ਨੰਦਿਨੀ ਨੇ ਜਿਉਂ ਹੀ ਕਲਾਸ ਵਿੱਚ ਕਦਮ ਰੱਖਿਆ, ਹਰ ਰੋਜ਼ ਵਾਂਗ ਉਨ੍ਹਾਂ ਦੀ ਨਜ਼ਰ ਸਭ ਤੋਂ ਪਿਛਲੇ ਬੈਂਚ ’ਤੇ ਕੋਨੇ ਵਿੱਚ ਬੈਠੇ ਨਮਨ ’ਤੇ ਪਈ। ਗੁੱਸੇ ਅਤੇ ਨਫ਼ਰਤ ਦੇ ਮਿਲੇ-ਜੁਲੇ ਭਾਵਾਂ ਨਾਲ ਉਨ੍ਹਾਂ ਦੇ ਮੱਥੇ ’ਤੇ ਤਿਉੜੀਆਂ ਚੜ੍ਹ ਆਈਆਂ। ਨੰਦਿਨੀ ਇਸ ਛੇਵੀਂ ਕਲਾਸ ਦੀ ਇਨਚਾਰਜ਼ ਵੀ ਸੀ ਅਤੇ ਹਿੰਦੀ ਵੀ ਪੜ੍ਹਾਉਂਦੀ ਸੀ। ਉਨ੍ਹਾਂ ਨੇ ਸਾਰਿਆਂ ਦੀ ਹਾਜ਼ਰੀ ਲਾਈ ਅਤੇ ਪੜ੍ਹਾਉਣਾ ਸ਼ੁਰੂ ਕੀਤਾ। ਹਰ ਰੋਜ਼ ਵਾਂਗ ਨਮਨ ਨੂੰ ਡਾਂਟਣ-ਫਿਟਕਾਰਨ ਦੀ ਇੱਛਾ ਪੈਦਾ ਹੋਈ ਤਾਂ ਜਾਣ-ਬੁਝ ਕੇ ਕੜਕਦੀ ਆਵਾਜ਼ ਵਿੱਚ ਬੋਲੀ, “ਨਮਨ!’’ ਨਮਨ ਕੰਬਦਾ ਹੋਇਆ ਖੜ੍ਹਾ ਹੋ ਗਿਆ।
“ਕੱਲ੍ਹ ਜੋ ਪੜ੍ਹਾਇਆ ਸੀ, ਯਾਦ ਹੈ?’’ ਨਮਨ ਕੁਝ ਨਹੀਂ ਬੋਲਿਆ। ਉਨ੍ਹਾਂ ਨੂੰ ਇੱਕਟਕ ਵੇਖਦਾ ਰਿਹਾ। ਨੰਦਿਨੀ ਹੋਰ ਚਿੜ ਗਈ। ਫਿਰ ਡਾਂਟਿਆ, “ਕੁਝ ਪੁੱਛ ਰਹੀ ਹਾਂ ਤੈਨੂੰ, ਕੁਝ ਯਾਦ ਹੈ?’’ ਨਮਨ ਨੇ ਸਿਰ ਹੇਠਾਂ ਝੁਕਾ ਲਿਆ। ਪੂਰੀ ਕਲਾਸ ਵਿੱਚ ਬੱਚਿਆਂ ਦਾ ਹਲਕਾ-ਹਲਕਾ ਹਾਸਾ ਸੁਣਾਈ ਦੇਣ ਲੱਗਿਆ।
“ਚੱਲ, ਇੱਕ ਕੋਨੇ ਵਿੱਚ ਜਾ ਕੇ ਖੜ੍ਹਾ ਹੋ ਜਾਹ!’’ ਨਮਨ ਆਪਣੇ ਬੈਂਚ ਤੋਂ ਨਿਕਲ ਕੇ ਇੱਕ ਕੋਨੇ ਵਿੱਚ ਜਾ ਕੇ ਖੜ੍ਹਾ ਹੋ ਗਿਆ। ਇਹ ਤਾਂ ਲਗਭਗ ਹਰ ਦੂਜੇ-ਤੀਜੇ ਦਿਨ ਦਾ ਰੁਟੀਨ ਹੀ ਸੀ। ਨੰਦਿਨੀ ਨੇ ਅੱਗੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪੂਰੇ ਪੀਰੀਅਡ ਵਿਚ ਨਮਨ ਖੜ੍ਹਾ ਰਿਹਾ। ਬੱਚੇ ਵਿੱਚ-ਵਿੱਚ ਉਹਨੂੰ ਵੇਖ ਕੇ ਮੁਸਕਰਾਉਂਦੇ ਰਹੇ। ਨਮਨ ਦੇ ਚਿਹਰੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਸੀ। ਇਕਦਮ ਚੁੱਪਚਾਪ। ਪਤਾ ਨਹੀਂ ਕਿਨ੍ਹਾਂ ਖਿਆਲਾਂ ਵਿੱਚ ਡੁੱਬਿਆ, ਕੀ ਸੋਚਦਾ ਰਿਹਾ।
ਪੀਰੀਅਡ ਖ਼ਤਮ ਹੋਣ ਤੇ ਨੰਦਿਨੀ ਸਾਰੇ ਬੱਚਿਆਂ ਦੀ ਨੋਟਬੁੱਕਸ ਲੈ ਕੇ, ਜਿਨ੍ਹਾਂ ਵਿਚ ਨਮਨ ਦੀ ਵੀ ਸੀ, ਕਲਾਸ ਤੋਂ ਚਲੀ ਗਈ। ਦਿਨ ਵਿਚ ਆਪਣੇ ਫਰੀ ਪੀਰੀਅਡ ਵਿੱਚ ਉਹ ਸਟਾਫ ਰੂਮ ਵਿੱਚ ਬੈਠ ਕੇ ਸਾਰੇ ਬੱਚਿਆਂ ਦੀਆਂ ਨੋਟਬੁਕਸ ਚੈੱਕ ਕਰਨ ਲੱਗੀ। ਜਿਉਂ ਹੀ ਨਮਨ ਦੀ ਨੋਟਬੁਕ ਸਾਹਮਣੇ ਆਈ, ਉਨ੍ਹਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਕੋਈ ਚੀਜ਼ ਪੂਰੀ ਨਹੀਂ, ਗੰਦੀ ਹੈਂਡਰਾਈਟਿੰਗ। ‘ਉਫ! ਕਦੋਂ ਮੇਰਾ ਪਿੱਛਾ ਛੁਟੇਗਾ ਇਸ ਨਲਾਇਕ ਮੁੰਡੇ ਤੋਂ।’ ਉਹ ਕਾਪੀ ਇੱਕ ਪਾਸੇ ਰੱਖ ਕੇ ਆਪਣਾ ਸਿਰ ਚੇਅਰ ਤੇ ਟਿਕਾ ਕੇ ਸੋਚਣ ਲੱਗੀ। ‘ਬਹੁਤ ਗੁੱਸਾ ਆਉਂਦਾ ਹੈ ਨਮਨ ਤੇ, ਨਫ਼ਰਤ ਜਿਹੀ ਹੁੰਦੀ ਹੈ! ਬਾਕੀ ਸਾਰਿਆਂ ਬੱਚਿਆਂ ਦੇ ਚਿਹਰਿਆਂ ਤੇ ਕਿੰਨੀ ਤਾਜ਼ਗੀ, ਖੁਸ਼ੀ, ਉਤਸ਼ਾਹ, ਸ਼ਰਾਰਤ ਨਜ਼ਰ ਆਉਂਦੀ ਹੈ ਅਤੇ ਇਹ ਰੋਣੀ ਸੂਰਤ ਲੈ ਕੇ ਬੈਠਾ ਰਹਿੰਦਾ ਹੈ। ਨਾ ਪੁੱਛਣ ਤੇ ਕੋਈ ਜਵਾਬ, ਨਾ ਦੱਸਣ ਤੇ ਕੋਈ ਪ੍ਰਤੀਕਿ੍ਰਆ! ਕਰਨ ਕੀ ਆਉਂਦਾ ਹੈ ਸਕੂਲ, ਜੇ ਪੜ੍ਹਾਈ ਵਿੱਚ ਮਨ ਹੀ ਨਹੀਂ ਲੱਗਦਾ! ਤੇ ਕਿੰਨਾ ਗੰਦਾ ਰਹਿੰਦਾ ਹੈ! ਲੱਗਦਾ ਹੈ ਰੋਜ਼ ਨਹਾਉਂਦਾ ਵੀ ਨਹੀਂ। ਇਸ ਸਕੂਲ ਵਿੱਚ ਇਹਦੀ ਐਡਮਿਸ਼ਨ ਕਿਵੇਂ ਹੋ ਗਈ? ਕਿਸੇ ਛੋਟੇ-ਮੋਟੇ ਸਰਕਾਰੀ ਸਕੂਲ ਵਿੱਚ ਕਿਤੇ ਪੜ੍ਹ ਲੈਂਦਾ! ਬਸ, ਇਹ ਸਾਲ ਨਿਕਲ ਜਾਵੇ, ਮੇਰੀ ਜਾਨ ਛੁਟੇ ਇਸਤੋਂ! ਜੇ ਕਿਤੇ ਫੇਲ ਹੋ ਗਿਆ, ਤਾਂ ਪੂਰਾ ਸਾਲ ਫੇਰ ਇਹਦੀ ਸੂਰਤ ਵੇਖਣੀ ਪਵੇਗੀ!’
ਘਰੇ ਜਾ ਕੇ ਵੀ ਨੰਦਿਨੀ ਆਪਣੇ ਪਤੀ ਸੰਜੀਵ ਤੇ ਸੋਲਾਂ- ਸਾਲਾ ਬੇਟੀ ਸੁਰਭੀ ਨਾਲ ਰੋਜ਼ ਵਾਂਗ ਨਮਨ ਦੀ ਸ਼ਿਕਾਇਤ ਕਰਨ ਲੱਗੀ ਤਾਂ ਸੁਰਭੀ ਨੇ ਹੱਸ ਕੇ ਕਿਹਾ, “ਮੰਮੀ, ਤੁਹਾਡੇ ਤਾਂ ਦਿਲੋ-ਦਿਮਾਗ ’ਤੇ ਛਾਇਆ ਰਹਿੰਦਾ ਹੈ, ਤੁਹਾਡਾ ਫੇਵਰੇਟ ਸਟੂਡੈਂਟ ਨਮਨ!’’ ਨੰਦਿਨੀ ਨੇ ਬਨਾਉਟੀ ਗੁੱਸੇ ਨਾਲ ਕਿਹਾ, “ਚੁੱਪ ਕਰ ਸੁਰਭੀ, ਸਵੇਰੇ ਉਹਦੀ ਸੂਰਤ ਵੇਖਦੇ ਹੀ ਗੁੱਸਾ ਆ ਜਾਂਦਾ ਹੈ। ਰੋਣੀ ਸੂਰਤ! ਕਦੇ ਵੀ ਫਰੈਸ਼ ਨਹੀਂ ਦਿੱਸਦਾ, ਪਤਾ ਨਹੀਂ ਕਿਹੋ-ਜਿਹੇ ਮਾਪੇ ਹਨ? ਕੀ ਸਿਖਾ ਰਹੇ ਹਨ?’’ ਨੰਦਿਨੀ ਰੋਜ਼ ਘਰੇ ਵੀ ਨਮਨ ਨੂੰ ਕੋਸਦੀ ਰਹਿੰਦੀ ਸੀ। ਉਨ੍ਹਾਂ ਨੂੰ ਨਮਨ ਨਾਲ ਨਫ਼ਰਤ ਅਤੇ ਚਿੜ ਹੁੰਦੀ ਜਾ ਰਹੀ ਸੀ।
ਤਿਮਾਹੀ ਇਮਤਿਹਾਨਾਂ ਵਿੱਚ ਨਮਨ ਹਰ ਵਿਸ਼ੇ ਵਿੱਚੋਂ ਫੇਲ੍ਹ ਹੋਇਆ ਤਾਂ ਪਿ੍ਰੰਸੀਪਲ ਸਾਰਿਕਾ ਨੇ ਨੰਦਿਨੀ ਨੂੰ ਬੁਲਾਇਆ ਅਤੇ ਨਮਨ ਦਾ ਨਾਮ ਉਨ੍ਹਾਂ ਨੇ ਲਿਆ ਹੀ ਸੀ ਕਿ ਨੰਦਨੀ ਸ਼ੁਰੂ ਹੋ ਗਈ, “ਮੈਮ, ਇਸ ਮੁੰਡੇ ਦਾ ਪੜ੍ਹਾਈ ਵਿੱਚ ਜ਼ਰਾ ਵੀ ਮਨ ਨਹੀਂ ਲੱਗਦਾ। ਇਹ ਇਸ ਕਲਾਸ ਤਕ ਪਹੁੰਚਿਆ ਵੀ ਕਿਵੇਂ? ਮੈਂ ਤਾਂ ਅਜੇ ਸਕੂਲ ਵਿੱਚ ਨਵੀਂ ਆਈ ਹਾਂ। ਪਰ ਇਹ ਪਿਛਲੀ ਕਲਾਸ ਵਿਚ ਪਾਸ ਵੀ ਕਿਵੇਂ ਹੋਇਆ ਹੋਵੇਗਾ?’’ ਸਾਰਿਕਾ ਨਰਮ ਸੁਭਾਅ ਦੀ ਬੜੀ ਹੀ ਸ਼ਾਂਤ ਔਰਤ ਸੀ। ਸਕੂਲ ਦੀ ਉੱਨਤੀ ਵਿੱਚ ਉਨ੍ਹਾਂ ਦੇ ਨਿਮਰ ਸੁਭਾਅ ਦਾ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਨੇ ਨਰਮ ਆਵਾਜ਼ ਨਾਲ ਕਿਹਾ, “ਇਹ ਨਮਨ ਦਾ ਪੰਜਵੀਂ ਜਮਾਤ ਦਾ ਨਤੀਜਾ ਹੈ। ਇੱਕ ਵਾਰ ਨਜ਼ਰ ਮਾਰ ਲਓ।’’ ਨੰਦਿਨੀ ਨੇ ਜਿਵੇਂ-ਜਿਵੇਂ ਨਮਨ ਦੀ ਪਿਛਲੀ ਰਿਪੋਰਟਸ ਤੇ ਨਜ਼ਰ ਮਾਰੀ, ਉਨ੍ਹਾਂ ਦੇ ਚਿਹਰੇ ਦਾ ਰੰਗ ਬਦਲਦਾ ਗਿਆ। ਨਮਨ ਇੰਨਾ ਬ੍ਰਾਈਟ ਸਟੂਡੈਂਟ ਸੀ! ਹਰ ਵਿਸ਼ੇ ਵਿੱਚ ਹੁਸ਼ਿਆਰ! ਸਕੂਲ ਦੀਆਂ ਬਾਕੀ ਗਤੀਵਿਧੀਆਂ ਵਿੱਚ ਵੀ ਇੰਨਾ ਅੱਗੇ! ਨੰਦਿਨੀ ਜਿਵੇਂ ਹੈਰਾਨੀ ਵਿੱਚ ਡੁੱਬੀ ਸੀ, ਯਕੀਨ ਹੀ ਨਹੀਂ ਹੋ ਰਿਹਾ ਸੀ। ਸਾਰਿਕਾ ਜੀ ਨੇ ਗੰਭੀਰ ਆਵਾਜ਼ ਵਿੱਚ ਕਿਹਾ, “ਤੁਹਾਡੇ ਜਾਇਨ ਕਰਨ ਤੋਂ ਅਜੇ ਕੁਝ ਹੀ ਦਿਨ ਪਹਿਲਾਂ ਨਮਨ ਦੀ ਮਾਂ ਦਾ ਦਿਹਾਂਤ ਹੋਇਆ ਹੈ। ਪਿਤਾ ਇਕੱਲੇ ਹਨ, ਇਸ ਵੇਲੇ ਬੀਮਾਰ ਵੀ ਹਨ। ਦੋਵੇਂ ਇਕੱਲੇ ਰਹਿ ਗਏ ਹਨ। ਘਰ-ਬਾਰ, ਨਮਨ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਖ਼ੁਦ ਹੀ ਤਿਆਰ ਹੋ ਕੇ ਸਕੂਲ ਆਉਂਦਾ ਹੈ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਜਿੰਨਾ ਹੋ ਸਕਦਾ ਹੈ, ਅਜੇ ਚੱਲ ਰਿਹਾ ਹੈ। ਦੋਵੇਂ ਜਣੇ ਨਮਨ ਦੀ ਮਾਂ ਦੇ ਦੁਖ ‘ਚੋਂ ਅਜੇ ਨਿਕਲ ਨਹੀਂ ਸਕੇ ਹਨ।
ਨਮਨ ਦੀ ਮਾਂ ਸੀ, ਤਾਂ ਨਮਨ ਬਹੁਤ ਵਧੀਆ ਵਿਦਿਆਰਥੀਆਂ ‘ਚੋਂ ਆਉਂਦਾ ਸੀ। ਆਪਾਂ ਟੀਚਰਜ ਹਾਂ, ਸਾਡਾ ਫਰਜ਼ ਹੈ ਕਿ ਆਪਣੇ ਸਟੂਡੈਂਟਸ ਦੇ ਡਿਗਦੇ ਮਨੋਬਲ ਨੂੰ ਉਤਾਂਹ ਚੁੱਕ ਕੇ ਜੀਵਨ ਵਿੱਚ ਅੱਗੇ ਵਧਣ ਵਿੱਚ ਉਨ੍ਹਾਂ ਦੀ ਮਦਦ ਕਰੀਏ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ।’’
ਨੰਦਿਨੀ ਦੇ ਮੂੰਹੋਂ ਕੁਝ ਨਹੀਂ ਨਿਕਲਿਆ। ਅੱਖਾਂ ਭਰ ਆਈਆਂ ਸਨ। “ਜੀ ਮੈਮ, ਥੈਂਕਸ’’ ਕਹਿ ਕੇ ਸਿੱਧੀ ਵਾਸ਼ਰੂਮ ਵਿੱਚ ਗਈ। ਅੱਖਾਂ ਅਜੀਬ-ਜਿਹੀ ਮਮਤਾ ਵਿਚ ਭਿੱਜ ਗਈਆਂ ਸਨ। ਸਾਰਿਕਾ ਮੈਮ ਨੇ ਨਮਨ ਬਾਰੇ ਦੱਸ ਕੇ ਉਨ੍ਹਾਂ ਦਾ ਮਾਰਗ- ਦਰਸ਼ਨ ਬਹੁਤ ਹੀ ਉਚਿਤ ਢੰਗ ਨਾਲ ਕੀਤਾ ਸੀ। ਉਸ ਦਿਨ ਜਦੋਂ ਨੰਦਿਨੀ ਘਰ ਪਹੁੰਚੀ, ਉਦੋਂ ਸੰਜੀਵ ਅਤੇ ਸੁਰਭੀ ਉਨ੍ਹਾਂ ਦੇ ਚਿਹਰੇ ਤੇ ਛਾਈ ਉਦਾਸੀ ਅਤੇ ਗੰਭੀਰਤਾ ਵੇਖ ਕੇ ਹੈਰਾਨ ਹੋਏ। ਡਿਨਰ ਵੇਲੇ ਉਨ੍ਹਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦਿਆਂ ਸੁਰਭੀ ਨੇ ਪੁੱਛਿਆ, “ਕੀ ਹੋਇਆ ਮੰਮੀ? ਅੱਜ ਇੰਨੇ ਖਾਮੋਸ਼! ਕੀ ਨਮਨ ਨਹੀਂ ਆਇਆ?’’ ਸੰਜੀਵ ਜ਼ੋਰ ਨਾਲ ਹੱਸਿਆ ਪਰ ਨੰਦਿਨੀ ਦੀਆਂ ਅੱਖਾਂ ‘ਚੋਂ ਅਚਾਨਕ ਵਗੀ ਹੰਝੂਆਂ ਦੀ ਧਾਰਾ ਵੇਖ ਕੇ ਪਿਓ-ਧੀ ਤ੍ਰਭਕ ਗਏ। ਸੰਜੀਵ ਨੇ ਪੁੱਛਿਆ, “ਕੀ ਹੋਇਆ ਨੰਦਿਨੀ? ਤਬੀਅਤ ਤਾਂ ਠੀਕ ਹੈ ਨਾ!’’
ਨੰਦਿਨੀ ਕੂਹਣੀ ਮੇਜ ਤੇ ਟਿਕਾ ਕੇ ਹੱਥਾਂ ਵਿੱਚ ਮੂੰਹ ਛੁਪਾਈ ਰੋਈ ਜਾ ਰਹੀ ਸੀ। ਬਹੁਤ ਪੁੱਛਣ ਤੇ ਉਸਨੇ ਨਮਨ ਬਾਰੇ ਦੱਸਿਆ, ਤਾਂ ਮਾਹੌਲ ਉਦਾਸ ਹੋ ਗਿਆ। ਉਹ ਕਹਿ ਰਹੀ ਸੀ, “ਬੜੀ ਗਲਤੀ ਹੋ ਗਈ ਮੈਥੋਂ, ਬਿਨਾਂ ਹਾਲ ਜਾਣਿਆਂ ਹੀ ਮੈਂ ਮਾਂ-ਮਹਿੱਟਰ ਬੱਚੇ ਨਾਲ ਕਿੰਨੀ ਰੁੱਖੇਪਣ ਨਾਲ ਪੇਸ਼ ਆਈ। ਆਪਣੇ-ਆਪ ਤੇ ਸ਼ਰਮ ਆ ਰਹੀ ਹੈ ਮੈਨੂੰ।’’ ਇੱਕ ਅਪਰਾਧਬੋਧ ਨੰਦਿਨੀ ਦੇ ਮਨ-ਮਸਤਕ ਤੇ ਹਾਵੀ ਹੁੰਦਾ ਜਾ ਰਿਹਾ ਸੀ। ਸਾਰੀ ਰਾਤ ਨਮਨ ਦਾ ਉਦਾਸ ਚਿਹਰਾ ਨੰਦਿਨੀ ਦੀਆਂ ਅੱਖਾਂ ਮੂਹਰੇ ਆਉਂਦਾ ਰਿਹਾ ਅਤੇ ਉਹ ਮਮਤਾ ਨਾਲ ਭਿੱਜੀਆਂ ਆਪਣੀਆਂ ਅੱਖਾਂ ਪੂੰਝਦੀ ਰਹੀ। ਬੇਚੈਨੀ ਨਾਲ ਸਵੇਰ ਹੋਣ ਦੀ ਉਡੀਕ ਕਰਦੀ ਰਹੀ।
ਅਗਲੇ ਦਿਨ ਨੰਦਿਨੀ ਜਦੋਂ ਕਲਾਸ ਵਿੱਚ ਆਈ, ਉਹਦੀ ਨਜ਼ਰ ਨਮਨ ਤੇ ਪਈ। ਬੱਚਿਆਂ ਦੀ ਹਲਕੀ ਜਿਹੀ ਫੁਸਫੁਸਾਹਟ ਸੁਣਾਈ ਦਿੱਤੀ, ਜਿਸਨੂੰ ਅਣਸੁਣਿਆ ਕਰਕੇ ਨੰਦਿਨੀ ਨੇ ਨਮਨ ਨੂੰ ਆਪਣੇ ਕੋਲ ਸੱਦਿਆ। ਨਮਨ ਡਰਦਾ ਹੋਇਆ ਉਨ੍ਹਾਂ ਕੋਲ ਗਿਆ। ਨੰਦਿਨੀ ਨੇ ਉਹਦੇ ਉਲਝੇ, ਗੰਦੇ ਵਾਲਾਂ ਤੇ ਹੱਥ ਫੇਰਿਆ। ਨਮਨ ਦੀਆਂ ਅੱਖਾਂ ਵਿੱਚ ਡਰ ਅਤੇ ਹੈਰਾਨੀ ਦੋਵੇਂ ਦਿੱਸੇ ਨੰਦਿਨੀ ਨੂੰ। ਨੰਦਿਨੀ ਨੇ ਪਿਆਰ ਨਾਲ ਪੁੱਛਿਆ, “ਨਮਨ, ਹੋਮਵਰਕ ਕੀਤਾ?’’ ਨਮਨ ਨੇ ਕੋਈ ਜਵਾਬ ਨਹੀਂ ਦਿੱਤਾ। ਬੱਚੇ ਹੱਸਣ ਲੱਗੇ। ਨੰਦਿਨੀ ਨੇ ਉਨ੍ਹਾਂ ਨੂੰ ਘੂਰਿਆ ਤਾਂ ਸਭ ਸ਼ਾਂਤ ਹੋ ਗਏ। ਫਿਰ ਕਿਹਾ, “ਇਥੇ ਰੁਕ ਨਮਨ, ਮੇਰੇ ਕੋਲ! ਮੈਂ ਕੁਝ ਪੁਛਦੀ ਹਾਂ ਤਾਂ ਬੋਲ ਕੇ ਦੱਸ।’’ ਨਮਨ ਬਿਲਕੁਲ ਚੁੱਪ ਰਿਹਾ। ਨੰਦਿਨੀ ਨੇ ਜਾਣ-ਬੁਝ ਕੇ ਕੁਝ ਸੌਖੇ ਜਿਹੇ ਸੁਆਲ ਪੁੱਛੇ, ਜਿਸਦੇ ਸਭ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਜਵਾਬ ਦਿੱਤੇ ਪਰ ਨਮਨ ਚੁੱਪਚਾਪ ਖੜ੍ਹਾ ਰਿਹਾ। ਸ਼ਾਂਤ ਤੇ ਉਦਾਸ।
ਤਿੰਨ-ਚਾਰ ਦਿਨ ਇਹੋ ਕ੍ਰਮ ਚਲਦਾ ਰਿਹਾ। ਨੰਦਿਨੀ ਨਮਨ ਨੂੰ ਆਪਣੇ ਕੋਲ ਹੀ ਖੜ੍ਹਾ ਕਰਦੀ। ਉਹਦੇ ਸਿਰ ਤੇ ਹੱਥ ਫੇਰਦੀ, ਉਹਦਾ ਮੋਢਾ ਥਪਥਪਾਉਂਦੀ, ਉਹਨੂੰ ਉੱਤਰ ਦੇਣ ਲਈ ਉਤਸ਼ਾਹਿਤ ਕਰਦੀ। ਫਿਰ ਨਮਨ ਨੂੰ ਬੜੇ ਪਿਆਰ ਨਾਲ ਕਹਿੰਦੀ, “ਹੁਣ ਨਮਨ ਦੱਸੇਗਾ।’’ ਇਕ ਦਿਨ ਨਮਨ ਨੇ ਜਵਾਬ ਦੇ ਹੀ ਦਿੱਤਾ। ਉਹਦੀ ਖਾਮੋਸ਼ੀ ਟੁੱਟੀ ਤਾਂ ਨੰਦਨੀ ਨੇ ਬੱਚਿਆਂ ਨਾਲ ਮਿਲ ਕੇ ਤਾੜੀਆਂ ਵਜਾਈਆਂ। ਨਮਨ ਨੂੰ ਖ਼ੂਬ ਸ਼ਾਬਾਸ਼ ਦਿੱਤੀ।
ਹੌਲੀ-ਹੌਲੀ ਨਮਨ ਵਿਚ ਇਕ ਚੰਗੀ ਤਬਦੀਲੀ ਨਜ਼ਰ ਆ ਰਹੀ ਸੀ। ਨੰਦਿਨੀ ਦਾ ਦਿਲ ਭਰ ਆਇਆ। ਹੁਣ ਨਮਨ ਕੁਝ ਸਾਫ਼-ਸੁਥਰਾ ਵੀ ਰਹਿਣ ਲੱਗ ਪਿਆ ਸੀ। ਉਹਦੀਆਂ ਕਾਪੀਆਂ ਭਰਨ ਲੱਗ ਪਈਆਂ ਸਨ। ਪਿਛਲੀ ਬੈਂਚ ਤੋਂ ਕਦੋਂ ਨੰਦਿਨੀ ਦੇ ਸਾਹਮਣੇ ਬੈਂਚ ਤੇ ਬੈਠਣ ਲੱਗਿਆ, ਕਿਸੇ ਨੂੰ ਪਤਾ ਹੀ ਨਾ ਲੱਗਿਆ। ਹਰ ਪ੍ਰਸ਼ਨ ਤੇ ਹੱਥ ਖੜ੍ਹਾ ਕਰਦਾ, ਸਹੀ ਜੁਆਬ ਦਿੰਦਾ, ਤਾੜੀਆਂ ਵੱਜਦੀਆਂ ਤਾਂ ਨਮਨ ਦੇ ਚਿਹਰੇ ਤੇ ਇਕ ਚਮਕ ਉੱਭਰ ਆਉਂਦੀ। ਜਿਸ ਦਿਨ ਨਮਨ ਜਵਾਬ ਦੇ ਕੇ ਨੰਦਨੀ ਵੱਲ ਵੇਖ ਕੇ ਮੁਸਕਰਾਇਆ, ਨੰਦਿਨੀ ਦਾ ਦਿਲ ਮਮਤਾ ਨਾਲ ਭਰ ਆਇਆ। ਮਨ ਹੀ ਮਨ ਪਹਿਲਾਂ ਖ਼ੁਦ ਨੂੰ ਧਿਰਕਾਰ ਪਾਈ। ‘ਕਿੰਨੇ ਦਿਨ ਇਸ ਬੱਚੇ ਨਾਲ ਰੁੱਖੇਪਣ ਨਾਲ ਪੇਸ਼ ਆਉਂਦੀ ਰਹੀ। ਮਾਂ ਦੇ ਜਾਣ ਦੇ ਦੁੱਖ ’ਚ ਡੁੱਬੇ ਬੱਚੇ ਨੂੰ ਕਿੰਨਾ ਡਾਂਟਿਆ-ਫਿਟਕਾਰਿਆ। ਬੜਾ ਪਾਪ ਹੋਇਆ!’ ਪਰ ਨਮਨ ਦੀ ਭੋਲੀ ਮੁਸਕਾਨ ਵਿੱਚ ਨੰਦਿਨੀ ਦਾ ਮਮਤਾ-ਭਰਿਆ ਦਿਲ ਡੁੱਬਦਾ ਚਲਾ ਗਿਆ। ਹੁਣ ਨਮਨ ਹੋਰ ਬੱਚਿਆਂ ਨਾਲ ਗੱਲਾਂ ਕਰਦਾ ਵੀ ਦਿੱਸ ਜਾਂਦਾ ਸੀ। ਹੁਣ ਨੰਦਿਨੀ ਦੀ ਪੂਰੀ ਨਜ਼ਰ, ਪੂਰਾ ਧਿਆਨ ਨਮਨ ਤੇ ਹੀ ਰਹਿੰਦਾ ਸੀ। ਕਈ ਵਾਰ ਉਹਦੇ ਲਈ ਕੁਝ ਖਾਣ ਨੂੰ ਵੀ ਲੈ ਆਉਂਦੀ ਅਤੇ ਆਪਣੇ ਕੋਲ ਬੁਲਾ ਕੇ ਚੁੱਪਚਾਪ ਦੇ ਦਿੰਦੀ। ਹੁਣ ਦੋਹਾਂ ਵਿਚ ਇਕ ਅਨੋਖਾ ਰਿਸ਼ਤਾ ਆਪਣੀਆਂ ਜੜ੍ਹਾਂ ਮਜ਼ਬੂਤ ਕਰਦਾ ਜਾ ਰਿਹਾ ਸੀ।
ਘਰ ਆ ਕੇ ਵੀ ਨੰਦਿਨੀ ਦਾ ਧਿਆਨ ਨਮਨ ਵਿਚ ਰਹਿੰਦਾ। ਉਹ ਬੱਚਾ ਹੈ, ਘਰ ਜਾ ਕੇ ਪਤਾ ਨਹੀਂ ਕੀ ਖਾਣ ਨੂੰ ਮਿਲਦਾ ਹੋਵੇਗਾ। ਪਿਤਾ ਬੀਮਾਰ ਹਨ, ਕੀ ਕਰਦਾ ਹੋਵੇਗਾ! ਨੰਦਿਨੀ ਦੀ ਹਰ ਕੋਸ਼ਿਸ਼ ਸੀ ਕਿ ਉਹ ਨਮਨ ਲਈ ਜਿੰਨਾ ਸੰਭਵ ਹੋਵੇ, ਉਨਾਂ ਜ਼ਰੂਰ ਕਰੇ। ਨੰਦਿਨੀ ਨਮਨ ਦੇ ਬਾਕੀ ਵਿਸ਼ਿਆਂ ਦੀ ਪੜ੍ਹਾਈ ਬਾਰੇ ਵੀ ਬਾਕੀ ਟੀਚਰਜ ਨੂੰ ਪੁੱਛਦੀ ਰਹਿੰਦੀ ਸੀ। ਨੰਦਿਨੀ ਦੇ ਨਿਮਰਤਾ ਪੂਰਵਕ ਕਹਿਣ ਤੇ ਬਾਕੀ ਟੀਚਰਜ਼ ਵੀ ਨਮਨ ਤੇ ਵਧੇਰੇ ਧਿਆਨ ਦੇਣ ਲੱਗ ਪਈਆਂ ਸਨ।
ਛਿਮਾਹੀ ਇਮਤਿਹਾਨਾਂ ਵਿਚ ਨਮਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਬਹੁਤ ਹੀ ਵਧੀਆ ਅੰਕ ਪ੍ਰਾਪਤ ਕੀਤੇ ਸਨ ਉਸ ਨੇ। ਸਾਰਿਕਾ ਨੇ ਨੰਦਿਨੀ ਨੂੰ ਫਿਰ ਬੁਲਾਇਆ ਤੇ ਕਿਹਾ, “ਵੈੱਲ ਡਨ, ਨੰਦਨੀ! ਮੈਨੂੰ ਤੈਥੋਂ ਇਹੋ ਉਮੀਦ ਸੀ। ਇਕ ਬੱਚੇ ਨੂੰ ਆਪਣਾ ਪਿਆਰ ਅਤੇ ਮਾਰਗ ਦਰਸ਼ਨ ਦੇ ਕੇ ਉਹਦੇ ਜੀਵਨ ਸੰਭਾਲ ਲਿਆ ਤੂੰ! ਆਈ ਐਮ ਪਰਾਊਡ ਆਫ ਯੂ, ਨੰਦਿਨੀ!’’
ਨੰਦਿਨੀ ਬਹੁਤ ਖੁਸ਼ ਹੋਈ। ਥੋੜ੍ਹਾ ਜਿਹਾ ਪਿਆਰ ਹੀ ਤਾਂ ਮਿਲਿਆ ਹੈ ਉਸ ਨੂੰ ਮੇਰੇ ਤੋਂ। ਜਿਵੇਂ ਇੱਕ ਮੁਰਝਾਇਆ ਹੋਇਆ ਫੁੱਲ ਖਿੜ ਉੱਠਦਾ ਹੈ। ਇਸ ਉਦਾਸ ਬਚਪਨ ਨੂੰ ਸਿੰਜਣ ਲਈ ਪਿਆਰ ਕਿੰਨਾ ਜ਼ਰੂਰੀ ਸੀ!
ਨੰਦਿਨੀ ਨੇ ਨਮਨ ਨੂੰ ਸੱਦ ਕੇ ਚਾਕਲੇਟਸ ਅਤੇ ਮਿਠਾਈ ਦਿੱਤੀ। ਨਮਨ ਨੇ “ਥੈਂਕ ਯੂ ਮੈਮ“ ਕਹਿ ਕੇ ਜਦੋਂ ਉਨ੍ਹਾਂ ਦੇ ਪੈਰ ਛੋਹੇ, ਤਾਂ ਉਹ ਨਿਹਾਲ ਹੋ ਗਈ। ਹੁਣ ਨਮਨ ਨੰਦਿਨੀ ਨਾਲ ਆਪਣੇ ਪਿਤਾ ਬਾਰੇ ਵੀ ਗੱਲ ਕਰਨ ਲੱਗਿਆ ਸੀ। ਉਸ ਨੇ ਦੱਸਿਆ ਸੀ ਕਿ ਉਸਦੇ ਪਿਤਾ ਪਹਿਲਾਂ ਨਾਲੋਂ ਹੁਣ ਠੀਕ ਹਨ ਤੇ ਉਹ ਛੇਤੀ ਹੀ ਕੰਮ ਤੇ ਜਾਣਾ ਸ਼ੁਰੂ ਕਰ ਦੇਣਗੇ।
ਟੀਚਰਜ਼ ਡੇਅ ਆਉਣ ਵਾਲਾ ਸੀ। ਸਾਰੇ ਬੱਚੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਕਲਾਸ-ਟੀਚਰ ਨੂੰ ਕੀ ਦੇਣਗੇ! ਸਕੂਲ ਵਿਚ ਛੋਟਾ-ਜਿਹਾ ਪ੍ਰੋਗਰਾਮ ਹੁੰਦਾ ਸੀ। ਟੀਚਰਜ਼ ਦੇ ਮਨ੍ਹਾ ਕਰਨ ਪਿੱਛੋਂ ਵੀ ਸਟੂਡੈਂਟਸ ਟੀਚਰਜ਼ ਨੂੰ ਕੁਝ ਗਿਫ਼ਟ ਦਿੰਦੇ ਹੀ ਸਨ। ਕੁਝ ਬੱਚੇ ਨਮਨ ਦਾ ਮਜ਼ਾਕ ਵੀ ਉਡਾ ਰਹੇ ਸਨ ਕਿ ਇਹ ਕੀ ਦੇਵੇਗਾ! ਇਹਨੂੰ ਤਾਂ ਮੈਮ ਹੀ ਕੁਝ ਨਾ ਕੁਝ ਦਿੰਦੇ ਰਹਿੰਦੇ ਹਨ। ਟੀਚਰਜ਼ ਡੇਅ ਤੇ ਬੱਚਿਆਂ ਨੇ ਕੁਝ ਪ੍ਰੋਗਰਾਮ ਪੇਸ਼ ਕੀਤੇ, ਕੁਝ ਕਵਿਤਾਵਾਂ ਸੁਣਾਈਆਂ ਗਈਆਂ, ਇੱਕ-ਦੋ ਨਾਟਕ ਵੀ ਹੋਏ, ਪ੍ਰੋਗਰਾਮ ਚੰਗਾ ਰਿਹਾ। ਫਿਰ ਬੱਚੇ ਟੀਚਰਜ਼ ਨੂੰ ਗਿਫ਼ਟ ਦੇਣ ਲੱਗੇ। ਨਮਨ ਦੇ ਹੱਥ ਵਿੱਚ ਵੀ ਪੁਰਾਣੇ ਅਖਬਾਰ ਵਿਚ ਲਪੇਟਿਆ ਹੋਇਆ ਇੱਕ ਪੈਕੇਟ ਸੀ। ਬੱਚੇ ਹੱਸਣ ਲੱਗੇ, “ਕੋਈ ਪੁਰਾਣੀ ਚੀਜ਼ ਚੁੱਕ ਕੇ ਲੈ ਆਇਆ ਹੈ।’’
ਨਮਨ ਨੇ ਚੁੱਪਚਾਪ ਆਪਣਾ ਪੈਕੇਟ ਬਹੁਤ ਹੀ ਸੰਜਮ ਨਾਲ ਨੰਦਿਨੀ ਦੇ ਅੱਗੇ ਕਰ ਦਿੱਤਾ, “ਮੈਮ, ਤੁਹਾਡੇ ਲਈ!’’ ਨੰਦਿਨੀ ਨੇ ਇੰਨੇ ਤੋਹਫ਼ਿਆਂ ਵਿੱਚੋਂ ਸਭ ਤੋਂ ਪਹਿਲਾਂ ਨਮਨ ਦਾ ਦਿੱਤਾ ਪੈਕੇਟ ਖੋਲ੍ਹਿਆ। ਨਜ਼ਰ ਹੰਝੂਆਂ ਨਾਲ ਧੁੰਦਲਾ ਗਈ।
ਇੱਕ ਪੁਰਾਣੀ ਸਾੜ੍ਹੀ! ਨਮਨ ਨੇ ਕੰਬਦੀ ਆਵਾਜ਼ ਵਿੱਚ ਕਿਹਾ, “ਇਹ ਮੇਰੀ ਮਾਂ ਦੀ ਹੈ। ਹੁਣ ਮੈਨੂੰ ਤੁਹਾਡੇ ਵਿੱਚੋਂ ਮਾਂ ਦੀ ਖੁਸ਼ਬੂ ਆਉਂਦੀ ਹੈ।’’ ਕਲੇਜਾ ਮੋਮ ਹੋ ਗਿਆ ਨੰਦਿਨੀ ਦਾ! ਮਮਤਾ ਵਿਚ ਵੀ ਇਕ ਖੁਸ਼ਬੋ ਹੁੰਦੀ ਹੈ! ਮਹਿਸੂਸ ਕਰ ਲਿਆ ਸੀ ਛੋਟੇ-ਜਿਹੇ ਬੱਚੇ ਨੇ! ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਨਮਨ ਨੂੰ ਬਾਹਾਂ ਵਿੱਚ ਭਰ ਕੇ ਰੋ ਪਈ ਨੰਦਿਨੀ! ਇੱਕ ਸੰਨਾਟਾ ਪਸਰ ਗਿਆ, ਜਿਸ ਨੇ ਵੀ ਇਹ ਦਿ੍ਰਸ਼ ਵੇਖਿਆ, ਅੱਖਾਂ ਭਿੱਜਣ ਤੋਂ ਨਾ ਰੋਕ ਸਕਿਆ। ਟੀਚਰਜ਼ ਡੇਅ ਤੇ ਇੱਕ ਗੁਰੂ-ਚੇਲੇ ਦੇ ਪਿਆਰ-ਸਨਮਾਨ ਦੀ ਜਿਉਂਦੀ-ਜਾਗਦੀ ਉਦਾਹਰਣ ਸਭ ਦੇ ਸਾਹਮਣੇ ਸੀ।
- ਅਨੁ : ਪ੍ਰੋ. ਨਵ ਸੰਗੀਤ ਸਿੰਘ,
ਪੂਨਮ ਅਹਿਮਦ
-ਮੋਬਾ: 9417692015