ਸ੍ਰੀ ਫ਼ਤਹਿਗੜ੍ਹ ਸਾਹਿਬ/12 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਮਾਤਾ ਗੁਜਰੀ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ ੪੫੦ ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ੪੫੦ ਸਾਲਾ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਅਤੇ ਸੈਸ਼ਨ 2024-25 ਦੀ ਆਰੰਭਤਾ ਨੂੰ ਮੁੱਖ ਰੱਖਦਿਆਂ ਸ੍ਰੀ ਜਪੁਜੀ ਸਾਹਿਬ ਜੀ ਅਤੇ ਸ੍ਰੀ ਚੌਪਈ ਸਾਹਿਬ ਜੀ ਦੇ ਸਮੂਹਿਕ ਪਾਠ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਨੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰਦਿਆਂ ਹੱਥਾਂ ਵਿੱਚ ਧਾਰਮਿਕ ਸਲੋਗਨ ਫੜ੍ਹ ਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਗੁਰਮਤਿ ਮਾਰਚ ਕੱਢਿਆ।ਕਾਲਜ ਦੇ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ ਨੇ ਗੁਰਮਤਿ ਸਮਾਗਮ ਅਤੇ ਗੁਰਮਤਿ ਮਾਰਚ ਵਿੱਚ ਸ਼ਮੂਲੀਅਤ ਕੀਤੀ ਅਤੇ ਕਿਹਾ ਕਿ ਮਾਤਾ ਗੁਜਰੀ ਕਾਲਜ ਵਿਖੇ ਹੋਣ ਵਾਲੀਆਂ ਧਾਰਮਿਕ ਗਤੀਵਿਧੀਆਂ ਵਿਦਿਆਰਥੀਆਂ ਦੀ ਅਧਿਆਤਮਕ ਉੱਨਤੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਗੁਰੂ ਹੀ ਗਿਆਨ ਦਾ ਸੋਮਾ ਹੈ ਅਤੇ ਇਕ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਹੀ ਇਸ ਗਿਆਨ ਨੂੰ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਧਾਰਮਿਕ ਇਤਿਹਾਸ ਅਤੇ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਸਹੀ ਜੀਵਨ ਜਾਚ ਸਿੱਖ ਸਕਣ ਅਤੇ ਜੀਵਨ ਵਿੱਚ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰ ਸਕਣ। ਮਾਤਾ ਗੁਜਰੀ ਸਟੱਡੀ ਸਰਕਲ ਦੇ ਕਨਵੀਨਰ ਅਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿੱਚ ਮਾਤਾ ਗੁਜਰੀ ਸਟੱਡੀ ਸਰਕਲ, ਐਨ.ਐਸ.ਐਸ, ਐਨ.ਸੀ.ਸੀ. ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿੱਚ ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਲੰਗਰ ਪਕਾਉਣ, ਵਰਤਾਉਣ ਅਤੇ ਭਾਂਡਿਆਂ ਦੀ ਸੇਵਾ ਵਿੱਚ ਅਹਿਮ ਯੋਗਦਾਨ ਦਿੱਤਾ, ਐਨ.ਸੀ.ਸੀ. ਕੈਡਿਟਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਰਡ ਆਫ਼ ਆਨਰ ਦੇ ਕੇ ਸਲਾਮੀ ਦਿੱਤੀ ਗਈ ਅਤੇ ਮਾਤਾ ਗੁਜਰੀ ਸਟੱਡੀ ਸਰਕਲ ਦੇ ਵਿਦਿਆਰਥੀਆਂ ਨੇ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਇਲਾਹੀ ਕੀਰਤਨ ਕਰਕੇ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ, ਡੀਨ ਸੱਭਿਆਚਾਰਕ ਗਤੀਵਿਧੀਆਂ ਡਾ. ਹਰਮਿੰਦਰ ਸਿੰਘ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਬੀਰਇੰਦਰ ਸਿੰਘ ਸਰਾਓ, ਪ੍ਰੋ. ਹਰਭਿੰਦਰ ਸਿੰਘ, ਪ੍ਰੋ. ਰਵਿੰਦਰ ਕੌਰ, ਡਾ. ਹਰਮਨਜੋਤ ਕੌਰ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਹਰਬੀਰ ਕੌਰ, ਪ੍ਰੋ. ਹਰਗੁਣਪ੍ਰੀਤ ਸਿੰਘ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ, ਹੋਰ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।