ਨੰਗਲ 20 ਸਤੰਬਰ (ਸਤਨਾਮ ਸਿੰਘ)
ਆਪਣਾ ਆਲਾ-ਦੁਆਲਾ, ਜਿੱਥੇ ਅਸੀਂ ਰਹਿੰਦੇ ਹਾਂ, ਨੂੰ ਸਾਫ-ਸੁਥਰਾ ਰੱਖਣਾ ਅਤਿ ਜ਼ਰੂਰੀ ਹੈ ਕਿਉੰਕਿ ਜੇਕਰ ਸਾਡਾ ਆਲਾ-ਦੁਆਲਾ ਸਾਫ-ਸੁਥਰਾ ਹੋਵੇਗਾ ਤਾਂ ਹੀ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਕੇ ਤੰਦਰੁਸਤ ਰਹਾਂਗੇ। ਜੇਕਰ ਅਸੀਂ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਸਾਡਾ ਪਿੰਡ, ਸ਼ਹਿਰ, ਕਸਬਾ ਅਤੇ ਜ਼ਿਲ੍ਹਾ ਸਭ ਹੀ ਸਾਫ਼ ਸੁਥਰੇ ਆਪਣੇ ਆਪ ਹੋ ਜਾਣਗੇ।ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ “ਸਵੱਛਤਾ ਹੀ ਸੇਵਾ 2024” ਮੁਹਿੰਮ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਦਿਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਬਹੁਤ ਹੀ ਅਹਿਮ ਮੁਹਿੰਮ ਹੈ ਜਿਸ ਵਿੱਚ ਸ਼ਹਿਰੀ ਅਤੇ ਪੇਂਡੂ ਇਲਾਕਿਆ ਵਿੱਚ ਰਹਿਣ ਵਾਲੀਆਂ ਦੀ ਭਾਗੀਦਾਰੀ ਰਾਹੀਂ ਆਪਣੇ ਸ਼ਹਿਰਾਂ, ਘਰਾਂ ਅਤੇ ਪਿੰਡਾਂ ਨੂੰ ਸਾਫ-ਸੁਥਰਾ ਬਣਾ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਅਭਿਆਨ ਤਹਿਤ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਪੰਚਾਇਤਾਂ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਸਫਾਈ ਕੀਤੀ ਜਾਵੇਗੀ ਅਤੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਅਭਿਆਨ ਵਿੱਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਹੀ ਮਹਾਤਮਾ ਗਾਂਧੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਮਨਵੀਰ ਸਿੰਘ ਕਾਰਜ ਸਾਧਕ ਅਫਸਰ, ਸੁਰਿੰਦਰਪਾਲ ਸਕੱਤਰ ਮਾਰਕੀਟ ਕਮੇਟੀ, ਹਰਜੋਤ ਸਿੰਘ ਵਾਲੀਆ ਬੀਬੀਐਮਬੀ, ਡਾ.ਦਿਨੇਸ਼ ਕੁਮਾਰ, ਪੁਸ਼ਪਾ ਦੇਵੀ, ਅਨਮੋਲ ਬੰਸਲ ਆਦਿ ਹਾਜ਼ਰ ਸਨ।