ਦਸਵੀਂ ਅਤੇ ਬਾਰਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐਸ.ਈ. ਦੇ ਪ੍ਰਾਪਤ ਹੋ ਚੁੱਕੇ ਹਨ, ਹਰ ਸਿੱਖਿਆ ਸੰਸਥਾ ਪਹਿਲੇ ਕੁੱਝ ਵਿਦਿਆਰਥੀਆਂ ਦੇ ਅੰਕਾਂ ਦੇ ਆਧਾਰ ਤੇ ਸਫਲਤਾ ਦੇ ਢੋਲ ਵਜਾ ਰਹੀ ਹੈ, ਪਿ੍ਰੰਟ ਮੀਡੀਆ, ਸੋਸ਼ਲ ਮੀਡੀਆ, ਕੋਚਿੰਗ ਬਜ਼ਾਰ, ਭਾਰੀ ਫੀਸਾਂ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਸਭ ਸਫਲਤਾ ਦਾ ਸਿਹਰਾ ਆਪਣੇ ਸਿਰ ਤੇ ਬੰਨ੍ਹ ਰਹੇ ਹਨ, ਮੁਕਾਬਲੇ ਦੇ ਯੁੱਗ ਵਿੱਚ ਸਕੂਲੀ ਵਿਦਿਆਰਥੀ ਅੰਕਾਂ ਦੀ ਦੌੜ ਵਿੱਚ ਫਸ ਚੁੱਕੇ ਹਨ।
ਪ੍ਰੀਖਿਆਵਾਂ ਦਾ ਦਬਾਅ ਵਿਦਿਆਰਥੀ ਵਰਗ ਤੇ ਬਹੁਤ ਵੱਧ ਗਿਆ ਹੈ, ਸਫਲਤਾ ਨਾ ਪ੍ਰਾਪਤ ਕਰਨ ਵਾਲੇ ਜਾਂ ਘੱਟ ਅੰਕਾਂ ਵਾਲੇ ਵਿਦਿਆਰਥੀ ਤਰਸ ਦਾ ਪਾਤਰ ਬਣ ਜਾਂਦੇ ਹਨ। ਸਫਲਤਾ ਨਾ ਮਿਲਣ ’ਤੇ ਖੁਦਕੁਸ਼ੀ ਦਾ ਰੁਝਾਣ ਵਧਣ ਲੱਗਾ ਹੈ, ਪਿਛਲੇ ਦਿਨੀਂ ਅਖ਼ਬਾਰਾਂ ਵਿੱਚ ਨੰਗਲ ਦੇ ਵਿਦਿਆਰਥੀਆਂ ਵੱਲੋਂ ਫਾਹਾ ਲੈਣਾ ਬਠਿੰਡਾ ਅਤੇ ਪਿੰਡ ਪੂਹਲੀ ਦੀ ਘਟਨਾ ਨੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਕੋਟਾ ਰਾਜਸਥਾਨ ਦੀਆਂ ਅਨੇਕ ਘਟਨਾਵਾਂ ਵਿਦਿਆਰਥੀ ਤਨਾਅ ਨੂੰ ਬਿਆਨ ਕਰ ਰਹੀਆਂ ਹਨ, ਜਿਸਦਾ ਮੁੱਖ ਕਾਰਨ ਵਧ ਰਹੀ ਮੁਕਾਬਲੇਬਾਜ਼ੀ ਹੈ, ਮਾਪੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਲੈਣ ਲਈ ਦਬਾਅ ਬਣਾਉਂਦੇ ਹਨ, ਜਿਸ ਨਾਲ ਕੋਚਿੰਗ ਮਾਫੀਆ ਦਾ ਧੰਦਾ ਵਧਣ ਫੁੱਲਣ ਲੱਗਦਾ ਹੈ, ਮਾਪਿਆਂ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚੇ ਡਾਕਟਰ, ਇੰਜੀਨੀਅਰ ਜਾਂ ਸਿਵਲ ਸੇਵਾਵਾਂ ਵਿੱਚ ਜਾਣ, ਪਰ ਅਕਸਰ ਅਜਿਹਾ ਨਹੀਂ ਹੁੰਦਾ। ਦਸਵੀਂ ਤੋਂ ਬਾਅਦ ਕਾਮਰਸ, ਮੈਡੀਕਲ, ਨਾਨ ਮੈਡੀਕਲ ਦੀ ਪੜ੍ਹਾਈ ਸ਼ੁਰੂ ਤਾਂ ਹੁੰਦੀ ਹੈ ਪਰ ਬਹੁਤ ਬੱਚੇ ਵਿਚਕਾਰ ਹੀ ਛੱਡ ਜਾਂਦੇ ਹਨ।
ਵਿੱਦਿਅਕ ਸੰਸਥਾਵਾਂ ਦਾ ਧਿਆਨ ਸਿਰਫ ਬੋਰਡ ਦੀ ਪ੍ਰੀਖਿਆਵਾਂ ਤੇ ਹੀ ਰਹਿੰਦਾ ਹੈ, ਬੋਰਡ ਪ੍ਰੀਖਿਆਵਾਂ ਦੇ ਅੰਕ ਮਾਪੇ ਸਟੇਟਸ ਸਿੰਬਲ ਵਜੋਂ ਵੇਖਦੇ ਹਨ, ਬੱਚੇ ਦੇ ਮਨੋਭਾਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਮਾਪੇ ਇਸ ਗੱਲ ਨੂੰ ਨਹੀਂ ਸਮਝਦੇ ਹਨ। ਬੱਚੇ ਦੀ ਵੱਖਰੀ ਸਖਸ਼ੀਅਤ ਅਤੇ ਪ੍ਰਤਿਭਾ ਹੈ। ਅੰਕ ਪ੍ਰਾਪਤੀ ਦੀ ਦੌੜ ਵਿੱਚ ਕਈ ਮਾਪੇ ਆਪਣੇ ਬੱਚੇ ਗਵਾ ਲੈਂਦੇ ਹਨ।
ਮੌਜੂਦਾ ਸਿੱਖਿਆ ਤੰਤਰ ਨੂੰ ਕੋਚਿੰਗ ਮਾਫੀਆ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਹੈ, ਮੱਧ ਵਰਗ ਵਿੱਚ ਸਿਰਫ ਅੰਕਾਂ ਤੇ ਹੀ ਜੋਰ ਦਿੱਤਾ ਜਾ ਰਿਹਾ ਹੈ, ਸਰਵਪੱਖੀ ਵਿਕਾਸ ਵੱਲ ਜਾ ਬੱਚੇ ਦੇ ਵਿਸ਼ੇਸ਼ ਹੁਨਰ ਵੱਲ ਕੋਈ ਧਿਆਨ ਨਹੀਂ, ਭਾਵੇਂ ਦੇਸ਼ ਦੇ ਸਿੱਖਿਆ ਬੋਰਡ ਪ੍ਰਤੀਸ਼ਤਾ, ਪਾਸ, ਫੇਲ ਤੋਂ ਬਾਹਰ ਆ ਕੇ ਨਤੀਜੇ ਦੇ ਰਹੇ ਹਨ, ਪਰ ਨਕੀ ਵਾਤਾਵਰਨ ਨੇ ਅੰਕਾਂ ਦੀ ਪ੍ਰਤੀਸ਼ਤਤਾ ਦਾ ਦਬਾਅ ਵੀ ਕਾਇਮ ਰੱਖਿਆ ਹੈ। ਜ਼ਰੂਰਤ ਹੈ ਬੱਚੇ ਦੀਆਂ ਮਨੋਭਾਵਨਾਵਾਂ ਨੂੰ ਸਮਝਣ ਦੀ, ਮੈਂ ਖ਼ੁਦ ਇਸ ਗੱਲ ਨੂੰ ਮਹਿਸੂਸ ਕਰਦਾ ਹਾਂ ਕੀ ਬਤੌਰ ਪਿਤਾ ਦੇ ਨਾਤੇ ਮੇਰੀ ਬੇਟੀ ਦੇ ਅੰਕ ਘੱਟ ਆਉਣ ਤੇ ਉਸ ਵੱਲੋਂ ਦੁੱਖ ਮਹਿਸੂਸ ਕੀਤਾ ਤਾਂ ਮੈਂ ਕਿਹਾ ਕੀ ‘ਇਹ ਸਫਲਤਾ ਦਾ ਅੰਤ ਨਹੀਂ’ ਮਿਹਨਤ ਕਰੋ ਜੋ ਸਟਰੀਮ ਲੈਣੀ ਹੈ ਲਵੋ, ਪਰ ਮੁਕਾਬਲੇਬਾਜ਼ੀ ਦੇ ਸਮਾਜ ਨੇ ਇਸ ਨੂੰ ਨਹੀਂ ਸਮਝਿਆ, ਪਰ ਸਮੇਂ ਨਾਲ ਸਫਲਤਾ ਜਰੂਰ ਮਿਲੂ, ਸੌ ਸਾਰੇ ਮਾਪੇ ਆਪਣੇ ਬੱਚਿਆਂ ਤੇ ਆਪਣੀਆਂ ਵਿੱਦਿਅਕ ਇੱਛਾਵਾਂ ਨਾ ਥੋਪਣ, ਉਹਨਾਂ ਦੀ ਰੂਚੀ ਅਨੁਸਾਰ ਪੜਣ ਦੇਣ, ਸਮਾਜ ਮਾਪੇ-ਪਰਿਵਾਰ ਅਤੇ ਸਿੱਖਿਆ ਤੰਤਰ ਵਿਦਿਆਰਥੀ ਦੀ ਰੂਚੀ ਦੀ ਕਦਰ ਕਰੇ। ਵਿਦਿਆਰਥੀ ਦੀ ਯੋਗਤਾ ਅਨੁਸਾਰ ਸਿੱਖਿਆ ਨੀਤੀ ਤਿਆਰ ਹੋਵੇ। ਐਸ.ਸੀ.ਆਰ.ਬੀ. ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2020 ਵਿੱਚ ਭਾਰਤ ’ਚ ਹਰੇਕ 42 ਮਿੰਟਾਂ ਵਿੱਚ 1 ਵਿਦਿਆਰਥੀ ਨੇ ਖੁਦਕੁਸ਼ੀ ਕੀਤੀ ਹੈ। ਇਹ ਅੰਕੜੇ ਕਰੀਬ 7.6 ਹਨ। ਜੇਕਰ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਸਿੱਖਿਆ ਅਤੇ ਖੋਜਾਂ ਦੇ ਖੇਤਰ ਵਿੱਚ ਸਧਾਰਨ ਵਿਦਿਆਰਥੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸੋ ਜ਼ਰੂਰਤ ਹੈ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ।
ਅਵਨੀਸ਼ ਲੌਂਗੋਵਾਲ
-ਮੋਬਾ: 78883-46465