Tuesday, December 03, 2024  

ਲੇਖ

ਕੀ ਵਿੱਚ-ਵਿਚਾਲੇ ਉਲਟ ਰਹੀਆਂ ਨੇ ਆਮ ਚੋਣਾਂ ?

May 27, 2024

ਕੀ 2024 ਦੀਆਂ ਚੋਣਾਂ ਉਲਟ ਚੁੱਕੀਆਂ ਹਨ? ਇੱਕ ਨਹੀਂ ਕਈ ਸੰਕੇਤ ਹਨ ਜੋ ਦਰਸਾਉਂਦੇ ਹਨ ਚੋਣਾਂ ਪਲਟ ਚੁੱਕੀਆਂ ਹਨ। ਸਗੋਂ ਚੋਣ ਵਿਸ਼ਲੇਸ਼ਕ ਤੋਂ ਲੈ ਕੇ ਸਿਆਸੀ ਆਗੂ ਬਣੇ ਯੋਗੇਂਦਰ ਯਾਦਵ ਦੇ ਸ਼ਬਦਾਂ ਦਾ ਇਸ਼ਾਰਾ ਸਮਝੀਏ ਤਾਂ , ਇਸ ਵਾਰ ਚੋਣ ‘‘ਮੰਝਧਾਰ ’ਚ ਉਲਟ’’ ਚੁੱਕੀ ਹੈ। ਬੇਸ਼ੱਕ, ਤੀਜੇ ਦੌਰ ਦੇ ਮਤਦਾਨ ਦੇ ਨਾਲ ਹੀ ਚੋਣਾਂ ਅੱਧ ਤੋਂ ਵੱਧ ਲੰਘ ਚੁੱਕੀਆਂ ਸਨ। ਚੌਥੇ ਦੌਰ ’ਚ 96 ਸੀਟਾਂ ਲਈ 13 ਮਈ ਨੂੰ ਵੋਟਾਂ ਪੈ ਜਾਣ ਬਾਅਦ, ਤਿੰਨ ਚੌਥਾਈ ਵੋਟਾਂ ਲੰਘ ਚੁੱਕੀਆਂ ਹਨ। ਜ਼ਾਹਿਰ ਹੈ ਕਿ ਹੁਣ ਤੱਕ ਚੋਣਾਂ ’ਚ ਸਾਹਮਣੇ ਆਏ ਰੁਝਾਨਾਂ ਨੂੰ ਚੋਣਾਂ ਦੇ ਪੂਰੇ ਰੁਝਾਨਾਂ ਦੀ ਤਰ੍ਹਾਂ ਲਿਆ ਜਾ ਸਕਦਾ ਹੈ ਯਾਨੀ ਅੱਗੇ ਆਉਣ ਵਾਲੇ ਦੌਰਾਂ ਦੀਆਂ ਚੋਣਾਂ ’ਚ ਵੱਡੇ ਉਲਟ-ਫੇਰ ਦੀ ਸੰਭਾਵਨਾ ਬਹੁਤ ਸੀਮਿਤ ਹੋ ਗਈ ਹੈ।
ਚੋਣਾਂ ਪਲਟਨ ਦਾ ਪਹਿਲਾ ਇਸ਼ਾਰਾ ਤਾਂ, ਜੋ ਅਸੀਂ ਆਪਣੀਆਂ ਪਿਛਲੀਆਂ ਟਿੱਪਣੀਆਂ ’ਚ ਧਿਆਨ ਖਿੱਚਣ ਲਈ ਕੀਤਾ ਸੀ, 2019 ਦੀਆਂ ਚੋਣਾਂ ਦੇ ਮੁਕਾਬਲੇ ਵੋਟ ਪ੍ਰਤੀਸ਼ਤ ’ਚ ਗਿਰਾਵਟ ਹੋਣਾ ਹੀ ਹੈ। ਬੇਸ਼ੱਕ, ਪਹਿਲੇ ਦੋ ਦੌਰਾਂ ਦੇ ਸ਼ੁਰੂਆਤੀ ਅੰਕੜਿਆਂ ਦੇ ਆਧਾਰ ’ਤੇ 6 ਫੀਸਦ ਤੋਂ ਉੱਪਰ ਦੀ ਜਿਸ ਵੱਡੀ ਗਿਰਾਵਟ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ, ਉਹ ਚੋਣ ਕਮਿਸ਼ਨ ਵੱਲੋਂ ਅਸਧਾਰਨ ਦੇਰੀ ਨਾਲ ਜਾਰੀ ਕੀਤੇ ਗਏ ਮਤਦਾਨ ਦੇ ਆਖ਼ਰੀ ਅੰਕੜਿਆਂ ’ਚ, ਮੁਕਾਬਲਤਨ ਥੋੜੀ ਰਹਿ ਗਈ ਹੈ। ਫਿਰ ਵੀ, ਇਹ ਗਿਰਾਵਟ 3 ਫੀਸਦ ਦੇ ਕਰੀਬ ਬਣੀ ਰਹੀ ਹੈ। ਅਤੇ ਲਗਭਗ ਅਜਿਹੀ ਹੀ ਗਿਰਾਵਟ ਤੀਸਰੇ ਦੌਰ ’ਚ ਵੀ ਦਰਜ ਹੋਈ ਹੈ। ਚੌਥੇ ਦੌਰ ’ਚ ਇਹ ਗਿਰਾਵਟ ਕੁੱਛ ਹੋਰ ਘੱਟ ਕੇ, 2 ਫੀਸਦੀ ਤੱਕ ਪਹੁੰਚ ਗਈ ਹੈ। ਸੰਕੇਤ ਸਾਫ਼ ਹੈ ਕਿ 2019 ’ਚ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਸੌ ਪਾਰ ਕਰਵਾਉਣ ਵਾਲੀ ਲਹਿਰ ਹੁਣ ਉਤਰ ਚੁੱਕੀ ਹੈ ਅਤੇ ਜ਼ਾਹਿਰ ਹੈ ਕਿ ਮੋਦੀ ਦੇ ਦਸ ਸਾਲਾਂ ਦੇ ਰਾਜ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਕਾਰਨ ਉਤਰ ਚੁੱਕੀ ਹੈ। ਅਤੇ ਇਹ ਪੂਰੀਆਂ ਚੋਣਾਂ ਦਾ ਹੀ ਸੱਚ ਹੈ, ਨ ਕਿ ਸਿਰਫ਼ ਲੰਘੇ ਦੌਰਾਂ ਦਾ। ਅਤੇ ਭਾਰਤੀ ਜਨਤਾ ਪਾਰਟੀ ਦੀ ਬਦਕਿਸਮਤੀ ਇਹ, ਜਿਸ ਹਿੰਦੀ ਪੱਟੀ ਨੂੰ ਉਹ ਆਪਣਾ ਮੁੱਖ ਆਧਾਰ ਮੰਨਦੀ ਹੈ ਅਤੇ ਜਿੱਥੋਂ ਹੀ 2014 ਅਤੇ 2019 ਦੀਆਂ ਆਮ ਚੋਣਾਂ ’ਚ ਉਸ ਨੂੰ ਅਸਲੀ ਤਾਕਤ ਮਿਲੀ ਸੀ,ਉਥੇ ਇਹ ਗਿਰਾਵਟ ਹੋਰ ਵੀ ਵੱਧ ਰਹੀ ਹੈ, ਬਾਕੀ ਦੇਸ਼ ਦੇ ਮੁਕਾਬਲੇ ਜ਼ਿਕਰਯੋਗ ਤੌਰ ’ਤੇ ਜ਼ਿਆਦਾ। ਚੌਥੇ ਦੌਰ ’ਚ ਵੀ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ, ਵੋਟ ਫੀ ਸਦੀ ’ਚ 2019 ਨਾਲੋਂ ਭਾਰੀ ਕਮੀ ਦਰਜ ਹੋਈ ਹੈ।
ਦੂਜਾ ਸੰਕੇਤ, ਜੋ ਅਸਲ ’ਚ ਇਸ ਪਹਿਲੇ ਇਸ਼ਾਰੇ ਨਾਲ ਸਿੱਧਾ-ਸਿੱਧਾ ਜੁੜਿਆ ਹੋਇਆ ਹੈ, ਵਿਸ਼ੇਸ਼ ਤੌਰ ’ਤੇ ਪਹਿਲੇ ਦੌਰ ਤੋਂ ਬਾਅਦ ਹੀ ਚੋਣਾਂ ਦਾ ਰੰਗ-ਢੰਗ ਸਮਝ ਕੇ, ਖ਼ੁਦ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਸ ਸਾਲ ਦੇ ਰਿਕਾਰਡ ਤੋਂ ਲੈ ਕੇ, ਆਪਣੇ ਚੋਣ-ਮਨੋਰਥ ਪੱਤਰ ਤੱਕ ਅਤੇ ਇਥੋਂ ਤੱਕ ਕਿ ਮੋਦੀ ਦੀਆਂ ਗਰੰਟੀਆਂ ਨੂੰ ਵੀ ਹੱਥਾਂ ’ਚ ਰੱਖ ਕੇ, ਹਿੰਦੂਤਵ ਦੀ ਫ਼ਿਰਕਾਪ੍ਰਸਤ ਦੁਹਾਈ ’ਤੇ ਆਪਣੇ ਪ੍ਰਚਾਰ ਨੂੰ ਕੇਂਦਰਿਤ ਕਰਨਾ ਹੈ। ਬੇਸ਼ੱਕ, ਇਹ ਚੋਣ ਕਮਿਸ਼ਨ ਦੀ ਮਦਦ ਬਿਨਾ ਨਹੀਂ ਹੋ ਸਕਿਆ ਹੈ ਕਿ ਸਿਰਫ਼ ਵਿਰੋਧੀ ਸਿਆਸੀ ਪਾਰਟੀਆਂ ਦੀ ਹੀ ਨਹੀਂ, ਸਮਾਜਿਕ-ਨਾਗਰਿਕ ਸੰਸਥਾਵਾਂ ਦੀਆਂ ਆਮ ਸ਼ਿਕਾਇਤਾਂ ਦੇ ਬਾਵਜੂਦ, ਮੋਦੀ ਦੀ ਭਾਰਤੀ ਜਨਤਾ ਪਾਰਟੀ ਨੇ ਇਸ ਫ਼ਿਰਕੂ ਦੁਹਾਈ ਨੂੰ , ਇਨ੍ਹਾਂ ’ਚੋਣਾਂ ’ਚ ਆਪਣੇ ਪ੍ਰਚਾਰ ਦੀ ਸਥਾਈ ਸਿਗਨੇਚਰ ਧੁਨ ਬਣਾਈ ਰੱਖਿਆ ਹੈ।
ਬਹਰਹਾਲ, ਇਸ ਦੇ ਨਾਲ ਆਪਣੇ ਮਨੁਵਾਦੀ ਵਿਹਾਰ ਨੂੰ ਅੱਗੇ ਚਲਾਉਂਦਿਆਂ ਧਨਾਢਵਾਦੀ ਅਤੇ ਮਰਦਵਾਦੀ ਕਦਰਾਂ-ਕੀਮਤਾਂ ਅਤੇ ਉਦੇਸ਼ਾਂ ਅਤੇ ਵਿਸ਼ੇਸ਼ ਤੌਰ ’ਤੇ ਔਰਤਾਂ ਸਮੇਤ ਪੱਛੜਿਆਂ ਤਬਕਿਆਂ ਦੇ ਸ਼ਕਤੀਕਰਨ ਦੇ ਆਪਣੇ ਵਿਰੋਧ ਨੂੰ ਲੁਕਾਉਣ ਦੀ ਕੋਸ਼ਿਸ਼ ਨੂੰ ਜੋੜਦੇ ਹੋਏ, ਮੋਦੀ ਐਂਡ ਕੰਪਨੀ ਨੇ ਆਪਣੇ ਬਹੁਗਿਣਤੀ ਫ਼ਿਰਕਾਪ੍ਰਸਤ ਉਦੇਸ਼ਾਂ ਨੂੰ ਜ਼ਰਾ ਨਵਾਂ ਸ਼ਬਦਾਂ ਦਾ ਰੂਪ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਸ ’ਚ ਜ਼ਾਹਿਰ ਹੈ ਕਿ ਬਿਨਾ ਕਿਸੇ ਵੀ ਆਧਾਰ ਦੇ ਹੀ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਜੇ ਆ ਗਈ ਤਾਂ ਉਹ ਦਲਿਤਾਂ, ਆਦੀਵਾਸੀਆਂ, ਦੂਜੇ ਪੱਛੜੇ ਵਰਗਾਂ ਨੂੰ ਮਿਲ ਰਿਹਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦੇਣਗੇ, ਜੋ ਉਨ੍ਹਾਂ ਦਾ ਵੋਟ ਬੈਂਕ ਹਨ! ਕਹਿਣ ਦੀ ਲੋੜ ਨਹੀਂ ਹੈ ਕਿ ਹਾਲਾਂਕਿ ਰਾਖਵਾਂਕਰਨ ਦੇ ਮੁੱਦੇ ’ਤੇ ਆਪਣੇ ਸ਼ੱਕੀ ਰੁਖ਼ ਅਤੇ ਆਪਣੇ ਆਗੂਆਂ ’ਚੋਂ ਆਈ ਸੰਵਿਧਾਨ ਹੀ ਬਦਲ ਦੇਣ ਦੀ ਗਰਜ਼, ਇਸੇ ਸਭ ਕਾਸੇ ਲਈ ਵਿਰੋਧੀਆਂ ’ਤੇ ਹੀ ਹਮਲਾ ਕਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਵੀ ਹੈ, ਫਿਰ ਵੀ ਇਸ ਵਿੱਚ ਵੀ ਕੇਂਦਰੀ ਸੂਤਰ ਮੁਸਲਿਮ ਵਿਰੋਧੀ ਦੁਹਾਈ ਦਾ ਹੀ ਹੈ। ਮੁਸਲਮਾਨਾਂ ਨੂੰ ਰਾਖਵਾਂਕਰਨ ਦੇ ਦੇਣ ਦੇ ਦਾਅਵਿਆਂ ਪਿੱਛੇ ਵੀ ਮੁੱਖ ਆਵਾਜ਼, ਹਿੰਦੂ ਖ਼ਤਰੇ ’ਚ ਹੈ ਦੀ ਹੀ ਹੈ।
ਅਤੇ ਕਿਉਂਕਿ ਚੋਣਾਂ ਜਿਵੇਂ-ਜਿਵੇਂ ਅੱਗੇ ਵੱਧਦੀਆਂ ਗਈਆਂ ਹਨ, ਉਵੇਂ-ਉਵੇਂ ਹੀ ਠੀਕ ਉਸੇ ਸੁਰ ਨੂੰ ਤੇਜ਼ ਤੋਂ ਤੇਜ਼ ਕਰਨ ਦੀ ਹੜਬੜੀ ਵੱਧਦੀ ਗਈ ਹੈ, ਇਸ ਬਖ਼ਾਨ ਦੀ ਸੇਵਾ ਲਈ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਤੱਕ ਨੂੰ ਵੀ ਉਤਾਰ ਦਿੱਤਾ ਗਿਆ ਹੈ। ਇਸ ਕਮੇਟੀ ਨੇ ਬਿਨਾ ਕਿਸੇ ਪ੍ਰਸੰਗ ਦੇ ਚੋਣਾਂ ਦੇ ਚਲਦਿਆਂ ਹੀ ਇੱਕ ਪੱਤਰ ਪ੍ਰਕਾਸ਼ਿਤ ਕੀਤਾ ਹੈ, ਜੋ ਹੁਣ ਬਹੁਤ ਪੁਰਾਣੇ ਪੈ ਚੁੱਕੇ ਅੰਕੜਿਆਂ ਦੇ ਸਹਾਰੇ ਪ੍ਰਤੱਖ ਤੌਰ ’ਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਹੋਰ ਅਨੇਕ ਦੇਸ਼ਾਂ ਦੇ ਉਲਟ, ਭਾਰਤ ’ਚ ਮੁਸਲਿਮ ਘੱਟਗਿਣਤੀਆਂ ਦੀ ਸਥਿਤੀ ਕਿਵੇਂ ਠੀਕ-ਠਾਕ ਹੈ ਪਰ ਅਸਲ ’ਚ ਚੋਣਾਂ ਦੌਰਾਨ ਇਹ ਖ਼ਾਸ ਸੰਘੀ ਪ੍ਰਚਾਰ ਨੂੰ ਹਵਾ ਦੇਣ ਦਾ ਹੀ ਕੰਮ ਕਰਦਾ ਹੈ ਕਿ ਭਾਰਤ ’ਚ ਹਿੰਦੂਆਂ ਦੀ ਆਬਾਦੀ ਘੱਟ ਰਹੀ ਹੈ, ਜਦੋਂਕਿ ਮੁਸਲਮਾਨਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਯਾਨੀ ਹਿੰਦੂ ਖ਼ਤਰੇ ’ਚ ਹਨ! ਕਹਿਣ ਦੀ ਲੋੜ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ  ਰਸਮੀ ਚੋਣ-ਪ੍ਰਚਾਰ ਤੋਂ ਵੀ ਵੱਧ ਕੇ, ਇਸ ‘‘ਖ਼ਤਰੇ’’ ਨੂੰ ਨਿੱਠ ਕੇ ਉਛਾਲਿਆ ਹੈ।
ਬੇਸ਼ੱਕ, ਇਸੇ ਦੌਰਾਨ ਇੱਕ ਅੰਤਰਾਲ ਪ੍ਰਸੰਗ ਦੇ ਰੂਪ ’ਚ ਕਾਂਗਰਸ ਦੇ ਚੋਣ-ਮਨੋਰਥ ਪੱਤਰ ਦਾ ਨਾਮ ਲੈ ਕੇ , ਮੁੜ-ਵੰਡ ਨਾਲ ਜੁੜੇ ਧੱਨਾਢਾਂ ਦੇ ਖ਼ਦਸ਼ਿਆਂ ਤੋਂ ਲੈ ਕੇ ਸਾਧਾਰਣ ਲੋਕਾਂ ਦੀਆਂ ਗਲਤਫ਼ਹਿਮੀਆਂ ਤੱਕ ਨੂੰ ਵੀ ਵਰਤਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਪਿੱਛੇ ਖੱਬੇ-ਪੱਖੀਆਂ ਦਾ, ਸੰਘ-ਭਾਜਪਾ ਦਾ ਬੁਨਿਆਦੀ ਡਰ ਵੀ ਕੰਮ ਕਰ ਰਿਹਾ ਸੀ, ਜਿਸ ਦੇ ਚਲਦਿਆਂ ਕਾਂਗਰਸ ਦੇ ਚੋਣ ਮਨੋਰਥ-ਪੱਤਰ ’ਤੇ ਇਹ ਕਹਿ ਕੇ ਹਮਲਾ ਕੀਤਾ ਗਿਆ ਕਿ ਇਹ ਖੱਬੇ-ਪੱਖੀਆਂ ਜਾਂ ਅਰਬਨ ਨਕਸਲੀਆਂ ਦੇ ਪ੍ਰਭਾਵ ਹੇਠ ਤਿਆਰ ਕੀਤਾ ਗਿਆ ਹੈ! ਵਿਡੰਬਨਾ ਹੈ ਕਿ ਇੱਕ ਪਾਸੇ ਆਮ ਲੋਕ ਸਾਧਨਹੀਣ ਤੇ ਬੇਆਸਰਾ ਅਤੇ ਦੂਜੇ ਪਾਸੇ ਮੁੱਠੀਭਰ ਡਾਲਰ ਅਰਬਪਤੀਆਂ ਦੀ ਸੰਪੰਨਤਾ ’ਚ ਜ਼ਮੀਨ-ਅਕਾਸ਼ ਦੇ ਫ਼ਰਕ ਨੂੰ ਬੇਸ਼ਰਮੀ ਦੀ ਹੱਦ ਤੱਕ ਵਧਾਉਣ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਹੀ ਅਖੌਤੀ ਮੁੜ-ਵੰਡ ਦੇ ਡਰ ਨੂੰ, ਪੱਛੜਿਆਂ ਤੇ ਸਾਧਾਰਣ ਲੋਕਾਂ ਦੀਆਂ ਆਪਣੀਆਂ ਨਗੂਣੀਆਂ ਜਿਹੀਆਂ ਜਾਇਦਾਦਾਂ ਦੀ ਹਿਫ਼ਾਜ਼ਤ ਦੀਆਂ ਚਿੰਤਾਵਾਂ ਤੱਕ ਵੀ ਫ਼ੈਲਾ ਦਿੱਤਾ। ਇਸੇ ਸਭ ਨੂੰ ਅੱਗੇ ਵਧਾਉਂਦਿਆਂ ਪ੍ਰਧਾਨ ਮੰਤਰੀ, ਤੇਲੰਗਾਨਾ ’ਚ ਇੱਕ ਚੋਣ ਰੈਲੀ ’ਚ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ, ਇਹ ਦੋਸ਼ ਲਾਉਣ ਦੀ ਹੱਦ ਤੱਕ ਚਲੇ ਗਏ ਕਿ ਉਸ ਨੂੰ ਅਡਾਨੀ-ਅੰਬਾਨੀ ਤੋਂ ਟੈਂਪੂ ਭਰ-ਭਰ ਕੇ ਨੋਟ ਮਿਲੇ ਹਨ।
ਬੇਸ਼ੱਕ, ਮੋਦੀ ਨੂੰ ਫੌਰਨ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਵਿਰੋਧੀ ਧਿਰ ’ਤੇ ਹਮਲਾ ਕਰਨ ਦੀ ਕਾਹਲ ’ਚ, ਉਹ ਤਾਂ ਆਪਣੇ ਪੱਕੇ ਦੋਸਤਾਂ ਦੇ ਵੀ ਸੱਟ ਮਾਰ ਬੈਠੇ ਸਨ ਅਤੇ ਇਸ ਤੋਂ ਬਾਅਦ ਦੋਬਾਰਾ ਮੋਦੀ ਦੀ ਜ਼ੁਬਾਨ ’ਤੇ ਇਹ ਦਲੀਲ ਨਹੀਂ ਆਈ। ਬਹਰਹਾਲ, ਵਿਰੋਧੀਆਂ ਦੇ ਜਾਇਦਾਦ ਖੋਹ ਲੈਣ ਦੇ ‘‘ਡਰ’’ ਨੂੰ ਸ਼ੁਰੂ ਤੋਂ ਹੀ ‘‘ਮੁਸਲਮਾਨਾਂ ਨੂੰ ਵੰਡ ਦੇਣੇਗੇ’’ ਦੇ ਨਾਲ ਜੋੜਨ ਦੇ ਬਾਵਜੂਦ, ਇਸ ਦਾ ਕੋਈ ਖ਼ਾਸ ਅਸਰ ਨਾ ਹੁੰਦਾ ਦੇਖ, ਮੋਦੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਇਦਾਦ ਖੋਹਣ ਦੇ ਡਰ ਨੂੰ ਹਟਾ ਕੇ, ‘‘ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦੇਣਗੇ’’ ਵੱਲ ਆ ਗਏ। ਅਤੇ ਮੋਦੀ ਦੀਆਂ ਪਿਛਲੀਆਂ ਸਾਰੀਆਂ ਗਰੰਟੀਆਂ ਨੂੰ ਇੱਕ ਪਾਸੇ ਰੱਖ ਕੇ ਹੁਣ ਇੱਕ ਨਵੀਂ ਗਰੰਟੀ ਦਿੱਤੀ ਜਾਣ ਲੱਗੀ-‘ਜਦੋਂ ਤੱਕ ਮੋਦੀ ਜਿਉਂਦਾ ਹੈ, ਦਲਿਤਾਂ, ਆਦਿਵਾਸੀਆਂ, ਪੱਛੜਿਆਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣ ਨਹੀਂ ਦਿੱਤਾ ਜਾਵੇਗਾ,’’ ਧਰਮ ਦੇ ਆਧਾਰ ’ਤੇ (ਯਾਨੀ ਮੁਸਲਮਾਨਾਂ ਅਤੇ ਇਸਾਈਆਂ ਨੂੰ ਵੀ) ਰਾਖਵਾਂਕਰਨ ਦੇਣ ਨਹੀਂ ਦਿੱਤਾ ਜਾਵੇਗਾ। ਅਜਿਹਾ ਲੱਗਦਾ ਹੈ ਕਿ ਮੋਦੀ ਦੀ ਭਾਰਤੀ ਜਨਤਾ ਪਾਰਟੀ, ਜਾਤੀ ਦੇ ਤੜਕੇ ਦੇ ਨਾਲ, ਫ਼ਿਰਕਾਪ੍ਰਸਤੀ ਦੀ ਇਸੇ ਦੁਹਾਈ ਦੇ ਆਸਰੇ, ਹੁਣ ਆਪਣੀ ਬਾਕੀ, ਸਾਰੀ ਚੋਣ ਮੁਹਿੰਮ ਚਲਾਉਣ ਜਾ ਰਹੀ ਹੈ। ਕਹਿਣ ਦੀ ਲੋੜ ਨਹੀਂ ਹੈ ਕਿ ਇਸ ਫ਼ਿਰਕੂ ਦੁਹਾਈ ਦਾ ਆਸਰਾ ਲਿਆ ਜਾਣਾ, ਰੁਕਣ ਵਾਲਾ ਨਹੀਂ ਹੈ ਕਿ ਚੌਥੇ ਗੇੜ ਦੇ ਬਾਅਦ ਇੱਕ ਖ਼ਬਰਾਂ ਵਾਲੇ ਚੈਨਲ ਨੂੰ ਮਜਬੂਰ ਕਰਦੇ ਹੋਏ ਦਿੱਤੇ ਗਏ ਇੱਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਨੇ ਸਾਫ਼-ਸਾਫ਼ ਝੂਠ ਬੋਲਦਿਆਂ, ਕਦੇ ‘‘ਹਿੰਦੂ-ਮੁਸਲਿਮ ਕਰਨ’’ ਤੋਂ ਹੀ ਇਨਕਾਰ ਨਹੀਂ ਕੀਤਾ, ਬਾਂਸਵਾੜਾ ਦੇ ਆਪਣੇ ਭੜਕਾਊ ਚੁਨਾਵੀ ਭਾਸ਼ਣ ’ਚ ‘ਜ਼ਿਆਦਾ ਬੱਚੇ ਪੈਦਾ ਕਰਨ ਵਾਲੇ’ , ‘ਘੁਸਪੈਠੀਆ’ ਆਦਿ ਨਾਵਾਂ ਦਾ ਮੁਸਲਮਾਨਾਂ ਲਈ ਵਰਤਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਝੂਠੇ ਇਨਕਾਰ ਸਹਾਰੇ ਹਿੰਦੂ ਫ਼ਿਰਕਾਪ੍ਰਸਤ ਦੁਹਾਈ ਦਾ ਸਹਾਰਾ ਲੈਣ ਨੂੰ ਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਕਾਰਨ ਦੀ ਮਿਹਨਤ ਕਰਨ ਦੇ ਪਿੱਛੇ, ਬੇਸ਼ੱਕ ਇਸਦੀ ਚਿੰਤਾ ਤਾਂ ਹੋ ਸਕਦੀ ਹੈ ਇਸ ਨਾਲ ਸੰਬੰਧਤ ਸ਼ਿਕਾਇਤਾਂ ਦੇ ਮਾਮਲੇ ’ਚ ਵੀ ਐਨੀ ਵਫ਼ਾਦਾਰੀ ਦਿਖਾਉਣ ਵਾਲੇ ਚੋਣ ਕਮਿਸ਼ਨ ਲਈ ਵੀ, ਘੱਟੋ-ਘੱਟ ਤੀਲੇ ਦੀ ਥੋੜੀ ਜਿਹੀ ਓਟ ਤਾਂ ਹੋਣੀ ਚਾਹੀਦੀ ਹੈ। ਪਰ ਇਸ ਝੂਠੇ ਜਵਾਬ ਵਿੱਚ, ਇਸੇ ਚੋਣ ਦੌਰਾਨ ਅੱਗੇ ਇਸ ਫ਼ਿਰਕਾਪ੍ਰਸਤ ਦੁਹਾਈ ਦੀ ਵਰਤੋਂ ਨਾ ਕੀਤੀ ਜਾਣ ਲਈ ਸੰਕੇਤ ਲੱਭਣਾ, ਜ਼ਿਆਦਾ ਹੀ ਭੋਲਾਪਨ ਦਿਖਾਉਣਾ ਹੋਵੇਗਾ। ਉਲਟਾ ਹੈਰਾਨੀ ਦੀ ਗੱਲ ਨਹੀਂ ਹੋਵੇਗੀ ਕਿ ਇਸ ਝੂਠੇ ਇਨਕਾਰ ਬਾਅਦ , ਚੋਣ ਦੇ ਬਾਕੀ ਗੇੜ ’ਚ ਫ਼ਿਰਕਾਪ੍ਰਸਤੀ ਦੀ ਹੋਰ ਵੀ ਖੁੱਲ੍ਹ ਕੇ ਵਰਤੋਂ ਕੀਤੀ ਜਾਵੇ, ਕਿਉਂਕਿ ਜੇ ਜ਼ਰੂਰਤ ਪੈਣ ’ਤੇ ਮੁਸਲਮਾਨਾਂ ਦਾ ਨਾਮ ਲੈ ਕੇ ਨਿਸ਼ਾਨਾ ਬਣਾਉਣ ਬਾਅਦ ਵੀ, ‘‘ਹਿੰਦੂ-ਮੁਸਲਿਮ ਕਰਨ’’ ਤੋਂ ਸਾਫ਼ ਇਨਕਾਰ ਕੀਤਾ ਜਾ ਸਕਦਾ ਹੈ। ਤਾਂ ਫਿਰ ਕੁਛ ਵੀ ਕਹਿ ਕਰਕੇ ਮੁਕਰਿਆ ਜਾ ਸਕਦਾ ਹੈ।
ਬਹਰਹਾਲ, ਹੱਥਾਂ ’ਚੋਂ ਨਿਕਲਦੀਆਂ ਲੱਗ ਰਹੀਆਂ ਚੋਣਾਂ ’ਤੇ ਆਪਣੇ ਪਕੜ ਬਣਾਈ ਰੱਖਣ ਲਈ ਮੋਦੀ ਦੀ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਚੋਣ ਕਮਿਸ਼ਨ ਦੀ ਮਦਦ ਨਾਲ, ਫ਼ਿਰਕੂਵਾਦੀ ਹਥਿਆਰ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਤੇ ਦੂਜੇ ਪਾਸੇ ਉਸੇ ਚੋਣ ਕਮਿਸ਼ਨ ਦੀ ਮਦਦ ਨਾਲ, ਚੋਣਾਂ ਦੀ ਸਿੱਧੀ ਲੁੱਟ ਅਤੇ ਆਵਾਮ ਦੀ ਜਮਹੂਰੀ ਰਾਏ ਨੂੰ ਪੈਰਾਂ ਹੇਠ ਦਰੜਣ ਦਾ ਆਸਰਾ ਲੈ ਰਹੀ ਹੈ। ਸੂਰਤ ਤੋਂ ਲੈ ਕੇ ਇੰਦੌਰ ਤੱਕ ਅਤੇ ਇਸ ਤੋਂ ਪਹਿਲਾਂ ਖੁਜੁਰਾਹੋਂ ’ਚ ਅਤੇ ਬਾਅਦ ’ਚ ਗਾਂਧੀ ਨਗਰ ’ਚ ਜੋ ਕੁੱਛ ਹੋਇਆ, ਉਸ ਨੂੰ ਤਾਂ ਬੇਸ਼ੱਕ ਇੱਕ ਹੱਦ ਤੱਕ ਲੋਕ ਰਾਏ ਦੇ ਪੱਧਰ ’ਤੇ ਦਰਜ ਵੀ ਕੀਤਾ ਗਿਆ ਹੈ। ਪਰ ਚੌਥੇ ਗੇੜ ਦੇ ਮਤਦਾਨ ਤੋਂ ਇੱਕ ਦਿਨ ਪਹਿਲਾਂ ਕਸ਼ਮੀਰ ’ਚ ਜੋ ਹੋਇਆ ਹੈ ਅਤੇ ਵੋਟਾਂ ਵਾਲੇ ਦਿਨਾਂ ’ਚ ਉੱਤਰ ਪ੍ਰਦੇਸ਼ ’ਚ ਸੰਭਲ ਅਤੇ ਰਾਮਪੁਰ ਤੋਂ ਹੀ ਨਹੀਂ ਸਗੋਂ ਕੰਨੌਜ ਵਰਗੀ ਹਾਈਪ੍ਰੋਫਾਈਲ ਸੀਟ ’ਤੇ ਵੋਟ ਦੇ ਅਧਿਕਾਰ ਨੂੰ ਖੋਹੇ ਜਾਣ ਦੀਆਂ ਗੰਭੀਰ ਸ਼ਿਕਾਇਤਾਂ ਆਈਆਂ ਹਨ।
ਇੱਥੋਂ ਤੱਕ ਕਿ ਦਲਿਤਾਂ ਨੂੰ ਹੁਕਮਰਾਨ ਪਾਰਟੀ ਨੂੰ ਵੋਟ ਨਾ ਪਾਉਣ ’ਤੇ ਮਾਰ-ਕੁੱਟ ਦਾ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜਮਹੂਰੀਅਤ ਦੀ ਇਸ ਲੁੱਟ ਨੂੰ ਹੋਰ ਬਹੁਤ ਵੱਡਾ ਬਣਾਉਂਦਾ ਹੈ, ਆਮ ਲੋਕਾਂ ਦਰਮਿਆਨ ਬੈਠਾਇਆ ਗਿਆ ਡਰ ਅਤੇ ਚੋਣ ਪ੍ਰਚਾਰ ਦੇ ਨਾਮ ’ਤੇ ਲਗਾਤਾਰ ਮਜਬੂਤ ਕੀਤੀ ਜਾਂਦੀ ਰਹੀ ਦਹਿਸ਼ਤ, ਜੋ ਆਮ ਲੋਕਾਂ ਲਈ ਆਜ਼ਾਦ ਤੌਰ ’ਤੇ ਆਪਣੀ ਬੁੱਧੀ ਨਾਲ, ਆਪਣੀ ਰਾਏ ਬਣਾਉਣ ਦੇ ਰਾਹ ’ਚ ਅੜਿੱਕਾ ਖੜਾ ਕਰਨ ਦੀ ਕੋਸ਼ਿਸ਼ ਹੈ। ਵਿਕਲਪਿਕ ਮੀਡੀਆ ’ਚ ਆ ਰਹੀਆਂ ਅਨੇਕ ਮੈਦਾਨੀ ਰਿਪੋਰਟਾਂ ਹੁਣ ਹੌਲੀ-ਹੌਲੀ ਇਸ ਸੱਚਾਈ ਨੂੰ ਸਾਹਮਣੇ ਲਿਆ ਰਹੀਆਂ ਹਨ ਕਿ ਆਮ ਲੋਕਾਂ ’ਚ ਫੈਲੀ ਦਹਿਸ਼ਤ, ਨਾ ਸਿਰਫ਼ ਉਨ੍ਹਾਂ ਦੀ ਰਾਏ ਦੀ ਅਭਿਵਿਅਕਤੀ ਨੂੰ ਰੋਕਦੀ ਹੈ ਸਗੋਂ ਆਜ਼ਾਦ ਤੌਰ ’ਤੇ ਉਸ ਰਾਏ ਦੇ ਬਣਨ ਵਿੱਚ ਵੀ ਅੜਿੱਕਾ ਬਣਦੀ ਹੈ। ਇਹ ਹੀ ਹਰੇਕ ਤਾਨਾਸ਼ਾਹ ਦਾ ਉਦੇਸ਼ ਹੁੰਦਾ ਹੈ।
ਇਸ ਸਭ ਕੁੱਛ ਦੇ ਬਾਵਜੂਦ, ਸਾਰੇ ਸੰਕੇਤ ਇਸੇ ਦੇ ਹਨ ਕਿ ਆਵਾਮ ਮੌਜੂਦਾ ਨਿਜ਼ਾਮ ਦੀ ਤਾਨਾਸ਼ਾਹੀ ਨੂੰ ਖਾਰਿਜ ਕਰ ਰਿਹਾ ਹੈ, ਜਿਸ ਨਾਲ ਅੱਧ-ਵਿਚਾਲੇ (ਮੰਝਧਾਰ) ਚੋਣਾਂ ਪਲਟ ਰਹੀਆਂ ਹਨ। ਅਨੇਕ ਸੰਕੇਤਾਂ ਦਰਮਿਆਨ ਇਸ ਦਾ ਇੱਕ ਇਸ਼ਾਰਾ ਗੋਦੀ ਮੀਡੀਆ ਦੇ ਇੱਕ ਹਿੱਸੇ ’ਚ ਸੁਰਾਂ ਦਾ ਬਦਲਣਾ ਸ਼ੁਰੂ ਹੋਣਾ ਹੈ। ਅਤੇ ਪ੍ਰਧਾਨ ਮੰਤਰੀ ਨੂੰ ਬੁਲਾ ਬੁਲਾ ਕੇ ਗੋਦੀ ਮੀਡੀਆ ਸੰਸਥਾਵਾਂ ਵੱਲੋਂ ਪਹਿਲਾਂ ਤੋਂ ਤੈਅ ਇੰਟਰਵਿਊ ਨਸ਼ਰ ਕਰਨਾ ਵੀ। ਚੋਣ-ਪ੍ਰਚਾਰ ਦੌਰਾਨ ਹੀ ਪ੍ਰਧਾਨ ਮੰਤਰੀ ਦੇ ਅਜਿਹੇ ਕਰੀਬ ਤਿੰਨ ਦਰਜਨ ਅਖੌਤੀ ਇੰਟਰਵਿਊ ਆਏ ਦਸੇ ਜਾਂਦੇ ਹਨ। ਇੱਕ ਹੋਰ ਮਹੱਤਵਪੂਰਨ ਇਸ਼ਾਰਾ ਸ਼ੇਅਰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਅਤੇ ਦੇਸੀ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਬਾਜ਼ਾਰ ਤੋਂ ਆਪਣੇ ਹੱਥ ਪਿੱਛੇ ਖਿੱਚ ਲੈਣਾ ਹੈ। ਬੇਸ਼ੱਕ, ਚੁਨਾਵੀ ਹਵਾ ’ਚ ਬਦਲਾਅ ਦਾ ਸਭ ਤੋਂ ਵੱਡਾ ਸਾਧਨ ਹੈ, ਵਿਰੋਧੀ ਧਿਰ ਹਮਲਾਵਾਰ ਰਵੱਈਏ ਨਾਲ ਅਤੇ ਬਹੁਤ ਵੱਡੇ ਪੱਧਰ ’ਤੇ ਸੰਗਠਤ ਤੌਰ ’ਤੇ, ਜੰਗ ਦੇ ਮੈਦਾਨ ’ਚ ਉਤਰਨਾ ਅਤੇ ਹਕੂਮਤ ਨੂੰ ਸਿੱਧੀ ਚੁਨੌਤੀ ਦੇਣਾ। ਇਹ ਮੌਜੂਦਾ ਹਕੂਮਤ ਦੇ ਵਕਾਰ (ਦਬਦਬੇ) ਨੂੰ ਹੀ ਨਹੀਂ, ਲੋਕਾਂ ਦਰਮਿਆਨ ਉਸਦੀ ਦਹਿਸ਼ਤ ਨੂੰ ਵੀ ਤੋੜ ਰਿਹਾ ਹੈ। ਪਰ, ਨਿਰਾਸ਼ ਤਾਨਾਸ਼ਾਹ ਕੀ ਸੌਖੇ ਜਿਹੇ ਆਪਣੇ ਹੱਥਾਂ ’ਚ ਹਕੂਮਤ ਨੂੰ ਨਿਕਲ ਜਾਣ ਦੇਣਗੇ? ਉਹ ਵੀ ਉਦੋਂ ਜਦੋਂ ਉਸ ਨੂੰ ਪੁਲਿਸ ਅਤੇ ਨੌਕਰਸ਼ਾਹਾਂ ਦਾ ਹੀ ਨਹੀਂ, ਚੋਣ ਕਮਿਸ਼ਨ ਅਤੇ ਗੋਦੀ ਮੀਡੀਆ ਵਰਗੀਆਂ, ਉਸਦੇ ਹਰ ਸਿਆਹ (ਦਾਗ਼) ਨੂੰ ਸਾਫ਼ ਕਰਨ ਲਈ ਪਾਲੀਆਂ ਹੋਈਆਂ ਸੰਸਥਾਵਾਂ ਦਾ ਪੂਰਾ ਪੂਰਾ ਸਹਿਯੋਗ ਹਾਸਿਲ ਹੈ। ਇਸ ਲਈ ਜਿੰਨੀ ਉਮੀਦ ਦੀ ਜਗ੍ਹਾ ਹੈ, ਉਨ੍ਹਾਂ ਹੀ ਸੰਮਿਆ ਲਈ ਵੀ ਵਜ੍ਹਾ ਹੈ। ਬੇਸ਼ੱਕ, ਆਵਾਮ ਅਤੇ ਤਾਨਾਸ਼ਾਹ ਦਰਮਿਆਨ ਲੜਾਈ ’ਚ ਹਮੇਸ਼ਾ ਜਿੱਤ ਜਨਤਾ ਦੀ ਹੁੰਦੀ ਹੈ, ਪਰ, ਅਕਸਰ ਵੱਡੀ ਕੀਮਤ ਚੁਕਾਉਣ ਬਾਅਦ।
---0---
-ਰਾਜੇਂਦਰ ਸ਼ਰਮਾ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ