ਸ੍ਰੀ ਫ਼ਤਹਿਗੜ੍ਹ ਸਾਹਿਬ/7 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਨੂੰ ਨਮੂਨੇ ਦਾ ਹਸਪਤਾਲ ਬਣਾਵਾਂਗੇ ਤੇ ਇਸ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਪ੍ਰਫੁੱਲਿਤ ਕਰਨਾ ਚਾਹੁੰਦੀ ਹੈ, ਸਿਹਤ ਸਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਮਰੀਜ਼ਾਂ ਦੀ ਓ. ਪੀ. ਡੀ. ਕਈ ਗੁਣਾ ਵਧੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਤੈਨਾਤੀ ਵਧਾਈ ਜਾਵੇਗੀ। ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਤਕਨੀਕੀ ਪੱਧਰ 'ਤੇ ਵੀ ਸੁਧਾਰ ਕੀਤੇ ਜਾਣਗੇ। ਉਹਨਾਂ ਦਾ ਸੁਪਨਾ ਹੈ ਕਿ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਨੂੰ ਜ਼ਿਲ੍ਹੇ ਦਾ ਨਮੂਨੇ ਦਾ ਹਸਪਤਾਲ ਬਣਾਇਆ ਜਾਵੇਗਾ, ਤਾਂ ਜੋ ਕਿਸੇ ਤਰ੍ਹਾਂ ਦੀ ਸਮੱਸਿਆ ਵਾਲੇ ਮਰੀਜ਼ ਨੂੰ ਰੈਫਰ ਕਰਨ ਦੀ ਲੋੜ ਨਾ ਪਵੇ। ਉਨਾਂ ਇਹ ਵੀ ਦੱਸਿਆ ਕਿ ਹੁਣ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਨਵੇਂ ਐਸ.ਐਮ.ਓ. ਡਾ. ਕਮਲਦੀਪ ਸਿੰਘ ਤੈਨਾਤ ਕੀਤੇ ਗਏ ਹਨ, ਜੋ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਮਰੱਥ ਹਨ। ਹਸਪਤਾਲ ਦੀ ਇੱਕ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਵਿਧਾਇਕ ਵੱਲੋਂ ਉਸ ਦਾ ਵੀ ਜਾਇਜ਼ਾ ਲਿਆ ਗਿਆ ਹੈ।ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਦਾ ਜੋ ਨਵਾਂ ਕਨਸੈਪਟ ਲਿਆਂਦਾ ਗਿਆ ਹੈ ਉਸ ਦੇ ਨਾਲ ਸੂਬੇ ਦੇ ਲੋਕਾਂ ਦਾ ਸਿਹਤ ਸਹੂਲਤਾਂ ਤੇ ਭਰੋਸਾ ਵਧਿਆ ਹੈ, ਜਿਆਦਾਤਰ ਲੋਕ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤਾਂ ਦਾ ਲਾਭ ਲੈ ਰਹੇ ਹਨ। ਕਿਉਂਕਿ ਆਮ ਆਦਮੀ ਕਲੀਨਿਕ ਉੱਤੇ ਦਵਾਈਆਂ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਖੂਨ ਦੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਬਾਤਿਸ਼, ਜਗਜੀਤ ਰਿਉਣਾ, ਸੁਨੀਤ ਕੁਮਾਰ ਜਿਲ੍ਹਾ ਪ੍ਰਧਾਨ ਕਮਿਸਟ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ, ਅਸੀਸ ਕੁਮਾਰ ਅੱਤਰੀ, ਦਫਤਰ ਸਕੱਤਰ ਬਹਾਦਰ ਖਾਨ, ਬਹਾਦਰ ਜਲਾਲ, ਬੰਟੀ ਸੈਣੀ, ਪ੍ਰਿਤਪਾਲ ਜੱਸੀ, ਰਜੇਸ਼ ਉੱਪਲ, ਰਜੇਸ਼ ਕੁਮਾਰ ਹਰਮਿੰਦਰ ਸੂਦ, ਮਨਦੀਪ ਸਿੰਘ ਆਦਿ ਵੀ ਹਾਜ਼ਰ ਸਨ।