ਹਰਪ੍ਰੀਤ ਐੱਸ./ਬਲਜਿੰਦਰ ਬਰਾੜ
ਫ਼ਰੀਦਕੋਟ 20 ਸਤੰਬਰ :
ਬਾਬਾ ਫ਼ਰੀਦ ਆਗਮਨ ਪੁਰਬ-2024 ਨੂੰ ਸਮਰਪਿਤ, ਬਾਬਾ ਫ਼ਰੀਦ ਬਲੱਡ ਸੇਵਾ ਸੁਸਾਇਟੀ ਵਲੋਂ ਵਿਸ਼ਾਲ ਖੂਨਦਾਨ ਕੈਂਪ ਕਿਲ੍ਹਾ ਮੁਬਾਰਕ ਚੌਂਕ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਖੂਨਦਾਨ ਕੈਂਪ ਵਿੱਚ ਖੂਨ ਦੇ ਰਹੇ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਸ.ਗੁਰਦਿੱਤ ਸਿੰਘ ਸੇਖੋਂ ਨੇ ਇਸ ਕਾਰਜ ਦੇ ਨਾਲ ਜੁੜੇ ਹੋਏ ਸਾਰੇ ਹੀ ਇਲਾਕਾ ਨਿਵਾਸੀਆਂ ਅਤੇ ਸਿਹਤ ਵਿਭਾਗ ਦੇ ਅਮਲੇ ਦੀ ਭਰਪੂਰ ਸ਼ਲਾਘਾ ਕੀਤੀ। ਸ. ਸੇਖੋਂ ਨੇ ਕਿਹਾ ਕਿ ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਖੂਨਦਾਨ ਜਿਥੇ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ ਉਥੇ ਹੀ ਖੂਨ ਦਾਨ ਕਰਨ ਵਾਲੇ ਮਨੁੱਖੀ ਸਰੀਰ ਨੂੰ ਕਈ ਲਾਭ ਪਹੁੰਚਾ ਸਕਦਾ ਹੈl ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਰੋਜਾਨਾ ਹੁੰਦੇ ਹਾਦਸਿਆਂ ਕਾਰਨ ਅਨੇਕਾ ਲੋਕ ਜ਼ਿਆਦਾ ਖੂਨ ਵਹਿ ਜਾਣ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ । ਜੇਕਰ ਅਜਿਹੇ ਕੁਝ ਮਰੀਜ਼ਾਂ ਨੂੰ ਸਮੇਂ ਸਿਰ ਖੂਨ ਪ੍ਰਾਪਤ ਹੋ ਜਾਵੇ ਤਾਂ ਉਨ੍ਹਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਖੂਨਦਾਨ ਕਰਨ ਦੀ ਅਪੀਲ ਕੀਤੀ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਂਘਾ ਵੀ ਕੀਤੀ ।