ਨੰਗਲ, 27 ਸਤੰਬਰ (ਸਤਨਾਮ ਸਿੰਘ)
ਕਰੀਬ 15 ਫੁੱਟ ਲੰਬੇ ਅਜਗਰ ਵੱਲੋਂ ਇੱਕ ਬਛੜੇ ਨੂੰ ਨਿਗਲਨੇ ਦੀ ਵਿਡੀਓ ਸ਼ੋਸ਼ਲ ਮੀਡੀਆ ਤੇ ਧੜਾਧੜ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਨੌਜਵਾਨ ਬਹੁਤ ਹੀ ਸੂਝ ਬੂਝ ਨਾਲ ਇੱਕ ਭਾਰੀ ਅਜਗਰ ਨੂੰ ਖੇਤਾਂ ‘ਚੋਂ ਪਕੜ ਕੇ ਸੜਕ ਤੇ ਲਿਆ ਕੇ ਉਸਦੇ ਮੂੰਹ ‘ਚੋਂ ਬਛੜੇ ਨੂੰ ਬਾਹਰ ਕੱਢ ਰਹੇ ਸਨ। ਜਿਸ ਮਗਰੋਂ ਪਤਾ ਲੱਗਦਾ ਹੈ ਕਿ ਅਜਗਰ ਵੱਲੋਂ ਨਿਗਲਿਆ ਗਿਆ ਬੱਚਾ ਨੀਲ ਗਾਂ ਦਾ ਹੈ, ਜੋ ਮਰ ਚੁੱਕਿਆ ਸੀ।
ਜਾਂਚ ਪੜਤਾਲ ਤੋਂ ਪਤਾ ਲੱਗਿਆ ਕਿ ਉਕਤ ਅਜਗਰ ਨੂੰ ਫੜ੍ਹਨ ਵਾਲਾ ਨੌਜਵਾਨ ਤਹਿਸੀਲ ਨੰਗਲ ਦੇ ਹੀ ਪਿੰਡ ਗੋਲਹਣੀ ਦਾ ਰਹਿਣ ਵਾਲਾ ਹੈ। ਜਿਸਦਾ ਨਾਮ ਬਲਵਿੰਦਰ ਸਿੰਘ ਹੈ ਤੇ ਉਕਤ ਨੌਜਵਾਨ ਸੱਪ ਫੜ੍ਹਨ ਦਾ ਮਾਹਰ ਵੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਉਸਨੇ ਸੱਪ ਫੜ੍ਹਨ ਦੀ ਕਲਾ ਆਪਣੇ ਭਰਾ ਤੋਂ ਸਿਖੀ ਸੀ ਤੇ ਬੀਤੇ ਦਿਨ ਉਸਨੂੰ ਨਾਲ ਲਗਦੇ ਹਿਮਾਚਲ ਪ੍ਰਦੇਸ਼, ਜ਼ਿਲ੍ਹਾ ਊਨਾ ਦੇ ਪਿੰਡ ਲੱਲੜੀ ਤੋਂ ਫੋਨ ਆਇਆ ਸੀ ਕਿ ਖ਼ੇਤ ਵਿੱਚ ਇੱਕ ਭਾਰੀ ਸਰਾਲ ਬੈਠੀ ਹੋਈ ਹੈ। ਜਦੋਂ ਮੌਕੇ ਤੇ ਜਾ ਕੇ ਵੇਖਿਆ ਤਾਂ ਪਤਾ ਲੱਗਿਆ ਕਿ ਉਸਨੇ ਕੁਝ ਚੀਜ ਨਿਗਲੀ ਹੋਈ ਹੈ।
ਸਰਾਲ ਨੂੰ ਫੜ੍ਹ ਕੇ ਅੱਧਾ ਦਰਜਨ ਨੌਜਵਾਨ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਫੜ੍ਹ ਕੇ ਸੜਕ ਤੇ ਲਿਆਏ ਤੇ ਲੋਕਾਂ ਦਾ ਸ਼ੱਕ ਉਦੋਂ ਦੂਰ ਹੋਇਆ, ਜਦੋਂ ਉਸਨੇ ਢਿੱਡ ‘ਚੋਂ ਇੱਕ ਬਛੜੇ ਨੂੰ ਬਾਹਰ ਕੱਢਿਆ ਗਿਆ। ਕਿਉਂਕਿ ਲੋਕਾਂ ਨੂੰ ਸ਼ੱਕ ਸੀ ਕਿ ਸ਼ਾਇਦ ਇਸਨੇ ਕਿਸੇ ਇਨਸਾਨ ਦੇਬੱਚੇ ਨੂੰ ਸ਼ਿਕਾਰ ਤਾਂ ਨਹੀਂ ਬਣਾ ਲਿਆ। ਫਿਰ ਉਕਤ ਸਰਾਲ ਨੂੰ ਸਾਡੀ ਟੀਮ ਵੱਲੋਂ ਸੁਰੱਖਿਅਤ ਜੰਗਲ ਵਿੱਚ ਕਿਤੇ ਹੋਰ ਥਾਂ ਤੇ ਛੱਡ ਦਿੱਤਾ ਗਿਆ।
ਬਲਵਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਹੁਣ ਤੱਕ ਸੈਂਕੜੇ ਜਹਰੀਲੇ ਸੱਪ, ਜੋ ਘਰਾਂ ਵਿੱਚ ਵੜ ਜਾਂਦੇ ਹਨ, ਨੂੰ ਫੜ੍ਹ ਕੇ ਜੰਗਲ ਵਿੱਚ ਛੱਡਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੱਭ ਤੋਂ ਜਹਿਰੀਲੇ ਸੱਪਾਂ ਦੀ ਨਸਲ ਵਿੱਚ ਕਾਮਨ ਕਰੇਟ, ਰਸਲ ਵਾਈਪਰ ਤੇ ਕੋਬਰਾ ਆਉਂਦਾ ਹੈ ਤੇ ਬਰਸਾਤ ਵਿੱਚ ਇਹ ਜਹਿਰੀਲੇ ਸੱਪ ਜ਼ਿਆਦਾਤਰ ਘਰਾਂ ਵਿੱਚ ਵੜ ਜਾਂਦੇ ਹਨ ਤੇ ਸੁੱਣਿਆ ਇਹ ਵੀ ਗਿਆ ਹੈ ਕਿ ਹਰ ਸਾਲ ਦੇਸ਼ ਵਿੱਚ 20 ਹਜ਼ਾਰ ਦੇ ਕਰੀਬ ਲੋਕ ਸੱਪ ਦੇ ਡੰਗਣ ਨਾਲ ਮਰ ਜਾਂਦੇ ਹਨ। ਸਾਡੀ ਲੋਕਾਂ ਨੂੰ ਅਪੀਲ ਹੈ ਕਿ ਉਹ ਖ਼ੁਦ ਕਦੇ ਵੀ ਸੱਪ ਫੜ੍ਹਨ ਦੀ ਕੋਸ਼ਿਸ਼ ਨਾ ਕਰਨ, ਸਾਨੂੰ ਕਦੇ ਵੀ ਸੰਪਰਕ ਕੀਤਾ ਜਾ ਸਕਦਾ ਹੈ।