ਸ੍ਰੀ ਫ਼ਤਹਿਗੜ੍ਹ ਸਾਹਿਬ/25 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੀ ਐਨਐਸਐਸ ਯੂਨਿਟ ਵੱਲੋਂ ਐਨਐਸਐਸ ਦਿਵਸ ਮੌਕੇ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਇੱਕ ਰੋਜ਼ਾ ਭਾਈਚਾਰਕ ਸੇਵਾ ਕੈਂਪ ਲਗਾਇਆ ਗਿਆ। ਇਹ ਕੈਂਪ ਐਨਐਸਐਸ ਦਿਵਸ ਅਤੇ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਵਸ ਦੋਵਾਂ ਨੂੰ ਸਮਰਪਿਤ ਇੱਕ ਸਾਰਥਕ ਸ਼ਰਧਾਂਜਲੀ ਸੀ। ਰਮਨਦੀਪ ਕੌਰ, ਐਨਐਸਐਸ ਪ੍ਰੋਗਰਾਮ ਅਫਸਰ ਨੇ ਇਸ ਕੈਂਪ ਦੀ ਅਗਵਾਈ ਕੀਤੀ। ਰਮਨਦੀਪ ਕੌਰ ਨੇ ਵਲੰਟੀਅਰਾਂ ਦੇ ਸਮਰਪਣ 'ਤੇ ਮਾਣ ਜ਼ਾਹਰ ਕੀਤਾ। ਉਨ੍ਹਾਂ ਭਾਈਚਾਰਕ ਭਲਾਈ ਪ੍ਰਤੀ ਵਿਦਿਆਰਥੀਆਂ ਦੀ ਊਰਜਾ ਅਤੇ ਵਚਨਬੱਧਤਾ ਤੇ ਖੁਸ਼ੀ ਜਾਹਿਰ ਕੀਤੀ।ਵਲੰਟੀਅਰਾਂ ਨੇ ਰਾਸ਼ਟਰੀ ਸੇਵਾ ਯੋਜਨਾ (ਐਨਐਸਐਸ) ਦੀਆਂ ਮੁੱਖ ਕਦਰਾਂ ਕੀਮਤਾਂ ਨੂੰ ਦਰਸਾਉਂਦੇ ਹੋਏ ਵੱਖ-ਵੱਖ ਭਾਈਚਾਰਕ ਸੇਵਾ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਇਸ ਸਮਾਗਮ ਨੇ ਨਾ ਸਿਰਫ ਵਿਦਿਆਰਥੀਆਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਅਪਣਾਉਣ ਲਈ ਉਤਸ਼ਾਹਤ ਕੀਤਾ ਬਲਕਿ ਨਿਰਸਵਾਰਥ ਸੇਵਾ ਦੇ ਸਿਧਾਂਤਾਂ ਨੂੰ ਅਪਣਾਉਣਾ ਵੀ ਸਿਖਾਇਆ।ਹਰਨੀਤ ਬਿਲਿੰਗ, ਐਨਐਸਐਸ ਪ੍ਰੋਗਰਾਮ ਕੋਆਰਡੀਨੇਟਰ ਨੇ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਈਚਾਰਕ ਸੇਵਾ ਸੁਚੱਜੇ ਚਰਿੱਤਰ ਦਾ ਨਿਰਮਾਣ ਕਰਦੀ ਹੈ ਅਤੇ ਵਿਦਿਆਰਥੀਆਂ ਅਤੇ ਸਮਾਜ ਵਿਚਲੇ ਪਾੜੇ ਨੂੰ ਦੂਰ ਕਰਦੀ ਹੈ।ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਪ੍ਰਿਤਪਾਲ ਸਿੰਘ ਨੇ ਪੰਥ ਰਤਨ ਸ. ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕੈਂਪ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ ਸ. ਗੁਰਚਰਨ ਸਿੰਘ ਟੌਹੜਾ ਦੀ ਵਿਰਾਸਤ ਦਾ ਸਨਮਾਨ ਕਰਦਾ ਹੈ, ਬਲਕਿ ਨੌਜਵਾਨ ਪੀੜ੍ਹੀ ਵਿੱਚ ਸਿੱਖ ਕਦਰਾਂ-ਕੀਮਤਾਂ ਅਤੇ ਨੈਤਿਕਤਾ ਪੈਦਾ ਕਰਨ ਦਾ ਕੰਮ ਵੀ ਕਰਦਾ ਹੈ। ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਸੇਵਾ ਅਤੇ ਜ਼ਿੰਮੇਵਾਰੀ ਦੇ ਆਦਰਸ਼ਾਂ ਪ੍ਰਤੀ ਟੌਹੜਾ ਸਾਹਿਬ ਦੀ ਵਚਨਬੱਧਤਾ ਦਾ ਸਬੂਤ ਹੈ ਜਿਸ ਤੇ ਯੂਨੀਵਰਸਿਟੀ ਪਹਿਰਾ ਦੇਂਦੀ ਹੈ। ਅਜਿਹੀਆਂ ਪਹਿਲਕਦਮੀਆਂ ਨਾ ਸਿਰਫ ਮਹਾਨ ਨੇਤਾਵਾਂ ਦੀ ਵਿਰਾਸਤ ਦਾ ਸਨਮਾਨ ਕਰਦੀਆਂ ਹਨ ਬਲਕਿ ਨੌਜਵਾਨਾਂ ਨੂੰ ਸਮਾਜ ਦੀ ਬਿਹਤਰੀ ਲਈ ਸਰਗਰਮ ਯੋਗਦਾਨ ਪਾਉਣ ਲਈ ਵੀ ਸਮਰੱਥ ਬਣਾਉਂਦੀਆਂ ਹਨ।