ਸ੍ਰੀ ਫ਼ਤਹਿਗੜ੍ਹ ਸਾਹਿਬ/12 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੁਪਰੀਮ ਕੋਰਟ ਵੱਲੋਂ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪੈਰਾਂ ਮੈਡੀਕਲ ਸਟਾਫ ਦੀ ਜਾਨ ਮਾਲ ਦੀ ਰਾਖੀ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਰੋਕਥਾਮ ਤੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ "ਜ਼ਿਲਾ ਸਿਹਤ ਬੋਰਡ " ਦਾ ਗਠਨ ਕੀਤਾ ਗਿਆ।ਇਸ ਬੋਰਡ ਦੇ ਚੇਅਰ ਪਰਸਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਜਦਕਿ ਐਸ.ਐਸ.ਪੀ, ਸਿਵਲ ਸਰਜਨ,ਪੈਰਾਮੈਡੀਕਲ ਸਟਾਫ ਦਾ ਮੈਂਬਰ, ਜਿਲੇ ਦੇ ਆਈਐਮਏ ਦਾ ਪ੍ਰਤੀਨਿਧੀ, ਪੀਸੀਐਮਐਸ ਐਸੋਸੀਏਸ਼ਨ ਦਾ ਪ੍ਰਤੀਨਿਧੀ , ਸਮਾਜ ਸੇਵੀ ਸੰਸਥਾ ਦਾ ਪ੍ਰਤੀਨਿਧੀ ਅਤੇ ਜ਼ਿਲਾ ਅਟਾਰਨੀ ਇਸ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ। ਇਸ ਬੋਰਡ ਦੀ ਪਲੇਠੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਤੋਂ ਪੀਐਚਸੀ, ਸੀਐਚਸੀ, ਐਸਡੀਐਚ ਪੱਧਰ ਤੇ "ਹੈਲਥ ਕੇਅਰ ਪ੍ਰੋਫੈਸ਼ਨਲ ਵਿਰੁੱਧ ਹਿੰਸਾ ਦੀ ਰੋਕਥਾਮ" ਸਬੰਧੀ ਬਣਾਈਆਂ ਗਈਆਂ ਕਮੇਟੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਅੰਦਰ ਸੀਸੀਟੀਵੀ ਕੈਮਰੇ, ਲਾਈਟਾਂ ਦਾ ਪੁਖਤਾ ਪ੍ਰਬੰਧ, ਹਸਪਤਾਲ ਸਿਕਿਉਰਿਟੀ ਕਮੇਟੀ, ਧਾਰਾ 2008 ਸਬੰਧੀ ਜਾਗਰੂਕਤਾ ਬੋਰਡ, ਲੋੜ ਪੈਣ ਤੇ 112 ਨੰਬਰ ਡਾਇਲ ਕਰਨ ਸਬੰਧੀ ਬੋਰਡ, ਪੰਜ ਮੈਂਬਰੀ ਸੈਕਸੁਅਲ ਹਰਾਸਮੈਂਟ ਸਬੰਧੀ ਅੰਦਰੂਨੀ ਕਮੇਟੀਆ ਦਾ ਗਠਨ , ਸੰਸਥਾ ਨਾਲ ਸੰਬੰਧਿਤ ਥਾਣਿਆਂ ਦੇ ਮੁਖੀਆਂ ਦੇ ਨਾਮ ਅਤੇ ਮੋਬਾਇਲ ਨੰਬਰ ਸਬੰਧੀ ਬੋਰਡ ਆਦਿ ਡਿਸਪਲੇਅ ਕਰਨ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਉਹਨਾਂ ਸਿਹਤ ਖੇਤਰ ਨਾਲ ਜੁੜੇ ਅਧਿਕਾਰੀਆਂ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ। ਇਸ ਮੀਟਿੰਗ ਵਿੱਚ ਜ਼ਿਲਾ ਸਿਹਤ ਬੋਰਡ ਦੇ ਸਮੂਹ ਮੈਂਬਰ ਹਾਜ਼ਰ ਸਨ ।