਂ ਸੁਣਾ ਸਕਦੇ। ਸਮਾਂ ਹੀ ਅਜਿਹਾ ਆ ਗਿਆ ਕਿ ਕਿਸੇ ਕੋਲ ਨਾ ਪਹਿਲਾਂ ਵਰਗਾ ਵਕਤ ਅਤੇ ਨਾ ਹੀ ਉਤਸ਼ਾਹ ਰਿਹਾ ਕਿ ਉਹ ਕਿਸੇ ਬਜ਼ੁਰਗ ਦੇ ਬੀਤੇ ਵੇਲੇ ਦੇ ਚਾਅ–ਮਲ੍ਹਾਰ ਸੁਣ ਸਕਣ। ਕਾਰਣ ਹੈ ਅਸੀਂ ਆਧੁਨਿਕ ਹੋ ਗਏ ਹਾਂ। ਐਨੇ ਕੁ ਆਧੁਨਿਕ ਕਿ ਆਪਣੀਆਂ ਜੜ੍ਹਾਂ ਤੋਂ ਟੁੱਟ ਬੈਠੇ ਹਾਂ। ਟੈਕਨਾਲੋਜੀ, ਪੱਛਮੀ ਸੱਭਿਆਚਾਰ ਅਤੇ ਖੁੱਲਾਪਣ ਦੀ ਧਾਰਣਾ ਨੇ ਸਾਡੀਆਂ ਪੀੜੀਆਂ ਨੂੰ ਉਸ ਕਗਾਰ ਤੇ ਲਿਆ ਖੜਾ ਕੀਤਾ ਹੈ ਕਿ ਉਹ ਮਣਾਂ–ਮੂੰਹੀਂ ਭਾਰ ਚੁੱਕੀ ਫਿਰਦੇ ਹਨ। ਆਧੁਨਿਕ ਹੋਣਾ ਸਾਡੇ ਸਮਾਜ ਲਈ ਜ਼ਰੂਰੀ ਵੀ ਸੀ। ਕੁਝ ਸਮਾਜਿਕ ਕੁਰੀਤੀਆਂ ਨੂੰ ਗਲੋਂ ਲਾਹ, ਤਕਨਾਲੋਜੀ ਦੀ ਵਰਤੋਂ ਕਰ ਸੰਸਾਰ ਦੇ ਬਰਾਬਰ ਦਾ ਹੋ ਤੁਰਨ ਲਈ ਸਾਨੂੰ ਇਹ ਚੀਜ਼ਾਂ ਅਪਣਾਉਣੀਆਂ ਪੈਣੀਆਂ ਸੀ। ਬਿਨਾਂ ਸ਼ੱਕ ਤਕਨਾਲੋਜੀ ਨੇ ਸਾਡੇ ਰਾਹ ਸੁਖਾਲੇ ਕਰ ਦਿੱਤੇ ਹਨ। ਹਫ਼ਤਿਆਂ ਬੱਧੀ ਸਮਾਂ ਲੈਣ ਵਾਲਾ ਕੰਮ ਮਿੰਟਾਂ–ਸਕਿੰਟਾਂ ਵਿੱਚ ਹੋ ਨਿਬੜਦਾ ਹੈ। ਦੂਜੇ ਦੇਸ਼ਾਂ ਦੇ ਸਭਿਆਚਾਰ ਅਪਣਾ ਲੈਣਾ ਸਾਡੇ ਆਧੁਨਿਕ ਹੋਣ ਦੀ ਨਿਸ਼ਾਨੀ ਹੈ। ਆਪਣੇ ਸੱਭਿਆਚਾਰ ਨੂੰ, ਆਪਣੀਆਂ ਸਮਾਜਿਕ ਕੀਮਤਾਂ ਨੂੰ ਛੱਡਣਾ ਵਾਜ਼ਿਬ ਨਹੀਂ ਹੈ।
ਆਧੁਨਿਕਤਾ ਵਿਕਾਸ ਦਾ ਦੂਜਾ ਨਾਮ ਹੈ। ਇਹ ਵਿਕਾਸ ਉਥੋਂ ਸ਼ੁਰੂ ਹੁੰਦਾ ਹੈ ਜਦੋਂ ਪਿੰਡਾਂ ਵਿੱਚ ਵਸਦੇ ਲੋਕ ਰੁਜ਼ਗਾਰ ਖਾਤਰ, ਆਧੁਨਿਕ ਜੀਵਨ ਜਿਊਣ ਖਾਤਰ ਸ਼ਹਿਰਾਂ ਵੱਲ ਹੋ ਤੁਰੇ। ਪਿੰਡਾਂ ਵਿੱਚ ਵੀ ਉਹ ਪਿਆਰ, ਸਾਂਝੀਵਾਲਤਾ, ਪੁਰਾਣੇ ਰੀਤੀ–ਰਿਵਾਜ਼, ਯਾਰੀਆਂ–ਦੋਸਤੀਆਂ, ਕੰਮ ਕਰਨ ਦੇ ਪੁਰਾਣੇ ਢੰਗ–ਤਰੀਕੇ ਖਤਮ ਹੋਣ ਦੇ ਕੰਢੇ ਹਨ। ਨਾ ਉਹ ਲੱਸੀ ਦੀ ਤੌੜੀ, ਮਧਾਣੀਂ, ਕਿਰਸਾਨੀ ਦੇ ਪੁਰਾਣੇ ਢੰਗ ਤਰੀਕੇ, ਪ੍ਰੀਵਾਰਾਂ ਦੀ ਭਾਈਚਾਰਕ ਸਾਂਝ ਦਿਸਦੇ ਹਨ ਨਾ ਉਹ ਨੌਜਵਾਨੀ ਕਿਧਰੇ ਦਿਸਦੀ ਹੈ ਜੋ ਇਸ ਵਿਰਾਸਤ ਨੂੰ ਸਾਂਭ ਸਕੇ। ਹਰ ਨੌਜਵਾਨ ਪੜ੍ਹ ਕੇ ਛੇਤੀ ਤੋਂ ਛੇਤੀ ਅਮੀਰ ਬਣਨਾ ਲੋਚਦਾ ਹੈ। ਖੇਤੀ ਕਰਨ ਲਈ ਨਵੇਂ ਸੰਦ ਚਾਹੀਦੇ ਹਨ, ਬਲਦਗੱਡੀਆਂ ਕਿਤੇ ਖੋਹ ਗਈਆਂ ਹਨ। ਕਿਰਸਾਨੀ ਘਾਟੇ ਦਾ ਸੌਦਾ ਜਾਪਦੀ ਹੈ, ਹੱਡ–ਤੋੜਵੀਂ ਮਿਹਨਤ ਕਰਨ ਤੋਂ ਨੌਜਵਾਨ ਪੀੜੀ ਮੂੰਹ ਮੋੜ ਚੁੱਕੀ ਹੈ ਤੇ ਉਹ ਸ਼ਹਿਰਾਂ ਵਿੱਚ ਵਸ ਉਥੇ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੇ ਹਨ। ਖੁੱਲੇ–ਡੁੱਲੇ ਘਰਾਂ ਦੀ ਥਾਂ ਸ਼ਹਿਰਾਂ ਵਿੱਚ ਫਲੈਟ ਕਲਚਰ ਨੇ ਲੈ ਲਈ ਹੈ। ਲੋਕ ਚਾਹੁੰਦੇ ਹਨ ਕਿ ਕੋਈ ਉਹਨਾਂ ਦੇ ਘਰਾਂ ਵਿੱਚ ਝਾਕੇ ਵੀ ਨਾ। ਸਿੱਟੇ ਵਜੋਂ ਲੋਕ ਵਧੇਰੇ ਲਾਈਫ ਸਟਾਇਲ ਬਿਮਾਰੀਆਂ ਦੀ ਆੜ ਹੇਠ ਆ ਰਹੇ ਹਨ। ਇਕੱਲਾਪਣ ਵੱਧ ਗਿਆ ਹੈ। ਦੋ–ਬੱਚਿਆਂ ਦੀ ਥਾਂ ਵੀ ਇੱਕ ਹੀ ਬੱਚੇ ਨੇ ਲੈ ਲਈ ਹੈ, ਉਹ ਵੀ ਘਰੇਲੂ ਨੌਕਰਾਂ ਦੇ ਸਿਰ ਤੇ ਪਲ ਰਹੇ ਹਨ। ਇਹਨਾਂ ਸਭ ਵਿੱਚ ਘੁਣ ਵਾਂਗ ਪਿਸ ਰਹੇ ਹਨ ਸਾਡੇ ਬਜ਼ੁਰਗ। ਉਹਨਾਂ ਲਈ ਕਿਸੇ ਕੋਲ ਵਕਤ ਨਹੀਂ। ਨਾ ਉਹਨਾਂ ਦੀ ਕੋਈ ਮੰਨਦਾ ਹੈ ਨਾ ਉਹਨਾਂ ਤੋਂ ਕੋਈ ਰਾਤ ਨੂੰ ਬਾਤਾਂ ਸੁਣਦਾ ਹੈ। ਸੰਯੁਕਤ ਪਰਿਵਾਰਾਂ ਦੀ ਜਗ੍ਹਾ ਵਿਖੰਡਿਤ ਪਰਿਵਾਰਾਂ ਨੇ ਲੈ ਲਈ ਹੈ। ਹਰ ਕੋਈ ਇਹੀ ਚਾਹੁੰਦਾ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਦੀ ਖਾਸ ਕਰ ਘਰ ਦੇ ਵੱਡਿਆਂ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ, ਕਿਤੇ ਖੋ ਗਏ ਉਹ ਬਜ਼ੁਰਗ ਲਾਣੇਦਾਰ ਅਤੇ ਉਹਨਾਂ ਦੀ ਕਦਰ।
ਨੌਜਵਾਨੀ ਦਾ ਵਧੇਰੇ ਰੁਝਾਨ ਪ੍ਰਵਾਸ ਵੱਲ ਹੋ ਤੁਰਿਆ ਹੈ। ਉਹ ਬਾਹਰ ਜਾ, ਡਾਲਰ ਕਮਾ ਕੇ ਖੁੱਲੀ–ਡੁੱਲੀ ਜ਼ਿੰਦਗੀ ਜਿਉਣਾ ਲੋਚਦੇ ਹਨ। ਕਈਆਂ ਦੇ ਪਿੱਛੇ ਰਹਿ ਰਹੇ ਮਾਪੇ ‘ਓਲਡ ਏਜ਼ ਹੋਮਾਂ’ ਵਿੱਚ ਰੁਲਣ ਲਈ ਮਜ਼ਬੂਰ ਹਨ। ਸ਼ਹਿਰਾਂ ਵਿੱਚ ਇਹ ਰੁਝਾਨ ਆਮ ਹੋ ਤੁਰਿਆ ਹੈ। ਪਿਛਲੇ ਦਹਾਕਿਆਂ ਨਾਲੋਂ ਇਸ ਦਹਾਕੇ ਵਿੱਚ ‘ਓਲਡ ਏਜ਼ ਘਰਾਂ’ ਦੀ ਗਿਣਤੀ ਪੰਜਾਹ ਫੀਸਦੀ ਵਧੀ ਹੈ। ਕਿਹੋ–ਜਿਹੀ ਜ਼ਿੰਦਗੀ ਜੀਅ ਰਹੇ ਹਾਂ ਅਸੀਂ। ਬਹੁ–ਰਾਸ਼ਟਰੀ ਕੰਪਨੀਆਂ ਦੀ ਨੌਕਰੀ ਕਰਦੇ ਅਸੀਂ ਬੱਚੇ ਹੋਸਟਲਾਂ ਵਿੱਚ ਪਾ ਦਿੱਤੇ ਤੇ ਬਜ਼ੁਰਗ ਬਿਰਧ ਆਸ਼ਰਮਾਂ ਵਿੱਚ। ਤੇ ਕੀ ਉਮੀਦ ਕਰਦੇ ਹਾਂ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੋਂ। ਆਖ਼ਰ ਕਿਹੋ ਜਿਹਾ ਸਮਾਜੀਕਰਨ ਅਸੀਂ ਉਹਨਾਂ ਦਾ ਕਰ ਰਹੇ ਹਾਂ।
ਬੱਚਿਆਂ ਦੀ ਜ਼ਿੰਦਗੀ ਸਾਡੇ ਆਧੁਨਿਕ ਹੋਣ ਦੀ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਤਕਨਾਲੋਜੀ ਦੇ ਪਸਾਰੇ ਨੇ ਸਾਡੀ ਜ਼ਿੰਦਗੀ ਵਿੱਚ ਉਹ ਮਲਾਲ ਪੈਦਾ ਕੀਤਾ ਹੈ ਕਿ ਅਸੀਂ ਹਾਰ ਬੈਠੇ ਹਾਂ, ਝੰਬ ਦਿੱਤਾ ਸਾਨੂੰ ਏਸ ਮਾਰ ਨੇ। ਸਾਡੇ ਬੱਚਿਆਂ ਦਾ ਬਚਪਨ ਬੰਦ ਕਮਰਿਆਂ ਵਿੱਚ ਰੁਲ ਗਿਆ। ਸ਼ਾਮ ਨੂੰ ਪਿੰਡਾਂ ਦੀਆਂ ਫਿਰਨੀਆਂ ਤੇ ਸ਼ਹਿਰਾਂ ਦੀਆਂ ਗਲੀਆਂ ਬੱਚਿਆਂ ਦੀ ਆਮਦ ਤੋਂ ਸਖਣੀਆਂ ਦਿਸਦੀਆਂ ਹਨ। ਜੰਮਦੇ ਬੱਚੇ ਹੱਥ ਫੋਨ ਦੇ, ਸਕਰੀਨ ਤੇ ਉਸਦੀ ਨਜ਼ਰ ਟਿਕਾ ਕੇ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਬੱਚੇ ਦੀ ਸ਼ਖਸੀਅਤ ਤੇ ਦਿਮਾਗ ਨੂੰ ਕਿੰਨਾ ਗੰਧਲਾ ਕਰ ਰਹੇ ਹਨ। ਇੰਟਰਨੈੱਟ ਤੇ ਉਹ ਹਰ ਤਰ੍ਹਾਂ ਦਾ ਮਟੀਰੀਅਲ ਉਪਲਬਧ ਹੈ ਜੋ ਬੱਚੇ ਆਸਾਨੀ ਨਾਲ ਦੇਖ ਸੁਣ ਸਕਦੇ ਹਨ। ਨਤੀਜਾ ਬੱਚਿਆਂ ਦੀ ਮਾਸੂਮੀਅਤ ਕਿਧਰੇ ਗੁਆਚ ਗਈ ਜਾਪਦੀ ਏ। ਉਹ ਵਕਤ ਤੋਂ ਪਹਿਲਾਂ ਸਮਝਦਾਰ ਹੋ ਗਏ। ਉਹਨਾਂ ਦੀਆਂ ਸਿਹਤ ਸਮੱਸਿਆਵਾਂ ਵੱਧ ਰਹੀਆਂ ਹਨ। ਉਹ ਬਾਂਦਰ–ਕਿੱਲਾ, ਲੁਕਣ–ਮੀਚੀ, ਭੰਡਾ–ਭੰਡਾਰੀਆਂ ਤੇ ਕੋਟਲਾ–ਛਪਾਕੀ ਵਰਗੀਆਂ ਖੇਡਾਂ ਨੂੰ ਚਿਤੋਂ ਹੀ ਵਿਸਾਰ ਚੁੱਕੇ ਹਨ। ਉਹ ਸੋਸ਼ਲ ਮੀਡੀਆ ਸਾਇਟਸ ਤੇ ਨੱਚਣ–ਗਾਉਣ, ਰੀਲਾਂ ਬਣਾਉਣ ਜਾਂ ਆਡੀਓ–ਵੀਡੀਓ ਗੇਮਜ਼ ਨੂੰ ਵਧੇਰੇ ਮਹੱਤਤਾ ਦਿੰਦੇ ਹਨ। ਉਹਨਾਂ ਦਾ ਸਰੀਰਕ ਵਿਕਾਸ ਰੁਕ ਜਿਹਾ ਗਿਆ ਹੈ। ਉਹ ਦਾਦਾ–ਦਾਦੀ ਤੋਂ ਬਾਤਾਂ ਨਹੀਂ ਸੁਣਦੇ ਬਲਕਿ ਰਾਤ ਨੂੰ ਕਾਰਟੂਨਜ਼ ਦੇਖਣ ਨੂੰ ਤਰਜੀਹ ਦਿੰਦੇ ਹਨ। ਮਾਂ–ਬਾਪਾਂ ਨੇ ਵੀ ਸਿਰਫ਼ ਪੜ੍ਹਾਈ ਤੇ ਉਹਨਾਂ ਦਾ ਧਿਆਨ ਕੇਂਦਰਿਤ ਕਰ ਰੱਖਿਆ ਹੈ। ਉਹ ਭੁੱਲ ਚੁੱਕੇ ਹਨ ਸੱਭਿਆਚਾਰ ਦੇ ਅਮੀਰ ਵਿਰਸੇ ਨੂੰ। ਉਹਨਾਂ ਨੂੰ ਤਾਇਆ–ਤਾਈ, ਮਾਸੀ–ਮਾਸੜ, ਸ਼ਬਦ ਭੁੱਲ ਆਂਟੀ–ਅੰਕਲ ਸ਼ਬਦ ਯਾਦ ਰਹਿ ਗਏ ਹਨ।
ਤਕਨਾਲੋਜੀ ਦੀ ਆਮਦ ਨਾਲ ਜੀਵਨ ਤਾਂ ਸੁਖਾਲਾ ਹੋਇਆ ਹੈ ਪਰ ਇਸ ਜ਼ਰੀਏ ਹੋਣ ਵਾਲੇ ਜ਼ਰਮ ਜਾਂ ਇਸਦੇ ਮਾੜੇ ਪ੍ਰਭਾਵਾਂ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ । ਹੁਣ ਸਾਡੀ ਕੋਈ ਨਿੱਜਤਾ ਨਹੀਂ ਰਹੀ। ਸਾਡਾ ਨਾਮ ਤੋਂ ਲੈ ਫੋਨ ਨੰਬਰ ਤੱਕ ਹਰ ਜਾਣਕਾਰੀ ਕੰਪਨੀਆਂ ਕੋਲ ਉਪਲਬਧ ਹੈ। ‘ਡੀਪ ਫੇਕ’ ਜਿਹੀਆਂ ਤਕਨੀਕਾਂ ਤਾਂ ਸਾਡੇ ਫੋਨਾਂ ਵਿੱਚੋਂ ਹੀ ਫੋਟੋਆਂ ਚੋਰੀ ਕਰ ਕਿਤੇ ਵੀ ਅਸ਼ਲੀਲ ਚਿੱਤਰ ਜਾਂ ਵੀਡੀਓ ਤੇ ਲਗਾ ਕੇ ਉਸਨੂੰ ਪਰੋਸਣ ਵਿੱਚ ਨਾਮੀ ਰੋਲ ਅਦਾ ਕਰ ਰਹੀਆਂ ਹਨ। ਉਸ ਤੋਂ ਬਿਨਾਂ ਇੰਸਟਾਗ੍ਰਾਮ ਵਰਗੀ ਐਪ ਨੇ ਸਾਰੇ ਪੰਜਾਬ ਨੂੰ ਹੀ ਨਚਾਰ ਬਣਾ ਛੱਡਿਆ ਹੈ। ਲੋਕ ਕੀ–ਕੀ ਨਹੀਂ ਕਰਦੇ ਲਾਈਕਸ ਤੇ ਕੋਮੈਂਟਸ ਲੈਣ ਵਾਸਤੇ। ਕੀ ਕੁੜੀਆਂ ਤੇ ਘਰ ਦੀਆਂ ਸੁੱਘੜ ਸੁਆਣੀਆਂ ਵੀ ਇਸ ਪਲੇਟਫਾਰਮ ਦਾ ਹਿੱਸਾ ਬਣ ਚੁੱਕੀਆਂ ਹਨ। ਕਦੇ ਸੂਟ–ਦੁਪੱਟੇ ਨੂੰ ਆਪਣਾ ਮਾਣ, ਸਮਝਣ ਵਾਲੀਆਂ ਔਰਤਾਂ ਦੇ ਕੱਪੜੇ ਵੀ ਸੋਸ਼ਲ ਮੀਡੀਆ ਤੇ ਕੁਝ ਘੱਟ ਹੋ ਗਏ ਲੱਗਦੇ ਹਨ। ਇੱਕ ਸਮਾਂ ਸੀ ਜਦੋਂ ਘਰਾਂ ਦੀਆਂ ਨੂੰਹਾਂ–ਧੀਆਂ ਪਿਉ ਦੀ ਅੱਖ ਦੀ ਸ਼ਰਮ ਕਰਦੀਆਂ ਸਨ, ਪਰ ਅੱਜ ਸਭ ਉਲਟ ਹੋ ਗਿਆ। ਨੌਜਵਾਨੀ ਨਸ਼ੇ ਵਿੱਚ ਗ੍ਰਸੀ ਜਾ ਚੁੱਕੀ ਹੈ। ਭਵਿੱਖ ਧੁੰਦਲਾ ਹੋ ਗਿਆ ਲਗਦਾ ਹੈ। ਪੁਰਾਣੇ ਸਮਿਆਂ ਵਿੱਚ ਕਿਸੇ ਦੀ ਵੀ ਨੂੰਹ–ਧੀ ਸਾਰੇ ਸਮਾਜ ਦੀ ਨੂੰਹ–ਧੀ ਹੁੰਦੀ ਸੀ। ਪਰ ਹੁਣ ਤਾਂ ਛੋਟੀਆਂ ਬਾਲੜੀਆਂ ਵੀ ਸੁਰੱਖਿਅਤ ਨਹੀਂ ਹਨ। ਔਰਤਾਂ ਖਿਲਾਫ਼ ਜ਼ੁਰਮਾਂ ਵਿੱਚ ਪਿਛਲੇ ਦਹਾਕੇ ਨਾਲੋਂ ਵਾਧਾ ਹੋਇਆ ਹੈ। ਜਬਰ–ਜਨਹ, ਛੇੜਖਾਨੀ ਅਤੇ ਗਲਤ ਬੋਲ ਵਰਗੇ ਅਪਰਾਧ ਵਧੇ ਹਨ। ਨਾ ਤਾਂ ਭੈਣ–ਭਰਾਵਾਂ ਵਿੱਚ ਹੀ ਪਹਿਲਾਂ ਵਾਲਾ ਪਿਆਰ ਤੇ ਸਾਂਝ ਰਹੀ ਹੈ ਨਾ ਤਾਏ–ਚਾਚਿਆਂ ਦਾ ਉਹ ਪਿਆਰ ਰਿਹਾ ਹੈ।
ਹੋਰ ਤਾਂ ਹੋਰ ਰੀਤੀ–ਰਿਵਾਜ਼ ਵੀ ਬਦਲਣ ਲੱਗ ਪਏ ਹਨ। ਵਿਆਹਾਂ ਦਾ ਰੁਝਾਨ ਪੈਲੇਸ ਕਲਚਰਾਂ ਵੱਲ ਵਧਿਆ ਹੈ। ਵਿਆਹ ਵਾਲੇ ਘਰ ਵੀ ਨਾਨਕੇ–ਦਾਦਕੇ ਪੈਲੇਸ ਵਿੱਚੋਂ ਹੀ ਮੁੜ ਜਾਂਦੇ ਹਨ। ਇਹੋ ਗੱਲ ਦੁੱਖਾਂ ਸਮੇਂ ਹੁੰਦਾ। ਅਗਰ ਕੋਈ ਮਰ ਵੀ ਜਾਵੇ ਤਾਂ ਵਾਹੋ–ਦਾਹ ਭੱਜ ਜਾਂ ਤਾਂ ਅਸੀਂ ਸੰਸਕਾਰ ਤੇ ਪਹੁੰਚਦੇ ਹਾਂ ਜਾਂ ਬੱਸ ਭੋਗ ਤੇ। ਜਾਣ ਵਾਲੇ ਦਾ ਦੁੱਖ ਪ੍ਰੀਵਾਰ ਨਾਲ ਵੰਡਾਉਣ ਲਈ ਕਿਸੇ ਕੋਲ ਕੋਈ ਸਮਾਂ ਨਹੀਂ। ਹੁਣ ਤਾਂ ਉਹੋ ਗੱਲ ਹੋ ਗਈ ਕਿ ਨਾ ਕਿਸੇ ਦੇ ਆਉਣ ਦੀ ਖੁਸ਼ੀ ਤੇ ਨਾ ਕਿਸੇ ਦੇ ਜਾਣ ਦਾ ਗਮ। ਮੈਂ ਭੋਗਾਂ ਤੇ ਲੋਕਾਂ ਨੂੰ ਮੇਕਅਪ ਕਰਕੇ ਜਚ–ਬਚ ਕੇ ਆਉਂਦਿਆਂ ਦੇਖਿਆ ਹੈ। ਅਸੀਂ ਹਰ ਕੰਮ ਨੂੰ ਰਸਮੀ ਤੌਰ ਤੇ ਕਰਨਾ ਸਿੱਖ ਗਏ ਹਾਂ। ਸਾਡੇ ਸਲੀਕਿਆਂ ਵਿੱਚ, ਵਿਵਹਾਰ ਵਿੱਚ ਵੀ ਸਮੇਂ ਨੇ ਤਬਦੀਲੀ ਲਿਆ ਛੱਡੀ ਹੈ। ਹਰ ਵੇਲੇ ਅਸੀਂ ਭੱਜ–ਦੌੜ ਵਿੱਚ ਤੇ ਬਿਨਾਂ ਕੰਮ ਤੋਂ ਵੀ ਬਿਜ਼ੀ ਮਹਿਸੂਸ ਕਰਦੇ ਹਾਂ। ਸਾਡੀ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਇਹੋ ਹਾਲ ਸਾਡੇ ਬੱਚਿਆਂ ਦਾ ਏ। ਉਹ ਮਾਂ–ਬਾਪ ਤੋਂ ਥੱਪੜ ਤਾਂ ਛੱਡੋ ਥੋੜ੍ਹੀ ਜਿਹੀ ਘੂਰ ਵੀ ਨਹੀਂ ਸਹਿ ਸਕਦੇ। ਉਹਨਾਂ ਨੂੰ ਵੀ ਸਾਡੇ ਵਾਂਗ ਇਕੱਲੇ ਰਹਿਣ ਦੀ ਆਦਤ ਪੈ ਗਈ ਲੱਗਦੀ ਹੈ।
ਸਾਡੇ ਵਿੱਚ ਖ਼ਪਤਵਾਦ ਦੀ ਰੁਚੀ ਵੱਧ ਚੁੱਕੀ ਏ। ਸਾਨੂੰ ਵੱਡੀ ਗੱਡੀ ਚਾਹੀਦੀ ਏ, ਵੱਡਾ ਘਰ ਤੇ ਹੋਰ ਸੁੱਖ–ਸਹੂਲਤਾਂ ਤੇ ਐਸ਼ੋ–ਆਰਾਮ ਦੀ ਜ਼ਿੰਦਗੀ ਚਾਹੀਦੀ ਏ। ਸਿਰਫ਼ ਉਸ ਦਿਖਾਵੇ ਲਈ ਅਸੀਂ ਆਪਣੇ ਸਬਰ ਤੇ ਸਕੂਨ ਨੂੰ ਰੋਲ ਦਿੱਤਾ ਏ। ਅਸੀਂ ਹਰ ਸਮੇਂ ਭਾਰੇ–ਭਾਰ ਮਹਿਸੂਸ ਕਰਦੇ ਹਾਂ। ਐਨਾ ਆਧੁਨਿਕਤਾ ਦਾ ਮਣਾਂ–ਮੂੰਹੀ ਬੋਝ ਅਸੀਂ ਚੁੱਕ ਲਿਆ ਕੇ, ਚਾਹ ਕੇ ਵੀ ਲਾਹ ਨਹੀਂ ਸਕਦੇ। ਏ.ਸੀ. ਦੀ ਹਵਾ ਵਿੱਚ ਅਸੀਂ ਨਿੰਮਾਂ ਜਾਂ ਤੂਤਾਂ ਦੀ ਛਾਂ ਭੁੱਲ ਚੁੱਕੇ ਹਾਂ। ਲੱਸੀਆਂ ਦੀ ਥਾਂ ਕੋਕਾ ਕੋਲਾ ਨੇ ਲੈ ਲਈ ਹੈ, ਦੁੱਪਟਾ–ਸੂਟ ਦੀ ਥਾਂ ਜੀਨਾਂ ਨੇ ਲੈ ਲਈ ਹੈ। ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀ ਥਾਂ ਬਰਗਰ–ਪੀਜ਼ਿਆਂ ਨੇ ਲੈ ਲਈ ਹੈ। ਸਭ ਕੁਝ ਅਸੀਂ ਆਧੁਨਿਕਤਾ ਦੀ ਭੇਟ ਚਾੜ੍ਹ ਛੱਡਿਆ ਹੈ। ਪਿੰਡੋਂ ਕਿਸੇ ਦੇ ਮਿਲਣ ਤੇ ਸਤਿ ਸ੍ਰੀ ਅਕਾਲ ਜਾਂ ਰਾਮ–ਰਾਮ ਦੀ ਥਾਂ ਹਾਏ–ਹੈਲੋ ਨੇ ਲੈ ਲਈ ਹੈ। ਅਸੀਂ ਆਧੁਨਿਕਤਾ ਦੇ ਨਾਮ ਹੇਠ ਵਿਕਾਸ ਦੇ ਕਿਹੜੇ ਪੜਾਅ ਤੇ ਆ ਖੜੇ ਹਾਂ। ਧਰਤੀ ਦਾ ਗਰਮ ਹੋਣਾ, ਹਵਾ ਪ੍ਰਦੂਸ਼ਣ ਜਾਂ ਪਾਣੀ ਦੀ ਕਮੀ ਨਾਲ ਸਾਡਾ ਚੁਫੇਰਾ ਜੂਝ ਰਿਹਾ ਹੈ। ਅਸੀਂ ਜ਼ਹਿਰੀਲੀਆਂ ਸਬਜ਼ੀਆਂ ਤੇ ਫਲ ਖਾ ਰਹੇ ਹਾਂ। ਅਸੀਂ ਆਉਣ ਵਾਲੀਆਂ ਪੀੜੀਆਂ ਲਈ ਸ਼ਾਇਦ ਪ੍ਰਦੂਸ਼ਿਤ ਹਵਾ ਤੇ ਬਿਨ ਪਾਣੀ ਧਰਤ ਛੱਡਾਂਗੇ। ਕਿਤੇ ਉਹ ਪਾਣੀ ਦੀਆਂ ਬੋਤਲਾਂ ਵਾਂਗੂੰ ਆਕਸੀਜਨ ਦੇ ਸਿਲੰਡਰ ਰੋਜ਼–ਮਰਾ ਜ਼ਿੰਦਗੀ ਵਿੱਚ ਖਰੀਦਣ ਲਈ ਮਜ਼ਬੂਰ ਨਾ ਹੋ ਜਾਣ।
ਸ਼ਾਇਦ ਸਾਡੇ ਮੰਜੇ ਬੁਣਨ ਵਾਲੇ, ਸੰਧਾਰੇ ਦੇਣ ਵਾਲੇ, ਬਲਦਾਂ ਨਾਲ ਹੱਲ ਵਾਹੁਣ ਵਾਲੇ ਬਜ਼ੁਰਗਾਂ ਦੀ ਇਹ ਆਖਰੀ ਪੀੜ੍ਹੀ ਹੋਵੇਗੀ। ਖੌਰੇ ਅਸੀਂ ਵੀ ਪੁਰਾਤਨ ਤੋਂ ਆਧੁਨਿਕਤਾ ਦੇ ਲਾਭ ਤੇ ਸੰਤਾਪ ਦੇਖਣ ਵਾਲੀ ਆਖ਼ਰੀ ਪੀੜ੍ਹੀ ਹੋਈਏ। ਅਸੀਂ ਫੇਰ ਵੀ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਾਂ ਕਿ ਅਸੀਂ ਆਪਣੇ ਬਚਪਨ ਤੇ ਜਵਾਨੀ ਦਾ ਉਹ ਸੁਨਹਿਰੀ ਸਮਾਂ ਦੇਖਿਆ ਹੈ ਜਦੋਂ ਦੁਪਹਿਰੇ ਬਿਜਲੀ ਨਾ ਹੋਣ ਕਾਰਣ ਸਾਰਾ ਟੱਬਰ ਰੋਟੀ ਖਾ ਕੇ ਡਕੈਣਾਂ ਦੀ ਛਾਵੇਂ ਸੌਂਦਾ ਸੀ, ਜਦੋਂ ਇੱਕ ਫਰਾਟਾ ਪੱਖਾ ਲਗਾ ਕੇ ਸਾਰੇ ਟੱਬਰ ਨੂੰ ਨੀਂਦ ਆਉਂਦੀ ਸੀ। ਜਦੋਂ ਇੱਕ ਰੁਪਏ ਦੀਆਂ ਚਾਰ ਇਮਲੀਆਂ ਆਉਂਦੀਆਂ ਸਨ। ਅੱਜ ਭਾਵੇਂ ਅਸੀਂ ਆਧੁਨਿਕ ਬਣ ਗਏ ਹਾਂ ਪਰ ਸਾਨੂੰ ਆਪਣੇ ਬੱਚਿਆਂ ਨੂੰ ਉਹ ਸਮਾਜਿਕ ਕਦਰਾਂ–ਕੀਮਤਾਂ ਨਹੀਂ ਭੁੱਲਣ ਦੇਣੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਅਤੇ ਉਹਨਾਂ ਨੂੰ ਵਿਰਸੇ ’ਚ ਮਿਲੀਆਂ ਹਨ। ੈ। ਅਸੀਂ ਆਪਣੇ ਵਿਰਸੇ ਨੂੰ ਪਾਸੇ ਕਰ, ਤਕਨਾਲੋਜੀ ਦੇ ਨਾਲ ਵਿਕਾਸ ਦੀਆਂ ਸਿਖਰਾਂ ਤਾਂ ਛੂਹ ਸਕਦੇ ਹਾਂ ਪਰ ਵਿਰਸੇ ਤੋਂ ਦੂਰ ਰੱਖ ਕੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਹਰੀਆਂ ਭਰੀਆਂ ਨਹੀਂ ਰੱਖ ਸਕਦੇ।
-ਡਾ. ਪ੍ਰਵੀਨ ਬੇਗਮ
-ਮੋਬਾ. 89689–48018

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ