ਜਜ਼ਬਾਤ, ਜਜ਼ਬੇ, ਅਹਿਸਾਸ, ਸੰਵੇਦਨਾਵਾਂ ਤੇ ਭਾਵਨਾਵਾਂ ਦੀ ਗੱਲ ਕਰਨ ਦੀ ਆਪਣੀ ਸੰਜੀਦਾ ਸੋਚ ਲਈ ਜਾਣੇ ਜਾਂਦੇ ਪੰਜਾਬ ਦੇ ਨਾਮਵਰ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਯਰ' ਬਾਰੇ ਗੱਲਾਂ ਕਰੀਏ। ਸਤਿੰਦਰ ਸਰਤਾਜ ਸ਼ਾਇਰੀ ਦਾ ਇੱਕ ਵੱਖਰਾ ਹੀ ਨਾਮ ਹੈ । ਆਪਣੀ ਇਸ ਫਿਲਮ 'ਚ ਉਹ ਭੌਤਿਕਤਾਵਾਦ ਦੀਆਂ ਜੜ੍ਹਾਂ ਨੂੰ ਪੁੱਟਣਾ ਲੋਚਦਾ ਹੈ । ਉਹ ਅੱਜ ਦੀ ਸਵਾਰਥੀ ਦੁਨੀਆਂ ਅੰਦਰ ਮੋਹ ਜਗਾਉਣ ਦੀ ਕੋਸ਼ਿਸ਼ ਕਰਦਾ ਪ੍ਰਤੀਤ ਹੁੰਦਾ ਹੈ, ਜਿਸ ਦੁਨੀਆਂ ਕੋਲ ਪੈਸੇ ਦੀ ਦੌੜ ਹੈ , ਇੱਕ ਦੂਜੇ ਤੋਂ ਵਧਕੇ ਤੜਕ-ਭੜਕ , ਮਿਲਾਵਟੀ ਤੇ ਦੋਗਲੀ ਜ਼ਿੰਦਗੀ ਹੈ । ਜਿੱਥੇ ਨਫ਼ਰਤ , ਹੰਕਾਰ ਤੇ ਲਾਲਚ ਦੀ ਅੱਗ ਮੱਚਦੀ ਪਈ ਹੈ । ਪਰ ਸਰਤਾਜ ਇਹਨਾਂ ਲੋਕਾਂ ਕੋਲ ਪਿਆਰ , ਮੁਹੱਬਤ ਤੇ ਸਿਦਕ ਦੀ ਬਾਤ ਪਾਉਂਦਾ ਹੈ ।
ਇਸ ਫਿਲਮ ਵਿੱਚ ਸੱਤੇ ਤੇ ਸੀਰੋ ਦੇ ਪਿਆਰ ਦੀ ਕਹਾਣੀ ਦਿਖਾਈ ਗਈ ਹੈ ਜੋ ਕਿ ਪਿਆਰ ਦੀ ਅਸਲੀ ਭਾਵਨਾ ਨੂੰ ਪ੍ਰਗਟ ਕਰਦੀ ਹੈ। ਸਿਦਕ ਤੇ ਕੁਰਬਾਨੀ ਕਿੱਡੀ ਵੱਡੀ ਚੀਜ਼ ਹੈ ਵਾਕਿਆ ਹੀ ਇਹ ਫਿਲਮ ਦੱਸਦੀ ਹੈ ।
ਸ਼ਾਯਰ ਕੌਣ ਹੁੰਦਾ ਹੈ ? ਦੇ ਜਵਾਬ ਵਿੱਚ ਇਹ ਫਿਲਮ ਦੱਸਦੀ ਹੈ ਕਿ ਜੋ ਕਿਸੇ ਦੀ ਖੋਜ ਕਰਦਾ ਕਰਦਾ ਆਪੇ ਨੂੰ ਖੋਜ ਲੈਂਦਾ ਹੈ ਉਹ ਸ਼ਾਇਰ ਹੁੰਦਾ ਹੈ । ਸ਼ਾਇਰ ਦੇ ਪੈਰਾਂ ਵਿਚਲਾ ਸਫ਼ਰ ਬਹੁਤ ਲੰਮਾ ਹੁੰਦਾ ਹੈ। ਇਹ ਵੀ ਕਿ ਮੁਹੱਬਤ ਕਦੀ ਮਰਦੀ ਨਹੀਂ। ਉਹ ਸ਼ਬਦਾਂ ਤੇ ਸ਼ਾਇਰੀ ਵਿੱਚੋਂ ਬੋਲਣ ਲੱਗਦੀ ਹੈ । ਸ਼ਾਇਰ ਹੋਣਾ ਬਹੁਤ ਕੁੱਝ ਖੋਣਾ ਵੀ ਹੁੰਦਾ ਹੈ । ਸ਼ਾਇਰ ਆਪਣੇ ਤੋਂ ਵੱਡੇ ਛੋਟੇ ਦੀ ਇੱਜ਼ਤ ਕਰਨ ਵਾਲਾ ਹੁੰਦਾ ਹੈ। 90 ਕਿਲਿਆਂ ਦੇ ਲਾਲਚ 'ਚ ਆਉਣ ਵਾਲਾ ਨਹੀਂ ਹੁੰਦਾ। ਕਿਸੇ ਨੂੰ ਵੀ ਭੁਲਣ ਵਾਲਾ ਨਹੀਂ ਹੁੰਦਾ। ਉਹ ਹੰਕਾਰ ਨਹੀਂ ਕਰਦਾ ਸਗੋਂ ਰਜ਼ਾ ਵਿੱਚ ਰਹਿ ਕੇ ਹੀ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦਾ ਹੈ।
ਇੱਕ ਡਾਇਲਾਗ ’ਚ ਸਰਤਾਜ ਕਹਿੰਦਾ ਹੈ ਕਿ ਮੇਰੀ ਬੇਚੈਨੀ ਵਧਦੀ ਜਾ ਰਹੀ ਹੈ । ਵਾਕਿਆ ਹੀ ਲੇਖਕ ਜਿਨ੍ਹਾਂ ਚਿੰਤਾਤੁਰ ਤੇ ਬੇਚੈਨ ਬੰਦਾ ਹੋਰ ਕੋਈ ਨਹੀਂ ਹੁੰਦਾ । ਉਹ ਵੀ ਆਪਣੇ ਲਈ ਨਹੀਂ ਸਮਾਜ ਲਈ ਬੇਚੈਨ ਅਗਰ ਕੋਈ ਹੈ ਤਾਂ ਉਹ ਲੇਖਕ ਹੈ ।
ਸਭ ਦਾ ਆਪੋ ਆਪਣਾ ਰੁਤਵਾ ਹੈ ਕ੍ਰਾਂਤੀ ਦੀ ਗੱਲ ਕਰਨ ਵਾਲੇ ਕਵੀ ਅਵਤਾਰ ਪਾਸ਼ ਨੂੰ ਲੋਕ ਕਹਿੰਦੇ ਸਨ ਕਿ ਤੂੰ ਪਿਆਰ ਮੁਹੱਬਤ ਦੀ ਗੱਲ ਨਹੀਂ ਕਰਦਾ ਪਰ ਉਹ ਉਸ ਦੇ ਅਹਿਸਾਸ ਸਨ । ਬਿਰਹਾ ਦੀ ਗੱਲ ਕਰਨ ਵਾਲੇ ਕਵੀ ਸ਼ਿਵ ਕੁਮਾਰ ਨੂੰ ਲੋਕ ਕਹਿੰਦੇ ਸਨ ਕਿ ਇਹ ਪਿਆਰ ਮੁਹੱਬਤ ਦੀ ਗੱਲ ਕਰਕੇ ਮੁੰਡੇ ਕੁੜੀਆਂ ਨੂੰ ਵਿਗਾੜ ਰਿਹਾ ਹੈ । ਇਸ ਦੇ ਜਬਾਵ ਵਿੱਚ ਸ਼ਾਇਰ ਕਹਿੰਦਾ ਹੈ ਕਿ ਚੰਗਾ ਹੈ ਮੁੰਡੇ ਕੁੜੀਆਂ ਮੁਹੱਬਤ ਦੀ ਗੱਲ ਕਰਨ ਲੱਗੇ ਨੇ ਜੇ ਇਹ ਨਫ਼ਰਤ ਦੀ ਗੱਲ ਕਰਨ ਲੱਗੇ ਫੇਰ ਕੀ ਬਣੇਗਾ ?
ਸੱਤਾ ਦੁਖੀ ਹੋਇਆ ਸੀਰੋ ਨੂੰ ਕਹਿੰਦਾ ਹੈ ਕਿ ਲੱਗਦਾ ਤੈਨੂੰ ਕੋਈ ਦੁੱਖ ਨਹੀਂ। ਉਹ ਕਹਿੰਦੀ ਹੈ ਕਿ ਹੈਗਾ , ਪਰ ਮੇਰੀ ਸਹਿਣ ਕਰਨ ਦੀ ਤਾਕਤ ਜ਼ਿਆਦਾ, ਜਿਹੜੀ ਕਿ ਸ਼ਾਇਰੀ ਵਿੱਚੋਂ ਆਉਂਦੀ ਹੈ।
ਇਹ ਇੱਕ ਬਹੁਤ ਹੀ ਪਤੇ ਦੀ ਗੱਲ ਕਹੀ ਹੈ ਕਿ ਭੋਲੇ ਲੋਕ ਕਿਸੇ ਨੂੰ ਵੀ ਰੱਬ ਬਣਾ ਲੈਂਦੇ ਹਨ । ਕਿਸੇ ਤੇ ਵੀ ਜਲਦੀ ਯਕੀਨ ਦੀ ਡੋਰੀ ਸਿੱਟ ਦਿੰਦੇ ਨੇ । ਜੇ ਉਹ ਬੰਦਾ ਅੱਗੋਂ ਸਹੀ ਵਿਰਤੀ ਦਾ ਹੋਵੇ ਤਾਂ ਕੋਈ ਗੱਲ ਨਹੀਂ ਪਰ ਜੇ ਕੋਈ ਚਤਰ ਚਲਾਕ ਹੋਵੇ ਤਾਂ ਲੋਕਾਂ ਨੂੰ ਲੁੱਟ ਲੁੱਟ ਖਾ ਜਾਂਦਾ ਹੈ।
ਫਿਲਮ ਵਿਚਲੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ, ਸਭ ਤੋਂ ਵਧੀਆ ਕੰਮ ਫਿਲਮ ਦੇ ਗੀਤ ਤੇ ਗੀਤਾਂ ਦੇ ਬੋਲ ਹਨ ਜੋ ਕਿ ਇੱਕ ਸ਼ਾਇਰ ਹੀ ਲਿਖ ਸਕਦਾ ਹੈ । ਕਮਾਲ ਦੇ ਗੀਤ ਨੇ ਫਿਲਮ ਚ ਸਾਰੇ ਹੀ ਪਾਤਰ ਕਮਾਲ ਦੇ ਹਨ । ਸਭ ਨੇ ਆਪਣਾ ਰੋਲ ਬਾਖੂਬੀ ਨਿਭਾਇਆ ਹੈ।
ਜੇਕਰ ਤੁਹਾਡੇ ਅੰਦਰ ਠਰਮਾ ਹੈ ਤੇ ਤੁਹਾਡਾ ਸਾਹਿਤ ਨਾਲ ਥੋੜਾ ਬਹੁਤਾ ਵੀ ਪਿਆਰ ਹੈ ਤਾਂ ਇਹ ਫਿਲਮ ਤੁਹਾਨੂੰ ਦੇਖਣੀ ਚਾਹੀਦੀ ਹੈ ।
- ਕੇਵਲ ਧਰਮਪੁਰਾ
-ਮੋਬਾ: 9878801561