ਸ੍ਰੀ ਫ਼ਤਹਿਗੜ੍ਹ ਸਾਹਿਬ/14 ਨਵੰਬਰ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਤੋਂ ਇਲਾਵਾ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਕਤ ਪ੍ਰੋਗਰਾਮ ਦਾ ਪੂਰਾ ਪ੍ਰਬੰਧ ਸਕੂਲੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ।ਇਸ ਮੌਕੇ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਦਾ ਜਾਪ ਕੀਤਾ, ਉੱਥੇ ਹੀ ਕੀਰਤਨ ਵੀ ਉਹਨਾਂ ਵੱਲੋਂ ਖੁਦ ਹੀ ਕੀਤਾ ਗਿਆ। ਭੋਗ ਉਪਰੰਤ ਪਤਵੰਤਿਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਸਫਲਤਾ ਹਾਸਲ ਕਰਨ ਦੇ ਰਸਤਿਆਂ ਤੋਂ ਵੀ ਜਾਣੂ ਕਰਵਾਇਆ।ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਾਲਸਾ ਸਕੂਲ ਸਰਹਿੰਦ ਫਤਿਹਗੜ੍ਹ ਸਾਹਿਬ ਦੀ ਉਹ ਧਰੋਹਰ ਹੈ, ਜਿਸ ਨੂੰ ਵਿਸਾਰਿਆ ਨਹੀਂ ਜਾ ਸਕਦਾ। ਇਸ ਸਕੂਲ ਨੇ ਜਿੱਥੇ ਬਹੁਤ ਸਾਰੇ ਅਫਸਰ ਪੈਦਾ ਕੀਤੇ, ਉੱਥੇ ਹੀ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਉਣ ਵਾਲੇ ਬਹੁਤ ਹੀ ਸੰਘਰਸ਼ੀ ਯੋਧੇ ਵੀ ਪੈਦਾ ਕੀਤੇ। ਇਸ ਮੌਕੇ ਸਕੂਲ ਦੇ ਉੱਪ ਪ੍ਰਿੰਸੀਪਲ ਮਲਕੀਤ ਸਿੰਘ ਵੱਲੋਂ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵੇਲ ਕੁਮਾਰ ਹਾਂਡਾ, ਮੋਹਿਤ ਸੂਦ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਸੈਣੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਹਾਜ਼ਰ ਸਨ।