ਆਸਾ ਸਿੰਘ ਮਸਤਾਨਾ’ ਪੰਜਾਬੀ ਗਾਇਕੀ ਦਾ ਉਹ ਨਾਮ ਹੈ, ਜਿਸ ਨੂੰ ਪੰਜਾਬੀ ਗਾਇਕੀ ਵਿੱਚ ਸਦਾ ਹੀ ਆਪਣੇ ਮਿੱਠੇ ਸੁਰਾਂ ਅਤੇ ਮਿੰਨੇ-ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ ਹੈ। ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ 1927 ਨੂੰ ਸ਼ੇਖੂਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ।
ਦਿੱਲੀ ਵਿਖੇ ਹੀ ਮਸਤਾਨਾ ਜੀ ਨੇ ਆਪਣੀ ਸੰਗੀਤਕ ਵਿੱਦਿਆ ‘ਉਸਤਾਦ ਪੰਡਿਤ ਦੁਰਗਾ ਪ੍ਰਸਾਦ’ ਹੁਰਾਂ ਕੋਲੋਂ ਲਈ। ਸੰਗੀਤ ਸਿੱਖਦੇ-ਸਿੱਖਦੇ ਹੀ ਆਪ ਦੀ ਨੌਕਰੀ ਚਾਂਦਨੀ ਚੌਂਕ ਦਿੱਲੀ ਵਿਖੇ ਸਰਕਾਰੀ ਬੈਂਕ ਵਿੱਚ ਲੱਗ ਗਈ । ਆਸਾ ਸਿੰਘ ਸਕੂਲ ਵਿੱਚ ਪੜ੍ਹਦੇ ਸਮੇਂ ਬਹੁਤ ਸ਼ਰਾਰਤੀ ਕਿਸਮ ਦੇ ਸਨ ਤੇ ਅਕਸਰ ਕਲਾਸ ਵਿੱਚ ਸ਼ਰਾਰਤਾਂ ਕਰਦੇ ਰਹਿੰਦੇ ਸਨ ਜਿਸ ਕਰਕੇ ਉਸਦੇ ਅਧਿਆਪਕ ਨੇ ਉਸ ਨੂੰ ਛੇੜਨ ਵਜੋਂ ਮਸਤਾਨਾ ਕਹਿ ਦਿੱਤਾ ਤੇ ਉਸ ਦਿਨ ਤੋਂ ਹੀ ਉਨ੍ਹਾਂ ਨੇ ਆਪਣਾ ਨਾਮ ਆਸਾ ਸਿੰਘ ਮਸਤਾਨਾ ਰੱਖ ਲਿਆ।
ਸੰਨ 1949 ਵਿੱਚ ਰੇਡੀਓ ਉੱਪਰ ਪਹਿਲਾ ਗੀਤ ‘ਤੱਤੀਏ ਹਵਾਏ ਕਿਹੜੇ ਪਾਸਿਉਂ ਤੂੰ ਆਈ ਏਂ’ ਪ੍ਰਸਾਰਿਤ ਹੋਇਆ। ਉਸ ਤੋਂ ਬਾਅਦ ਅਨੇਕਾਂ ਹੀ ਸਦਾਬਹਾਰ ਮਸ਼ਹੂਰ ਗੀਤ ਗਾਏ। ਜਿਨ੍ਹਾਂ ਵਿੱਚ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਦੁਨੀਆ ਤੇ ਆ ਕੇ ਜਾਣ ਤੋਂ ਡਰਦਾ ਹੈ ਆਦਮੀ,
ਚੀਚੋਂ-ਚੀਚ ਗੰਨੇਰੀਆਂ ਦੋ ਤੇਰੀਆਂ ਦੋ ਮੇਰੀਆਂ ਬਹੁਤ ਮਸ਼ਹੂਰ ਹੋਏ। ਇਹਨਾਂ ਤੋਂ ਇਲਾਵਾ ਮੁਟਿਆਰੇ ਜਾਣਾ ਦੂਰ ਪਿਆ।
ਇਹ ਮੁੰਡਾ ਨਿਰਾ ਸ਼ਨਿੱਚਰੀ ਏ (ਸੁਰਿੰਦਰ ਕੌਰ ਹੁਰਾਂ ਨਾਲ ਗਾਇਆ ਸੁਪਰਹਿੱਟ ਡਿਊਟ), ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ-ਹੁਮਾ ਕੇ ਚਲਣਗੇ
ਬੁੱਲ੍ਹ ਸੁੱਕ ਗਏ ਦੰਦਾਸੇ ਵਾਲੇ ਗੀਤਕਾਰ- ਇੰਦਰਜੀਤ ਹਸਨਪੁਰੀ, ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ। ਮੈਨੂੰ ਤੇਰਾ ਸ਼ਬਾਬ ਲੈ ਬੈਠਾ (ਸ਼ਿਵ ਕੁਮਾਰ ਬਟਾਲਵੀ)
ਮੈਂ ਜੱਟ ਜਮਲਾ ਪਗਲਾ ਦੀਵਾਨਾ ਅਤੇ ਐਧਰ ਕਣਕਾਂ ਉਧਰ ਕਣਕਾਂ ਆਦਿ ਸਰੋਤਿਆਂ ਦੇ ਦਿਲਾਂ ਤੇ ਘਰ-ਘਰ ਗਏ। ਸੰਨ 1950 ਵਿੱਚ ਅੰਮ੍ਰਿਤਸਰ ਦੀ ਲੜਕੀ ਸੁਸ਼ੀਲਾ ਨਾਲ ਮਸਤਾਨਾ ਜੀ ਦਾ ਵਿਆਹ ਹੋਇਆ। ਉਹਨਾਂ ਦੇ ਘਰ ਪੁੱਤਰ ਪਰਮਜੀਤ ਸਿੰਘ ਤੇ ਬੇਟੀ ਰਮਨਦੀਪ ਨੇ ਜਨਮ ਲਿਆ। ਸੰਨ 1981 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬੀ ਗਾਇਕੀ ਵਿੱਚ ਅਹਿਮ ਯੋਗਦਾਨ ਪਾਉਣ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਸੰਨ 1985 ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ੍ਰੀ ਨਾਲ ਨਿਵਾਜਿਆ ਗਿਆ। 1986 ਵਿੱਚ ਸੰਗੀਤ ਨਾਟਕ ਅਕੈਡਮੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੰਜਾਬੀ ਗੀਤਾਂ ਦੇ ਨਾਲ-ਨਾਲ ਬਹੁਤ ਸਾਰੇ ਧਾਰਮਿਕ ਗੀਤ ਵੀ ਸਰੋਤਿਆਂ ਦੇ ਰੂਬਰੂ ਕੀਤੇ। ਮਸਤਾਨਾ ਜੀ ਸ਼ਾਸਤਰੀ ਸੰਗੀਤ ਵਿੱਚ ਨਿਪੁੰਨ ਸਨ। ਕਹਿੰਦੇ ਹਨ ਮਸਤਾਨਾ ਜੀ ਨੇ ਜਿਸ ਢੰਗ ਨਾਲ ਹੀਰ ਨੂੰ ਗਾਇਆ ਹੈ ਉਹ ਸਦੀਆਂ ਤੱਕ ਪੰਜਾਬੀ ਗਾਇਕਾਂ ਲਈ ਪ੍ਰੇਰਨਾ ਸਰੋਤ ਰਹੇਗਾ।
ਮਸਤਾਨਾ ਜੀ ਦੇ ਗਾਏ ਕਈ ਗੀਤ ਅਜਿਹੇ ਹਨ ਜੋ ਲੋਕ ਗੀਤਾਂ ਦਾ ਭੁਲੇਖਾ ਪਾਉਂਦੇ ਹਨ। ਆਸਾ ਸਿੰਘ ਮਸਤਾਨਾ ਜੀ ਨੂੰ ਸੋਲੋ ਅਤੇ ਡਿਊਟ ਦੋਵੇਂ ਤਰ੍ਹਾਂ ਦੇ ਗੀਤਾਂ ਵਿੱਚ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਡਿਊਟ ਗੀਤਾਂ ਵਿੱਚ ਆਪ ਦੀ ਜੋੜੀ ਪੰਜਾਬ ਦੀ ਕੋਇਲ ‘ਸੁਰਿੰਦਰ ਕੌਰ’ ਨਾਲ ਰਹੀ । 23 ਮਈ 1999 ਨੂੰ ਆਸਾ ਸਿੰਘ ਮਸਤਾਨਾ ਜੀ 71 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਜਿਸਮਾਨੀ ਤੌਰ ’ਤੇ ਅਲਵਿਦਾ ਹੋ ਗਏ।
ਲੈਕਚਰਾਰ ਲਲਿਤ ਗੁਪਤਾ
-ਮੋਬਾ : 97815-90500