ਸ੍ਰੀ ਫ਼ਤਹਿਗੜ੍ਹ ਸਾਹਿਬ/20 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵਲੋਂ 7ਵੇਂ ਰਾਸ਼ਟਰੀ ਪੋਸ਼ਣ ਮਾਹ ਨੂੰ ਸਮੱਰਪਿਤ ਅੰਤਰ-ਵਿਭਾਗੀ ਸਲਾਦ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਵਿਭਾਗ ਵਲੋਂ ਕੌਮਾਂਤਰੀ ਪੱਧਰ ਦੇ ਸੰਗਠਨ ਗਲੋਬਲ ਇੰਡਿਅਨ ਸਾਇੰਟਿਸ ਐਂਡ ਟੈਕਨੋਕ੍ਰੇਟ੍ਸ (GIST) ਵਲੋਂ ਚਲਾਏ ਜਾ ਰਹੇ ਪ੍ਰੋਗਰਾਮ ਆਹਾਰ ਕ੍ਰਾਂਤੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।ਮੁਕਾਬਲੇ ਦੀ ਥੀਮ "ਸੁਪਰ ਫੂਡਜ਼ ਪਾਵਰ" ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਕੇ ਸਿਹਤਮੰਦ ਅਤੇ ਸਵਾਦਿਸ਼ਟ ਸਲਾਦ ਬਣਾਉਣ ਲਈ ਉਤਸ਼ਾਹਿਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੇ ਅੱਠ ਵਿਭਾਗਾਂ ਦੀਆਂ ਅਠਾਈ ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੇ ਜੱਜ ਵਜੋਂ ਡਾ. ਹਰਨੀਤ ਬਿਲਿੰਗ (ਸਹਾਇਕ ਪ੍ਰੋਫੈਸਰ ਅਤੇ ਮੁਖੀ ਸਿਖਿਆ ਵਿਭਾਗ) ਅਤੇ ਡਾ. ਮੋਨਿਕਾ ਐਰੀ (ਸਹਾਇਕ ਪ੍ਰੋਫੈਸਰ, ਜ਼ੂਆਲੋਜੀ ਵਿਭਾਗ ) ਨੇ ਹੁਨਰ, ਸਵਾਦ, ਪੇਸ਼ਕਾਰੀ ਅਤੇ ਪੋਸ਼ਣ ਮੁੱਲ ਦੇ ਆਧਾਰ 'ਤੇ ਜਜਮੈਂਟ ਕੀਤੀ।ਪ੍ਰੋਗਰਾਮ ਦੇ ਅੰਤ ਵਿਚ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ: ਪ੍ਰਿਤ ਪਾਲ ਸਿੰਘ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨਾਲ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਇਸ ਪ੍ਰੋਗਰਾਮ ਨੂੰ ਵਿਉਂਤਣ ਵਾਸਤੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮੁੱਚੇ ਪ੍ਰੋਗਰਾਮ ਦੀ ਨਿਗਰਾਨੀ ਡਾ. ਰੁਪਿੰਦਰ ਪਾਲ ਸਿੰਘ, ਇੰਚਾਰਜ (ਫੂਡ ਪ੍ਰੋਸੈਸਿੰਗ ਟੈਕਨਾਲੋਜੀ) ਨੇ ਕੀਤੀ। ਇਸ ਦੇ ਸੁਚਾਰੂ ਸੰਚਾਲਨ ਲਈ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰ ਕੋਮਲਪ੍ਰੀਤ ਕੌਰ, ਹਰਮਨਦੀਪ ਕੌਰ, ਪ੍ਰਭਜੀਤ ਕੌਰ, ਹਰਮੀਤ ਸਿੰਘ ਅਤੇ ਡਾ: ਰਮਨਜੀਤ ਕੌਰ (ਸਿੱਖਿਆ ਵਿਭਾਗ) ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।