ਸ੍ਰੀ ਫ਼ਤਹਿਗੜ੍ਹ ਸਾਹਿਬ/13 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਹੈਲਪਿੰਗ ਹੈਂਡਜ਼ ਵੈਲਫ਼ੇਅਰ ਐਸੋਸੀਏਸ਼ਨ (ਰਜਿ.) ਦੇ ਮੈਂਬਰਾਂ ਵੱਲੋਂ ਜ਼ਿਲ੍ਹੇ ਦੇ ਪਿੰਡ ਤਲਾਣੀਆਂ ਵਿਖੇ ਚੱਲ ਰਹੇ ਲਕਸ਼ੇ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ `ਬੀਬੀ ਰਜਨੀ` ਫ਼ਿਲਮ ਦੇਖੀ। ਇਸ ਮੌਕੇ ਸੰਸਥਾ ਦੇ ਮੀਡੀਆ ਐਡਵਾਈਜ਼ਰ ਅਮਰਬੀਰ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਜੁਟੀ ਹੋਈ ਹੈ ਤੇ ਇਹ ਇੱਕ ਦਿਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਬਿਤਾ ਕੇ ਉਹਨਾਂ ਨੂੰ ਬੇਹੱਦ ਖੁਸ਼ੀ ਤੇ ਸਕੂਨ ਮਿਲਿਆ ਹੈ। ਲਕਸ਼ੇ ਸਕੂਲ ਦੇ ਇੰਚਾਰਜ ਪ੍ਰੀਤੀ ਵਿਸ਼ਾਲ ਮੈਡਮ ਨੇ ਸੰਸਥਾ ਦੇ ਮੈਂਬਰਾਂ ਤੇ ਸੱਲ੍ਹ ਸਿਨੇਮੇ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਇਹ ਬੱਚੇ ਸਮਾਜ ਦਾ ਅਹਿਮ ਅੰਗ ਹਨ ਤੇ ਉਹਨਾਂ ਨੂੰ ਅਜਿਹੀ ਖੁਸ਼ੀ ਦੇ ਕੇ ਉਹ ਸਾਰੇ ਬਹੁਤ ਖੁਸ਼ ਹਨ। ਇੱਥੇ ਜ਼ਿਕਰਯੋਗ ਹੈ ਕਿ ਮੋਰਿੰਡਾ ਦੇ ਸੱਲ੍ਹ ਸਿਨੇਮਾ ਵਿਖੇ 'ਬੀਬੀ ਰਜਨੀ' ਫ਼ਿਲਮ ਦੇਖਣ ਉਪਰੰਤ ਸੰਸਥਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਦੇ ਸਟਾਫ਼ ਮੈਂਬਰਾਂ ਤੇ ਬੱਚਿਆਂ ਨਾਲ ਲੱਕੀ ਢਾਬਾ ਵਿਖੇ ਦੁਪਹਿਰ ਦਾ ਖਾਣਾ ਵੀ ਖਾਧਾ, ਜੋ ਕਿ ਇੱਕ ਵੱਖਰੀ ਕਿਸਮ ਦਾ ਅਹਿਸਾਸ ਸੀ। ਇਸ ਮੌਕੇ ਐਚਐਚਡਬਲਿਊਏ ਦੇ ਮੈਂਬਰਾਂ ਨੇ ਅਕਤੂਬਰ ਮਹੀਨੇ ਸਾਲਾਨਾ ਖ਼ੂਨਦਾਨ ਕੈਂਪ ਲਗਾਉਣ ਦੀ ਰੂਪਰੇਖਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭੁਪਿੰਦਰ ਸਿੰਘ ਵਾਲੀਆ, ਬਰਿੰਦਰਜੀਤ ਸਿੰਘ ਗਰੇਵਾਲ, ਅਮਰਜੋਤ ਸਿੰਘ, ਭੁਪਿੰਦਰ ਸਿੰਘ, ਸਿਨੇਮਾ ਦੇ ਮੈਨੇਜਰ ਰਮਨ, ਦੀਪਕ ਵਿਸ਼ਾਲ ਤੇ ਹੋਰ ਹਾਜ਼ਰ ਸਨ।