ਸ੍ਰੀ ਮੁਕਤਸਰ ਸਾਹਿਬ, 10 ਸਤੰਬਰ (ਕੇ.ਐਲ.ਮੁਕਸਰੀ/ਕੁਲਭੂਸ਼ਨ ਚਾਵਲਾ)
ਬ੍ਰਹਮਾ ਕੁਮਾਰੀ ਆਸ਼ਰਮ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਮਲੋਟ ਰੋਡ ਸਥਿਤ ਚਹਿਲ ਪੈਲੇਸ ਵਿਖੇ ਸਿਹਤਮੰਦ ਸਮਾਜ ਅਤੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਕਰਵਾਏ ਗਏ ਸ਼ਾਮ ਦੇ ਸੈਸ਼ਨ ’ਚ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਸਮੇਤ ਹੋਰ ਸ਼ਖਸ਼ੀਅਤਾਂ ਨੇ ਭਾਗ ਲਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਸ. ਜਗਮੀਤ ਸਿੰਘ ਬਰਾੜ, ਪੰਜਾਬ ਜੋਨ ਇੰਚਾਰਜ ਪ੍ਰੇਮ ਦੀਦੀ, ਫਰੀਦਕੋਟ ਜੋਨ ਦੇ ਇੰਚਾਰਜ ਸੰਗੀਤਾ ਦੀਦੀ, ਬੀਕੇ ਡਾ. ਲੇਖ ਰਾਮ ਸ਼ਰਮਾ, ਬੀਕੇ ਡਾ. ਸਚਿਨ ਪਰਬ, ਕਾਂਤਾ ਭੈਣ ਅਤੇ ਰਮਿੰਦਰ ਸਿੰਘ ਚਹਿਲ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ। ਇਸ ਮੌਕੇ ਡਾ. ਸਚਿਨ ਪਰਬ ਨੇ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ, ਪੁਲਿਸ ਅਤੇ ਸੰਸਥਾਵਾਂ ਇਕੱਲੇ ਤੌਰ ’ਤੇ ਕੁਝ ਨਹੀਂ ਕਰ ਸਕਦੀਆਂ। ਉਨ੍ਹਾਂ ਅੰਕੜਿਆਂ ਸਮੇਤ ਨਸ਼ਿਆਂ ਦੇ ਵਾਧੇ ਬਾਰੇ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਚੰਗੇ ਸੰਸਕਾਰ ਦੇਣਾ ਚਾਹੀਦੇ ਹਨ। ਅਸੀਂ ਖੁਦ ਹੀ ਨਸ਼ੇ ਤੋਂ ਆਪ ਬਚਣਾ ਹੈ, ਕਿਉਂਕਿ ਨਸ਼ੇ ਵੇਚਣ ਵਾਲੇ ਤਾਂ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਜਾਲ ਵਿਛਾ ਰਹੇ ਹਨ। ਇਸ ਮੌਕੇ ਬੋਲਦਿਆਂ ਡਾ. ਲੇਖ ਰਾਮ ਸ਼ਰਮਾ ਨੇ ਕਿਹਾ ਕਿ ਗੁੱਸਾ ਸਾਡੀ ਸਿਹਤ ਦਾ ਦੁਸ਼ਮਣ ਹੈ। ਇਸ ਲਈ ਸਭ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਰਿਸ਼ਤਿਆਂ ’ਚ ਕੁੜੱਤਣ ਪੈਦਾ ਹੋ ਰਹੀ ਹੈ। ਇਸ ਮੌਕੇ ਬੋਲਦਿਆਂ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਡਾ. ਸਚਿਨ ਪਰਬ ਵੱਲੋਂ ਨਸ਼ਿਆਂ ਦੇ ਮਾਮਲੇ ਤੇ ਬਹੁਤ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ ਗਿਆ ਹੈ। ਅੰਤ ’ਚ ਪ੍ਰੇਮ ਦੀਦੀ ਵੱਲੋਂ ਆਏ ਮਹਿਮਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।